ਮੋਹਨ ਰਾਕੇਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੋਹਨ ਰਾਕੇਸ਼ (1925–1972) : ਮੋਹਨ ਰਾਕੇਸ਼ ਹਿੰਦੀ ਦੇ ਆਧੁਨਿਕ ਸਾਹਿਤ ਵਿੱਚ ਚਰਚਿਤ ਰਹੇ ਲੇਖਕਾਂ ਵਿੱਚੋਂ ਇੱਕ ਹੈ। ਉਸ ਨੇ ਪੰਜਾਬ ਵਿੱਚ ਜਨਮ ਲੈ ਕੇ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਵੀ ਆਧੁਨਿਕ ਨਾਟਕ, ਕਹਾਣੀ, ਨਾਵਲ ਅਤੇ ਡਾਇਰੀ ਰਚਨ ਦੇ ਨਾਲ-ਨਾਲ ਆਪਣੇ ਚਿੰਤਨ ਰਾਹੀਂ ਧੂਮ ਮਚਾਈ। ਉਸ ਦਾ ਜਨਮ 8 ਜਨਵਰੀ 1925 ਨੂੰ ਅੰਮ੍ਰਿਤਸਰ ਵਿਖੇ ਇੱਕ ਆਮ ਸਧਾਰਨ ਪਰਿਵਾਰ ਵਿੱਚ ਹੋਇਆ। ਮਦਨ ਮੋਹਨ ਗੁਗਨਾਨੀ-ਉਸ ਦਾ ਸਕੂਲ-ਕਾਲਜ ਦਾ ਨਾਂ ਸੀ। ਉਸ ਨੇ ਆਪਣੀ ਵਧੇਰੇ ਸਿੱਖਿਆ ਲਾਹੌਰ ਵਿੱਚ ਪ੍ਰਾਪਤ ਕੀਤੀ। ਸੰਸਕ੍ਰਿਤ ਅਤੇ ਹਿੰਦੀ ਵਿੱਚ ਐਮ.ਏ. ਕਰਨ ਦੇ ਨਾਲ ਸੰਸਕ੍ਰਿਤ ਦੀ ਸ਼ਾਸਤਰੀ ਪਰੀਖਿਆ ਵਿੱਚ ਵੀ ਮਾਣ ਪ੍ਰਾਪਤ ਕੀਤਾ। ਵਿਦਿਆਰਥੀ ਜੀਵਨ ਤੋਂ ਹੀ ਉਸ ਦਾ ਰੁਝਾਨ ਸਾਹਿਤ ਵੱਲ ਸੀ ਤੇ 16 ਸਾਲ ਦੀ ਉਮਰ ਤੋਂ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿੱਚ ਕੁਝ ਕਵਿਤਾਵਾਂ ਲਿਖੀਆਂ, ਜੋ ਸਰਸਵਤੀ ਅਤੇ ਹੋਰ ਰਸਾਲਿਆਂ ਵਿੱਚ ਛਪਦੀਆਂ ਸਨ। ਭਾਵੁਕ ਹੋਣ ਦੇ ਨਾਲ ਹੀ ਉਹ ਸ਼ੁਰੂ ਤੋਂ ਹੀ ਵਿਚਾਰਕ ਵੀ ਸੀ। ਇਸ ਲਈ ਗੱਦ ਵੱਲ ਵੀ ਮੋਹਨ ਰਾਕੇਸ਼ ਦਾ ਝੁਕਾਅ ਹੋ ਗਿਆ। ਭਾਵੇਂ ਉਸ ਕੋਲ ਡੂੰਘੀ ਸਮੀਖਿਆ ਦ੍ਰਿਸ਼ਟੀ ਸੀ, ਪਰ ਆਲੋਚਨਾ ਸਾਹਿਤ ਵੱਲ ਬਹੁਤਾ ਧਿਆਨ ਨਾ ਦੇ ਕੇ, ਰਚਨਾਤਮਿਕ ਕਾਰਜ ਵਿੱਚ ਲਗਾਤਾਰ ਜੁੜਿਆ ਰਿਹਾ। ਗੋਸ਼ਟੀਆਂ, ਸੈਮੀਨਾਰਾਂ ਵਿੱਚ ਕਦੇ-ਕਦੇ ਉਸ ਦਾ ਅੰਦਰਲਾ ਪ੍ਰਬਲ ਆਲੋਚਕ ਜਾਗ ਪੈਂਦਾ ਸੀ। ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਤੇ ਪੰਜਾਬੀ ਆਦਿ ਭਾਸ਼ਾਵਾਂ ਦਾ ਉਹ ਚੰਗਾ ਵਿਦਵਾਨ, ਜਾਣਕਾਰ ਸੀ। ਮਾਂ ਬੋਲੀ ਪੰਜਾਬੀ ਹੋਣ ਕਰ ਕੇ ਉਸ ਦੀਆਂ ਕਿਰਤਾਂ ਦੇ ਪਾਤਰ ਪੰਜਾਬੀ ਹਨ।

     ਗੱਦ ਸਾਹਿਤ ਵਿੱਚ ਮੋਹਨ ਰਾਕੇਸ਼ ਦੀ ਮੁਹਾਰਤ ਹਿੰਦੀ ਕਥਾ, ਨਾਵਲ, ਨਾਟਕ, ਲੇਖ ਅਤੇ ਡਾਇਰੀ ਆਦਿ ਵੱਲ ਵਧੇਰੇ ਸੀ। ਉਸ ਨੇ ਕਈ ਦਰਜਨ ਕਹਾਣੀਆਂ ਦੀ ਸਿਰਜਣਾ ਕੀਤੀ, ਜੋ ਪ੍ਰਮੁਖ ਪੱਤਰਾਂ-ਪੱਤ੍ਰਿਕਾਵਾਂ ਵਿੱਚ ਛਪੀਆਂ ਤੇ ਕਿਤਾਬਾਂ ਵਿੱਚ ਸੰਕਲਿਤ ਹਨ। ਰਾਕੇਸ਼ ਦੇ ਪ੍ਰਮੁਖ ਕਹਾਣੀ-ਸੰਗ੍ਰਹਿ ਇਨਸਾਨ ਕੇ ਖੰਡਹਰ (1950), ਨਏ ਬਾਦਲ (1957), ਜਾਨਵਰ ਔਰ ਜਾਨਵਰ (1958), ਏਕ ਔਰ ਜ਼ਿੰਦਗੀ (1961), ਫੌਲਾਦ ਕਾ ਆਕਾਸ਼ (1966), ਸੁਹਾਗਿਨੇਂ (1966), ਪਾਂਚ ਲੰਬੀ ਕਹਾਣੀਆਂ (1960), ਆਜ ਕੇ ਸਾਏ (1967), ਰੋਏ ਰੇਸ਼ੇ (1968), ਏਕ ਏਕ ਦੁਨੀਆਂ (1968), ਮਿਲੇ ਜੁਲੇ ਚਿਹਰੇ (1969) ਅਤੇ ਫੇਰ-ਵਾਰਿਸ, ਪਹਚਾਨ, ਕਵਾਟਰ (1972), ਮੇਰੀ ਪ੍ਰਿਯ ਕਹਾਣੀਆਂ (1971) ਦੇ ਨਾਲ ਹੀ ਸੰਪੂਰਣ ਕਹਾਣੀਆਂ (1984) ਵੀ ਪ੍ਰਕਾਸ਼ਿਤ ਹੋਈਆਂ ਹਨ।

     ਮਨੁੱਖੀ ਰਿਸ਼ਤਿਆਂ ਦੇ ਸੰਕਟ, ਪਾਤਰਾਂ ਰਾਹੀਂ ਸਾਡੇ ਜੀਵਨ ਦੀਆਂ ਤਕਲੀਫ਼ਾਂ, ਇਕੱਲ ਸਹਿ ਸਕਣ ਅਤੇ ਇਕੱਲਿਆਂ ਬਰਦਾਸ਼ਤ ਕਰਨ ਦਾ ਦਰਦ ਮੋਹਨ ਰਾਕੇਸ਼ ਦੇ ਕਥਾ ਲੇਖਨ ਦਾ ਕੇਂਦਰ-ਬਿੰਦੂ ਹੈ। ਮਨੁੱਖ ਦੀ ਮਾਨਸਿਕ ਅਤੇ ਸਮਾਜਿਕ ਖਿੱਚ ਧੂਹ, ਖ਼ਿਆਲ, ਪਾੜਾ, ਮੱਧ ਵਰਗ ਦੀਆਂ ਆਸਾਂ-ਉਮੀਦਾਂ, ਆਕਾਂਖਿਆਵਾਂ, ਰਾਕੇਸ਼ ਦੇ ਕਥਾ ਸਾਹਿਤ ਵਿੱਚ ਉੱਭਰ ਕੇ ਸਾਮ੍ਹਣੇ ਆਉਂਦੀਆਂ ਹਨ। ਜੀਵਨ ਦਾ ਵਿਰੋਧਾਭਾਸ, ਵਿਸੰਗਤੀਆਂ, ਅੰਤਰ ਵਿਰੋਧ ਦੀ ਈਮਾਨਦਾਰ ਅਭਿਵਿਅਕਤੀ ਮੋਹਨ ਰਾਕੇਸ਼ ਦੀਆਂ ਕਹਾਣੀਆਂ ਦਾ ਹਾਸਲ ਹੈ। ‘ਵਿਸਥਾਪਨ`, ‘ਅਜ਼ਾਦੀ ਦੀ ਵੰਡ`, ‘ਮਾਰਕਾਟ`, ‘ਪਰਮਾਤਮਾ ਕਾ ਕੁੱਤਾ`, ‘ਮਲਵੇ ਕਾ ਮਾਲਿਕ`, ‘ਫੰਦੀ` ਆਦਿ ਜਿਹੀਆਂ ਕਹਾਣੀਆਂ ਅੱਜ ਵੀ ਉਹੋ ਜਿਹਾ ਪ੍ਰਭਾਵ ਛੱਡਦੀਆਂ ਹਨ। ਨਾਵਲੇਟ (ਲੰਮੇਰੀ ਕਹਾਣੀ) ਦੇ ਖੇਤਰ ਵਿੱਚ ਵੀ ਰਾਕੇਸ਼ ਦੀ ਵੱਖਰੀ ਦੇਣ ਹੈ।

     ਨਿਬੰਧ ਦੇ ਖੇਤਰ ਵਿੱਚ ਮੋਹਨ ਰਾਕੇਸ਼ ਇੱਕ ਮੀਲ ਪੱਥਰ ਸਾਬਤ ਹੋਇਆ ਹੈ। ਉਸ ਦੇ ਲੇਖ, ਸਫ਼ਰਨਾਮੇ ਆਦਿ ਪਰਿਵੇਸ਼ (1967), ਸਮਯ ਸਾਰਥੀ (1972), ਬਕਲਮ ਖੁਦ (1974), ਸਾਹਿਤਿਕ ਔਰ ਸਾਂਸਕ੍ਰਿਤਿਕ ਦ੍ਰਿਸ਼ਟੀ (1975) ਤੇ ਮੋਹਨ ਰਾਕੇਸ਼ ਕੀ ਡਾਇਰੀ (1985) ਦਾ ਖ਼ਾਸ ਜ਼ਿਕਰ ਅਜੋਕੇ, ਨਵੇਂ ਹਿੰਦੀ ਗੱਦ ਵਿੱਚ ਆਇਆ ਹੈ। ਆਖਰੀ ਚੱਟਾਨ ਤੱਕ (ਯਾਤਰਾ) (1953) ਇਸ ਪਾਸੇ ਇੱਕ ਮੋੜ ਸੀ, ਜਿਸ ਨੇ ਪਾਠਕਾਂ-ਆਲੋਚਕਾਂ ਦਾ ਧਿਆਨ ਖਿੱਚਿਆ।

     ਨਾਵਲਕਾਰ ਦੇ ਤੌਰ ਤੇ ਵੀ ਮੋਹਨ ਰਾਕੇਸ਼ ਦਾ ਨਾਂ ਓਨਾ ਹੀ ਚਰਚਿਤ ਹੈ, ਆਧੁਨਿਕ ਜੀਵਨ ਦਾ ਯਥਾਰਥ ਚਿਤਰਨ ਉਸ ਦੇ ਨਾਵਲਾਂ ਦੀ ਵਿਸ਼ੇਸ਼ਤਾ ਹੈ : ਹਨੇਰੇ ਬੰਦ ਕਮਰੇ (1961), ਨਾ ਆਨੇ ਵਾਲਾ ਕੱਲ੍ਹ (1968) ਅਤੇ ਅੰਤਰਾਲ (1972) ਉਸ ਦੇ ਬਹੁ-ਚਰਚਿਤ ਨਾਵਲਾਂ `ਚੋਂ ਹਨ। ਨੀਲੀ ਰੋਸ਼ਨੀ ਕੀ ਬਾਂਹੇਂ, ਕਾਂਪਤਾ ਹੂਆ ਦਰਿਆ ਰਸਾਲਿਆਂ `ਚ ਲੜੀਵਾਰ ਛਪੇ ਜਾਂ ਪੁਸਤਕ ਰੂਪ ਵਿੱਚ ਪਾਠਕਾਂ ਤੱਕ ਪੁੱਜੇ ਪ੍ਰਭਾਵਸ਼ਾਲੀ ਨਾਵਲ ਹਨ। ਸ਼ਹਿਰੀ ਮੱਧਵਰਗੀ ਜੀਵਨ, ਨਿਮਨ ਮੱਧ ਵਰਗ ਦੀਆਂ ਸਮੱਸਿਆਵਾਂ, ਉਹਨਾਂ ਦੀ ਘੁਟਨ, ਦਬਾਅ, ਸੋਚ ਅਤੇ ਨਵੇਂ ਜੀਵਨ ਮੁੱਲ, ਰਾਕੇਸ਼ ਦੇ ਇਹਨਾਂ ਨਾਵਲਾਂ `ਚੋਂ ਝਾਕਦੇ ਹਨ। ਰਾਕੇਸ਼ ਦੇ ਨਾਵਲਾਂ ਦੇ ਇਸਤਰੀ-ਮਰਦ ਪਾਤਰ ਸੱਭਿਆਚਾਰਿਕ ਤੱਥਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਦੇ, ਜਿਵੇਂ ਅਸੀਂ ਅੰਦਰੋਂ-ਅੰਦਰੀ ਬਹੁਤ ਟੁੱਟਦੇ, ਖਿੱਲਰਦੇ, ਵਿਭਾਜਿਤ ਹੋ ਰਹੇ ਹਾਂ, ਉਹਨਾਂ ਹੀ ਸਥਿਤੀਆਂ, ਸਮੱਸਿਆਵਾਂ ਦਾ ਵੇਰਵਾ ਇਹਨਾਂ ਨਾਵਲਾਂ `ਚ ਹੈ।

     ਮੋਹਨ ਰਾਕੇਸ਼ ਨੇ ਇਕਾਂਗੀਕਾਰ ਦੇ ਤੌਰ ਤੇ ਆਪਣਾ ਨਾਟਕ ਲੇਖਨ ਦਾ ਸਫ਼ਰ ਸ਼ੁਰੂ ਕੀਤਾ। ਆਪਣੇ ਮੁਢਲੇ ਦੌਰ `ਚ ਅਨੇਕ ਇਕਾਂਗੀ ਲਿਖੇ ਅਤੇ ਆਪਣੀਆਂ ਕੁਝ ਕਥਾਵਾਂ ਨੂੰ ਵੀ ਨਾਟਕੀ ਰੂਪ ਦਿੱਤਾ। ਸਤਯ ਔਰ ਕਲਪਨਾ, ਅੰਡੇ ਕੇ ਛਿਲਕੇ ਔਰ ਅਨਯ ਏਕਾਂਕੀ (1973), ਬੀਜ ਨਾਟਕ, ਰਾਤ ਬੀਤਨੇ ਤਕ (1974) ਆਦਿ ਸੰਗ੍ਰਹਿਆਂ ਵਿੱਚ ਰਾਕੇਸ਼ ਦੇ ਇਕਾਂਗੀ ਸ਼ਾਮਲ ਹਨ। ਰੇਡੀਓ ਤਕਨੀਕ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣੀ ਇਕਾਂਗੀ ਕਲਾ ਦਾ ਵਿਕਾਸ ਕੀਤਾ। ਰੰਗ-ਮੰਚ ਤੋਂ ਉਸ ਦੇ ਇਕਾਂਗੀ ਖੇਡੇ ਗਏ ਅਤੇ ਰੇਡੀਓ ਤੋਂ ਧੁਨੀ- ਰੂਪਕ ਦੇ ਤੌਰ ਤੇ ਪ੍ਰਸਾਰਿਤ ਵੀ ਕੀਤੇ ਗਏ। ਆਪਣੇ ਕਰਫਿਊ ਜਿਹੇ ਧਵਨੀ ਇਕਾਂਗੀ ਰਾਹੀਂ ਉਹ ਵਧੇਰੇ ਸ੍ਰੋਤਿਆਂ ਤੱਕ ਪੁੱਜਿਆ। ਵਾਚਕ ਦੀ ਅਵਾਜ਼, ਸਾਜ਼ਾਂ ਦੀ ਵਰਤੋਂ, ਕੁਦਰਤੀ ਧਵਨੀਆਂ ਦੀ ਰਿਕਾਰਡਿੰਗ ਅਤੇ ਸਹਿਜ ਜੀਵਨ ਦੀ ਸੁਮੇਲਾਤਮਿਕ ਸ਼ੈਲੀ ਰਾਹੀਂ ਉਸ ਨੇ ਕਈ ਪ੍ਰਯੋਗ ਕਰ ਵਿਖਾਏ। ਇਵੇਂ ਧਵਨੀ ਰੂਪਕ ਮਸ਼ਹੂਰ ਹੋਣ ਲੱਗੇ। ਭਾਰਤੀ ਭਾਸ਼ਾਵਾਂ ਵਿੱਚ ਵੀ ਉਸ ਦੇ ਰੂਪਕਾਂ ਦਾ ਪ੍ਰਚਾਰਨ, ਗ਼ੈਰ-ਹਿੰਦੀ ਭਾਸ਼ੀ ਕੇਂਦਰਾਂ ਤੋਂ ਸਾਰਥਕ ਸਿੱਧ ਹੋਇਆ। ਉਸ ਨੇ ਲੇਖਨ ਦੇ ਮੁਢਲੇ ਦਿਨਾਂ ਵਿੱਚ ਮੋਹਨ ਰਾਕੇਸ਼ ਰੰਗ-ਮੰਚ ਨਾਲ ਜੁੜਿਆ ਰਿਹਾ ਅਤੇ ਉਹਨਾਂ ਸ਼ੌਕੀਆ ਰੰਗ-ਮੰਚ ਲਈ ਕੰਮ ਕੀਤਾ। ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਦੀ ਸੰਸਕ੍ਰਿਤ ਪਰਿਸ਼ਦ ਦੇ ਸਾਏ ਹੇਠ ਉਸ ਨੇ ਸੰਸਕ੍ਰਿਤ ਨਾਟਕਾਂ ਦਾ ਨਿਰਦੇਸ਼ਨ ਕੀਤਾ। ਇਸ ਕਾਰਨ ਸੰਸਕ੍ਰਿਤ ਨਾਟਕਾਂ, ਸੱਭਿਆਚਾਰਿਕ ਪਿੱਠ-ਭੂਮੀ ਕਰ ਕੇ ਅਜਿਹਾ ਪੁਖਤਾ ਅਸਰ ਇਸ ਦੇ ਹਿੰਦੀ ਨਾਟਕਾਂ ਤੇ ਪਿਆ।

     ਆਸ਼ਾੜ ਕਾ ਏਕ ਦਿਨ (1959), ਲਹਰੋਂ ਕੇ ਰਾਜਹੰਸ (1963), ਆਧੇ ਅਧੂਰੇ (1969) ਅਤੇ ਪੈਰ ਤਲੇ ਕੀ ਜ਼ਮੀਨ (1975)-ਚਾਰੇ ਉਸ ਦੇ ਵਿਸ਼ਵਵਿਖਿਆਤ ਹਿੰਦੀ ਨਾਟਕ ਹਨ। ਹਿੰਦੀ ਨਾਟਕਕਾਰਾਂ ਵਿੱਚੋਂ ਸਭ ਤੋਂ ਵੱਧ ਚਰਚਾ ਅਤੇ ਵਿਵਾਦ ਵਿੱਚ ਰਹੇ ਲੇਖਕ ਮੋਹਨ ਰਾਕੇਸ਼ ਦਾ ਸਾਹਿਤ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋ ਕੇ ਛਪਿਆ। ਪਹਿਲੇ ਦੋ ਨਾਟਕਾਂ `ਤੇ ਸੱਭਿਆਚਾਰਿਕ, ਸੰਸਕ੍ਰਿਤਿਕ ਕਦਰਾਂ-ਕੀਮਤਾਂ ਦੀ ਛਾਂ-ਸਪਸ਼ਟ ਝਲਕਦੀ ਹੈ। ਪੰਜਾਬੀ ਜਨਜੀਵਨ, ਜੀਵਨ ਸ਼ੈਲੀ, ਉਸ ਦੇ ਨਾਟਕਾਂ, ਕਹਾਣੀਆਂ ਵਾਂਗ ਆਧੇ ਅਧੂਰੇ ਵਿੱਚ ਸਾਫ਼ ਉਜਾਗਰ ਹੋਈ ਹੈ।

     ਬੰਬਈ, ਸ਼ਿਮਲਾ, ਦਿੱਲੀ ਆਦਿ ਵਿੱਚ ਰਾਕੇਸ਼ ਆਮ ਰੰਗਕਰਮੀਆਂ ਨਾਲ ਜੁੜਿਆ ਰਿਹਾ। ਜਲੰਧਰ ਵਿੱਚ ਰਹਿੰਦਿਆਂ ਉਸ ਨੇ ਆਸ਼ਾੜ ਕਾ ਏਕ ਦਿਨ ਅਕਾਸ਼ਬਾਣੀ ਲਈ ਲਿਖਿਆ। ਸਭ ਤੋਂ ਪਹਿਲਾਂ ਤਿੰਨ ਕਿਸ਼ਤਾਂ ਵਿੱਚ ਇਸੇ ਕੇਂਦਰ ਤੋਂ ਇਸ ਨਾਟਕ ਦਾ ਪ੍ਰਸਾਰਨ ਹੋਇਆ। ਬਹੁਤ ਬੜਾ ਸਵਾਲ ਜਿਹੇ ਧਵਨੀ ਨਾਟਕ ਵੀ ਜਲੰਧਰ ਰੇਡੀਓ ਤੋਂ ਪ੍ਰਸਾਰਿਤ ਕੀਤੇ ਗਏ ਸਨ। ਇਹ ਮਸ਼ਹੂਰ ਤੇ ਸਲਾਹੇ ਗਏ ਨਾਟਕ ਮੋਹਨ ਰਾਕੇਸ਼ ਦਾ ਸਾਹਿਤਿਕ ਕੱਦ ਉੱਚਾ ਕਰਦੇ ਗਏ। ਸੂਬਾਈ ਬੋਲੀਆਂ ਵਿੱਚ ਅਨੁਵਾਦੇ ਗਏ ਉਸ ਦੇ ਨਾਟਕਾਂ ਨੂੰ ਇਵੇਂ ਕੌਮੀ ਪੱਧਰ `ਤੇ ਮਾਨਤਾ ਮਿਲੀ। ਸਿਨੇਮਾ ਸ਼ਿਲਪ ਦਾ ਪ੍ਰਯੋਗ ਵੀ ਰਾਕੇਸ਼ ਦਾ ਨਾਟਕਕਾਰ ਆਪਣੇ ‘ਟੈਕਸਟ’ ਵਿੱਚ ਕਰ ਕੇ, ਨਿਰਦੇਸ਼ਕ ਦਾ ਕੰਮ ਸੌਖਾ ਕਰ ਦਿੰਦਾ ਸੀ।

     ਅੰਗਰੇਜ਼ੀ ਮਾਧਿਅਮ ਰਾਹੀਂ ਉਸ ਦੇ ਨਾਟਕ ਵਿਦੇਸ਼ਾਂ ਵਿੱਚ ਵੀ ਮੰਚਿਤ ਕੀਤੇ ਗਏ ਅਤੇ ਸਲਾਹੇ ਵੀ ਗਏ। ਉਸ ਦੇ ਨਾਟਕਾਂ ਵਿੱਚ ਮੂਲ ਕਥਾਨਕ, ਕਾਲਬੋਧ, ਬਿੰਬ ਤੇ ਇਤਿਹਾਸਿਕਤਾ ਰਾਹੀਂ ਪ੍ਰਾਚੀਨ ਪ੍ਰਸੰਗਾਂ ਦੀ ਥਾਂ, ਵਰਤਮਾਨ ਸਮੱਸਿਆਵਾਂ ਦਾ ਨਿਭਾਅ ਅਤੇ ਨਵੇਂ ਤੱਥਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ੀ ਵਿੱਚ ਛਪੇ ਸੰਗ੍ਰਹਿ ਵਿੱਚ ਆਧੇ ਅਧੂਰੇ, ਆਈਨੇ ਕੇ ਸਾਮਨੇ ਤੇਰਾਂ ਕਹਾਣੀਆਂ ਅਤੇ ਇੰਟਰਵਿਊ ਸ਼ਾਮਲ ਕੀਤੇ ਗਏ ਹਨ। ਇਨੈਕਟ ਅੰਗਰੇਜ਼ੀ ਪਤ੍ਰਿਕਾ ਦੇ ਅੰਕਾਂ ਵਿੱਚ ‘ਸ਼ਬਦ ਔਰ ਧਵਨੀ`, ‘ਰੰਗਮੰਗ ਔਰ ਸ਼ਬਦ` ਜਿਹੇ ਲੇਖ ਵਿਦੇਸ਼ੀ-ਦੇਸੀ ਪਾਠਕਾਂ ਅਤੇ ਆਲੋਚਕਾਂ ਨੂੰ ਵੀ ਪ੍ਰਭਾਵਿਤ ਕਰਦੇ ਰਹੇ। ਬਿਨਾ ਹਾਡ ਮਾਂਸ ਕਾ ਆਦਮੀ (1974), ਸ਼ੂਦਰਕ ਦਾ ਮ੍ਰਿਛਕਟਿਕ, ਕਾਲੀਦਾਸ ਦਾ ਸ਼ਕੁੰਤਲਾ, ਹੇਨਰੀ ਜੇਮਜ਼ ਦੀ ਕਿਰਤ ਏਕ ਔਰਤ ਕਾ ਚਿਹਰਾ, ਗ੍ਰਾਹਮ ਗ੍ਰੀਨ ਦੀ ਰਚਨਾ, ਉਸ ਰਾਤ ਕੇ ਬਾਅਦ ਹਿੰਦੀ ਵਿੱਚ ਅਨੁਵਾਦ ਕਰ ਕੇ ਮੋਹਨ ਰਾਕੇਸ਼ ਨੇ ਨਵੇਂ ਦਿਸਹੱਦੇ ਕਾਇਮ ਕੀਤੇ। ਆਧੇ ਅਧੂਰੇ ਤੇ ਤਾਂ ਫੀਚਰ ਫ਼ਿਲਮ ਵੀ ਬਣ ਚੁੱਕੀ ਹੈ।

     ਦੇਸ ਦੇ ਲਗਪਗ ਸਾਰੇ ਮੁੱਖ ਨਾਟ ਸਮੀਖਿਅਕਾਂ, ਆਲੋਚਕਾਂ ਨੇ ਰਾਕੇਸ਼ ਦੇ ਨਾਟ ਸੰਸਾਰ, ਰੰਗਕਰਮ ਦੀ ਚਰਚਾ ਕੀਤੀ ਹੈ। ਕਹਾਣੀ ਜਾਂ ਕਥਾਤਮਿਕਤਾ ਦੇ ਚੱਕਰ ਵਿੱਚ ਉਹ ਕਿਸੇ ਵੀ ਕਿਰਤ ਦੇ ਨਾਟਕੀ ਰੂਪ ਨੂੰ ਪਿੱਛੇ ਨਹੀਂ ਰਹਿਣ ਦਿੰਦਾ। ਸਿਰਜਣਾਤਮਿਕ ਤੌਰ ਤੇ ਰਚਨਾਤਮਿਕ ਪੱਖੋਂ ਉਹ ਇੱਕ ਸਮਰਪਿਤ ਸਾਹਿਤਕਾਰ ਸੀ।

     ਪੰਜਾਬ ਦੇ ਔਸਤ ਘਰ, ਆਮ ਜਿਹੇ ਆਂਢ-ਗੁਆਂਢ ਨਾਲ ਚਰਚਾ ਤੱਕ ਉਸ ਦਾ ਹਾਸਲ ਇੱਕ ਰੋਸ਼ਨ ਦਿਮਾਗ਼ ਦਾ ਸਬੂਤ ਹੀ ਹੈ। ਲੇਖਕ ਰੂਪ `ਚ ਰਾਕੇਸ਼ ਦੀ ਸਥਾਪਤੀ ਅਤੇ ਦੇਸ ਦੇ ਸਰਬੋਤਮ ਬੁੱਧੀਜੀਵੀਆਂ ਨਾਲ ਚਰਚਾ ਤੱਕ, ਉਹ ਵਿਰਾਟਤਾ ਦਾ ਝਲਕਾਰਾ ਦਿੰਦਾ ਹੈ। ਉਸ ਦੇ ਸਾਹਿਤ ਵਿੱਚ ਨਵੀਨਤਾ, ਮੌਲਿਕਤਾ ਹੈ। ਸੰਖੇਪ ਜਿਹੇ ਜੀਵਨ ਕਾਲ ਵਿੱਚ ਉਸ ਨੇ ਸਾਹਿਤ ਦੇ ਕਈ ਪ੍ਰਮੁਖ ਰੂਪਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। 3 ਦਸੰਬਰ 1972 ਵਿੱਚ ਮੋਹਨ ਰਾਕੇਸ਼ ਦਾ ਦਿਹਾਂਤ ਹੋ ਗਿਆ।


ਲੇਖਕ : ਫੂਲ ਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.