ਮੂਲ-ਮੰਤ੍ਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੂਲ-ਮੰਤ੍ਰ: ‘ਮੂਲ-ਮੰਤ੍ਰ’ ਸ਼ਬਦ ਦੋ ਪਦਾਂ ਦਾ ਸੰਯੁਕਤ ਰੂਪ ਹੈ। ਪਹਿਲੇ ਸ਼ਬਦ ‘ਮੂਲ ’ ਦਾ ਅਰਥ ਹੈ ‘ਜੜ੍ਹ ’। ਗੁਰਵਾਕ ਹੈ—ਮੂਲ ਬਿਨਾ ਸਾਖਾ ਕਤੁ ਆਹੇ। ਅਤੇ ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ। ਇਸ ਤੋਂ ਭਾਵ ਮੁੱਢ ਜਾਂ ਆਦਿ ਅਤੇ ਆਧਾਰ ਜਾਂ ਬੁਨਿਆਦ ਲਿਆ ਜਾ ਸਦਾ ਹੈ।
ਦੂਜੇ ਸ਼ਬਦ ‘ਮੰਤ੍ਰ ’ ਦਾ ਨਿਰੁਕਤ ਅਨੁਸਾਰ ਅਰਥ ਹੈ ‘ਜੋ ਮਨਨ ਕਰੀਏ, ਉਹ ਮੰਤ੍ਰ ਹੈ।’ ਮੰਤ੍ਰ ਅਸਲ ਵਿਚ ਉਹ ਸ਼ਬਦ ਜਾਂ ਸ਼ਬਦ-ਸਮੁੱਚ ਹੈ ਜਿਸ ਨਾਲ ਕਿਸੇ ਦੇਵਤਾ ਜਾਂ ਇਸ਼ਟ-ਦੇਵ ਜਾਂ ਪਰਮ-ਸੱਤਾ ਦੀ ਸਿੱਧੀ ਜਾਂ ਅਲੌਕਿਕ ਸ਼ਕਤੀ ਦੀ ਪ੍ਰਾਪਤੀ ਹੋਵੇ। ਗੁਰੂ ਅਰਜਨ ਦੇਵ ਜੀ ਅਨੁਸਾਰ ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ। (ਗੁ.ਗ੍ਰੰ.377-78)। ਇਸ ਤਰ੍ਹਾਂ ਮੂਲ-ਮੰਤ੍ਰ ਤੋਂ ਭਾਵ ਹੋਇਆ ਬੁਨਿਆਦੀ ਮੰਤ੍ਰ ਜਾਂ ਆਧਾਰ-ਭੂਤ ਮੰਤ੍ਰ।
‘ਜਪੁਜੀ ’ ਦੇ ਆਰੰਭ ਵਿਚ ‘ਮੂਲ-ਮੰਤ੍ਰ’ ਲਿਖਿਆ ਹੈ। ਇਹ ‘ਜਪੁਜੀ’ ਦਾ ਕੋਈ ਹਿੱਸਾ ਨਹੀਂ , ਸਗੋਂ ਮੰਗਲਾਚਰਣ ਹੈ। ਇਸ ਦਾ ਗੁਰਬਾਣੀ ਵਿਚ ਵਿਸ਼ੇਸ਼ ਅਤੇ ਪ੍ਰਮੁਖ ਸਥਾਨ ਹੈ। ਇਹ ਪੂਰੇ ਜਾਂ ਸੰਖਿਪਤ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ 567 ਵਾਰ ਵਰਤਿਆ ਗਿਆ ਹੈ। ਹਰ ਰਾਗ , ਹਰ ਬਾਣੀ ਦੇ ਆਰੰਭ ਵਿਚ ਇਹ ਦਰਜ ਹੈ। ਇਸ ਲਈ ਇਸ ਦਾ ਮਹੱਤਵ ਸਵੈ-ਸਿੱਧ ਹੈ।
ਗੁਰੂ ਨਾਨਕ ਦੇਵ ਨੇ ‘ਮੂਲ-ਮੰਤ੍ਰ’ ਨੂੰ ਸਪੱਸ਼ਟ ਕਰਦਿਆਂ ਦਸਿਆ ਹੈ ਕਿ ਹਰਿ ਦਾ ਨਾਮ ਹੀ ਮੂਲ-ਮੰਤ੍ਰ ਹੈ, ਇਹੀ ਸਾਰਿਆਂ ਰਸਾਂ ਦਾ ਸੋਮਾ ਹੈ ਅਤੇ ਇਸੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ—ਮੂਲ ਮੰਤੁ੍ਰ ਹਰਿਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ। (ਗੁ.