ਭਾਈ ਬੰਨੋ ਵਾਲੀ ਬੀੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਾਈ ਬੰਨੋ ਵਾਲੀ ਬੀੜ: ਸਿੱਖ ਜਗਤ ਵਿਚ ਭਾਈ ਬੰਨੋ ਦੇ ਨਾਂ ਨਾਲ ਪ੍ਰਸਿੱਧ ਬੀੜ ਅਜ-ਕਲ ਕਾਨਪੁਰ (ਉਤਰ ਪ੍ਰਦੇਸ਼) ਵਿਚ ਪਈ ਹੋਈ ਦਸੀ ਜਾਂਦੀ ਹੈ। ਇਸ ਬਾਰੇ ਸਰ.ਜੀ.ਬੀ.ਸਿੰਘ, ਭਾਈ ਰਣਧੀਰ ਸਿੰਘ , ਸੁਆਮੀ ਹਰਨਾਮ ਦਾਸ , ਪ੍ਰੋ. ਪ੍ਰੀਤਮ ਸਿੰਘ, ਡਾ. ਪਿਆਰ ਸਿੰਘ ਆਦਿ ਕਈ ਵਿਦਵਾਨਾਂ ਨੇ ਪੁਸਤਕਾਂ ਜਾਂ ਲੇਖਾਂ ਵਿਚ ਆਪਣਾ ਮਤਾ ਪੇਸ਼ ਕੀਤਾ ਹੈ ਅਤੇ ਗਿਆਨੀ ਰਜਿੰਦਰ ਸਿੰਘ ਬਲ ਨੇ ‘ਭਾਈ ਬੰਨੋ ਦਰਪਨ ਅਤੇ ਖਾਰੇ ਵਾਲੀ ਬੀੜ’ ਨਾਂ ਦੀ ਪੂਰੀ ਪੁਸਤਕ ਹੀ ਸੰਨ 1989 ਈ. ਵਿਚ ਜਲੰਧਰ ਤੋਂ ਪ੍ਰਕਾਸ਼ਿਤ ਕੀਤੀ ਹੈ। ਰਵਾਇਤ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਆਗਿਆ ਨਾਲ ਮੂਲ ਬੀੜ ਨੂੰ ਜਿਲਦ ਬੰਨ੍ਹਵਾਉਣ ਲਈ ਜਾਂ ਆਪਣੇ ਪਿੰਡ ਫੇਰਾ ਪਵਾਉਣ ਲਈ ਲੈ ਜਾਣ ਵੇਲੇ ਭਾਈ ਬੰਨੋ ਨੇ ਬਹੁਤ ਸਾਰੇ ਲਿਖਾਰੀ ਲਗਾ ਕੇ ਆਦਿ ਬੀੜ ਦੀ ਇਕ ਨਕਲ ਤਿਆਰ ਕਰਵਾ ਲਈ ਸੀ ।
ਇਹ ਬੀੜ ਦੇਸ਼-ਵੰਡ ਤੋਂ ਪਹਿਲਾਂ ਭਾਈ ਬੰਨੋ ਦੇ ਖ਼ਾਨਦਾਨ ਪਾਸ ਮਾਂਗਟ, ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿਚ ਸੁਰਖਿਅਤ ਸੀ। ਸੰਨ 1947 ਈ. ਵਿਚ ਭਾਈ ਬੰਨੋ ਦੇ ਵਾਰਿਸ ਇਸ ਬੀੜ ਨੂੰ ਪਹਿਲਾਂ ਬੜੋਤ, ਜ਼ਿਲ੍ਹਾ ਮੇਰਠ (ਉਤਰ ਪ੍ਰਦੇਸ਼) ਵਿਚ ਆਪਣੇ ਨਾਲ ਲੈ ਆਏ, ਬਾਦ ਵਿਚ ਇਸ ਬੀੜ ਨੂੰ ਗੁਰਦੁਆਰਾ ਭਾਈ ਬੰਨੋ ਸਾਹਿਬ, ਜਵਾਹਰ ਨਗਰ, ਕਾਨਪੁਰ ਵਿਚ ਸਥਾਪਿਤ ਕਰ ਦਿੱਤਾ। ਸੰਨ 1984 ਈ. ਵਿਚ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਦ ਕਾਨਪੁਰ ਵਿਚ ਸਿੱਖਾਂ ਦੀ ਮਾਰ-ਕਾਟ ਹੋਣ ਲਗੀ ਤਾਂ ਲੁਟੇਰੇ ਚੰਦਨ ਦੀ ਸੰਦੂਕੜੀ ਸਮੇਤ ਇਹ ਬੀੜ ਵੀ ਲੈ ਗਏ, ਪਰ ਰਾਹ ਜਾਂਦੇ ਇਸ ਨੂੰ ਸੰਦੂਕੜੀ ਵਿਚੋਂ ਕਢ ਕੇ ਗਲੀ ਵਿਚ ਸੁਟ ਗਏ। ਕਿਸੇ ਧਰਮੀ ਆਤਮਾ ਵਾਲੀ ਮਾਈ ਨੇ ਇਸ ਬੀੜ ਨੂੰ ਫਿਰ ਗੁਰਦੁਆਰੇ ਵਿਚ ਸਥਾਪਿਤ ਕਰਵਾਉਣ ਵਿਚ ਪੂਰੀ ਸਹਾਇਤਾ ਕੀਤੀ। ਉਦੋਂ ਤਕ ਸ਼ਾਇਦ ਇਸ ਦੀ ਲੈਮੀਨੇਸ਼ਨ ਨਹੀਂ ਹੋਈ ਸੀ, ਬਾਦ ਵਿਚ ਇਸ ਨੂੰ ਸਲ੍ਹਾਬ ਜਾਂ ਦੀਮਕ ਆਦਿ ਤੋਂ ਸੁਰਖਿਅਤ ਕਰਨ ਲਈ ਲੈਮੀਨੇਟ ਕਰ ਲਿਆ ਗਿਆ ਹੈ।
ਇਸ ਬੀੜ ਦੇ ਉਪਲਬਧ ਸਰੂਪ ਵਿਚ ਕੁਲ 468 ਪੱਤਰੇ ਹਨ। ਹਰ ਇਕ ਪੱਤਰੇ ਉਤੇ ਸੱਜੇ ਖੱਬੇ ਲਾਲ ਰੰਗ ਦਾ ਹਾਸ਼ੀਆ ਲਗਿਆ ਹੋਇਆ ਹੈ। ਕਾਲੀ ਸਿਆਹੀ ਵਿਚ ਇਕੋ ਹੱਥ ਵਿਚ ਲਿਖੀ ਇਸ ਬੀੜ ਦੀ ਲਿਖਾਈ ਸੁੰਦਰ ਅਤੇ ਬਾਰੀਕ ਹੈ। ਹਰ ਪੱਤਰੇ ਉਤੇ ਲਗਭਗ 31 ਪੰਕਤੀਆਂ ਹਨ ਅਤੇ ਹਰ ਇਕ ਪੰਕਤੀ ਵਿਚ 30 ਤੋਂ 40 ਅੱਖਰ (ਮਾਤ੍ਰਾਵਾਂ ਸਮੇਤ) ਹਨ।
ਇਸ ਦੇ ਮੂਲ-ਮੰਤ੍ਰ ਵਾਲੇ ਪੰਨੇ ਦੇ ਖੱਬੇ ਹੱਥ ‘ਸੂਚੀ ਪਤ੍ਰੀ ਪੋਥੀ ਕਾ ਤਤਕਰਾ ਰਾਗਾ ਕਾ’ ਸ਼ੁਰੂ ਹੁੰਦਾ ਹੈ। ਇਸੇ ਤਤਕਰੇ ਦੇ 33ਵੇਂ ਪੱਤਰੇ ਉਪਰ ਗੁਰੂ ਅਰਜਨ ਦੇਵ ਜੀ ਤਕ ਪੰਜਾਂ ਗੁਰੂਆਂ ਦੇ ‘ਚਲਿਤ ਜੋਤੀ ਜੋਤਿ ਸਮਾਵਣੇ ਕੇ’ ਮੂਲ ਪੋਥੀ ਦੇ ਲਿਖਾਰੀ ਦੇ ਹੱਥ ਵਿਚ ਲਿਖੇ ਹਨ। ਇਨ੍ਹਾਂ ਤੋਂ ਬਾਦ ਬਾਬਾ ਗੁਰਦਿੱਤਾ ਅਤੇ ਗੁਰੂ ਹਰਿਗੋਬਿੰਦ ਜੀ ਦੇ ‘ਚਲਿਤ ਜੋਤੀ ਜੋਤਿ ਸਮਾਵਣੇ ਕੇ’ ਕਿਸੇ ਹੋਰ ਲਿਖਾਰੀ ਦੇ ਲਿਖੇ ਹਨ। ਇਸ ਤੋਂ ਬਾਦ ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂਆਂ ਦੇ ਚਲਿਤ੍ਰ ਕਿਸੇ ਭਿੰਨ ਲਿਖਾਰੀ ਦੇ ਅੰਕਿਤ ਹਨ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਚਲਿਤ ਕਿਸੇ ਹੋਰ ਲਿਖਾਰੀ ਦਾ ਲਿਖਿਆ ਮਿਲਦਾ ਹੈ।
