ਵਰਜਿਲ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਰਜਿਲ (70–19 ਪੂ.ਈ.) : ਵਰਜਿਲ (Virgil) ਨੂੰ ਰੋਮ ਦਾ ਸਰਬੋਤਮ ਕਵੀ ਮੰਨਿਆ ਜਾਂਦਾ ਹੈ। ਰੋਮਨ ਉਸ ਦੇ ਮਰਨ ਉਪਰੰਤ ਛਪੇ ਮਹਾਂਕਾਵਿ ਅਨੀਡ ਨੂੰ ਰਾਸ਼ਟਰੀ ਮਹਾਂਕਾਵਿ ਕਹਿੰਦੇ ਹਨ। ਵਰਜਿਲ ਦਾ ਸਮਾਂ ਰੋਮਨ ਸਲਤਨਤ ਦੇ ਉਥਲ-ਪੁਥਲ ਅਤੇ ਖ਼ਾਨਾ-ਜੰਗੀ ਦਾ ਸਮਾਂ ਸੀ। ਇਸ ਗੜਬੜ ਵਾਲੇ ਰੋਮ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਜੂਲੀਅਸ ਸੀਜ਼ਰ ਦੇ ਭਤੀਜੇ ਅਤੇ ਮੁਤਬੰਨਾ ਬਣਾਏ ਪੁੱਤਰ ਅਗਸਟਸ ਨੇ ਪਾਇਆ। ਵਰਜਿਲ ਦੇ ਸਮਕਾਲੀ ਕਵੀ ਹੋਰੈਸ ਅਤੇ ਓਵਿਡ ਸਨ ਜਿਹੜੇ ਆਪਣੇ-ਆਪਣੇ ਖੇਤਰਾਂ ਦੇ ਮਹਾਨ ਕਵੀ ਸਨ। ਇਹਨਾਂ ਸਾਰਿਆਂ ਨੂੰ ਰੋਮਨ ਸਲਤਨਤ ਦੇ ਸੁਨਹਿਰੀ ਕਾਲ ਦੇ ਕਵੀ ਕਿਹਾ ਜਾਂਦਾ ਹੈ। ਇਹ ਕਵੀ ਲਾਤੀਨੀ ਭਾਸ਼ਾ ਦਾ ਮਾਣ ਸਨ। ਇਹਨਾਂ ਨੂੰ ‘ਅਗਸਟਨਸੰਕਵੀ` ਵੀ ਕਿਹਾ ਜਾਂਦਾ ਹੈ। ਅਗਸਟਸ ਪਹਿਲਾ ਬਾਦਸ਼ਾਹ ਸੀ ਜਿਸ ਨੇ ਸਾਹਿਤ ਦੀ ਪ੍ਰਚਾਰ-ਸ਼ਕਤੀ ਨੂੰ ਪਹਿਚਾਣਿਆ, ਕਵੀਆਂ ਨੂੰ ਸਰਪ੍ਰਸਤੀ ਦਿੱਤੀ ਅਤੇ ਜਿੱਥੇ ਲੋੜ ਪਈ, ਕਵੀਆਂ ਨੂੰ ਵਜ਼ੀਫ਼ੇ ਵੀ ਦਿੱਤੇ। ਸਾਰੇ ਅਗਸਟਨ ਕਵੀਆਂ ਵਿੱਚੋਂ ਵਰਜਿਲ ਬਾਦਸ਼ਾਹ ਅਗਸਟਸ ਦਾ ਸਭ ਤੋਂ ਵੱਡਾ ਪ੍ਰਸੰਸਕ ਸੀ। ਇਹੀ ਕਾਰਨ ਹੈ ਕਿ ਸਮਕਾਲੀ ਰਾਜਨੀ- ਤਿਕ ਸਥਿਤੀ ਨੂੰ ਸਮਝੇ ਬਿਨਾ ਵਰਜਿਲ ਦੀ ਕਵਿਤਾ ਦੇ ਸਾਰੇ ਅਰਥਾਂ ਨੂੰ ਸਮਝਣਾ ਸੰਭਵ ਨਹੀਂ ਹੈ।
ਵਰਜਿਲ ਦਾ ਜਨਮ ਪੂਰਵ ਈਸਵੀ 70 ਵਿੱਚ ਹੋਇਆ। ਉਸ ਦੇ ਮਾਪੇ ਆਮ ਸਧਾਰਨ ਲੋਕ ਸਨ। ਵਰਜਿਲ ਦਾ ਪਿਤਾ ਮਿਟੀ ਦੇ ਬਰਤਨ ਬਣਾਉਣ ਦਾ ਕੰਮ ਕਰਦਾ ਸੀ ਅਤੇ ਉਸ ਦਾ ਮਾਲਕ ਉਸ ਦੀ ਸੂਝ-ਬੂਝ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਧੀ ਉਸ ਨਾਲ ਵਿਆਹ ਦਿੱਤੀ। ਇਸ ਵਿਆਹ ਨਾਲ ਪਰਿਵਾਰ ਦੀ ਮਾਇਕ ਸਥਿਤੀ ਸੁਧਰੀ। ਸੋ ਮਾਤਾ-ਪਿਤਾ ਨੇ ਪੁੱਤਰ ਵਰਜਿਲ ਨੂੰ ਉਹ ਸਿੱਖਿਆ ਦਿਵਾਈ ਜਿਹੜੀ ਉਸ ਸਮੇਂ ਦੇ ਅਮੀਰ ਘਰਾਣਿਆਂ ਦੇ ਬੱਚੇ ਪ੍ਰਾਪਤ ਕਰਦੇ ਸੀ। ਵਰਜਿਲ ਨੇ ਮਿਲਾਨ ਅਤੇ ਰੋਮ ਵਿੱਚ ਰਹਿ ਕੇ ਭਾਸ਼ਣ-ਕਲਾ, ਚਿਕਿਤਸਾ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਦਰਸ਼ਨ ਦਾ ਵਿਸ਼ਾ ਵਿਸ਼ੇਸ਼ ਦਿਲਚਸਪੀ ਨਾਲ ਇੱਕ ਨਿਪੁੰਨ ਅਧਿਆਪਕ ਤੋਂ ਗ੍ਰਹਿਣ ਕੀਤਾ। ਇਹਨਾਂ ਯੋਗਤਾਵਾਂ ਨਾਲ ਉਹ ਵਕੀਲ ਬਣ ਸਕਦਾ ਸੀ ਜਾਂ ਫ਼ੌਜ ਵਿੱਚ ਭਰਤੀ ਹੋ ਸਕਦਾ ਸੀ। ਉਹ ਸ਼ਰਮਾਕਲ ਅਤੇ ਸਾਊ ਹੋਣ ਕਰ ਕੇ ਵਕੀਲੀ ਵਜੋਂ ਸਫਲ ਨਾ ਹੋਇਆ, ਇਸ ਲਈ ਉਹ ਆਪਣੇ ਮਾਪਿਆਂ ਕੋਲ ਮਨਟੂਆ ਵਿਖੇ ਵਾਪਸ ਪਰਤ ਆਇਆ ਅਤੇ ਆਪਣਾ ਸਮਾਂ ਪੁਸਤਕਾਂ ਪੜ੍ਹਨ ਵਿੱਚ ਗੁਜ਼ਾਰਨ ਲੱਗਾ। ਵਰਜਿਲ ਦਾ ਪਿਤਾ ਢਿੱਲੀ ਸਿਹਤ ਕਾਰਨ ਜਦੋਂ ਮਰ ਗਿਆ, ਤਾਂ ਮਾਂ ਨੇ ਹੋਰ ਵਿਆਹ ਕਰਵਾ ਲਿਆ ਜਿਸ ਤੋਂ ਇਹ ਹੋਰ ਪੁੱਤਰ ਜਨਮਿਆ ਜਿਸ ਨੂੰ ਵਰਜਿਲ ਨੇ ਆਪਣੀ ਵਸੀਅਤ ਵਿੱਚ ਅੱਧੀ ਜਾਇਦਾਦ ਦਾ ਵਾਰਸ ਬਣਾਇਆ।
