ਬੈਰਾਗੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੈਰਾਗੀ (ਸਾਧੂ): ਇਹ ਸੰਸਕ੍ਰਿਤ ਦੇ ‘ਵੈਰਾਗਿਨੑ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਉਹ ਵਿਅਕਤੀ ਜਿਸ ਨੇ ਜਾਗਤਿਕ ਪਦਾਰਥਾਂ ਪ੍ਰਤਿ ਉਦਾਸੀਨਤਾ ਦੀ ਭਾਵਨਾ ਵਿਕਸਿਤ ਕਰ ਲਈ ਹੋਵੇ। ਪਰ ਕਾਲਾਂਤਰ ਵਿਚ ਇਹ ਸ਼ਬਦ ਵੈਸ਼ਣਵ ਸਾਧੂਆਂ ਦੀ ਇਕ ਵਿਸ਼ੇਸ਼ ਸੰਪ੍ਰਦਾਇ ਜਾਂ ਉਸ ਦੇ ਅਨੁਯਾਈਆਂ ਲਈ ਵਰਤਿਆ ਜਾਣ ਲਗਾ। ਇਸ ਸੰਪ੍ਰਦਾਇ ਦੀ ਸਥਾਪਨਾ ਸੁਆਮੀ ਰਾਮਾਨੰਦ ਦੇ ਚੇਲੇ ਸ੍ਰੀ ਆਨੰਦ ਨੇ ਕੀਤੀ। ਇਹ ਲੋਕ ਘਟ ਤੋਂ ਘਟ ਬਸਤ੍ਰ ਧਾਰਣ ਕਰਕੇ ਇਧਰ ਉਧਰ ਬੇਘਰੇ ਫਿਰਦੇ ਰਹਿੰਦੇ ਹਨ, ਸਿਰ ਉਤੇ ਜਟਾਵਾਂ ਧਾਰਣ ਕਰਦੇ ਹਨ ਅਤੇ ਸਿਰ ਤੇ ਸ਼ਰੀਰ ਉਤੇ ਵਿਭੂਤੀ ਮਲਦੇ ਹਨ। ਇਸ ਸੰਪ੍ਰਦਾਇ ਦੀਆਂ ਮੁੱਖ ਤੌਰ ’ਤੇ ਚਾਰ ਸ਼ਾਖਾਵਾਂ ਹਨ—ਰਾਮਾਨੰਦੀ, ਵਿਸ਼ਣੂਸਵਾਮੀ, ਨਿਮਾਨੰਦੀ ਅਤੇ ਮਾਧਵਾਚਾਰੀ। ਮਹਾਨਕੋਸ਼ਕਾਰ ਅਨੁਸਾਰ ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ—ਦ੍ਵਾਰਿਕਾ ਦੀ ਯਾਤ੍ਰਾ , ਸ਼ੰਖ ਚਕ੍ਰ ਆਦਿ ਵਿਸ਼ਣੂ ਚਿੰਨ੍ਹਾਂ ਦਾ ਸ਼ਰੀਰ ਉਤੇ ਛਾਪਾ , ਗੋਪੀ ਚੰਦਨ ਦਾ ਤਿਲਕ , ਕ੍ਰਿਸ਼ਣ ਅਥਵਾ ਰਾਮ-ਮੂਰਤੀ ਦੀ ਉਪਾਸਨਾ ਅਤੇ ਤੁਲਸੀ ਮਾਲਾ ਧਾਰਣ ਕਰਨਾ। ‘ਸ੍ਰੀਮਦ ਭਾਗਵਤ ਪੁਰਾਣ ’ ਨੂੰ ਇਹ ਆਪਣਾ ਧਾਰਮਿਕ ਗ੍ਰੰਥ ਮੰਨਦੇ ਹਨ।

ਸਿੱਖ ਧਰਮ ਵਿਚ ਬੈਰਾਗੀਆਂ ਦੀ ਧਰਮ-ਵਿਧੀ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਤਾ ਪ੍ਰਾਪਤ ਨਹੀਂ। ਕਿਉਂਕਿ ਗੁਰਬਾਣੀ ਅਨੁਸਾਰ—ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ਹਿਰਦੈ ਸਬਦਿ ਸਚਾ ਭੈ ਰਾਚਿਆ ਗੁਰ ਕੀ ਕਾਰ ਕਮਾਵੈ ਏਕ ਚੇਤੈ ਮਨੂਆ ਡੋਲੈ ਧਾਵਤੁ ਵਰਜਿ ਰਹਾਵੈ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ (ਗੁ.