ਰੀਵਿਊ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੀਵਿਊ : ‘ਰੀਵਿਊ’ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਹੜਾ 'Re'+'view' ਦੇ ਮੇਲ ਤੋਂ ਬਣਿਆ ਹੈ ਅਤੇ ਇਸ ਦੇ ਅਰਥ ਹਨ ‘ਮੁੜ-ਵਿਚਾਰ’ ਕਰਨਾ। ਜਦੋਂ ਕਿਸੇ ਖੇਤਰ ਵਿਸ਼ੇਸ਼ ਵਿੱਚ ਕੋਈ ਨਵਾਂ ਕਾਰਜ ਜਾਂ ਕਲਾ ਕਿਰਤ ਸ਼ਾਮਲ ਹੁੰਦੀ ਹੈ ਤਾਂ ਉਸ ਦੇ ਸਿਰਜੇ ਜਾਣ ਮਗਰੋਂ ਉਸ ਦੀ ਪਰਖ-ਪੜਚੋਲ ਅਤੇ ਜਾਣ-ਪਛਾਣ ਲਈ ਲਿਖਿਆ ਗਿਆ ਇੱਕ ਛੋਟਾ ਲੇਖ ਜਾਂ ਤਬਸਰਾ, ਰੀਵਿਊ ਕਹਾਉਂਦਾ ਹੈ। ਇਹ ਰੀਵਿਊ ਸਿੱਧੇ-ਅਸਿੱਧੇ ਢੰਗ ਨਾਲ ਉਸ ਪਾਠਕ/ ਦਰਸ਼ਕ/ਸ੍ਰੋਤਾ ਵਰਗ ਨੂੰ ਸੰਬੋਧਿਤ ਹੁੰਦਾ ਹੈ ਜਿਸ ਨਾਲ ਇਹ ਕਿਰਤ ਸੰਬੰਧ ਰੱਖਦੀ ਹੈ।

     ਇਸ ਤਰ੍ਹਾਂ ਰੀਵਿਊ ਵਾਰਤਕ ਸਾਹਿਤ ਦੀ ਇੱਕ ਅਜਿਹੀ ਵੰਨਗੀ ਹੈ ਜੋ ਆਲੋਚਨਾ ਦੇ ਖੇਤਰ ਵਿੱਚੋਂ ਲੰਘਦੀ ਹੋਈ ਪੱਤਰਕਾਰੀ ਜਾਂ ਜਨ-ਸੰਚਾਰ ਸਾਧਨਾਂ ਦੇ ਖੇਤਰ ਨਾਲ ਜਾ ਜੁੜਦੀ ਹੈ। ਰੀਵਿਊ ਕਿਸੇ ਨਵੀਂ ਪ੍ਰਕਾਸ਼ਿਤ ਪੁਸਤਕ, ਕਲਾ ਪ੍ਰਦਰਸ਼ਨੀ, ਫ਼ਿਲਮ, ਡਰਾਮਾ, ਰੇਡਿਓ ਜਾਂ ਟੀ.ਵੀ. ਪ੍ਰੋਗਰਾਮ ਦੀ ਆਲੋਚਨਾਤਮਿਕ ਜਾਣ-ਪਛਾਣ ਹੁੰਦਾ ਹੈ ਜਿਸ ਰਾਹੀਂ ਰੀਵਿਊਕਾਰ ਸੰਬੰਧਿਤ ਵਰਗ ਨੂੰ ਉਸ ਖੇਤਰ ਵਿੱਚ ਹੋ ਰਹੇ ਨਵੇਂ ਕਾਰਜ ਤੋਂ ਜਾਣੂ ਕਰਵਾਉਣ ਦੀ ਜ਼ੁੰਮੇਵਾਰੀ ਗੰਭੀਰਤਾ ਨਾਲ ਨਿਭਾਉਂਦਾ ਹੈ।