ਗ੍ਰੰ.1040)। ਸਿੱਖ-ਸਾਧਨਾ ਵਿਚ ਮੂਲ-ਮੰਤ੍ਰ ਵਲ ਸੰਕੇਤ ਕਰਦਿਆਂ ਭਾਈ ਗੁਰਦਾਸ ਨੇ ਛੇਵੀਂ ਵਾਰ ਵਿਚ ਕਿਹਾ ਹੈ—ਸਤਿਨਾਮ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣ ਪਰਵਾਣੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਆਇਆ ਵਸਤੂ-ਨਿਰਦੇਸ਼ਾਤਮਕ ਮੰਗਲਾਚਰਣ—ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ—ਹੀ ਮੂਲ-ਮੰਤ੍ਰ ਹੈ। ‘ਪੁਰਾਤਨ ਜਨਮਸਾਖੀ ’ (ਸਾਖੀ 47) ਵਿਚ ਗੁਰੂ ਨਾਨਕ ਦੇਵ ਜੀ ਨੇ ਸਿੰਘਲਦੀਪ ਜਾਣ ਵੇਲੇ ਅਸਗਾਹ ਸਮੁੰਦਰ ਨੂੰ ਤਰਨ ਲਈ ਸਿੱਖਾਂ ਨੂੰ ਇਸ ‘ਸਲੋਕ ’ (ਮੂਲ ਮੰਤ੍ਰ) ਨੂੰ ਪੜ੍ਹਦੇ ਜਾਣ ਦਾ ਆਦੇਸ਼ ਦਿੱਤਾ ਸੀ ।
ਉਪਰਲੇ ਸੰਕੇਤਾਂ ਅਤੇ ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚ (ਕੁਝ ਪਾਠਾਂਤਰ ਸਹਿਤ) ਇਸ ਦਾ ਅੰਕਿਤ ਹੋਣਾ ਇਹ ਸਿੱਧ ਕਰਦਾ ਹੈ ਕਿ ਇਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ। ਇਹ ਭਾਵੇਂ ‘ਜਪੁਜੀ’ ਦੇ ਆਰੰਭ ਵਿਚ ਆਇਆ ਹੈ, ਪਰ ਇਹ ‘ਜਪੁ ’ ਬਾਣੀ ਦਾ ਅੰਗ ਨਹੀਂ, ਸੁਤੰਤਰ ਭਾਵ-ਅਭਿਵਿਅਕਤੀ ਹੈ। ਇਸ ਵਿਚਲੇ ਪਰਮਾਤਮਾ ਦੇ ਸਰੂਪ ਅਤੇ ਪ੍ਰਾਪਤੀ-ਸਾਧਨ ਦੀ ਵਿਆਖਿਆ ਪਹਿਲਾਂ ‘ਜਪੁਜੀ’ ਵਿਚ ਹੋਈ ਹੈ ਅਤੇ ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ। ਇਸ ਵਿਚ ਪਰਮ-ਤੱਤ੍ਵ ਦੇ ਜਿਸ ਦਾਰਸ਼ਨਿਕ ਸਰੂਪ ਦੀ ਸਥਾਪਨਾ ਹੋਈ ਹੈ ਉਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਦੁਆਰਾ ਦਸ ਕੇ ਦਾਰਸ਼ਨਿਕਤਾ ਦਾ ਭਾਵਾਤਮਕਤਾ ਨਾਲ ਸਮਨਵੈ ਕੀਤਾ ਗਿਆ ਹੈ। ਅਸਲ ਵਿਚ, ਇਸ ਵਿਚਲੇ 13 ਸ਼ਬਦਾਂ ਅਤੇ ਇਕ ਹਿੰਦਸੇ ਵਿਚ ਸਿੱਖ ਧਰਮ ਦੇ ਸਿੱਧਾਂਤਾਂ ਦਾ ਬੀਜ ਰੂਪ ਸਮੋਇਆ ਹੋਇਆ ਹੈ। ਜਿਗਿਆਸੂ ਨੂੰ ਸੰਸਾਰਿਕ ਪ੍ਰਪੰਚ ਵਿਚੋਂ ਬਾਹਰ ਕਢਣ ਲਈ ਜਾਂ ਸੰਸਾਰਿਕਤਾ ਦੇ ਰੋਗ ਤੋਂ ਮੁਕਤ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ—ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ। ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ। (ਗੁ.ਗ੍ਰੰ.156)। ਮੂਲ-ਮੰਤ੍ਰ ਵਿਚ ਸ਼ਾਮਲ ਹੋਏ ਪਰਮ-ਸੱਤਾ ਵਾਚਕ ਸ਼ਬਦਾਂ ਬਾਰੇ ਸੁਤੰਤਰ ਇੰਦਰਾਜ ਦਰਜ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First