ਗ੍ਰੰ.634)। ਗੁਰੂ ਅਮਰਦਾਸ ਜੀ ਨੇ ਮਨ ਮਾਰਨ ਦੀ ਪ੍ਰਕ੍ਰਿਆ ਵਿਚ ਸਫਲ ਵਿਅਕਤੀ ਨੂੰ ਹੀ ਸਹੀ ਬੈਰਾਗੀ ਕਿਹਾ ਹੈ—ਜੋ ਮਨੁ ਮਾਰਹਿ ਆਪਣਾ ਸੋ ਪੁਰਖ ਬੈਰਾਗੀ (ਗੁ.ਗ੍ਰੰ. 569)। ਵੇਖੋ ‘ਬੈਰਾਗ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬੈਰਾਗੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Birakt Bairagi_ਬੈਰਾਗੀ: ਅਦਾਲਤ ਨੇ ‘ਵਿਰਕਤ’ ਦੀ ਥਾਂ ਸ਼ਬਦ ‘ਬਿਰਕਤ’ ਵਰਤਿਆ ਹੈ। ਸੰਸਾਰਕ ਝੰਮੇਲਿਆਂ ਤੋਂ ਉਦਾਸੀਨ ਵਿਅਕਤੀ ਨੂੰ ਵਿਰਕਤ ਕਿਹਾ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਬੈਰਾਗੀ (ਵੈਰਾਗੀ, ਬੈਰਾਗੀ) ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਵਰਾਗ ਹੋ ਗਿਆ ਹੋਵੇ, ਵਿਰਕਤ।’’ ਰਘੂਨਾਥ ਦਾਸ ਬਨਾਮ ਸ਼ਿਉ ਕਮੁਾਰ (ਏ ਆਈ ਆਰ 1923 ਪਟਨਾ 309) ਅਨੁਸਾਰ ਬੈਰਾਗੀ ਦਾ ਅਰਥ ਅਜਿਹਾ ਵਿਅਕਤੀ ਹੈ ਜਿਸ ਨੇ ਸੰਸਾਰਕ ਮਾਮਲਿਆਂ ਤੋਂ ਕਿਨਾਰਾ-ਕਸ਼ੀ ਕਰ ਲਈ ਹੋਵੇ ਅਤੇ ਸ਼ਾਇਦ ਮੋਟੇ ਅਰਥਾਂ ਵਿਚ ਇਸ ਸ਼ਬਦ ਭਾਵ ਮੁਕੰਮਲ ਸਾਧ-ਬਿਰਤੀ ਹੈ; ਅਰਥਾਤ ਅਜਿਹੀ ਜ਼ਿੰਦਗੀ ਜਿਸ ਵਿਚ ਵਿਅਕਤੀ ਸੰਸਾਰਕ ਖ਼ਾਹਿਸ਼ਾਂ ਅਤੇ ਮਾਹੌਲ ਤੋਂ ਆਪਣੇ ਆਪ ਨੂੰ ਵਖ ਕਰ ਲੈਂਦਾ ਹੈ ਅਤੇ ਇਕਾਂਤ ਦੀ ਅਵਸਥਾ ਵਿਚ ਦੈਵੀ ਚਿੰਤਨ ਵਿਚ ਜੁੜਿਆ ਰਹਿੰਦਾ ਹੈ। ਪਰ ਅਦਾਲਤ ਅਨੁਸਾਰ ਕਾਫ਼ੀ ਚਿਰ ਤੋਂ ਇਸ ਸ਼ਬਦ ਦੇ ਇਹ ਅਰਥ ਨਹੀਂ ਰਹਿ ਗਏ ਅਤੇ ਇਸ ਤੋਂ ਲਗਭਗ ਮੁਰਾਦ ਅਜਿਹਾ ਵਿਅਕਤੀ ਹੈ ਜਿਸ ਨੇ ਆਪਣੇ ਆਪ ਨੂੰ ਧਰਾਮਕ ਕੰਮਾਂ ਨਾਲ ਜੋੜ ਲਿਆ ਹੈ। ਬ੍ਰਹਮਚਰਜ ਇਸ ਦਾ ਲਾਜ਼ਮੀ ਅੰਗ ਨਹੀਂ ਰਹਿ ਗਿਆ। ਬੈਰਾਗੀ ਨਾਲ ਵਿਰਕਤ ਅਗੇਤਰ ਰੂਪ ਵਿਚ ਲਗਿਆ ਹੋਇਆ ਹੈ ਅਤੇ ਇਸ ਦਾ ਉਸ ਸਾਧੂ ਬਿਰਤੀ ਨਾਲੋਂ ਕਰੜੀ ਸਾਧੂ ਬਿਰਤੀ ਤੋਂ ਲਿਆ ਜਾ ਸਕਦਾ ਹੈ ਜਿਸ ਦਾ ਸੂਚਕ ਇਕੱਲਾ ਬੈਰਾਗੀ ਸ਼ਬਦ ਹੈ। ਤਤਵਿਕ ਤੌਰ ਤੇ ਇਸ ਦਾ ਮਤਲਬ ਅਜਿਹਾ ਵਿਅਕਤੀ ਹੈ ‘‘ਜਿਸ ਨੇ ਸੰਸਾਰ ਦਾ ਤਿਆਗ ਕਰ ਦਿੱਤਾ ਹੋਵੇ; ਪਰ ਇਸ ਦਾ ਅਰਥ ਪਹਿਲਾਂ ਕੁਝ ਵੀ ਰਿਹਾ ਹੋਵੇ, ਹੁਣ ਇਹ ਜਾਪਦਾ ਹੈ ਕਿ ਇਸ ਦਾ ਮਤਲਬ ਆਮ ਵਰਤੇ ਜਾਂਦੇ ਸ਼ਬਦ ਵੈਰਾਗੀ ਦਾ ਹੈ ਅਤੇ ਵੈਰਾਗੀ ਨਾਲ ਜੁੜ ਕੇ ਵੀ ਵਿਰਕਤ ਤੋਂ ਭਾਵ ਗ਼ੈਰ-ਸ਼ਾਦੀਸ਼ੁਦਾ ਅਵਸਥਾ ਦਾ ਹੈ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬੈਰਾਗੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੈਰਾਗੀ (ਸੰ.। ਦੇਖੋ , ਬਿਰਾਗੀ ਤੇ ਬੈਰਾਗ) ੧. ਵੈਰਾਗ ਵਾਨ। ਵਿਰਕਤ। ਯਥਾ-‘ਬੈਰਾਗੀ ਬੰਧਨੁ ਕਰੈ ’।

੨. ਪਰਮੇਸ਼ਰ ਵਾਸਤੇ ਬੀ ਇਹ ਵਿਸ਼ੇਸ਼ਤਾ ਨਾਲ ਆਇਆ ਹੈ, ਜੋ ਕਦੇ ਰਾਗ ਆਦਿ ਵਿਕਾਰਾਂ ਵਿਚ ਨਹੀਂ ਆਇਆ। ਯਥਾ-‘ਪਰਮਾਨੰਦੁ ਬੈਰਾਗੀ’। ਪਰਮ ਆਨੰਦ (ਪਰ ਫੇਰ) ਰਾਗ ਰਹਿਤ (ਜੋ ਪ੍ਰਮਾਤਮਾ ਹੈ ਸੋ ਤੈਂ) ਨਹੀਂ ਪਛਾਣਿਆ।

੩. ਇਕ ਹਿੰਦੂ ਸੰਪ੍ਰਦਾ ਦਾ ਨਾਮ ਹੈ, ਜਿਨ੍ਹਾਂ ਨੂੰ ਵੈਸ਼ਨਵ ਬੀ ਕਹਿੰਦੇ ਹਨ। ਪਰ ਅੱਜ ਕੱਲ੍ਹ ਅਕਸਰ -ਵਿਭੂਤ ਮਲੇ- ਭਗਤੀ ਮਾਰਗ ਦੇ ਤਪੱਸਵੀ ਨੂੰ ਕਹਿੰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.