ਸ਼ਾਹ ਮੁਹੰਮਦ: ਭੂਮਿਕਾ ਸਰੋਤ :
ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੂਮਿਕਾ
ਪੰਜਾਬੀ ਯੂਨੀਵਰਸਿਟੀ ਵਿਚ ਸਥਾਪਤ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਸਾਹਿਤ ਭਾਸ਼ਾ ਅਤੇ ਸਭਿਆਚਾਰ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਸੰਨ 1967 ਵਿਚ ਇਸ ਵਿਭਾਗ ਦੀ ਸਥਾਪਨਾ ਹੋਈ, ਉਦੋਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਵਿਭਾਗ ਵੱਲੋਂ ਵੱਖ-ਵੱਖ ਯੋਜਨਾਵਾਂ ਅਧੀਨ ਖੋਜ ਤੇ ਆਲੋਚਨਾ ਦਾ ਕਾਰਜ ਹੋ ਰਿਹਾ ਹੈ, ਜਿਸ ਅਧੀਨ ਮਹੱਤਵਪੂਰਨ ਸਰੋਤ ਸਮੱਗਰੀ ਦੇ ਰੂਪ ਵਿਚ ਵੱਖ-ਵੱਖ ਕੋਸ਼ਾਂ ਦੀ ਪ੍ਰਕਾਸ਼ਨਾ ਹੋਈ ਹੈ। ਜਿਨ੍ਹਾਂ ਵਿਚੋਂ ਅੰਗ੍ਰੇਜ਼ੀ ਪੰਜਾਬੀ ਕੋਸ਼ , ਫ਼ਾਰਸੀ ਪੰਜਾਬੀ ਕੋਸ਼, ਪੰਜਾਬੀ ਸਾਹਿਤ ਕੋਸ਼, ਪੰਜਾਬੀ ਸੂਫ਼ੀ ਸੰਦਰਭ ਕੋਸ਼, ਕਿੱਤਾ ਸ਼ਬਦ ਕੋਸ਼ ਆਦਿ ਪ੍ਰਮੁੱਖ ਹਨ। ਇਸ ਦੇ ਸਮਾਨਾਂਤਰ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਹੋ ਰਹੇ ਖੋਜ ਕਾਰਜਾਂ ਵਿਚੋਂ ਜੀਵਨ ਤੇ ਰਚਨਾ ਲੜੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਇਸ ਦਾ ਸੰਬੰਧ ਪੰਜਾਬੀ ਦੇ ਸਥਾਪਤ ਲੇਖਕਾਂ ਨਾਲ ਹੈ। ਇਸ ਲੜੀ ਦੇ ਅੰਤਰਗਤ ਪੰਜਾਬੀ ਸਾਹਿਤ ਦੀਆਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਦੇ ਜੀਵਨ ਅਤੇ ਰਚਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਨੂੰ ਆਪਣੇ ਪਾਠਕਾਂ ਤੱਕ ਪਹੁੰਚਾਉਣਾ ਹੈ। ਇਸ ਮੰਤਵ ਦੀ ਪੂਰਤੀ ਲਈ ਵਿਦਵਾਨਾਂ ਕੋਲੋਂ ਨਿਰੰਤਰ ਪੰਜਾਬੀ ਲੇਖਕਾਂ ਸੰਬੰਧੀ ਮੋਨੋਗਰਾਫ਼ ਤਿਆਰ ਕਰਵਾਏ ਜਾ ਰਹੇ ਹਨ। ਸੰਬੰਧਤ ਵਿਦਵਾਨ ਨੇ ਲੇਖਕ ਦੇ ਜੀਵਨ, ਘਟਨਾਵਾਂ, ਲਿਖਤ ਰਚਨਾਵਾਂ ਦਾ ਘੋਖਵਾਂ ਅਧਿਐਨ ਕਰਨਾ ਹੁੰਦਾ ਹੈ, ਕਿਉਂਕਿ ਸਾਹਿਤਕਾਰ ਅਤੇ ਸਾਹਿਤਕ ਰਚਨਾ ਦਾ ਸਮੁੱਚਾ ਪਾਸਾਰਾ ਉਸ ਯੁੱਗ ਵਿਸ਼ੇਸ਼ ਦੇ ਵਾਤਾਵਰਣ ਨੂੰ ਦਿੱਖ ਜਾਂ ਅਦਿੱਖ ਰੂਪ ਵਿਚ ਸਾਕਾਰ ਕਰ ਰਿਹਾ ਹੁੰਦਾ ਹੈ।
ਪ੍ਰਸਤੁੱਤ ਪੁਸਤਕ ਸ਼ਾਹ ਮੁਹੰਮਦ : ਜੀਵਨ ਤੇ ਰਚਨਾ ਪੰਜਾਬੀ ਦੇ ਮਹਾਨ ਸ਼ਾਇਰ ਸੰਬੰਧੀ ਵਿਵਰਣ ਪੇਸ਼ ਕਰਦੀ ਹੈ ਜਿਸ ਨੇ ਆਪਣੇ ਵਿਚਾਰਾਂ ਦੀ ਪਰਪੱਕਤਾ ਰਾਹੀਂ ਪਹਿਲੀ ਅੰਗਰੇਜ਼-ਸਿੱਖ ਲੜਾਈ ਨੂੰ ਪੇਸ਼ ਕੀਤਾ। ਉਸ ਦੁਆਰਾ ਰਚਿਤ ਜੰਗਨਾਮੇ ਦੀ ਵੱਡੀ ਦੇਣ ਜਿਥੇ ਇਸ ਦੀ ਇਤਿਹਾਸਕਤਾ ਕਰਕੇ ਹੈ ਉਥੇ ਇਸ ਦੀਆਂ ਕਾਵਿਕ ਜੁਗਤਾਂ ਦੀ ਵਿਸ਼ੇਸ਼ ਅਹਿਮੀਅਤ ਹੈ। ਜਿਸ ਦੁਆਰਾ ਅੰਗਰੇਜ਼ਾਂ, ਸਿੱਖ ਰਾਜ , ਇਤਿਹਾਸ, ਸਮਾਂ, ਸਮਾਜ ਅਤੇ ਸਭਿਆਚਾਰ ਦੇ ਪਰਿਪੇਖ ਵਿਚ ਜੰਗ ਦੀਆਂ ਤ੍ਰਾਸਦਿਕ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਉਸ ਨੇ ਆਪਣੇ ਜੰਗਨਾਮੇ ਵਿਚ ਜਿਹੜੀਆਂ ਵੀ ਘਟਨਾਵਾਂ ਦਾ ਵੇਰਵਾ ਪੇਸ਼ ਕੀਤਾ ਹੈ, ਉਨ੍ਹਾਂ ਘਟਨਾਵਾਂ ਦਾ ਵਰਣਨ ਭਾਵੇਂ ਤਤਕਾਲੀਨ ਇਤਿਹਾਸਕਾਰਾਂ ਦੀਆਂ ਰਚਨਾਵਾਂ ਵਿਚੋਂ ਵੀ ਮਿਲ ਜਾਂਦਾ ਹੈ ਪਰੰਤੂ ਸ਼ਾਹ ਮੁਹੰਮਦ ਨੇ ਜਿਸ ਤਰ੍ਹਾਂ ਇਤਿਹਾਸਿਕ ਘਟਨਾਵਾਂ ਨੂੰ ਇਕ ਲੜੀ ਵਿਚ ਪਰੋਨ ਦਾ ਯਤਨ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹਨ। ਇਸ ਜੰਗਨਾਮੇ ਵਿਚ ਵੱਖ-ਵੱਖ ਘਟਨਾਵਾਂ ਦਾ ਸੰਜਮ ਅਤੇ ਕਲਾਮਈ ਬਿਆਨ ਇਸ ਦੀ ਵਿਸ਼ੇਸ਼ਤਾ ਹੈ। ਵੱਖ-ਵੱਖ ਯੁੱਧਾਂ ਦਾ ਨਿਰਪੱਖਤਾ ਨਾਲ ਕੀਤਾ ਗਿਆ ਵਰਣਨ ਅਤੇ ਇਤਿਹਾਸਿਕ ਘਟਨਾਵਾਂ ਦੀ ਲੜੀ ਦੀ ਲਗਾਤਾਰਤਾ ਇਸ ਜੰਗਨਾਮੇ ਦੀ ਖ਼ੂਬਸੂਰਤੀ ਹੈ।
