ਵਾਚ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਚ : ‘ਵਾਚ` ਭਾਸ਼ਾ ਦਾ ਇੱਕ ਅਜਿਹਾ ਵਿਆਕਰਨਿਕ ਸੰਕਲਪ ਜਾਂ ਸ਼੍ਰੇਣੀ ਹੈ ਜਿਸ ਦਾ ਪ੍ਰਗਟਾਵਾ ਸਮੁੱਚੀ ਵਾਕ ਬਣਤਰ ਵਿੱਚੋਂ ਹੁੰਦਾ ਹੈ। ਵਾਕ ਦੀ ਵਾਚ ਬਦਲੀ ਨਾਲ ਕਿਰਿਆ ਵਾਕਾਂਸ਼ ਵਿੱਚ ਰੂਪ ਪਰਿਵਰਤਨ ਹੋ ਜਾਂਦਾ ਹੈ ਅਤੇ ਨਾਂਵ ਵਾਕਾਂਸ਼ਾਂ ਦਾ ਸਥਾਨ ਬਦਲ ਜਾਂਦਾ ਹੈ। ਇਉਂ ਵਾਚ ਦੇ ਬਦਲਣ ਨਾਲ ਸਮੁੱਚੇ ਵਾਕ ਦੇ ਸਰੂਪ ਵਿੱਚ ਪਰਿਵਰਤਨ ਹੋ ਜਾਂਦਾ ਹੈ ਪਰ ਬਣਤਰ ਦੇ ਪੱਧਰ ਉੱਤੇ ਵਾਕ ਬਣਤਰਾਂ ਭਿੰਨ ਹੁੰਦੀਆਂ ਹੋਈਆਂ ਵੀ ਅਰਥਗਤ ਪੱਖੋਂ ਕਿਸੇ ਹੱਦ ਤੱਕ ਸਮਾਨਤਾ ਰੱਖਦੀਆਂ ਹਨ। ਕਰਤਰੀਵਾਚ ਭਾਸ਼ਾਈ ਘਟਨਾਕ੍ਰਮ ਨੂੰ ਸਾਕਾਰ ਕਰਦਾ ਹੈ ਜਦ ਕਿ ਕਰਮਣੀ ਵਾਚ ਘਟਨਾ ਕ੍ਰਮ ਦੇ ਪ੍ਰਭਾਵ ਵਜੋਂ ਹੋਂਦ ਵਿੱਚ ਆਈ ਭਾਸ਼ਾਈ ਸਥਿਤੀ ਨੂੰ ਉਜਾਗਰ ਕਰਦਾ ਹੈ। ਪੰਜਾਬੀ ਭਾਸ਼ਾ ਵਿੱਚ ਹੇਠ ਲਿਖੇ ਦੋ ਵਾਚ ਮਿਲਦੇ ਹਨ:

          1.        ਕਰਤਰੀ ਵਾਚ : ਬੱਚਾ ਕਿਤਾਬ ਪੜ੍ਹਦਾ ਹੈ।

          2.       ਕਰਮਣੀ ਵਾਚ : ਕਿਤਾਬ ਬੱਚੇ ਦੁਆਰਾ ਪੜ੍ਹੀ ਗਈ।

     ਪਹਿਲੇ ਕਰਤਰੀਵਾਚੀ (active voice) ਵਾਕ ਵਿੱਚ (ਬੱਚਾ) ਕਰਤਾ ਨਾਂਵ ਹੈ। (ਕਿਤਾਬ) ਕਰਮ ਨਾਂਵ ਹੈ ਅਤੇ (ਪੜ੍ਹਦਾ ਹੈ) ਕਿਰਿਆ ਵਾਕਾਂਸ਼ ਹੈ। ਕਿਰਿਆ ਦਾ ਕਰਤਾ ਨਾਲ ਲਿੰਗ ਅਤੇ ਵਚਨ ਦਾ ਮੇਲ ਹੈ। ਦੂਜੇ ਕਰਮਣੀਵਾਚੀ (passive voice) ਵਾਕ ਵਿੱਚ ਕਰਤਾ (ਬੱਚਾ) ਆਪਣਾ ਰੂਪ ਬਦਲ ਕੇ (ਬੱਚੇ) ਦੇ ਰੂਪ ਵਿੱਚ ਕਰਮ ਦੇ ਸਥਾਨ ਤੇ ਚਲਾ ਗਿਆ ਹੈ ਅਤੇ (ਕਿਤਾਬ) ਕਰਮ ਦਾ ਸਥਾਨ ਛੱਡ ਕੇ ਕਰਤਾ (ਉਦੇਸ਼) ਦੇ ਸਥਾਨ ਉੱਤੇ ਚਲੀ ਗਈ ਹੈ। (ਪੜ੍ਹਦਾ ਹੈ) ਕਿਰਿਆ ਵਾਕਾਂਸ਼ ਦਾ ਰੂਪ ਹੀ (ਪੜ੍ਹੀ ਗਈ) ਹੋ ਗਿਆ ਹੈ। ਇਸ ਵਾਕ ਵਿੱਚ ਇੱਕ ਨਵਾਂ ਸ਼ਬਦ (ਦੁਆਰਾ) ਵੀ ਆ ਗਿਆ ਹੈ।

     ਅਰਥਾਂ ਦੇ ਪੱਖ ਤੋਂ ਵੇਖੀਏ ਤਾਂ (ਕਿਤਾਬ) ਨੂੰ ਪੜ੍ਹਨ ਵਾਲਾ ਕਰਤਾ (ਬੱਚਾ) ਹੀ ਹੈ ਅਤੇ ਪੜ੍ਹੇ ਜਾਣ ਵਾਲੀ ਵੀ (ਕਿਤਾਬ) ਹੀ ਹੈ। ਇਸ ਲਈ ਕਿਤਾਬ ਸਿਰਫ਼ ਸਥਾਨ ਦੇ ਪੱਖ ਤੋਂ ਕਰਤਾ (ਉਦੇਸ਼) ਦੇ ਸਥਾਨ ਉੱਤੇ ਚਲੀ ਗਈ ਹੈ। (ਪੜ੍ਹਦਾ ਹੈ) ਕਿਰਿਆ ਵਾਕਾਂਸ਼ ਦਾ ਰੂਪ ਵੀ (ਪੜ੍ਹੀ ਗਈ) ਹੋ ਗਿਆ ਹੈ। ਇਸ ਵਾਕ ਵਿੱਚ ਇੱਕ ਨਵਾਂ ਸ਼ਬਦ (ਦੁਆਰਾ) ਵੀ ਆ ਗਿਆ ਹੈ।