ਜਵਾਨੀ ਵਿੱਚ ਹੀ ਵਰਜਿਲ ਨੇ ਕਵਿਤਾਵਾਂ ਲਿਖਣੀਆਂ ਅਰੰਭ ਕੀਤੀਆਂ। ਢਿੱਲੀ ਸਿਹਤ, ਸ਼ਰਮਾਕਲ ਵਿਹਾਰ ਅਤੇ ਪੜ੍ਹਨ ਦੀ ਲਗਨ ਕਾਰਨ ਵਰਜਿਲ ਇਕਾਂਤ ਨੂੰ ਪਸੰਦ ਕਰਦਾ ਸੀ। ਉਹ ਰੋਮ ਤੋਂ ਦੂਰ ਹੀ ਰਹਿਣਾ ਚਾਹੁੰਦਾ ਸੀ, ਜਦੋਂ ਕਦੇ ਉਹ ਰੋਮ ਗਿਆ, ਉਸ ਨੂੰ ਲੋਕ ਪਛਾਣ ਲੈਂਦੇ ਸਨ ਸੋ ਉਹ ਲੁਕਣ ਵਾਸਤੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਸੀ। ਉਸ ਦੇ ਮਜ਼ਾਰ ਤੇ ਲਿਖਿਆ ਮਿਲਦਾ ਹੈ : ‘ਮੈਂ ਚਰਾਗਾਹਾਂ, ਬੀਜੇ ਖੇਤਾਂ ਅਤੇ ਨਾਇਕ- ਆਗੂਆਂ ਦਾ ਕਵੀ ਸਾਂ।`
ਵਰਜਿਲ ਦੀਆਂ ਮੁਢਲੀਆਂ ਕਵਿਤਾਵਾਂ ਪ੍ਰਕਿਰਤੀ ਵਿਸ਼ਾਲ ਚਰਾਗਾਹਾਂ, ਖੇਤਾਂ ਆਦਿ ਨੂੰ ਪੇਸ਼ ਕਰਦੀਆਂ ਹਨ। ਉਸ ਨੇ ਚਰਵਾਹਿਆਂ ਦੇ ਗੀਤ ਲਿਖੇ। ਇਹਨਾਂ ਕਵਿਤਾਵਾਂ ਵਿੱਚ ਫ਼ਿਲਾਸਫ਼ੀ ਵੀ ਹੈ ਅਤੇ ਉਪਦੇਸ਼ ਵੀ। ਉਸ ਦੀ ਫ਼ਿਲਾਸਫ਼ੀ ਵਿੱਚ ਵਿਗਿਆਨ ਦੇ ਮੁਢਲੇ ਤੱਤ ਸਨ। ਵਰਜਿਲ ਦੀਆਂ ਪ੍ਰਸੰਸਾਤਮਿਕ ਜਾਂ ਪ੍ਰਚਾਰਾਤਮਿਕ ਕਵਿਤਾਵਾਂ ਅਜੋਕੇ ਪਾਠਕਾਂ ਨੂੰ ਬੜੀਆਂ ਅਕਾਊ ਲੱਗਣਗੀਆਂ। ਇਹਨਾਂ ਕਵਿਤਾਵਾਂ ਵਿੱਚ ਹਲ ਬਣਾਉਣ, ਹਲ ਵਾਹੁਣ, ਫ਼ਸਲ ਸਾਂਭਣ ਆਦਿ ਜਿਹੇ ਨੁਕਤੇ ਵਿਚਾਰੇ ਗਏ ਹਨ ਪਰ ਇਹ ਕਵਿਤਾਵਾਂ ਉਸ ਦੇ ਮਿਹਨਤੀ ਰੋਮਨ ਕਿਰਸਾਣਾਂ ਵਿੱਚ ਬੜੀਆਂ ਹਰਮਨਪਿਆਰੀਆਂ ਸਨ। ਇਹਨਾਂ ਕਵਿਤਾਵਾਂ ਵਿੱਚ ਵਰਜਿਲ ਨੇ ਪੇਂਡੂ ਜੀਵਨ ਨੂੰ ਵਡਿਆਇਆ ਹੈ, ਇਹਨਾਂ ਕਵਿਤਾਵਾਂ ਦੇ ਪ੍ਰਭਾਵ ਕਾਰਨ ਰੋਮ ਵਿੱਚ ਹੱਲਾ-ਗੁੱਲਾ ਮਚਾਉਣ ਵਾਲੇ ਪਿੰਡਾਂ ਤੋਂ ਆਏ ਕਿਰਸਾਣ ਵਾਪਸ ਮੁੜ ਖੇਤੀ ਵਿੱਚ ਲੱਗੇ ਅਤੇ ਗੜਬੜ ਵਾਲਾ ਮਾਹੌਲ ਸ਼ਾਂਤ ਹੋਇਆ। ਅਗਸਟਸ ਖੇਤੀ ਨੂੰ ਉਤਸ਼ਾਹ ਦੇ ਕੇ ਰੋਮ ਨੂੰ ਭੀੜ-ਭੜੱਕੇ ਤੋਂ ਮੁਕਤ ਕਰਵਾਉਣਾ ਚਾਹੁੰਦਾ ਸੀ। ਵਰਜਿਲ ਨੇ ਅਗਸਟਸ ਦੀਆਂ ਨੀਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ। ਇਹਨਾਂ ਕਵਿਤਾਵਾਂ ਨੂੰ ‘ਜਾਰਜਿਕਸ` ਕਿਹਾ ਜਾਂਦਾ ਹੈ, ਇਹਨਾਂ ਨੂੰ ਅਗਸਟਸ ਨੇ ਵਰਜਿਲ ਤੋਂ ਲਗਾਤਾਰ ਚਾਰ ਦਿਨ ਸੁਣਿਆ।
ਅਨੀਡ ਬੜੀ ਜਟਿਲ ਰਚਨਾ ਹੈ। ਲਗਪਗ ਦਸ ਹਜ਼ਾਰ ਸਤਰਾਂ ਦੀ ਇਹ ਕਵਿਤਾ ਬਾਰਾਂ ਭਾਗਾਂ ਵਿੱਚ ਵੰਡੀ ਹੋਈ ਹੈ। ਇਸ ਕਾਵਿ ਵਿੱਚ ਟਰੋਜਨ ਨਾਇਕ ਅਨੀਸ ਦੇ ਕਾਰਨਾਮੇ ਪ੍ਰਗਟਾਏ ਗਏ ਹਨ ਜਿਹੜਾ ਆਪਣੇ ਲਈ ਅਤੇ ਆਪਣੇ ਸਾਥੀਆਂ ਲਈ ਮਾਣ-ਸਨਮਾਨ ਨਾਲ ਰਹਿਣ ਲਈ ਜੂਝਦਾ ਹੈ ਅਤੇ ਅੰਤ ਨੂੰ ਉਹ ਸਫਲ ਹੋ ਜਾਂਦਾ ਹੈ ਅਤੇ ਉਸ ਦੀ ਲੱਭੀ ਥਾਂ ਹੀ ਮਗਰੋਂ ਰੋਮ ਬਣੀ। ਰੋਮਨ ਖ਼ਾਨਾ-ਜੰਗੀ ਦੇ ਖ਼ਾਤਮੇ ਉਪਰੰਤ ਜੇਤੂ ਅਗਸਟਸ ਕਿਸੇ ਅਜਿਹੇ ਕਵੀ ਦੀ ਭਾਲ ਵਿੱਚ ਸੀ ਜਿਹੜਾ ਉਸ ਦੀਆਂ ਪ੍ਰਾਪਤੀਆਂ ਨੂੰ ਢੁੱਕਵੇਂ ਢੰਗ ਨਾਲ ਕਵਿਤਾ ਵਿੱਚ ਪ੍ਰਗਟਾ ਸਕੇ। ਇਹ ਇੱਛਾ ਅਗਸਟਸ ਦੀ ਹਉਮੈ ਕਾਰਨ ਨਹੀਂ ਸੀ ਕਿਉਂਕਿ ਉਸ ਸਮੇਂ ਆਮ ਸਧਾਰਨ ਲੋਕਾਂ ਨੂੰ ਬਾਦਸ਼ਾਹ ਦੇ ਕਾਰਜਾਂ ਬਾਰੇ ਦੱਸਣਾ ਲੋਕ-ਸੰਪਰਕ ਵਾਲਾ ਕਾਰਜ ਮੰਨਿਆ ਜਾਂਦਾ ਸੀ। ਉਸ ਸਮੇਂ ਸਾਹਿਤ ਦਾ ਦਰਜਾ ਉਹ ਹੀ ਸੀ ਜੋ ਅੱਜ-ਕੱਲ੍ਹ ਸੰਚਾਰ ਸਾਧਨਾਂ ਦਾ ਹੈ। ਕਈ ਕਵੀਆਂ ਨੂੰ ਪੇਸ਼ਕਸ਼ ਕੀਤੀ ਗਈ ਪਰ ਵਰਜਿਲ ਸਮੇਤ ਸਾਰਿਆਂ ਨੇ ਇਸ ਨੂੰ ਸਵੀਕਾਰ ਨਾ ਕੀਤਾ ਕਿਉਂਕਿ ਇਹ ਮਾਣ-ਮਤੇ ਕਵੀ ਹਲਕੇ ਪੱਧਰ ਦਾ ਕੁਝ ਵੀ ਕਰਨ ਲਈ ਤਿਆਰ ਨਹੀਂ ਸਨ ਅਤੇ ਰਾਸ਼ਟਰੀ ਮਹਾਂਕਾਵਿ ਲਈ ਢੁੱਕਵੇਂ ਵੇਰਵੇ ਵੀ ਉਪਲਬਧ ਨਹੀਂ ਸਨ। ਇਸ ਸਥਿਤੀ ਬਾਰੇ ਵਰਜਿਲ ਨੇ ਗੰਭੀਰਤਾ ਨਾਲ ਸੋਚਿਆ ਅਤੇ ਨਿਰਣਾ ਕੀਤਾ ਕਿ ਰੋਮਨ ਸੱਭਿਅਤਾ ਬਾਰੇ ਮਿਥਿਹਾਸਿਕ ਹਵਾਲਿਆਂ ਵਾਲੀ ਰਚਨਾ ਕੀਤੀ ਜਾ ਸਕਦੀ ਸੀ ਸੋ ਉਸ ਨੇ ਵੇਖਿਆ ਕਿ ਹੋਮਰ ਦੇ ਮਹਾਂਕਾਵਿ ਵਿੱਚ ਅਨੀਸ ਦਾ ਉਲੇਖ ਹੋਇਆ ਸੀ ਜਿਹੜਾ ਟਰਾਇ ਤੋਂ ਬਚ ਨਿਕਲਿਆ ਸੀ ਅਤੇ ਇਟਲੀ ਪਹੁੰਚ ਗਿਆ ਸੀ। ਵਰਜਿਲ ਨੇ ਹੋਮਰ ਦੇ ਮਹਾਂਕਾਵਿ ਇਲੀਅਡ ਅਤੇ ਉਡੀਸੀ ਨੂੰ ਆਪਣੇ ਮਾਡਲ ਬਣਾਇਆ। ਅਨੀਡ ਦੇ ਪਹਿਲੇ ਛੇ ਭਾਗ ਉਡੀਸੀ ਉੱਤੇ ਅਤੇ ਅੰਤਲੇ ਛੇ ਭਾਗ ਇਲੀਅਡ ਉੱਤੇ ਆਧਾਰਿਤ ਹਨ। ਸੋ ਇਸ ਰੋਮਨ ਕਵੀ ਨੇ ਯੂਨਾਨੀ ਮਹਾਂਕਾਵਿ ਨੂੰ ਆਪਣੇ ਮਾਡਲ ਬਣਾਇਆ। ਭਾਵੇਂ ਮਹਾਂਕਾਵਿ ਦਾ ਨਾਇਕ ਅਨੀਸ ਹੈ ਪਰ ਗੱਲਾਂ ਅਗਸਟਸ ਬਾਰੇ ਕਹੀਆਂ ਗਈਆਂ ਹਨ। ਰੋਮ ਦਾ ਗੁਣ-ਗਾਇਨ, ਰੋਮਨ ਸੱਭਿਅਤਾ ਦੀ ਪ੍ਰਸੰਸਾ ਅਤੇ ਅਗਸਟਸ ਨੂੰ ਨਾਇਕ ਵਜੋਂ ਉਭਾਰਨਾ ਸਪਸ਼ਟ ਹਨ। ਵਰਜਿਲ ਨੇ ਰੋਮਨ ਸੱਭਿਅਤਾ ਨੂੰ ਨਵੀਆਂ ਸਿਖਰਾਂ ਵਿਖਾਈਆਂ, ਜਿਨ੍ਹਾਂ ਨੂੰ ਅਗਸਟਸ ਨੇ ਪ੍ਰਾਪਤ ਕੀਤਾ। ਵਰਜਿਲ ਬੜਾ ਗੰਭੀਰ ਕਵੀ ਸੀ ਸੋ ਉਸ ਨੇ ਆਪਣੇ ਵਿਸ਼ੇ ਨੂੰ ਬੜੀ ਗੰਭੀਰਤਾ ਨਾਲ ਲਿਆ। ਵਰਜਿਲ ਨੇ ਆਪਣੇ ਮਹਾਂਕਾਵਿ ਵਿੱਚ ਕਿਸੇ ਰਾਸ਼ਟਰ ਦੇ ਉਹ ਸਾਰੇ ਪੱਖ ਪੇਸ਼ ਕੀਤੇ ਜਿਹੜੇ ਕਿਸੇ ਰਚਨਾ ਨੂੰ ਮਹਾਨ ਬਣਾਉਂਦੇ ਹਨ। ਇਸ ਮਹਾਂਕਾਵਿ ਵਿੱਚ ਕਵੀ ਨੇ ਜੀਵਨ, ਮੌਤ, ਕਿਸਮਤ, ਹੋਣੀ, ਚਰਿੱਤਰ, ਜੀਵਨ-ਉਦੇਸ਼ ਆਦਿ ਜਿਹੇ ਦਾਰਸ਼ਨਿਕ ਵਿਸ਼ੇ ਵੀ ਛੋਹੇ ਹਨ।
ਵਰਜਿਲ ਨੇ ਅਨੀਡ ਦੀ ਰਚਨਾ ਵਿੱਚ ਆਪਣੇ ਜੀਵਨ ਦੇ ਅੰਤਲੇ ਗਿਆਰ੍ਹਾਂ ਵਰ੍ਹੇ ਲਾਏ। ਅਗਸਟਸ ਉਸ ਦੇ ਹੋਏ ਕਾਰਜ ਨੂੰ ਵੇਖਣਾ ਚਾਹੁੰਦਾ ਸੀ ਪਰ ਵਰਜਿਲ ਟਾਲਦਾ ਰਿਹਾ। ਇੱਕ ਪੜਾਓ ਤੇ ਆ ਕੇ ਵਰਜਿਲ ਨੇ ਇਸ ਮਹਾਂਕਾਵਿ ਉੱਤੇ ਤਿੰਨ ਹੋਰ ਸਾਲ ਲਾਉਣ ਦਾ ਨਿਰਣਾ ਕੀਤਾ ਅਤੇ ਕੁਝ ਵੇਰਵਿਆਂ ਦੀ ਪੁਸ਼ਟੀ ਲਈ ਉਹ ਯੂਨਾਨ ਗਿਆ, ਜਿੱਥੇ ਉਸ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ 21 ਸਤੰਬਰ ਨੂੰ ਕਾਲ-ਵੱਸ ਹੋ ਗਿਆ। ਵਰਜਿਲ ਨੇ ਹਿਦਾਇਤਾਂ ਦਿੱਤੀਆਂ ਸਨ ਕਿ ਉਸ ਦੀ ਅਨੀਡ ਦੇ ਖਰੜੇ ਨੂੰ ਸਾੜ ਦਿੱਤਾ ਜਾਵੇ ਪਰ ਬਾਦਸ਼ਾਹ ਅਗਸਟਸ ਨੇ ਉਸ ਦੀਆਂ ਹਿਦਾਇਤਾਂ ਰੱਦ ਕਰ ਦਿੱਤੀਆਂ ਅਤੇ ਵਰਜਿਲ ਦੇ ਦੋ ਸਾਥੀ ਕਵੀਆਂ ਨੂੰ ਅਨੀਡ ਦੇ ਸੰਪਾਦਨ ਦਾ ਕਾਰਜ ਸੌਂਪਿਆ ਕਿ ਇਸ ਦੀ ਪ੍ਰਕਾਸ਼ਨਾ ਸੰਭਵ ਹੋ ਸਕੇ। ਅੰਤ ਨੂੰ ਇਹ ਰਚਨਾ ਸਤਾਰ੍ਹਾਂ ਪੂਰਵ-ਈਸਵੀ ਵਿੱਚ ਪ੍ਰਕਾਸ਼ਿਤ ਕੀਤੀ ਗਈ।
ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First