ਯੋਗ-ਸਾਧਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਗ-ਸਾਧਨਾ [ਨਾਂਇ] ਵੇਖੋ ਯੋਗ-ਅਭਿਆਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਯੋਗ-ਸਾਧਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਯੋਗ-ਸਾਧਨਾ: ਇਸ ਸਾਧਨਾ ਨਾਲ ਸੰਬੰਧਿਤ ਅਨੇਕ ਪ੍ਰਕਾਰ ਦੇ ਉਲੇਖ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸਾਹਿਤ ਵਿਚ ਆਮ ਮਿਲਦੇ ਹਨ। ਗੁਰੂ ਸਾਹਿਬਾਨ ਦੇ ਵੇਲੇ ਇਸ ਸਾਧਨਾ-ਪੱਧਤੀ ਦਾ ਕਾਫ਼ੀ ਬੋਲ-ਬਾਲਾ ਸੀ। ਉਦੋਂ ਹਠ- ਯੋਗ ਦੀ ਪ੍ਰਧਾਨਤਾ ਸੀ। ਗੁਰੂ ਸਾਹਿਬਾਨ ਨੇ ਯੋਗ ਦੀ ਹਠ- ਪੂਰਵਕ ਸਾਧਨਾ ਦਾ ਨਿਖੇਧ ਕੀਤਾ ਹੈ, ਪਰ ‘ਸਹਿਜ ਯੋਗ’ ਨੂੰ ਮਾਨਤਾ ਅਵੱਸ਼ ਦਿੱਤੀ ਹੈ। ਇਸ ਲਈ ਇਸ ਦੇ ਸਹੀ ਪਰਿਪੇਖ ਨੂੰ ਸਮਝਣਾ ਜ਼ਰੂਰੀ ਹੈ। ਇਸ ਸਾਧਨਾ ਨਾਲ ਸੰਬੰਧਿਤ ਸਿੱਧਾਂਤ-ਪ੍ਰਣਾਲੀ ਨੂੰ ‘ਯੋਗ ਦਰਸ਼ਨ ’ ਦਾ ਨਾਂ ਦਿੱਤਾ ਜਾਂਦਾ ਹੈ। ‘ਯੋਗ’ ਸ਼ਬਦ ਸੰਸਕ੍ਰਿਤ ਦੀ ‘ਯੁਜੑ’ ਧਾਤੂ ਤੋਂ ਬਣਿਆ ਹੈ ਅਤੇ ਇਹ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਸ਼ਬਦ ਦਾ ਸਾਧਾਰਣ ਅਰਥ ਹੈ ਜੋੜਨਾ ਜਾਂ ਸੰਬੰਧ ਕਾਇਮ ਕਰਨਾ। ਫਲਸਰੂਪ ਭਾਰਤੀ ਦਰਸ਼ਨ ਵਿਚ ਆਤਮਾ ਪਰਮਾਤਮਾ ਦੇ ਮੇਲ ਨੂੰ ‘ਯੋਗ’ ਕਿਹਾ ਜਾਂਦਾ ਹੈ। ਇਸ ਤੋਂ ਛੁਟ , ਆਤਮਾ ਅਤੇ ਪਰਮਾਤਮਾ ਵਿਚ ਮੇਲ ਕਰਾਉਣ ਦੀ ਸਾਧਨਾ-ਪ੍ਰਣਾਲੀ ਜਾਂ ਵਿਧੀ ਨੂੰ ਵੀ ਯੋਗ ਦਾ ਨਾਂ ਦਿੱਤਾ ਜਾਂਦਾ ਹੈ, ਜਿਵੇਂ ਗਿਆਨ-ਯੋਗ, ਕਰਮ- ਯੋਗ, ਭਗਤੀ-ਯੋਗ। ‘ਯੋਗ’ ਸ਼ਬਦ ਦਾ ਵਿਸ਼ੇਸ਼ ਅਰਥ ਹੈ ‘ਯਤਨ’। ਇਸ ਤਰ੍ਹਾਂ ਯਤਨ ਪੂਰਵਕ ਕੀਤੀ ਗਈ ਸਾਧਨਾ-ਪ੍ਰਣਾਲੀ ਯੋਗ ਹੈ। ਪਤੰਜਲਿ ਅਨੁਸਾਰ ‘ਚਿੱਤ ਵ੍ਰਿੱਤੀ ਦੇ ਨਿਰੋਧ’ (ਠਹਿਰਾਓ ਜਾਂ ਰੋਕ) ਨੂੰ ਯੋਗ ਕਹਿੰਦੇ ਹਨ।

ਯੋਗ-ਸਾਧਨਾ ਭਾਰਤ ਦੀ ਇਕ ਮਹੱਤਵਪੂਰਣ ਸਾਧਨਾ-ਪ੍ਰਣਾਲੀ ਹੈ। ਉਪਨਿਸ਼ਦਾਂ ਅਤੇ ਗੀਤਾ ਵਿਚ ਇਸ ਦੇ ਉੱਲੇਖ ਮਿਲ ਜਾਂਦੇ ਹਨ। ‘ਭਾਗਵਤ ਪੁਰਾਣ ’ ਅਤੇ ‘ਯੋਗ ਵਾਸਿਸ਼ਠ’ ਵਿਚ ਇਸ ਦੀ ਮਹੱਤਵ-ਸਥਾਪਨਾ ਹੋਈ ਹੈ। ਬੌਧ ਮਤ ਵਿਚ ਨਿਰਵਾਣਪਦ ਦੀ ਪ੍ਰਾਪਤੀ ਲਈ ਯੋਗ ਨੂੰ ਸਹਾਇਕ ਸਾਧਨ ਮੰਨਿਆ ਗਿਆ ਹੈ। ਪਤੰਜਲਿ ਨੇ ਸਭ ਤੋਂ ਪਹਿਲਾਂ ਆਪਣੇ ਪੂਰਵ-ਵਰਤੀ ਰਿਸ਼ੀਆਂ ਅਤੇ ਆਚਾਰਯਾਂ ਦੀਆਂ ਯੋਗ-ਸਾਧਨਾ ਸੰਬੰਧੀ ਮਾਨਤਾਵਾਂ ਅਤੇ ਸਿੱਧਾਂਤਾਂ ਦੇ ਆਧਾਰ’ਤੇ ‘ਯੋਗ-ਸੂਤ੍ਰ’ ਦੀ ਰਚਨਾ ਕੀਤੀ ਜਿਸ ਵਿਚ ਯੋਗ ਸੰਬੰਧੀ ਸੂਖਮ ਅਧਿਐਨ ਪੇਸ਼ ਕੀਤਾ ਗਿਆ। ਭਾਈ ਗੁਰਦਾਸ ਅਨੁਸਾਰ ਸੇਖ ਨਾਗ ਪਾਤੰਜਲ ਮਥਿਆ ਗੁਰਮੁਖਿ ਸਾਸਤ੍ਰ ਨਾਗਿ ਸੁਣਾਈ (1/14)।

‘ਯੋਗ-ਸੂਤ੍ਰ’ ਵਿਚ ਸਭ ਨਾਲੋਂ ਅਧਿਕ ‘ਅਸ਼ਟਾਂਗ ਯੋਗ’ ਦੇ ਸਰੂਪ ਅਤੇ ਮਹੱਤਵ ਨੂੰ ਦਰਸਾਇਆ ਗਿਆ ਹੈ। ਇਸ ਦੇ ਸਮਾਨਾਂਤਰ ‘ਹਠ-ਯੋਗ’ ਹੈ ਜਿਸ ਦਾ ਮੂਲ ਭਾਵੇਂ ਤੰਤ੍ਰ-ਗ੍ਰੰਥਾਂ ਵਿਚ ਮੰਨਿਆ ਜਾਂਦਾ ਹੈ ਪਰ ਉਸ ਦੀ ਪੁਨਰ- ਸਥਾਪਨਾ ਗੋਰਖਨਾਥ ਨੇ ਕੀਤੀ। ਇਸ ਤਰ੍ਹਾਂ ਇਹ ਦੋਵੇਂ ਯੋਗ ਸੁਤੰਤਰ ਰੂਪ ਵਿਚ ਪ੍ਰਵਾਹਮਾਨ ਰਹੇ ਹਨ, ਪਰ ਕਿਤੇ ਕਿਤੇ ਇਨ੍ਹਾਂ ਦੋਹਾਂ ਦੇ ਸਾਧਨਾਂ ਦਾ ਆਪਸ ਵਿਚ ਮੇਲ ਵੀ ਹੋਇਆ ਹੈ। ਅਜਿਹੀ ਸਥਿਤੀ ਵਿਚ ‘ਹਠ-ਯੋਗ’ ਦਾ ਸੰਬੰਧ ਚੂੰਕਿ ਸ਼ਰੀਰਕ ਕ੍ਰਿਆ-ਵਿਧੀ ਨਾਲ ਹੈ, ਇਸ ਲਈ ਇਸ ਨੂੰ ਯੋਗ-ਸਾਧਨਾ ਦੀ ਪਹਿਲੀ ਪੌੜੀ ਕਿਹਾ ਜਾਂਦਾ ਹੈ ਅਤੇ ਪਤੰਜਲਿ ਦੇ ਯੋਗ ਦਾ ਸੰਬੰਧ ਮੋਕਸ਼ ਨਾਲ ਹੈ, ਇਸ ਲਈ ਉਸ ਨੂੰ ਯੋਗ-ਸਾਧਨਾ ਦੀ ਦੂਜੀ ਪੌੜੀ ਮੰਨਿਆ ਜਾਂਦਾ ਹੈ। ਇਸ ਨੂੰ ਰਾਜ-ਯੋਗ ਵੀ ਕਿਹਾ ਜਾਂਦਾ ਹੈ। ਮੁੱਖ ਤੌਰ ’ਤੇ ਯੋਗ ਦੇ ਇਹੀ ਦੋ ਭੇਦ ਹਨ—ਰਾਜਯੋਗ ਅਤੇ ਹਠ-ਯੋਗ। ਉਂਜ ਮੰਤ੍ਰ-ਯੋਗ (ਜਿਸ ਵਿਚ ਚਿੱਤ ਦੀਆਂ ਵ੍ਰਿੱਤੀਆਂ ਨੂੰ ਰੋਕਣ ਲਈ ਕਿਸੇ ਮੰਤ੍ਰ ਦਾ ਆਧਾਰ ਲਿਆ ਜਾਵੇ। ‘ਸਹੰ ਜਪ ’ ਜਾਂ ‘ਅਜਪਾ ਜਪ’ ਇਕ ਪ੍ਰਕਾਰ ਦੇ ਮੰਤ੍ਰਯੋਗ ਹੀ ਹਨ)। ਲਿਵ ਯੋਗ (ਜਿਸ ਵਿਚ ਚਿੱਤ ਨੂੰ ਕਿਸੇ ਖ਼ਾਸ ਲਕਸ਼ ਉਤੇ ਕੇਂਦਰਿਤ ਕਰਨ ਨਾਲ ਵਾਸਨਾਵਾਂ ਮਿਟ ਜਾਣ। ਇਸ ਨੂੰ ਲਯ-ਯੋਗ ਅਤੇ ਧਿਆਨ-ਯੋਗ ਵੀ ਕਿਹਾ ਜਾਂਦਾ ਹੈ), ਸ਼ਬਦ-ਸੁਰਤਿ ਯੋਗ (ਜਿਸ ਰਾਹੀਂ ਸ਼ਬਦ ਅਤੇ ਸੁਰਤਿ ਦਾ ਸੰਯੋਗ ਹੁੰਦਾ ਹੈ ਅਤੇ ਕਾਲ , ਦਿਸ਼ਾ ਅਤੇ ਕਾਰਜ-ਕਾਰਣ ਦੀਆਂ ਸੀਮਾਵਾਂ ਸ਼ਬਦ ਵਿਚ ਲੀਨ ਹੋ ਜਾਂਦੀਆਂ ਹਨ।), ‘ਸਹਿਜ-ਯੋਗ ’ ਆਦਿ ਦਾ ਉੱਲੇਖ ਵੀ ਕਿਤੇ ਕਿਤੇ ਮਿਲਦਾ ਹੈ।

