ਰਾਮਰਾਈਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਮਰਾਈਆ: ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਪੁੱਤਰ ਬਾਬਾ ਰਾਮ ਰਾਇ (ਵੇਖੋ) ਦੇ ਅਨੁਯਾਈਆਂ ਨੂੰ ਸਿੱਖ-ਜਗਤ ਵਿਚ ‘ਰਾਮਰਾਈਆ’ ਕਿਹਾ ਜਾਂਦਾ ਹੈ। ਮੂਲ ਰੂਪ ਵਿਚ ਇਹ ਸਿੱਖ-ਧਰਮ ਤੋਂ ਵਖ ਹੋਇਆ ਇਕ ਉਪ-ਵਰਗ ਹੈ ਜਿਸ ਦੀਆਂ ਮਾਨਤਾਵਾਂ ਉਦਾਸੀ ਸਾਧਾਂ ਨਾਲ ਦੂਰ ਤਕ ਸਮਾਨਤਾ ਰਖਦੀਆਂ ਹਨ। ਬਾਬਾ ਰਾਮ ਰਾਇ ਦੁਆਰਾ ਔਰੰਗਜ਼ੇਬ ਬਾਦਸ਼ਾਹ ਨੂੰ ਪ੍ਰਸੰਨ ਕਰਨ ਲਈ ‘ਗੁਰਬਾਣੀ’ ਦੇ ਗ਼ਲਤ ਤਰੀਕੇ ਨਾਲ ਕੀਤੇ ਅਰਥਾਂ ਕਰਕੇ ਗੁਰੂ ਹਰਿ ਰਾਇ ਜੀ ਨੇ ਉਸ ਨੂੰ ਸਿੱਖ ਪੰਥ ਤੋਂ ਛੇਕ ਦਿੱਤਾ, ਪਰ ਔਰੰਗਜ਼ੇਬ ਨੇ ਉਸ ਨੂੰ ਦੂਨ ਘਾਟੀ ਵਿਚ ਜਾਗੀਰ ਪ੍ਰਦਾਨ ਕਰ ਦਿੱਤੀ।
ਗੁਰੂ ਗੋਬਿੰਦ ਸਿੰਘ ਜੀ ਜਦੋਂ ਪਾਉਂਟਾ ਸਾਹਿਬ ਠਹਿਰੇ ਹੋਏ ਸਨ ਤਾਂ ਬਾਬਾ ਰਾਮ ਰਾਏ ਉਨ੍ਹਾਂ ਨੂੰ ਮਿਲੇ ਅਤੇ ਉਸ ਦੀ ਮ੍ਰਿਤੂ ਤੋਂ ਬਾਦ ਉਸ ਦਾ ਉਤਰਾਧਿਕਾਰ ਉਸ ਦੀ ਵਿਧਵਾ ਮਾਈ ਪੰਜਾਬ ਕੌਰ ਨੂੰ ਦਿਵਾਉਣ ਲਈ ਗੁਰੂ ਜੀ ਉਸ ਦੇ ਡੇਰੇ ਵਿਚ ਗਏ। ਸੰਨ 1741 ਈ. ਵਿਚ ਪੰਜਾਬ ਕੌਰ ਦੇ ਦੇਹਾਂਤ ਤੋਂ ਬਾਦ ਉਸ ਡੇਰੇ ਦਾ ਅਧਿਕਾਰ ਬਾਲੂ ਹਸਨਾ ਦੀ ਪਰੰਪਰਾ ਦੇ ਉਦਾਸੀਆਂ ਦੇ ਹੱਥ ਵਿਚ ਚਲਾ ਗਿਆ ਜੋ ਬਾਬਾ ਰਾਮ ਰਾਇ ਨੂੰ ਸੱਤਵੇਂ ਗੁਰੂ ਤੋਂ ਬਾਦ ਉਨ੍ਹਾਂ ਦਾ ਉਤਰਾਧਿਕਾਰੀ ਮੰਨਣ ਲਗ ਗਏ। ਇਸ ਉਪ- ਸੰਪ੍ਰਦਾਇ ਦਾ ਮੁੱਖ ਕੇਂਦਰ ਦੇਹਰਾਦੂਨ ਦਾ ‘ਝੰਡਾ ਸਾਹਿਬ’ ਜਾਂ ‘ਦਰਬਾਰ ਸਾਹਿਬ ’ ਹੈ। ਗੁਰਦੁਆਰਾ ਸੁਧਾਰ ਲਹਿਰ ਤਕ ਇਸ ਡੇਰੇ ਦਾ ਸਰੂਪ ਲਗਭਗ ਗੁਰਦੁਆਰੇ ਜਾਂ ਪੁਰਾਤਨ ਉਦਾਸੀ ਡੇਰੇ ਵਰਗਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਪਰ ਡੇਰੇ ਨਾਲ ਸੰਬੰਧਿਤ ਜਾਇਦਾਦ ਦੇ ਖੁਸ ਜਾਣ ਤੋਂ ਡਰਦਿਆਂ ਇਸ ਨੂੰ ਹਿੰਦੂ ਧਰਮ ਦੇ ਮੰਦਿਰ ਵਿਚ ਬਦਲ ਦਿੱਤਾ ਗਿਆ। ਫਲਸਰੂਪ, ਇਸ ਦਾ ਸਿੱਖ ਧਰਮ ਨਾਲ ਪੂਰੀ ਤਰ੍ਹਾਂ ਤੋੜ-ਵਿਛੋੜ ਹੋ ਗਿਆ, ਉਂਜ ਭਾਵੇਂ ਰਾਮਰਾਈਆਂ ਵਿਚ ਗੁਰਮੰਤ੍ਰ , ਲੰਗਰ ਆਦਿ ਦੀਆਂ ਕਈ ਸਿੱਖ ਪ੍ਰਵ੍ਰਿੱਤੀਆਂ ਅਜੇ ਵੀ ਪ੍ਰਚਲਿਤ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First