ਵਿਦਿਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਿਦਿਆ: ਇਹ ‘ਅਵਿਦਿਆ ’ ਦੀ ਵਿਪਰੀਤ-ਅਰਥਕ ਸ਼ਬਦ ਹੈ। ਬ੍ਰਹਮ ਅਤੇ ਮਾਯਾ (ਅਵਿਦਿਆ) ਦਾ ਗਿਆਨ ਹੀ ‘ਵਿਦਿਆ’ ਕਿਹਾ ਜਾਂਦਾ ਹੈ। ਅਦ੍ਵੈਤ-ਵੇਦਾਂਤ ਵਿਚ ਗਿਆਨ ਅਥਵਾ ਵਿਦਿਆ ਨੂੰ ਮੋਖ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ।

ਵਿਦਿਆ ਦਾ ਮੂਲ ਅਰਥ ਹੈ ਸਤਿ ਦਾ ਗਿਆਨ, ਪਰਮਾਰਥ ਤੱਤ੍ਵ ਦਾ ਗਿਆਨ ਜਾਂ ਆਤਮ-ਗਿਆਨ। ਅਦ੍ਵੈਤ ਵੇਦਾਂਤ ਅਨੁਸਾਰ ਪਰਮਾਰਥ ਤੱਤ੍ਵ ਨੂੰ ਹੀ ਸਤਿ ਸਵੀਕਾਰ ਕੀਤਾ ਗਿਆ ਹੈ। ਬ੍ਰਹਮ ਅਤੇ ਆਤਮਾ ਵਿਚ ਕੋਈ ਅੰਤਰ ਨਹੀਂ। ਆਤਮਾ ਹੀ ਬ੍ਰਹਮ ਹੈ। ਇਹੀ ਕਾਰਣ ਹੈ ਕਿ ਦਾਰਸ਼ਨਿਕ ਸ਼ਬਦਾਵਲੀ ਵਿਚ ਵਿਦਿਆ ਹੀ ‘ਬ੍ਰਹਮ- ਵਿਦਿਆ’ ਹੈ।

ਵਿਦਿਆ ਦੇ ਦੋ ਰੂਪ ਹਨ। ਇਕ ‘ਅਪਰਾ ਵਿਦਿਆ’, ਜੋ ਨੀਵੇਂ ਦਰਜੇ ਦੀ ਵਿਦਿਆ ਮੰਨੀ ਗਈ ਹੈ। ਇਸ ਦਾ ਸੰਬੰਧ ਬ੍ਰਹਮ ਸੰਬੰਧੀ ਸਗੁਣ ਗਿਆਨ ਨਾਲ ਹੈ। ਇਸ ਨਾਲ ਮੋਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਦੂਜੀ ‘ਪਰਾ ਵਿਦਿਆ’ ਰਾਹੀਂ ਮੋਖ ਪ੍ਰਾਪਤ ਹੁੰਦਾ ਹੈ। ਇਸ ਨੂੰ ‘ਬ੍ਰਹਮ -ਵਿਦਿਆ’ ਜਾਂ ‘ਆਤਮ-ਵਿਦਿਆ’ ਕਿਹਾ ਜਾ ਸਕਦਾ ਹੈ। ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ ਆਦਿ ਦੁਰਵ੍ਰਿੱਤੀਆਂ ਅਥਵਾ ਵਿਕਾਰਾਂ ਦਾ ਦਮਨ ਕਰਕੇ ਵੇਦਾਂਤ ਦੀਆਂ ਸਿਖਿਆਵਾਂ ਦਾ ਪਾਲਨਾ ਕਰਨਾ ਇਸ ਵਿਦਿਆ ਦੇ ਅੰਗ ਹਨ। ਕ੍ਰਮ ਵਜੋਂ ਅਪਰਾ ਵਿਦਿਆ ਪਹਿਲੀ ਪੌੜੀ ਹੈ ਅਤੇ ਪਰਾ ਵਿਦਿਆ ਦੂਜੀ। ਸ਼੍ਰਵਣ , ਮਨਨ ਅਤੇ ਨਿਦਿਧੑਯਾਸਨ ਦੀ ਪ੍ਰਕ੍ਰਿਆ ਤੋਂ ਲੰਘਦਾ ਹੋਇਆ ਜਿਗਿਆਸੂ ਧਿਆਨ ਅਤੇ ਸਮਾਧੀ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ। ਉਸ ਵੇਲੇ ਆਪਾ-ਪਰਕਾ ਭੇਦ ਮਿਟ ਜਾਂਦਾ ਹੈ। ਇਹ ਗਿਆਨ ਪਰਾ-ਵਿਦਿਆ ਅਖਵਾਉਂਦਾ ਹੈ।

ਗੁਰਬਾਣੀ ਵਿਚ ਦੂਜੀ ਤਰ੍ਹਾਂ ਦੀ ਵਿਦਿਆ, ‘ਪਰਾ ਵਿਦਿਆ’ ਨੂੰ ਉਚਿਤ ਠਹਿਰਾਇਆ ਗਿਆ ਹੈ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਵਿਦਿਆ ਵੀਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ (ਗੁ.ਗ੍ਰੰ.356)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਦਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਿਦਿਆ (ਸੰ.। ਸੰਸਕ੍ਰਿਤ ਵਿਦ੍ਯਾ) ੧. ਪੜ੍ਹਨ ਤੋਂ ਪੈਦਾ ਹੋਇਆ ਗਿਆਨ , ਇਲਮ

੨. ਜਿਨ੍ਹਾਂ ਵਿਚ ਵਿਦ੍ਯਾ ਲਿਖੀ ਹੈ, ਪੋਥੀ , ਪੁਸਤਕ। ਯਥਾ-‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.