ਪਤੰਜਲਿ ਕ੍ਰਿਤ ‘ਯੋਗ-ਸੂਤ੍ਰ’ ਦੇ ਕੁਲ ਚਾਰ ਪਾਦ ਹਨ। ਪਹਿਲੇ ਪਾਦ ਦਾ ਨਾਂ ‘ਸਮਾਧੀ-ਪਾਦ’ ਹੈ। ਇਸ ਵਿਚ ਯੋਗ ਦੇ ਲੱਛਣ , ਸਰੂਪ ਅਤੇ ਉਸ ਦੀ ਪ੍ਰਾਪਤੀ ਦੇ ਉਪਾਵਾਂ ਦਾ ਵਰਣਨ ਕੀਤਾ ਗਿਆ ਹੈ। ਨਾਲ ਹੀ ਚਿੱਤ-ਵ੍ਰਿੱਤੀਆਂ ਦੇ ਭੇਦ ਅਤੇ ਲੱਛਣ ਦਸੇ ਗਏ ਹਨ। ਦੂਜੇ ਪਾਦ ਦਾ ਨਾਂ ਹੈ ‘ਸਾਧਨ-ਪਾਦ’। ਇਸ ਵਿਚ ਅਵਿਦਿਆ (ਅਗਿਆਨ) ਆਦਿ ਪੰਜ ਕਲੇਸ਼ਾਂ ਨੂੰ ਸਾਰਿਆਂ ਦੁੱਖਾਂ ਦਾ ਕਾਰਣ ਦਸਿਆ ਗਿਆ ਹੈ। ਇਨ੍ਹਾਂ ਦੁੱਖਾਂ ਦਾ ਨਾਸ਼ ਕਰਨ ਲਈ ਕਲੇਸ਼ਾਂ ਨੂੰ ਜੜ੍ਹੋਂ ਪੁਟਣਾ ਬਹੁਤ ਜ਼ਰੂਰੀ ਹੈ ਜਿਸ ਲਈ ਨਿਰਮਲ ਵਿਵੇਕ ਗਿਆਨ ਦੀ ਲੋੜ ਹੈ ਅਤੇ ਇਸ ਗਿਆਨ ਦੀ ਪ੍ਰਾਪਤੀ ਦਾ ਉਪਾ ਅੱਠ ਅੰਗਾਂ ਦੀ ਪਾਲਣਾ ਹੈ। ਇਹ ਅੱਠ ਅੰਗ (ਅਸ਼ਟਾਂਗ) ਹਨ—ਯਮ, ਨਿਸਮ, ਆਸਨ , ਪ੍ਰਾਣਾਯਾਮ, ਪ੍ਰਤੑਯਾਹਾਰ, ਧਾਰਣਾ, ਧਿਆਨ ਅਤੇ ਸਮਾਧਿ। ਤੀਜੇ ਪਾਦ ਦਾ ਨਾਂ ਹੈ ‘ਵਿਭੂਤਿ- ਪਾਦ’। ਇਸ ਵਿਚ ਧਾਰਣਾ, ਧਿਆਨ ਅਤੇ ਸਮਾਧਿ ਇਨ੍ਹਾਂ ਤਿੰਨਾਂ ਦਾ ਸਮੁੱਚਾ ਭਾਵ ‘ਸੰਯਮ’ ਦਸ ਕੇ ਉਸ ਦੇ ਵਖ ਵਖ ਫਲਾਂ ਉਤੇ ਵੀ ਪ੍ਰਕਾਸ਼ ਪਾਇਆ ਗਿਆ ਹੈ। ਇਸ ਨੂੰ ਯੋਗ ਦੀ ਸਿੱਧੀ ਅਤੇ ਵਿਭੂਤੀ ਵੀ ਕਹਿੰਦੇ ਹਨ। ਪਰ ਇਨ੍ਹਾਂ ਸਿੱਧੀਆਂ ਦੇ ਲੋਭ ਵਿਚ ਨ ਪੈਣ ਲਈ ਸਾਧਕ ਨੂੰ ਚੇਤਾਵਨੀ ਵੀ ਕੀਤੀ ਗਈ ਹੈ। ਚੌਥੇ ਪਾਦ ਦਾ ਨਾ ‘ਕੈਵਲੑਯ-ਪਾਦ’ ਹੈ। ਇਸ ਵਿਚ ਕੈਵਲੑਯ ਪ੍ਰਾਪਤ ਕਰਨ ਵਾਲੇ ਚਿੱਤ ਦਾ ਸਰੂਪ ਚਿਤਰਿਆ ਗਿਆ ਹੈ ਅਤੇ ਯੋਗ-ਦਰਸ਼ਨ ਸੰਬੰਧੀ ਪੈਦਾ ਹੋਣ ਵਾਲੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ ਹੈ। ਕਲੇਸ਼ ਅਤੇ ਕਰਮਾਂ ਦਾ ਅਭਾਵ ਅਤੇ ਪੁਨਰ-ਜਨਮ ਦੀ ਸਮਾਪਤੀ ਆਦਿ ਗੱਲਾਂ ’ਤੇ ਪ੍ਰਕਾਸ਼ ਪਾ ਕੇ ‘ਕੈਵਲੑਯ’ ਦਾ ਸਰੂਪ ਵੀ ਉਘਾੜਿਆ ਗਿਆ ਹੈ।