     ਅਰਥਾਂ ਦੇ ਪੱਖ ਤੋਂ ਵੇਖੀਏ ਤਾਂ (ਕਿਤਾਬ) ਨੂੰ ਪੜ੍ਹਨ ਵਾਲਾ ਕਰਤਾ (ਬੱਚਾ) ਹੀ ਹੈ ਅਤੇ ਪੜ੍ਹੇ ਜਾਣ ਵਾਲੀ ਵੀ (ਕਿਤਾਬ) ਹੀ ਹੈ। ਇਸ ਲਈ ਕਿਤਾਬ ਸਿਰਫ਼ ਸਥਾਨ ਦੇ ਪੱਖ ਤੋਂ ਕਰਤਾ (ਉਦੇਸ਼) ਦੇ ਸਥਾਨ ਉੱਤੇ ਆਈ ਹੈ। ਇਸ ਲਈ ਇਸ ਨੂੰ ‘ਵਿਆਕਰਨਿਕ ਕਰਤਾ` ਹੀ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ (ਬੱਚਾ) ਤਾਰਕਿਕ ਕਰਤਾ ਹੈ। ਪਰ ਇਸ ਤਬਦੀਲੀ ਨਾਲ ਤਾਰਕਿਕ ਕਰਤਾ (ਬੱਚਾ) ਅਕਿਰਿਆਸ਼ੀਲ ਜ਼ਰੂਰ ਹੋ ਗਿਆ ਹੈ। ਭਾਵ ਕਿਰਿਆ ਵਾਕਾਂਸ਼ ਵਿੱਚ (ਬੱਚਾ) ਤਾਰਕਿਕ ਕਰਤਾ ਦਾ ਪ੍ਰਗਟਾਵਾ ਪਹਿਲਾਂ ਜਿੰਨਾ ਨਿਸ਼ਚੇ ਮੂਲਕ ਨਹੀਂ ਹੈ। ਇਉਂ ਕਿਹਾ ਜਾ ਸਕਦਾ ਹੈ ਕਿ ਕਰਤਰੀ ਕਰਤਾ ਦਾ ਪ੍ਰਗਟਾਵਾ ਪਹਿਲਾਂ ਜਿੰਨਾ ਨਿਸ਼ਚੇਮੂਲਕ ਹੀ ਹੈ। ਇਉਂ ਕਿਹਾ ਜਾ ਸਕਦਾ ਹੈ ਕਿ ਕਰਤਰੀ ਵਾਚ ਵਿੱਚ ਤਾਰਕਿਕ ਕਰਤਾ ਕਿਰਿਆਸ਼ੀਲ ਹੁੰਦਾ ਹੈ ਅਤੇ ਕਰਮਵਾਚ ਵਿੱਚ ਅਕਿਰਿਆਸ਼ੀਲ ਹੋ ਜਾਂਦਾ ਹੈ। ਨਾਲੇ ਇਸ ਤਬਦੀਲੀ ਨਾਲ ਸਮੇਂ ਦਾ (ਕਾਰਜ-ਕਾਰਕ) ਸੰਬੰਧ ਵੀ ਸਾਮ੍ਹਣੇ ਆਉਂਦਾ ਹੈ। ਕਰਤਰੀਵਾਚ ਕਾਰਜ ਨਾਲ ਸੰਬੰਧਿਤ ਹੁੰਦਾ ਹੈ ਅਤੇ ਕਰਮਵਾਚ ਕਾਰਨ ਨਾਲ ਸੰਬੰਧਿਤ ਹੁੰਦਾ ਹੈ ਭਾਵ ਕੰਮ ਕਿਸ ਰਾਹੀਂ ਹੋਇਆ; ਉਸ ਦਾ ਸਾਧਨ ਕੀ ਹੈ ਅਰਥਾਤ ਕਰਮਵਾਚ ਵਿੱਚ, ਕਰਤਰੀਵਾਚ ਦਾ ਕਰਤਾ ‘ਸਾਧਨ` ਬਣ ਜਾਂਦਾ ਹੈ।

     ਵਾਚ ਬਦਲੀ ਕਾਰਨ ਦੂਜੀ ਤਬਦੀਲੀ ਕਿਰਿਆ ਦੇ ਰੂਪ ਵਿੱਚ ਆਉਂਦੀ ਹੈ। ਜਿਵੇਂ ਉਪਰੋਕਤ ਵਾਕ ਵਿੱਚ ‘ਪੜ੍ਹਦਾ` ਵਰਤਮਾਨ ਕਾਲੀ ਕਿਰਿਆ ‘ਪੜ੍ਹੀ` ਭੂਤਕਾਲੀ ਰੂਪ ਵਿੱਚ ਬਦਲ ਗਈ ਹੈ ਅਤੇ (ਹੈ), ਸਹਾਇਕ ਕਿਰਿਆ ਦੀ ਥਾਂ (ਗਿਆ) ਕਿਰਿਆ ਰੂਪ ਆ ਗਿਆ ਹੈ ਜਾਂ ਇਸ ਤਰ੍ਹਾਂ ਦੇ ਹੋਰ ਰੂਪ ਵੀ ਆ ਜਾਂਦੇ ਹਨ।