     ਅਜੋਕੇ ਸਮੇਂ ਵਿੱਚ ਗਿਆਨ/ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਗਿਣਤੀ ਪੱਖੋਂ, ਦ੍ਰਿਸ਼ਟੀ ਪੱਖੋਂ ਵੱਡੇ ਪੱਧਰ ਤੇ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ, ਫ਼ਿਲਮਾਂ ਬਣ ਰਹੀਆਂ ਹਨ, ਡਰਾਮੇ ਹੋਂਦ ਵਿੱਚ ਆ ਰਹੇ ਹਨ। ਇਹਨਾਂ ਸਿਰਜਣਾਵਾਂ ਨੂੰ ਸਾਹਿਤਿਕ ਖੇਤਰ ਵਿੱਚ ਇੱਕ ਟੈਕਸਟ ਵਜੋਂ ਜਾਣਿਆ ਜਾਂਦਾ ਹੈ। ਦਿਨੋ-ਦਿਨ ਵਧਦੇ ਇਸ ਭੰਡਾਰ ਨੂੰ ਆਮ ਮਨੁੱਖ ਜਾਣਨਾ ਤਾਂ ਚਾਹੁੰਦਾ ਹੈ ਪਰ ਸਮਰੱਥਾ ਅਤੇ ਸਮਾਂ ਉਸ ਕੋਲ ਨਹੀਂ ਹੁੰਦਾ। ਇਹ ਵੀ ਸਹੀ ਹੈ ਕਿ ਉਹ ਕੀ ਪੜ੍ਹੇ ਤੇ ਕੀ ਛੱਡੇ ਦਾ ਫ਼ੈਸਲਾ ਉਸ ਨੂੰ ਸੰਕਟ ’ਚ ਪਾਈ ਰੱਖਦਾ ਹੈ। ਨਵੇਂ ਕਾਰਜਾਂ ਨਾਲ ਜੁੜੇ ਰਹਿਣ ਦੀ ਇੱਛਾ ਹਰ ਮਨੁੱਖ ਦੀ ਹੁੰਦੀ ਹੈ ਨਹੀਂ ਤਾਂ ਉਹ ਆਪਣੇ- ਆਪ ਨੂੰ ਨਵੇਂ ਸੰਦਰਭਾਂ ਵਿੱਚ ਅਨਪੜ੍ਹ ਵਾਂਗ ਮਹਿਸੂਸ ਕਰਦਾ ਹੈ। ਉਸ ਨੂੰ ਇਹ ਸੰਕਟਮਈ ਸਥਿਤੀ ਵਿੱਚੋਂ ਨਿਕਲਣ ਲਈ ਰੀਵਿਊ ਮਦਦਗਾਰ ਹੁੰਦੇ ਹਨ। ਅਖ਼ਬਾਰਾਂ, ਰਸਾਲਿਆਂ, ਜਰਨਲਾਂ ਅਤੇ ਖੋਜ ਪਤ੍ਰਿਕਾਵਾਂ ਵਿੱਚ ਰੀਵਿਊ ਦੇ ਵਿਸ਼ੇਸ਼ ਕਾਲਮਾਂ (‘ਪੁਸਤਕ ਪੜਚੋਲ’, ‘ਪੁਸਤਕ ਰਚਨਾ’, ‘ਫ਼ਿਲਮ ਸਮੀਖਿਆ’) ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਨਵੀਆਂ ਆ ਰਹੀਆਂ ਕਿਰਤਾਂ ਬਾਰੇ ਪਾਠਕ (ਦਰਸ਼ਕ ਜਾਂ ਸ੍ਰੋਤਾ) ਆਪਣੀ ਰਾਇ ਬਣਾ ਸਕਦਾ ਹੈ ਅਤੇ ਮਨਪਸੰਦ ਪੁਸਤਕ ਤੱਕ ਪਹੁੰਚ ਵੀ ਬਣਾਈ ਜਾ ਸਕਦੀ ਹੈ ਕਿਉਂਕਿ ਰੀਵਿਊ ਵਿੱਚ ਸਭ ਤੋਂ ਪਹਿਲਾਂ ਪੁਸਤਕ ਦਾ ਨਾਂ, ਲੇਖਕ/ਸੰਪਾਦਕ, ਪਬਲਿਸ਼ਰ/ ਨਿਰਦੇਸ਼ਕ, ਸਥਾਨ, ਕੀਮਤ, ਪੰਨੇ ਅਤੇ ਐਡੀਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਕਈ ਵਾਰ ਇਹ ਜਾਣਕਾਰੀ ਉਪਰ ਕੋਨੇ ਵਿੱਚ ਅਲੱਗ ਕਰ ਕੇ ਵੀ ਦਿੱਤੀ ਜਾਂਦੀ ਹੈ। ਇਹਨਾਂ ਕਾਲਮਾਂ ਵਿੱਚ ਕੀਤੇ ਗਏ ਰੀਵਿਊਆਂ ਤੋਂ ਬਿਨਾਂ ਰੀਵਿਊ ਲਈ ਪ੍ਰਾਪਤ ਪੁਸਤਕਾਂ ਦੇ ਨਾਂ ਵੀ ਦਿੱਤੇ ਗਏ ਹੁੰਦੇ ਹਨ।

     ਰੀਵਿਊ ਆਕਾਰ ਦੇ ਅਨੁਸਾਰ ਵਿਭਿੰਨਤਾ ਰੱਖਦੇ ਹਨ। ਇੱਕ ਰੀਵਿਊ 3 ਤੋਂ 5 ਪੈਰ੍ਹਿਆਂ ਤੋਂ ਲੈ ਕੇ ਦੋ ਤਿੰਨ ਸਫ਼ਿਆਂ ਤੱਕ ਦਾ ਹੋ ਸਕਦਾ ਹੈ ਜਿਸ ਵਿੱਚ ਵਿਸ਼ੇ ਸੰਬੰਧੀ ਮੁਕਾਬਲਤਨ ਵਧੇਰੇ ਵਿਸਤਾਰ ਹੁੰਦਾ ਹੈ। ਮੰਨ ਲਓ ਰੀਵਿਊ ਪੁਸਤਕ ਦਾ ਹੈ। ਰੀਵਿਊਕਾਰ ਨਵੀਂ ਪੁਸਤਕ ਪੜਦਿਆਂ ਨੋਟਸ ਲੈਂਦਾ ਰਹਿੰਦਾ ਹੈ ਤੇ ਮਗਰੋਂ ਇਹਨਾਂ ਨੋਟਸਾਂ ਨੂੰ ਮੁੜ ਵਿਉਂਤ ਕੇ ਆਪਣਾ ਸਮੁੱਚਾ ਪ੍ਰਭਾਵ ਉਦਾਹਰਨਾਂ ਲੈ ਕੇ ਪਾਠਕ-ਵਰਗ ਅੱਗੇ ਰੱਖਦਾ ਹੈ। ਕਿਸੇ ਕਿਤਾਬ ਦੇ ਲੇਖਕ ਦਾ ਪ੍ਰੇਰਨਾ-ਸ੍ਰੋਤ, ਉਸ ਦੀ ਫ਼ਿਲਾਸਫ਼ੀ ਜਾਂ ਵਿਚਾਰਾਂ ਨੂੰ ਨਿਭਾਉਣ ਦੀ ਯੋਗਤਾ, ਉਸ ਦੀ ਸ਼ੈਲੀ, ਸੰਬੰਧਿਤ ਖੇਤਰ ਦੀ ਕਾਰਜ-ਪਰੰਪਰਾ ਵਿੱਚ ਉਸ ਪੁਸਤਕ ਦਾ ਮਹੱਤਵ ਅਤੇ ਵਿਲੱਖਣਤਾ ਸਹੀ ਅਤੇ ਵਡੇਰੇ ਪਰਿਪੇਖ ਵਿੱਚ ਪਰਖਿਆ ਜਾਂਦਾ ਹੈ। ਭਾਵ ਰੀਵਿਊਕਾਰ ਖੇਤਰ-ਵਿਸ਼ੇਸ਼ ਦੇ ਪਾਰਖੂ ਅਧਿਕਾਰੀ ਵਿਅਕਤੀ ਵਜੋਂ ਉਸ ਕਾਰਜ ਸੰਬੰਧੀ ਸੰਖੇਪ ਵੇਰਵਾ ਵੀ ਦਿੰਦਾ ਹੈ, ਮਹੱਤਵ ਵੀ ਉਘਾੜਦਾ ਹੈ ਅਤੇ ਉਸ ਕਾਰਜ ਨੂੰ ਉਸ ਖੇਤਰ ਦੇ ਹੋਰ ਕਾਰਜਾਂ ਨਾਲ ਤੁਲਨਾਉਂਦਿਆਂ ਨਿਰਣਾ ਵੀ ਦਿੰਦਾ ਹੈ।