ਯੋਗ-ਦਰਸ਼ਨ ਈਸ਼ਵਰ ਤੱਤ੍ਵ ਵਿਚ ਵਿਸ਼ਵਾਸ ਰਖਦਾ ਹੈ। ਈਸ਼ਵਰ ਸਨਾਤਨ, ਆਪਣੇ ਆਪ ’ਤੇ ਨਿਰਭਰ, ਪੁਰਸ਼ ਅਤੇ ਪ੍ਰਕ੍ਰਿਤੀ ਤੋਂ ਵਖ ਇਕ ਸੁਤੰਤਰ ਅਤੇ ਨਿੱਤ ਤੱਤ੍ਵ ਹੈ। ਉਸ ਨੂੰ ਇਕ ਵਿਸ਼ੇਸ਼ ਪੁਰਸ਼ ਵੀ ਕਿਹਾ ਜਾ ਸਕਦਾ ਹੈ। ਉਹ ਨ ਕਲੇਸ਼ ਭੋਗਦਾ ਹੈ ਅਤੇ ਨ ਕੋਈ ਕਰਮ ਕਰਦਾ ਹੈ; ਉਹ ਸਦਾ ਮੁਕਤ ਅਤੇ ਅਸਾਧਾਰਣ ਤੇ ਅਨੰਤ ਸ਼ਕਤੀ ਵਾਲਾ ਪਰਮ-ਪੁਰਸ਼ ਹੈ। ਆਦਿ ਕਰਤਾ ਕੇਵਲ ਇਕ ਪਰਮੇਸ਼ਵਰ ਹੈ, ਬਾਕੀ ਦੇਵ ਉਸ ਦੇ ਅਧੀਨ ਹਨ। ਜੋ ਸਾਧਕ ਆਪਣੇ ਆਪ ਨੂੰ ਪਰਮੇਸ਼ਵਰ ਅਗੇ ਅਰਪਣ ਕਰਦਾ ਹੈ, ਉਸ ਦੇ ਸਾਧਨਾ-ਮਾਰਗ ਦੇ ਸਾਰੇ ਔਖ ਕਟ ਜਾਂਦੇ ਹਨ ਅਤੇ ਪਰਮੇਸ਼ਵਰ ਦੀ ਕ੍ਰਿਪਾ ਨਾਲ ਉਸ ਨੂੰ ਜਲਦੀ ‘ਕੈਵਲੑਯ’ ਪ੍ਰਾਪਤ ਹੋ ਜਾਂਦਾ ਹੈ। ਈਸ਼ਵਰ ਪੁਰਸ਼ ਅਤੇ ਪ੍ਰਕ੍ਰਿਤੀ ਦੇ ਸੰਯੋਗ ਨਾਲ ਪ੍ਰਕ੍ਰਿਤੀ ਦੇ ਪਰਿਣਾਮ ਨੂੰ ਨਿਯੰਤ੍ਰਿਤ ਕਰਦਾ ਹੈ। ਇਸ ਮਤ ਅਨੁਸਾਰ ਭ੍ਰਾਂਤੀਆ ਤੋਂ ਰਹਿਤ ਸ਼ੁ੍ਰਤੀ (ਵੇਦ) ਦਾ ਕਰਤਾ ਅਲਪੱਗ ਜੀਵ ਨਹੀਂ ਹੋ ਸਕਦਾ, ਉਹ ਕਰਤਾ ਕੇਵਲ ਸਰਬੱਗ ਈਸ਼ਵਰ ਹੀ ਹੋ ਸਕਦਾ ਹੈ। ਸ਼ੁ੍ਰਤੀ ਚੂੰਕਿ ਪ੍ਰਮਾਣ ਹੈ, ਇਸ ਲਈ ਇਸ ਪ੍ਰਮਾਣ ਦੀ ਸਹਾਇਤਾ ਨਾਲ ਯੋਗ- ਸ਼ਾਸਤ੍ਰਕਾਰ ਈਸ਼ਵਰ ਦੀ ਸੱਤਾ ਨੂੰ ਸਿੱਧ ਕਰਦਾ ਹੈ।

ਗੁਰਬਾਣੀ ਵਿਚ ਯੋਗ-ਸਾਧਨਾ ਨੂੰ ਕਿਤੇ ਵੀ ਮਾਨਤਾ ਨਹੀਂ ਦਿੱਤੀ ਗਈ। ਇਸ ਦੇ ਸਾਰੇ ਸਾਧਨਾਂ ਅਤੇ ਉਪਾਵਾਂ ਨੂੰ ਨਿਰਰਥਕ ਕਹਿ ਕੇ ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਸਥਾਪਨਾ ਕੀਤੀ ਹੈ—ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ (ਗੁ.ਗ੍ਰੰ.730)। ਯੋਗ ਨੂੰ ਨਵੇਂ ਰੂਪ ਵਿਚ ਪਰਿਭਾਸ਼ਿਤ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ—ਰੇ ਮਨ ਇਹ ਬਿਧਿ ਜੋਗੁ ਕਮਾਓ ਸਿੰਙੀ ਸਾਚ ਅਕਪਟ ਕੰਠਲਾ ਧੑਯਾਨ ਬਿਭੂਤ ਚੜਾਓ ਰਹਾੳ... (ਬਿਸਨਪਦੇ) ਇਸ ਪ੍ਰਕਾਰ ਦੇ ਯੋਗ ਨੂੰ ਗੁਰਬਾਣੀ ਵਿਚ ‘ਭਗਤਿ ਜੋਗ ’ ਜਾਂ ‘ਸਹਜ ਜੋਗ’ ਦਾ ਨਾਂ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਬਸੰਤ ਰਾਗ ਵਿਚ ਲਿਖਿਆ ਹੈ—ਗੁਰਿ ਮਨੁ ਮਾਰਿਓ ਕਰਿ ਸੰਜੋਗੁ ਅਹਿਨਿਸਿ ਰਾਵੇ ਭਗਤਿ ਜੋਗੁ ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ਜਨ ਨਾਨਕ ਹਰਿ ਵਰੁ ਸਹਜ ਜੋਗੁ (ਗੁ.ਗ੍ਰੰ.1170)।

ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਯੋਗ-ਸਾਧਨਾ ਦਾ ਕੋਈ ਸਥਾਨ ਨਹੀਂ। ਜਨ-ਜੀਵਨ ਉਤੇ ਇਸ ਦੇ ਪ੍ਰਚਲਿਤ ਪ੍ਰਭਾਵ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬਾਨ ਨੇ ਸਪੱਸ਼ਟ ਢੰਗ ਨਾਲ ਇਸ ਨੂੰ ਨਿਖੇਧ ਕੇ ਸਚੇ ਯੋਗ (ਈਸ਼ਵਰੀ ਮਿਲਾਪ) ਨੂੰ ਅਪਣਾਉਣ ਉਤੇ ਬਲ ਦਿੱਤਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.