ਚਲਿਤਾਂ ਤੋਂ ਬਾਦ ਬੀੜ ਦੇ ਲਿਖੇ ਜਾਣ ਦਾ ਸੰਮਤ ਅੰਕਿਤ ਹੈ ‘1659 ਮਿਤੀ ਅਸੂ ਵਦੀ ਏਕਮ ’। ਇਸ ਸੰਮਤ ਵਿਚਲਾ ਪੰਜ (5) ਅੰਕ ਕਟਿਆ ਹੋਣ ਕਰਕੇ ਸੰਦਿਗਧ ਹੈ। ਇਸ ਬੀੜ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਨੇ ਇਸ ਬਾਰੇ ਵਖ ਵਖ ਤਰ੍ਹਾਂ ਦੇ ਅਨੁਮਾਨ ਲਗਾਏ ਹਨ। ਆਮ ਤੌਰ ’ਤੇ ਇਸ ਵਿਚਲੇ ਨੌਂ (9) ਅੰਕ ਨੂੰ ਵਿਗਾੜ ਕੇ ਪੰਜ (5) ਬਣਾਇਆ ਪ੍ਰਤੀਤ ਹੁੰਦਾ ਹੈ ਅਤੇ ਬੀੜ ਦੇ ਮਾਲਕਾਂ ਵਲੋਂ ਅਜਿਹਾ ਕਰਨ ਪਿਛੇ ਇਸ ਨੂੰ ਅਧਿਕ ਤੋਂ ਅਧਿਕ ਪੁਰਾਤਨ ਸਿਧ ਕਰਕੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਵਧ ਤੋਂ ਵਧ ਪੂਜਾ ਹਾਸਲ ਕਰਨ ਦਾ ਜੁਗਾੜ ਕੀਤਾ ਗਿਆ ਪ੍ਰਤੀਤ ਹੁੰਦਾ ਹੈ।
ਇਸ ਬੀੜ ਨੂੰ ਵਿਦਵਾਨ ਭਾਈ ਬੰਨੋ ਵਾਲੀ ਮੂਲ ਬੀੜ ਨ ਮੰਨ ਕੇ ਉਸ ਤੋਂ ਹੋਇਆ ਕੋਈ ਉਤਾਰਾ ਮੰਨਦੇ ਹਨ। ਕਾਰਣ ਇਹ ਹਨ ਕਿ ਭਾਈ ਬੰਨੋ ਵਾਲੀ ਬੀੜ ਰਵਾਇਤ ਅਨੁਸਾਰ ਕਾਹਲ ਵਿਚ ਲਿਖੀ ਗਈ ਸੀ, ਪਰ ਇਸ ਬੀੜ ਦੀ ਲਿਖਿਤ ਤੋਂ ਅਜਿਹੀ ਕੋਈ ਗੱਲ ਸਿੱਧ ਨਹੀਂ ਹੁੰਦੀ। ਬੰਨੋ ਵਾਲੀ ਬੀੜ ਕਈ ਲਿਖਾਰੀ ਲਗਾ ਕੇ ਥੋੜੇ ਸਮੇਂ ਵਿਚ ਤਿਆਰ ਕਰਵਾਈ ਗਈ ਸੀ, ਪਰ ਇਹ ਇਕ ਹੱਥ ਵਿਚ ਨਿਠ ਕੇ ਲਿਖੀ ਹੋਈ ਹੈ। ਇਸ ਵਿਚਲੇ ਨੀਸਾਣ ਵੀ ਇਸ ਦੀ ਪ੍ਰਮਾਣਿਕਤਾ ਬਾਰੇ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਨੂੰ ਜਨਮ ਦਿੰਦੇ ਹਨ।
ਇਸ ਗ੍ਰੰਥ ਵਿਚ ਕੁਝ ਵਾਧੂ ਬਾਣੀਆਂ ਵੀ ਦਰਜ ਹਨ, ਜੋ ਆਮ ਤੌਰ’ਤੇ ਭਾਈ ਬੰਨੋ ਵਾਲੀ ਬੀੜ ਨੂੰ ਮੂਲ ਬੀੜ ਤੋਂ ਨਿਖੇੜਦੀਆਂ ਹਨ, ਜਿਵੇਂ— (1) ਜਿਤ ਦਰ ਲਖ ਮੁਹੰਮਦਾ (ਤਿੰਨ ਸ਼ਲੋਕ); (2) ਬਾਇ ਆਤਿਸ ਆਬ ਖਾਕ (16 ਸ਼ਲੋਕ) (ਇਹ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਨ); (3) ਰਤਨ-ਮਾਲਾ (25 ਸ਼ਲੋਕ) (ਇਸ ਤੋਂ ਬਾਦ ਇਹ ਸੂਚਨਾ ਦਿੱਤੀ ਹੋਈ ਹੈ ਕਿ ‘ਰਤਨਮਾਲਾ ਸੁਧੁ ਉਤਾਰ ਕੀਤਾ ਗਿਰੰਥ ਦਾ ਅਖਰੀ-ਤੋਰਕੀ ਸੀ ਕਿ ਅਖਰ ਗੁਰਮੁਖੀ ਲਿਖੀ’); (4) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭਿ ਕੀ (5) ਸਿਆਹੀ ਕੀ ਬਿਧਿ।
ਨੌਵੇਂ ਗੁਰੂ ਕੀ ਬਾਣੀ ਕਿਸੇ ਹੋਰ ਕਲਮ ਦੀ ਲਿਖੀ ਹੋਈ ਹੈ। ਨਾਲੇ ਵਾਰਾਂ ਦੇ ਆਖੀਰ ਉਤੇ ‘ਸੁਧੁ’ ਅਥਵਾ ‘ਸੁਧ ਕੀਚੈ’ ਉਕਤੀਆਂ ਨਹੀਂ ਹਨ।
ਇਸ ਵਿਚ ਕੁਝ ਵਾਧੂ ਸ਼ਬਦ ਵੀ ਸ਼ਾਮਲ ਕੀਤੇ ਦਸੇ ਜਾਂਦੇ ਹਨ, ਜਿਵੇਂ — (1) ਰਾਗ ਸੋਰਠਿ ਵਿਚ ਕਬੀਰ ਦਾ ਸ਼ਬਦ— ਅਉਧੁ ਸੋ ਜੋਗੀ ਗੁਰੁ ਮੇਰਾ। ਇਸ ਪਦ ਕਾ ਜੋ ਕਰੈ ਨਿਬੇਰਾ। (ਪੱਤਰਾ 244); (2) ਰਾਗ ਰਾਮਕਲੀ ਮ.੫— ਰਣ ਝੁੰਝਨੜਾ ਗਾਉ ਸਾਖੀ... (ਪੱਤਰਾ 319); (3) ਰਾਗ ਮਾਰੂ ਵਿਚ ਮੀਰਾ ਬਾਈ ਦਾ ਸ਼ਬਦ — ਮਨ ਹਮਾਰਾ ਬਾਧਿਓ ਮਾਈ (ਪੱਤਰਾ 369); (4) ਰਾਗ ਸਾਰੰਗ ਵਿਚ ਸੂਰਦਾਸ ਦਾ ਸ਼ਬਦ—ਛਾਡਿ ਮਨ ਹਰਿ ਬਿਮੁਖਨ ਕੋ ਸੰਗ। (ਇਸ ਦੀ ਪਹਿਲੀ ਤੁਕ ਮੂਲ ਲਿਖਾਰੀ ਦੇ ਹੱਥ ਨਾਲ ਅਤੇ ਬਾਕੀ ਸ਼ਬਦ ਕਿਸੇ ਹੋਰ ਕਲਮ ਨਾਲ ਲਿਖਿਆ ਹੈ।)
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਮੈਂ ਭਾਈ ਬੰਨੋ ਜੀ ਦੀ ਗਿਆਰਵੀ ਪੀੜੀ ਹਾਂ। ਮੇਰਾ ਨਾਮ ਬਘੇਲ ਸਿੰਘ ਭਾਟੀਆ ਹੈ। ਗਿਆਨੀ ਰਜਿੰਦਰ ਸਿੰਘ ਜੀ ਬੱਲ ਮੇਰੇ ਦਾਦਾ ਜੀ ਸਨ। ਮੈਂ ਭਾਈ ਬੰਨੋ ਵਾਲੀ ਬੀੜ ਦੇ ਦਰਸ਼ਨ ਕੀਤੇ ਹਨ। ਮੇਰੀ ਜਾਨਕਾਰੀ ਅਨੁਸਾਰ ਇਸ ਬੀੜ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕੀਤੀ ਸੀ। ਇਸ ਬੀੜ ਤੇ ਸੋਨੇ ਦੀ ਜਿਲਦ ਚੜੀ ਸੀ ਜਿਸਦਾ ਅੱਜ ਤੱਕ ਕੋਈ ਪਤਾ ਨਹੀ ਲੱਗ ਸਕਿਆ।
Baghel Singh Bhatia,
( 2020/06/21 11:4653)
Please Login First