ਉਪਰੋਕਤ ਤੋਂ ਇਲਾਵਾ ਸ਼ਾਹ ਮੁਹੰਮਦ ਪੰਜਾਬ ਦੀ ਤਤਕਾਲੀਨ ਸਿਆਸਤ ਅਤੇ ਪੰਜਾਬੀ ਲੋਕਮਨ ਨੂੰ ਬਹੁਤ ਨੇੜਿਉਂ ਪਕੜਨ ਦਾ ਯਤਨ ਕਰਦਾ ਹੈ। ਉਹ ਪੰਜਾਬ ਦੇ ਲੋਕ-ਨਾਇਕਾਂ ਜਿਵੇਂ ਦੁੱਲਾ-ਭੱਟੀ, ਜੈਮਲ ਫੱਤਾ, ਮੀਰਦਾਦ ਚੌਹਾਨ ਆਦਿ ਪ੍ਰਤੀ ਵੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। ਇਸ ਤਰ੍ਹਾਂ ਉਹ ਉਸ ਸਮੇਂ ਦੇ ਆਦਿਮ ਭਾਵਾਂ, ਵਿਸ਼ਵਾਸਾਂ ਅਤੇ ਧਾਰਨਾਵਾਂ ਦੀ ਸਹਿਜ ਅਭਿਵਿਅਕਤੀ ਕਰਦਾ ਹੋਇਆ ਇਤਿਹਾਸ, ਅਰਥ-ਇਤਿਹਾਸ ਅਤੇ ਲੋਕ ਸਾਹਿਤ ਵਿਚੋਂ ਪਾਤਰ ਚੁਣ ਕੇ ਮਿੱਥਕ ਵਿਧੀ ਅਤੇ ਮਿੱਥਕ ਰੂੜ੍ਹੀਆਂ ਦੀ ਵਰਤੋਂ ਕਰਦਾ ਹੈ। ਸ਼ਾਹ ਮੁਹੰਮਦ ਨੇ ਪੰਜਾਬੀ ਸਭਿਆਚਾਰ ਦੇ ਵਿਭਿੰਨ ਪੱਖਾਂ ਦਾ ਕਾਵਿਕ-ਰੂਪਾਂਤਰਣ ਬੜੀ ਹੀ ਕਲਾਤਮਕਤਾ ਦੁਆਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸ਼ਾਹ ਮੁਹੰਮਦ ਦੀ ਮੱਧਯੁਗੀ ਚੇਤਨਾ ਦੀ ਝਲਕ ਉਸ ਦੇ ਜੰਗਨਾਮੇ ਦੀ ਹਰ ਸਤਰ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ। ਆਪਣੀ ਇਸ ਮੱਧਯੁਗੀ ਚੇਤਨਾ ਸਦਕਾ ਹੀ ਕਿਧਰੇ-ਕਿਧਰੇ ਉਹ ਔਰਤ ਦੀ ਨਿੰਦਿਆ ਕਰਦਾ ਪ੍ਰਤੀਤ ਹੁੰਦਾ ਹੈ। ਇਥੇ ਉਹ, ਔਰਤ ਦੇ ਪਰੰਪਰਾਗਤ ਰੂਪ ਨੂੰ ਅਪਨਾਉਂਦਾ ਹੋਇਆ ਆਪਣੀ ਚੇਤਨਾ ਦਾ ਪ੍ਰਦਰਸ਼ਨ ਰਾਣੀ ਜਿੰਦ ਕੌਰ ਦੇ ਸੰਦਰਭ ਵਿਚ ਕਰਦਾ ਹੈ। ਅਜਿਹਾ ਕਰਦਿਆਂ ਉਹ ਸਮੁੱਚੀ ਔਰਤ ਜ਼ਾਤ ਪ੍ਰਤੀ ਉਸ ਯੁੱਗ ਦੀ ਮਾਨਸਿਕਤਾ ਨੂੰ ਵੀ ਪ੍ਰਗਟ ਕਰਦਾ ਹੈ ਅਤੇ ਮੱਧਯੁੱਗ ਵਿਚ ਵਿਗਿਆਨਕ ਚੇਤਨਾ ਦੀ ਘਾਟ ਦੇ ਸਿੱਟੇ ਵਜੋਂ ਹਰੇਕ ਘਟਨਾ ਨੂੰ ਹੋਣੀ ਦੇ ਵੱਸ ਵੀ ਕਰ ਦਿੰਦਾ ਹੈ। ਇਹੋ ਕਾਰਨ ਹੈ ਕਿ ਉਹ ਸਿੱਖ ਫ਼ੌਜ ਦੀ ਹਾਰ ਅਤੇ ਅੰਗਰੇਜ਼ ਸਾਮਰਾਜ ਦੀ ਜਿੱਤ ਨੂੰ ਪੂਰਵ-ਨਿਸ਼ਚਿਤ ਹੀ ਨਿਰਧਾਰਤ ਕਰ ਦਿੰਦਾ ਹੈ।