     ਰੀਵਿਊ ਦਾ ਮੰਤਵ ਆਲੋਚਨਾਤਮਿਕ ਲੇਖ ਨਾਲੋਂ ਵੱਖਰਾ ਹੁੰਦਾ ਹੈ ਜਿੱਥੇ ਆਲੋਚਨਾਤਮਿਕ ਲੇਖ ਵਿੱਚ ਵਿਸ਼ੇ ਦੇ ਹਰ ਪੱਖ ਦੇ ਗੁਣ-ਔਗੁਣਾਂ ਦਾ ਮੁਲਾਂਕਣ ਵਿਸਤਾਰ ਵਿੱਚ ਅਤੇ ਸਖਤਾਈ ਨਾਲ ਹੁੰਦਾ ਹੈ ਉੱਥੇ ਰੀਵਿਊ ਕਿਤਾਬ ਨਾਲ ਸੰਬੰਧਿਤ ਸਮੁੱਚੀ ਜਾਣਕਾਰੀ ਉੱਪਰ ਇੱਕ ਪੰਛੀ ਝਾਤ ਪੁਆਉਂਦਾ ਹੈ ਅਤੇ ਸੁਹਿਰਦਤਾ ਨਾਲ ਲੇਖਕ ਅਤੇ ਪਾਠਕ ਵਿਚਕਾਰ ਕੜੀ ਬਣਦਾ ਹੈ।

     ਰੀਵਿਊਕਾਰ, ਆਲੋਚਕ ਨਾਲੋਂ ਵੱਧ ਰਹਿਮ ਦਿਲ  ਤੇ ਮਦਦਗਾਰ ਮੰਨਿਆ ਜਾਂਦਾ ਹੈ। ਭਾਰੀ ਭਰਕਮ ਸ਼ਬਦਾਵਲੀ, ਅਮੂਰਤ ਤੇ ਆਵੇਗਮਈ ਵਿਚਾਰ ਪ੍ਰਗਟਾਵੇ ਤੋਂ ਹਟ ਕੇ ਸਪਸ਼ਟ, ਸਰਲ ਤੇ ਢੁੱਕਵੀਂ ਸ਼ਬਦਾਵਲੀ ਵਿੱਚ ਪਾਠਕ ਵਰਗ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ ਸੁਲਝੇ ਢੰਗ ਨਾਲ, ਵਿਚਾਰਾਂ ਵਿੱਚ ਬਾਹਰਮੁਖਤਾ ਰੱਖਦੇ ਹੋਏ, ਵਿਸ਼ੇ-ਖੇਤਰ ਸੰਬੰਧੀ ਗਿਆਨ ਵਿੱਚੋਂ ਉਹ ਕਾਰਜ ਦੀ ਵਿਲੱਖਣਤਾ ਉਭਾਰਦਾ ਹੈ ਅਤੇ ਉਪਭੋਗਤਾ ਦਾ ਸਲਾਹਕਾਰ ਬਣ ਕੇ ਵਿਚਰਦਾ ਹੈ। ਉਹ ਸੁਚੇਤ ਹੁੰਦਾ ਹੈ ਕਿ ਉਹ ਆਪਣੇ ਲਈ ਨਹੀਂ ਲਿਖ ਰਿਹਾ ਜਨ ਲਈ ਲਿਖ ਰਿਹਾ ਹੈ। ਆਲੋਚਨਾ ਲਈ ਆਲੋਚਨਾ ਕਰਨ ਦੀ ਖੁੱਲ੍ਹ ਉਸ ਕੋਲ ਨਹੀਂ ਹੁੰਦੀ। ਆਪਣੀ ਨਿੱਜੀ ਰਾਇ ਦੇਣ ਦੀ ਖੁੱਲ੍ਹ ਉਸ ਕੋਲ ਹੁੰਦੀ ਹੈ ਪਰ ਇਸ ਨੂੰ ਨਿਭਾਉਣਾ ਜ਼ੁੰਮੇਵਾਰੀ ਵਾਲਾ ਕੰਮ ਹੁੰਦਾ ਹੈ।

     ਰੀਵਿਊ, ਪੁਸਤਕ ਦੀ ਵਿਕਰੀ ਲਈ ਇਸ਼ਤਿਹਾਰ ਦਾ ਰੋਲ ਵੀ ਨਿਭਾਉਂਦਾ ਹੈ ਅਤੇ ਲੇਖਕ/ਪਬਲਿਸ਼ਰ/ ਨਿਰਦੇਸ਼ਕ ਲਈ ਸਹਾਈ ਸਿੱਧ ਹੁੰਦਾ ਹੈ। ਇਸ ਨਾਲ ਪੁਸਤਕ ਦੀ ਮੰਗ ਬਣਦੀ ਹੈ। ਇਸੇ ਲਈ ਅੱਜ-ਕੱਲ੍ਹ ਅਗਾਊਂ, ਸੋਚੇ-ਸਮਝੇ ਰੀਵਿਊ ਪ੍ਰਕਾਸ਼ਿਤ ਕਰਵਾ ਕੇ ਸੰਬੰਧਿਤ ਵਰਗ ਨੂੰ ਭਰਮ-ਭੁਲੇਖਿਆਂ ਵਿੱਚ ਪਾਉਣ ਦੀ ਗੰਧਲੀ ਪੱਤਰਕਾਰੀ (Yellow Journalism) ਵੀ ਸਾਮ੍ਹਣੇ ਆ ਰਹੀ ਹੈ। ਅਸਲ ਵਿੱਚ ਰੀਵਿਊ ਪੁਸਤਕ/ ਕਲਾ ਕਿਰਤ ਸੰਬੰਧੀ ਸਮੁੱਚੇ ਗਿਆਨ ਨੂੰ ਪਾਰਦਰਸ਼ਤਾ ਨਾਲ ਸੰਖੇਪ ਰੂਪ ਵਿੱਚ ਸਮਾਜਿਕ ਸੱਭਿਆਚਾਰਿਕ ਸੰਦਰਭਾਂ ਵਿੱਚ ਮੁਲਾਂਕਣ ਕਰਨ ਵਾਲੀ ਪੜ੍ਹਨ ਯੋਗ ਵਾਰਤਕ ਰਚਨਾ ਹੁੰਦੀ ਹੈ ਜਿਹੜੀ ਆਮ ਤੇ ਖ਼ਾਸ ਦੋਹਾਂ ਵਰਗਾਂ ਲਈ ਹੁੰਦੀ ਹੈ ਵਿਦੇਸ਼ਾਂ ਵਿੱਚ ਪੇਪਰ ਬੈਕ ਅਤੇ ਸਜਿਲਦ ਪੁਸਤਕਾਂ ਦੇ ਅੱਲਗ-ਅਲੱਗ ਰੀਵਿਊ ਕੀਤੇ ਜਾਂਦੇ ਹਨ ਜਦ ਕਿ ਭਾਰਤ ਵਿੱਚ ਇਸ ਤਰ੍ਹਾਂ ਦਾ ਭੇਦ ਨਹੀਂ ਕੀਤਾ ਜਾ ਰਿਹਾ।

     ਸੋ ਰੀਵਿਊ ਨਿੱਜੀ ਪੱਖਪਾਤ, ਝੂਠੀ ਪ੍ਰਸੰਸਾ ਤੋਂ ਉਪਰ ਉੱਠ ਕੇ ਕਿਸੇ ਨਵੀਂ ਸਿਰਜਨਾ ਬਾਰੇ ਮਾਹਰ ਦੀ ਨਿਰਪੱਖ ਰਾਇ ਹੁੰਦੀ ਹੈ ਜਿਸ ਦੇ ਦੋ ਮੂਲ ਤੱਤ ਹੁੰਦੇ ਹਨ ਪਹਿਲਾ ਜਾਣ-ਪਛਾਣ ਅਤੇ ਦੂਜਾ ਮੁਲਾਂਕਣ ਅਤੇ ਦੋਹਾਂ ਵਿੱਚ ਸੰਖੇਪਤਾ ਹਾਜ਼ਰ ਰਹਿੰਦੀ ਹੈ ਅਤੇ ਇਸ ਦਾ ਮੰਤਵ ਪਾਠਕ/ ਦਰਸ਼ਕ/ਸ੍ਰੋਤਾ ਵਰਗ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ।


ਲੇਖਕ : ਜਗਦੀਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰੀਵਿਊ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੀਵਿਊ [ਨਾਂਪੁ] ਕਿਸੇ ਗੱਲ ਦੀ ਪੜਚੋਲ; ਪੁਨਰਵਿਚਾਰ, ਨਜ਼ਰਸਾਨੀ; ਆਲੋਚਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.