ਮਹਿਮਾ ਪ੍ਰਕਾਸ਼ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਹਿਮਾ ਪ੍ਰਕਾਸ਼ (ਕਾਵਿ): ਇਸ ਨਾਂ ਦੀਆਂ ਦੋ ਰਚਨਾਵਾਂ ਉਪਲਬਧ ਹਨ। ਇਕ ਵਾਰਤਕ ਵਿਚ ਹੈ ਅਤੇ ਦੂਜੀ ਕਵਿਤਾ ਵਿਚ। ਪ੍ਰਸਤੁਤ ਇੰਦਰਾਜ ਦਾ ਸੰਬੰਧ ਦੂਜੀ ਅਰਥਾਤ ਕਾਵਿ ਰਚਨਾ ਨਾਲ ਹੈ। ਬਾਬਾ ਸਰੂਪ ਦਾਸ ਭੱਲਾ (ਨਾਮਾਂਤਰ ਸਰੂਪ ਚੰਦ) ਦੁਆਰਾ ਸੰਨ 1776 ਈ. (ਸੰ.1833 ਬਿ.) ਵਿਚ ਲਿਖੀ ਇਸ ਰਚਨਾ ਦੇ ਹੱਥ-ਲਿਖਿਤ ਅਤੇ ਪ੍ਰਕਾਸ਼ਿਤ ਦੋਵੇਂ ਰੂਪ ਮਿਲ ਜਾਂਦੇ ਹਨ। ਸੰਨ 1970 ਈ. ਵਿਚ ਭਾਸ਼ਾ ਵਿਭਾਗ , ਪੰਜਾਬ ਦੁਆਰਾ ਦੋ ਜਿਲਦਾਂ ਵਿਚ ਪ੍ਰਕਾਸ਼ਿਤ ਸੰਸਕਰਣ ਵਿਚੋਂ ਪਹਿਲੀ ਸੈਂਚੀ ਵਿਚ ਕੁਲ 65 ਸਾਖੀਆਂ ਹਨ, ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਜੀਵਨ-ਚਰਿਤ ਨਾਲ ਹੈ। ਦੂਜੀ ਸੈਂਚੀ ਵਿਚ ਕੁਲ 172 ਸਾਖੀਆਂ ਹਨ ਜਿਨ੍ਹਾਂ ਵਿਚੋਂ 16 ਗੁਰੂ ਅੰਗਦ ਦੇਵ , 32 ਗੁਰੂ ਅਮਰਦਾਸ , 8 ਗੁਰੂ ਰਾਮਦਾਸ , 22 ਗੁਰੂ ਅਰਜਨ ਦੇਵ , 22 ਗੁਰੂ ਹਰਿਗੋਬਿੰਦ, 22 ਗੁਰੂ ਹਰਿਰਾਇ, 4 ਗੁਰੂ ਹਰਿਕ੍ਰਸ਼ਨ, 19 ਗੁਰੂ ਤੇਗ ਬਹਾਦਰ ਅਤੇ 27 ਗੁਰੂ ਗੋਬਿੰਦ ਸਿੰਘ ਬਾਰੇ ਲਿਖੀਆਂ ਹੋਈਆਂ ਹਨ। ਆਖੀਰ ਉਤੇ ਇਕ ਸਾਖੀ ਬਾਬਾ ਬੰਦਾ ਬਹਾਦਰ ਬਾਰੇ ਵੀ ਦਰਜ ਹੈ। ਇਸ ਵਿਚੋਂ ਪਹਿਲੇ ਭਾਗ ਵਿਚ ਸੰਕਲਿਤ ਸਾਮਗ੍ਰੀ ਦਾ ਆਧਾਰ ‘ਪੁਰਾਤਨ ਜਨਮਸਾਖੀ ’ ਹੈ, ਜਦ ਕਿ ਦੂਜੇ ਭਾਗ ਦੀਆਂ ਸਾਖੀਆਂ ਗੁਰੂ-ਘਰ ਨਾਲ ਸੰਬੰਧਿਤ ਪੁਰਾਤਨ ਸਿੱਖਾਂ ਤੋਂ ਪੀੜ੍ਹੀ ਦਰ ਪੀੜ੍ਹੀ ਪ੍ਰਾਪਤ ਹੋਈਆਂ ਹਨ। ਇਨ੍ਹਾਂ ਸਾਖੀਆਂ ਵਿਚੋਂ ਇਤਿਹਾਸਿਕ ਤੱਥ ਸਾਵਧਾਨੀ ਨਾਲ ਲਭਣੇ ਪੈਂਦੇ ਹਨ, ਕਿਉਂਕਿ ਪੌਰਾਣਿਕਤਾ ਦਾ ਬਹੁਤ ਅਧਿਕ ਪ੍ਰਭਾਵ ਹੈ। ਗੁਰੂ-ਇਤਿਹਾਸ ਬਾਰੇ ਇਹ ਮੁਢਲਾ ਵਿਸਤਰਿਤ ਯਤਨ ਹੈ। ਪਰਵਰਤੀ ਇਤਿਹਾਸਕਾਰਾਂ ਨੇ ਇਸ ਤੋਂ ਕਾਫ਼ੀ ਲਾਭ ਉਠਾਇਆ ਹੈ। ਇਸ ਵਿਚ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਸਾਖੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਅਤੇ ਦਸਵੇਂ ਗੁਰੂ ਦੇ ਪ੍ਰਕਰਣ ਵਿਚ ਦਸਮ ਗ੍ਰੰਥ ਦੇ ਰਚਨਾ- ਪਿਛੋਕੜ ਉਤੇ ਤੱਥਕ ਜਾਣਕਾਰੀ ਉਪਲਬਧ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਹਿਮਾ ਪ੍ਰਕਾਸ਼ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਹਿਮਾ ਪ੍ਰਕਾਸ਼ (ਵਾਰਤਕ): ਗੁਰੂ-ਇਤਿਹਾਸ ਸੰਬੰਧੀ ਲਿਖੀ ਇਕ ਪੁਰਾਤਨ ਰਚਨਾ ਜਿਸ ਨੂੰ ‘ਮਹਿਮਾ ਪ੍ਰਕਾਸ਼’ ਕ੍ਰਿਤ ਸਰੂਪ ਦਾਸ ਭੱਲਾ ਨਾਲੋਂ ਨਿਖੇੜਨ ਲਈ ‘ਮਹਿਮਾ ਪ੍ਰਕਾਸ਼ (ਵਾਰਤਕ)’ ਕਹਿ ਦਿੱਤਾ ਜਾਂਦਾ ਹੈ। ਇਸ ਦੀ ਉਪਲਬਧੀ ਅਕਾਲੀ ਕੌਰ ਸਿੰਘ ਨੂੰ ਆਪਣੀ ਖੋਜ ਦੌਰਾਨ ਹੋਈ ਸੀ। ਇਸ ਦੀਆਂ ਹੱਥ-ਲਿਖਿਤ ਨਕਲਾਂ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਭਾਸ਼ਾ ਵਿਭਾਗ , ਪੰਜਾਬ ਦੇ ਪੁਸਤਕਾਲਿਆਂ ਵਿਚ ਸੁਰਖਿਅਤ ਹਨ। ਇਸ ਰਚਨਾ ਦਾ ਕਰਤ੍ਰਿਤਵ ਅਤੇ ਰਚਨਾ-ਕਾਲ ਸੰਦਿਗਧ ਹਨ। ਪਰ ਆਮ ਮਾਨਤਾ ਅਨੁਸਾਰ ਇਸ ਦੀ ਰਚਨਾ ਬਾਬਾ ਕ੍ਰਿਪਾਲ ਦਾਸ ਭੱਲਾ (ਕ੍ਰਿਪਾਲ ਸਿੰਘ ਭੱਲਾ) ਦੁਆਰਾ ਸੰਨ 1741 ਈ. (1798 ਬਿ.) ਵਿਚ ਹੋਈ ਸੀ। ਇਸ ਵਿਚ ਕੁਲ 164 ਸਾਖੀਆਂ ਸੰਕਲਿਤ ਹਨ ਜਿਨ੍ਹਾਂ ਵਿਚੋਂ 20 ਗੁਰੂ ਨਾਨਕ ਦੇਵ , 10 ਗੁਰੂ ਅੰਗਦ ਦੇਵ , 27 ਗੁਰੂ ਅਮਰਦਾਸ , 7 ਗੁਰੂ ਰਾਮਦਾਸ , 15 ਗੁਰੂ ਅਰਜਨ ਦੇਵ , 20 ਗੁਰੂ ਹਰਿਗੋਬਿੰਦ, 17 ਗੁਰੂ ਹਰਿਰਾਇ, 1 ਗੁਰੂ ਹਰਿਕ੍ਰਿਸ਼ਨ, 4 ਗੁਰੂ ਤੇਗ ਬਹਾਦਰ ਅਤੇ 43 ਗੁਰੂ ਗੋਬਿੰਦ ਸਿੰਘ ਬਾਰੇ ਲਿਖੀਆਂ ਹਨ। ਇਨ੍ਹਾਂ ਸਾਖੀਆਂ ਦਾ ਸਰੋਤ ਜਨਮਸਾਖੀ ਸਾਹਿਤ ਤੋਂ ਇਲਾਵਾ, ਗੁਰੂ-ਘਰ ਨਾਲ ਸੰਬੰਧਿਤ ਲੋਕ ਕਥਾਵਾਂ ਅਤੇ ਵਾਰਤਾਵਾਂ ਵਿਚੋਂ ਲਭਿਆ ਜਾ ਸਕਦਾ ਹੈ। ਇਨ੍ਹਾਂ ਵਿਚ ਇਤਿਹਾਸਿਕਤਾ ਅਤੇ ਪੌਰਾਣਿਕਤਾ ਮਿਲੀਆਂ ਜੁਲੀਆਂ ਹਨ। ਕਈ ਸਾਖੀਆਂ ਗੁਰਬਾਣੀ ਦੀ ਵਿਆਖਿਆ ਨੂੰ ਸਮੇਟਦੀਆਂ ਹਨ ਅਤੇ ਕਈ ਜਿਗਿਆਸੂਆਂ ਦੁਆਰਾ ਪੁਛੇ ਪ੍ਰਸ਼ਨਾਂ ਦਾ ਸਮਾਧਾਨ ਪੇਸ਼ ਕਰਦੀਆਂ ਹਨ। ਬਾਦ ਵਿਚ ਲਿਖੀਆਂ ਗਈਆਂ ਇਤਿਹਾਸ-ਨੁਮਾ ਰਚਨਾਵਾਂ ਉਤੇ ਇਸ ਦੀ ਸਾਮਗ੍ਰੀ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First