ਇਸ ਤੋਂ ਇਲਾਵਾ ਪੰਜਾਬੀ ਵਿੱਚ ਅਜਿਹੇ ਵਾਕ ਵੀ ਹਨ ਜਿਨ੍ਹਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਅਣਉਪਸਥਿਤ ਹੁੰਦੇ ਹਨ :

     ‘ਅੱਜ ਬਹੁਤ ਖੇਡਿਆ ਗਿਆ।`

ਅਜਿਹੇ ਰੂਪਾਂ ਨੂੰ ਭਾਵਵਾਚ ਦਾ ਨਾਂ ਦਿੱਤਾ ਜਾਂਦਾ ਹੈ।

     ਇਸ ਵਿਚਾਰ-ਵਿਮਰਸ਼ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਵਿੱਚ ਤਿੰਨ ਵਾਚ ਹਨ- ਕਰਤੀ ਵਾਚ, ਕਰਮਣੀ ਵਾਚ, ਤੇ ਭਾਵ ਵਾਚ।

     ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਕੁਝ ਇਸ ਭਾਂਤ ਦੀਆਂ ਵਾਕ ਬਣਤਰਾਂ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਇਹ ਦੋਵੇਂ ਰੂਪ ਕਰਤਾਰੀ/ਕਰਮਣੀ ਨਹੀਂ ਬਣਦੇ। ਅਜਿਹੇ ਵਾਕਾਂ ਨੂੰ ਅਵਾਚੀ ਜਾਂ ਵਾਚ ਰਹਿਤ ਵਾਕਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਮਿਸਾਲ ਵਜੋਂ :

          1. ਇਹ ਸੜਕ ਚੰਡੀਗੜ੍ਹ ਨੂੰ ਜਾਂਦੀ ਹੈ।

          2. ਬੱਚਾ ਸੁੱਤਾ ਪਿਆ ਹੈ।

          3. ਫੁੱਲ ਬਹੁਤ ਸੁੰਦਰ ਹੈ।

          4. ਕਿਤਾਬ ਮੇਜ਼ ਉੱਤੇ ਪਈ ਹੈ।

     ਉਪਰੋਕਤ ਭਾਂਤ ਦੀਆਂ ਵਾਕ ਬਣਤਰਾਂ ਨੂੰ ਕਰਤਰੀ ਵਾਚ ਜਾਂ ਕਰਮਣੀ ਵਾਚ ਨਾਲ ਜੋੜਨਾ ਠੀਕ ਨਹੀਂ ਜਾਪਦਾ। ਇਸ ਲਈ ਇਹਨਾਂ ਨੂੰ ਵੱਖਰੀ-ਭਾਂਤ ਦੇ ਸੁਤੰਤਰ ਵਾਕ ਮੰਨਿਆ ਗਿਆ ਹੈ। ਪਰ ਕਰਤਰੀਵਾਚੀ ਵਾਕ ਦੇ ਨਾਲ ਰਲਦੇ ਜਾਂ ਉਸ ਦੇ ਬਰਾਬਰ ਦੇ ਕਰਮਣੀਵਾਚ ਵਾਕ ਦੀ ਹੋਂਦ ਆਮ ਤੌਰ ਤੇ ਲਾਜ਼ਮੀ ਹੁੰਦੀ ਹੈ। ਇਹਨਾਂ ਦੋਵੇਂ ਭਾਂਤ ਦੀਆਂ ਵਾਕ ਬਣਤਰਾਂ ਦੇ ਅੱਗੇ ਆਪਣੇ-ਆਪਣੇ ਬਣਤਰੀ ਲੱਛਣ ਹੁੰਦੇ ਹਨ। ਮਸਲਨ (ਨੇ) ਅਤੇ (ਨੂੰ) ਸੰਬੰਧਕ ਯੁਕਤ ਕਰਤਾ-ਕਰਮ ਨਾਵਾਂ ਨੂੰ ਛੱਡ ਕੇ, ਕਿਰਿਆ ਦਾ ਮੇਲ ਕਰਤਾ ਜਾਂ ਕਰਮ ਨਾਲ ਹੀ ਹੁੰਦਾ ਹੈ। ਸਧਾਰਨ ਹਾਲਤ ਵਿੱਚ (ਜਿਵੇਂ ਮੁੰਡਾ ਰੋਟੀ ਖਾਂਦਾ ਹੈ) ਕਿਰਿਆ ਦਾ ਮੇਲ ਕਰਤਾ ਨਾਂਵ ਨਾਲ ਪਰ ਸੰਬੰਧਕ ਯੁਕਤ ਸਥਿਤੀ ਵਿੱਚ ਕਿਰਿਆ ਦਾ ਮੇਲ ਕਰਮ ਨਾਲ ਹੁੰਦਾ ਹੈ) ਜਿਵੇਂ; ਮੁੰਡੇ ਨੇ ਰੋਟੀ ਖਾਧੀ ਪਰ ਜੇ ਕਰਤਾ ਅਤੇ ਕਰਮ ਦੋਵਾਂ ਨਾਲ ਹੀ ਸੰਬੰਧਕ ਹੋਣ ਤਾਂ ਕਿਰਿਆ ਮੇਲ ਮੁਕਤ ਹੁੰਦੀ ਹੈ, ਜਿਵੇਂ : ‘ਮੁੰਡੇ ਨੇ ਕਿਤਾਬ ਨੂੰ ਪੜ੍ਹਿਆ` ਆਦਿ ਵਿੱਚ।ਕਰਮਣੀਵਾਚੀ ਵਾਕਾਂ ਦੇ ਅੱਗੋਂ ਚਾਰ ਰੂਪ ਬਣਦੇ ਹਨ :

