ਵਾਕ ਲੈਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਾਕ ਲੈਣਾ: ‘ਵਾਕ ਲੈਣ ’ ਤੋਂ ਭਾਵ ਹੈ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਸੇ ਸ਼ਬਦ ਦਾ ਪੜ੍ਹਨਾ। ਇਸ ਨੂੰ ‘ਹੁਕਮ ਲੈਣਾ ’ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਸ਼ਬਦ ਗੁਰੂ ਜੀ ਦੀ ਆਗਿਆ /ਆਦੇਸ਼ ਦਾ ਸੂਚਕ ਹੈ। ਹਰ ਸਮਾਗਮ ਦੇ ਅੰਤ ਵਿਚ, ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਅਰਦਾਸ ਤੋਂ ਬਾਦ ਪਾਠੀ/ਗ੍ਰੰਥੀ ਗ੍ਰੰਥ ਸਾਹਿਬ ਤੋਂ ਇਕ ਸ਼ਬਦ ਪੜ੍ਹਦਾ ਹੈ।

ਸ਼ਬਦ ਕਿਹੜਾ ਪੜ੍ਹਿਆ ਜਾਏ ? ਇਸ ਬਾਰੇ ਵਿਧੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ਿਤ ਕਰਕੇ (ਖੋਲ੍ਹ ਕੇ) ਜਿਸਤ ਪੰਨੇ ਦਾ ਮੁਢਲਾ ਸ਼ਬਦ (ਜੇ ਉਥੋਂ ਆਰੰਭ ਹੋ ਰਿਹਾ ਹੋਵੇ) ਜਾਂ ਤਾਕ ਪੰਨੇ ਦਾ ਆਖ਼ੀਰਲਾ ਸ਼ਬਦ ਜੋ ਜਾਂ ਤਾਂ ਉਸ ਪੰਨੇ ਉਤੇ ਸਮਾਪਤ ਹੋ ਜਾਵੇ, ਜਾਂ ਅਗਲੇ ਜਿਸਤ ਪੰਨੇ ਉਤੇ ਜਾਵੇ, ਨੂੰ ਪੜਿਆ ਜਾਵੇ।

ਚਉਪਦੇ, ਅਸ਼ਟਪਦੀਆਂ , ਛੰਤ ‘ਵਾਕ’ ਵਜੋਂ ਪੂਰੇ ਪੜ੍ਹੇ ਜਾਂਦੇ ਹਨ ਅਤੇ ਵਾਰਾਂ ਵਿਚ ਸ਼ਲੋਕਾਂ ਸਹਿਤ ਪਉੜੀ ਪੜ੍ਹੀ ਜਾਂਦੀ ਹੈ।

ਸ਼ਬਦ ਕਿਵੇਂ ਪੜ੍ਹਿਆ ਜਾਏ ? ਇਸ ਬਾਰੇ ਆਮ ਪ੍ਰਚਲਿਤ ਵਿਧੀ ਹੈ ਕਿ ਪਾਠੀ/ਗ੍ਰੰਥੀ ਹੌਲੀ ਹੌਲੀ ਰੁਮਾਲੇ ਨੂੰ ਇਕੱਠਾ ਕਰੇ ਅਤੇ ਇਸ ਸਮੇਂ ਦੌਰਾਨ ਕੋਈ ਸ਼ਲੋਕ ਜਾਂ ਪਦਾ ਪੜ੍ਹਦਾ ਰਹੇ। ਜਦੋਂ ਰੁਮਾਲਾ ਇਕੱਠਾ ਹੋ ਜਾਏ ਅਤੇ ਗ੍ਰੰਥ ਸਾਹਿਬ ਦਾ ਪੱਤਰਾ ਉਘੜ ਆਏ ਤਾਂ ਸ਼ਬਦ ਦਾ ਹੌਲੀ ਹੌਲੀ ਜਾਂ ਸੁਰ ਸਹਿਤ ਪਾਠ ਕੀਤਾ ਜਾਏ। ਆਖ਼ੀਰਲੀਆਂ ਤੁਕਾਂ ਨੂੰ ਦੁਹਰਾਇਆ ਜਾਏ। ਇਸ ਤਰ੍ਹਾਂ ਪਾਠ-ਵਾਚਨ ਸਮਾਪਤ ਹੋ ਜਾਂਦਾ ਹੈ। ਫਿਰ ਕੜਾਹ ਪ੍ਰਸਾਦ ਦੇ ਵੰਡਣ ਨਾਲ ਦੀਵਾਨ ਦੀ ਸਮਾਪਤੀ ਹੋ ਜਾਂਦੀ ਹੈ।

ਵਾਕ-ਲੈਣਾ ਨੂੰ ਹੁਕਮ-ਲੈਣਾ ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼ਬਦ ਵਿਚ ਗੁਰੂ ਦਾ ਉਪਦੇਸ਼ ਸਮੋਇਆ ਹੁੰਦਾ ਹੈ ਅਤੇ ਇਹ ਉਪਦੇਸ਼ ਅਸਲੋਂਧੁਰ ਕੀ ਬਾਣੀ ’ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.