        1.         ਵਾਕ ਰੂਪ ਕਰਮਣੀ : ਇਹ ਪਲਾਟ ਮੇਰਾ ਖ਼ਰੀਦਿਆ ਹੋਇਆ ਹੈ।

        2.        ਵਾਕ ਕਰਮਣੀ : ਇਹ ਗਲਾਸ ਨੌਕਰ ਤੋਂ ਟੁਟਿਆ ਹੈ।

        3.        ਅਕਰਮਕ ਕਰਮਣੀ : ਕੁੜੀ ਤੋਂ ਤੁਰਿਆ ਨਹੀਂ ਜਾਂਦਾ।

          4.       ਕਿਰਿਆਗਤ ਕਰਮਣੀ : ਇਹ ਪੁਸਤਕ ਮੈਨੂੰ ਇਨਾਮ ਵਿੱਚ ਮਿਲੀ ਹੈ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਾਚ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਾਚ: ਵਾਚ ਇਕ ਵਿਆਕਰਨਕ ਸ਼ਰੇਣੀ ਹੈ। ਇਸ ਸ਼ਰੇਣੀ ਦਾ ਪਰਗਟਾਵਾ ਸਮੁੱਚੇ ਵਾਕ ਵਿਚੋਂ ਹੁੰਦਾ ਹੈ ਇਸ ਲਈ ਇਸ ਸ਼ਰੇਣੀ ਦੀ ਪਛਾਣ ਸਿਰਫ ਕਿਰਿਆ ਜਾਂ ਕਿਰਿਆ ਵਾਕੰਸ਼ ਦੀ ਬਣਤਰ ਦੇ ਅਧਾਰ ’ਤੇ ਹੀ ਨਹੀਂ ਕੀਤੀ ਜਾਂਦੀ ਸਗੋਂ ਇਸ ਦੀ ਪਛਾਣ ਕਰਨ ਲਈ ਵਾਕ ਵਿਚ ਵਿਚਰਦੇ ਨਾਂਵ ਜਾਂ ਨਾਂਵ ਵਾਕੰਸ਼ ਨੂੰ ਅਧਾਰ ਬਣਾਇਆ ਜਾਂਦਾ ਹੈ। ਵਾਚ ਦੇ ਬਦਲਣ ਨਾਲ ਵਾਕ ਕਿਸੇ ਇਕ ਇਕਾਈ ’ਤੇ ਪਰਭਾਵ ਨਹੀਂ ਪੈਂਦਾ ਸਗੋਂ ਸਮੁੱਚੇ ਵਾਕ ਵਿਚ ਪਰਿਵਰਤਨ ਵਾਪਰਦਾ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ‘ਵਾਚ’ ਸ਼ਰੇਣੀ ਦੇ ਪੱਖ ਤੋਂ ਦੋ ਪਰਕਾਰ ਦੀ ਹੈ, ਜਿਵੇਂ : ਕਰਤਰੀ ਵਾਚੀ ਅਤੇ ਕਰਮਣੀ ਵਾਚੀ। ਕਰਮਣੀ ਵਾਚ ਦੋ ਪਰਕਾਰ ਦਾ ਹੁੰਦਾ ਹੈ, (i) ਵਿਆਕਰਨਕ ਕਰਮਣਤਾ ਅਤੇ (ii) ਭਾਵਾਤਮਕ ਕਰਮਣਤਾ। ਭਾਵਾਤਮਕ ਕਰਮਣਤਾ ਕੁਝ ਸ਼ਬਦਾਂ ’ਤੇ ਅਧਾਰਤ ਹੁੰਦੀ ਹੈ ਜਿਵੇਂ : ਮਿਲਣਾ, ਲਿਖਣਾ ਆਦਿ ਕਿਰਿਆ ਰੂਪਾਂ, ਬੰਦ, ਖਾਣਯੋਗ ਆਦਿ ਵਿਸ਼ੇਸ਼ਣ ਰੂਪਾਂ ਅਤੇ ‘ਕੈਦੀ’ ਆਦਿ ਨਾਂਵ ਰੂਪ ਆਦਿ। ਕਰਤਰੀ ਵਾਚੀ ਵਾਕਾਂ ਵਿਚ ਕਿਸੇ ਕਾਰਜ ਦੀ ਸੂਚਨਾ ਮਿਲਦੀ ਹੈ ਪਰ ਕਰਮਣੀ ਵਾਚੀ ਵਾਕਾਂ ਵਿਚੋਂ ਕਾਰਜ ਦੁਆਰਾ ਹੋਂਦ ਵਿਚ ਆਈ ਸਥਿਤੀ ਜਾਂ ਦਸ਼ਾ ਦਾ ਪਤਾ ਚਲਦਾ ਹੈ। ਪੰਜਾਬੀ ਦੇ ਹਰ ਕਰਤਰੀ ਵਾਚ ਦਾ ਕਰਮਣੀ ਰੂਪ ਲਾਜ਼ਮੀ ਬਣਦਾ ਹੈ। ਜਿਨ੍ਹਾਂ ਵਾਕਾਂ ਵਿਚ ਇਹ ਦੋਵੇਂ ਰੂਪ ਨਾ ਬਣਦੇ ਹੋਣ ਉਨ੍ਹਾਂ ਵਾਕਾਂ ਨੂੰ ਵਾਚ ਰਹਿਤ ਵਾਕ ਕਿਹਾ ਜਾਂਦਾ ਹੈ, ਜਿਵੇਂ : ਬੱਦਲ ਗੱਜਦਾ ਹੈ, ਇਹ ਸੜਕ ਸ਼ਹਿਰ ਨੂੰ ਜਾਂਦੀ ਹੈ। ਅੰਗਰੇਜ਼ੀ ਵਿਆਕਰਨਾਂ ਵਿਚ ਕਰਮਣੀ ਵਾਕ ਬਣਤਰ ਦੇ ਕੁਝ ਵਿਸ਼ੇਸ਼ ਲੱਛਣ ਇਸ ਪਰਕਾਰ ਹਨ : (i) ਸ਼ਬਦਾਂ ਦਾ ਸਥਾਨ ਪਰਿਵਰਤਨ (ਕਰਤਾ-ਕਰਮ) (ii) ਕਾਰਕੀ ਰੂਪ ਭੇਦ (iii) ਕਰਤਾ ਦਾ ਨਿਖੇਧ (iv) ਕਰਮਣੀ ਕਰਤਾ ਨਾਲ ‘ਬਾਈ’ ਦਾ ਲੱਗਣਾ। (v) ਕਿਰਿਆ ਤੇ ਕਰਮ ਦੀ ਅਨੁਰੂਪਤਾ (vi) ਕਿਰਿਆ ਦਾ ਵਿਸ਼ੇਸ਼ ਰੂਪ। ਇਹ ਸਾਰੇ ਲੱਛਣ ਪੰਜਾਬੀ ਦੇ ਕਰਮਣੀ ਵਾਕਾਂ ’ਤੇ ਲਾਗੂ ਨਹੀਂ ਹੁੰਦੇ, ਜਿਵੇਂ ਪੰਜਾਬੀ ਵਿਚ ਕਰਤਾ, ਕਰਮ ਦੀ ਥਾਂ ਜਾਂ ਇਸ ਦੇ ਵਿਪਰੀਤ ਨਹੀਂ ਵਿਚਰਦਾ ਅਤੇ ਜੇ ਵਿਚਰੇ ਵੀ ਤਾਂ ਆਪਣੇ ਮੂਲ ਅਨੁਸਾਰ ਹੀ ਕਾਰਜ ਕਰਦਾ ਹੈ : ‘ਮੁੰਡਾ ਰੋਟੀ ਖਾਂਦਾ ਹੈ’ ‘ਰੋਟੀ ਮੁੰਡਾ ਖਾਂਦਾ ਹੈ’ ਸਥਾਨ ਪਵਿਰਤਨ ਨਾਲ ਨਾਵਾਂ ਦੇ ਰੋਲ ਦਾ ਪਰਿਵਰਤਨ ਨਹੀਂ ਹੋਇਆ ਭਾਵ ਕਰਤਾ ਦੀ ਕਰਮ ਵਿਚ ਤਬਦੀਲੀ ਨਹੀਂ ਵਾਪਰੀ। ਇਸੇ ਤਰ੍ਹਾਂ ਬਾਕੀ ਲੱਛਣ ਪੰਜਾਬੀ ਵਿਚ ਪਰਬੰਧ ’ਤੇ ਇਨ ਬਿਨ ਲਾਗੂ ਨਹੀਂ ਹੁੰਦੇ।

        ਪੰਜਾਬੀ ਦੇ ਕਰਤਰੀ ਵਾਕਾਂ ਨੂੰ ਵਿਆਕਰਨਕ ਮੇਲ ਦੇ ਅਧਾਰ ’ਤੇ ਮੇਲ ਸਹਿਤ ਅਤੇ ਮੇਲ ਰਹਿਤ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਜਿਵੇਂ : ‘ਮੁੰਡਾ ਰੋਟੀ ਖਾਂਦਾ ਹੈ’ ‘ਮੁੰਡਾ’ ਅਤੇ ਕਿਰਿਆ ਵਾਕੰਸ਼ ‘ਖਾਂਦਾ ਹੈ’ ਵਿਚ ਵਿਆਕਰਨਕ ਮੇਲ ਹੈ। ਇਹ ਵਾਕ ਕਰਤਰੀ ਵਾਕ ਹਨ ਦੂਜੇ ਪਾਸੇ ‘ਮੁੰਡੇ ਨੇ ਕੁੜੀ ਨੂੰ ਮਾਰਿਆ’ ਵਿਚਲੇ ਕਿਰਿਆ ਵਾਕੰਸ਼ ਦਾ ਕਿਸੇ ਨਾਂਵ ਨਾਲ ਮੇਲ ਨਹੀਂ ਹੈ ਅਤੇ ਇਹ ਵਾਕ ਵੀ ਕਰਤਰੀ ਵਾਚੀ ਹੈ । ਕਰਮਣੀ ਵਾਚੀ ਵਾਕਾਂ ਦੀ ਪਛਾਣ ਤਿੰਨ ਤਰ੍ਹਾਂ ਨਾਲ ਕੀਤੀ ਜਾਂਦੀ ਹੈ : (i) ਜਦੋਂ ਵਾਕ ਦੀ ਕਿਰਿਆ ’ਚੋਂ ਕਰਮਣੀ ਭਾਵ ਪਰਗਟ ਹੋਵੇ, (ii) ਅਕਰਮਕ ਕਿਰਿਆ ਵਾਲੇ ਕਰਮਣੀਵਾਚੀ ਵਾਕ ਅਤੇ (iii) ਸਮੁੱਚੇ ਵਾਕ ਤੋਂ ਪਰਗਟ ਹੋਣ ਵਾਲਾ ਕਰਮਣੀ ਵਾਚ ਜਿਵੇਂ : ਪਹਿਲੀ ਪਰਕਾਰ ਦੇ ਵਾਕਾਂ ਵਿਚ ਕਰਮਣੀ ਵਾਚੀ ਕਿਰਿਆ ਦਾ ਪਰਯੋਗ ਕੀਤਾ ਜਾਂਦਾ ਹੈ। ਕਰਮਣੀ ਵਾਚੀ ਕਿਰਿਆ ਰੂਪ ਇਸ ਪਰਕਾਰ ਹਨ : ਦੇਣਾ-ਮਿਲਣਾ, ਸੁੱਟਣਾ-ਡੇਗਣਾ, ਜਿੱਤਣਾ-ਹਰਨਾ ਆਦਿ ਜਿਵੇਂ : ਮੁੰਡੇ ਨੇ ਕੁੜੀ ਨੂੰ ਫੁੱਲ ਦਿੱਤਾਮੁੰਡੇ ਤੋਂ ਕੁੜੀ ਨੂੰ ਫੁੱਲ ਮਿਲਿਆ। ਦੂਜੀ ਪਰਕਾਰ ਦੇ ਕਰਮਣੀਵਾਚੀ ਵਾਕ ਬਣਤਰਾਂ ਵਿਚ ਅਕਰਮਕ ਕਿਰਿਆ ਹੁੰਦੀ ਹੈ। ‘ਦੌੜ, ਬੈਠ, ਸੌ, ਭੌਂਕ’ ਆਦਿ ਅਕਰਮਕ ਕਿਰਿਆਵਾਂ ਹਨ। ਕਰਮਣੀਵਾਚੀ ਵਾਕਾਂ ਵਿਚ ਇਨ੍ਹਾਂ ਦਾ ਪਰਯੋਗ ਇਸ ਪਰਕਾਰ ਹੁੰਦਾ ਹੈ : ‘ਮੁੰਡੇ ਤੋਂ ਹੱਸਿਆ ਨਹੀਂ ਜਾਂਦਾ’ ਤੀਜੀ ਪਰਕਾਰ ਕਰਮਣੀ ਵਾਚੀ ਬਣਤਰ ਵਿਚ ਕਰਮਵਾਚੀ \ਹੋ ਜਾਂ ਜਾ\ ਕਿਰਿਆ ਰੂਪਾਂ ਦੀ ਵਰਤੋਂ ਹੁੰਦੀ ਹੈ ਜਿਵੇਂ : ਇਹ ਕਿਤਾਬ ਕੁੜੀ ਦੀ ਖਰੀਦੀ ਹੋਈ ਹੈ, ਇਹ ਜ਼ਮੀਨ ਦਾਨ ਦਿੱਤੀ ਗਈ। (ਵੇਖੋ, ਪੁਆਰ, ਕਪਿਲ ਕਪੂਰ : ਭਾਸ਼ਾ ਵਿਗਿਆਨ ਸੰਕਲਪ ਅਤੇ ਦਿਸ਼ਾਵਾਂ, 1992)


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 17796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਾਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਚ [ਨਾਂਪੁ] ਬੋਲ, ਕਥਨ, ਬਾਣੀ , ਬਚਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.