ਸ਼ਾਹ ਮੁਹੰਮਦ ਸਿੱਖ ਫ਼ੌਜ ਦੀ ਸਰਾਹਨਾ ਕਰਦਾ ਹੋਇਆ ਉਸ ਵਿਚ ਫੈਲੀ ਅਰਾਜਕਤਾ ਦਾ ਪ੍ਰਗਟਾਵਾ ਵੀ ਬੜੇ ਯਥਾਰਥਮਈ ਢੰਗ ਨਾਲ ਕਰਦਾ ਹੈ। ਉਸ ਦੀ ਇਕ ਖ਼ੂਬੀ ਇਹ ਵੀ ਹੈ ਕਿ ਉਹ ਆਪਣੇ ਜੰਗਨਾਮੇ ਵਿਚ ਕਿਸੇ ਵਿਸ਼ੇਸ਼ ਫਿਰਕੇ, ਧਰਮ ਜਾਂ ਜ਼ਾਤ ਨੂੰ ਕਿਸੇ ਕਿਸਮ ਦੀ ਵਿਸ਼ੇਸ਼ਤਾ ਜਾਂ ਅਹਿਮੀਅਤ ਨਹੀਂ ਦਿੰਦਾ, ਸਗੋਂ ਉਹ ਆਪਣੀ ਇਸ ਰਚਨਾ ਰਾਹੀਂ ਕੌਮੀ ਜਾਂ ਰਾਸ਼ਟਰੀ ਸ਼ਾਇਰ ਦੇ ਤੌਰ’ਤੇ ਉੱਭਰਦਾ ਹੈ। ਜੰਗਨਾਮੇ ਵਿਚ ਆਏ ਵੇਰਵਿਆਂ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ਼ਾਹ ਮੁਹੰਮਦ ਧਾਰਮਿਕ ਕੱਟੜਤਾ ਦੀਆਂ ਵਲਗਣਾਂ ਨੂੰ ਉਲੰਘਦਾ ਹੋਇਆ ਰਾਸ਼ਟਰੀ ਜਜ਼ਬੇ ਅਧੀਨ ਅੰਗਰੇਜ਼ ਸਾਮਰਾਜ ਦੀ ਪੰਜਾਬ ਉੱਪਰ ਵੱਧ ਰਹੀ ਪਕੜ ਬਾਰੇ ਚਿੰਤਿਤ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਸ਼ਾਹ ਮੁਹੰਮਦ ਪੰਜਾਬੀ ਦਾ ਪਲੇਠਾ ਕਵੀ ਬਣ ਜਾਂਦਾ ਹੈ ਜੋ ਅੰਗਰੇਜ਼ ਸਾਮਰਾਜ ਦੁਆਰਾ ਪੰਜਾਬ ਉੱਪਰ ਕਬਜ਼ਾ ਕਰਨ ਦੀ ਕੂਟਨੀਤੀ ਨੂੰ ਸਮਝ ਕੇ ਇਸ ਦਾ ਪਰਦਾਫਾਸ਼ ਕਰਨ ਦਾ ਯਤਨ ਕਰਦਾ ਹੈ। ਆਪਣੀ ਇਸ ਸੋਚ ਸਦਕਾ ਹੀ ਉਹ ਰਣਜੀਤ ਸਿੰਘ ਦੀ ਬਹਾਦਰੀ ਅਤੇ ਸਰਬ-ਸਾਂਝੀਵਾਲਤਾ ਪ੍ਰਤੀ ਸ਼ਰਧਾਂਜਲੀ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਆਮ ਲੋਕਾਂ ਦੇ ਦਿਲਾਂ ਵਿਚ ਰਣਜੀਤ ਸਿੰਘ ਪ੍ਰਤੀ ਪਿਆਰ ਨੂੰ ਉਹ ਬੜੇ ਹੀ ਭਾਵਨਾਮਈ ਤਰੀਕੇ ਨਾਲ ਪੇਸ਼ ਕਰਦਾ ਹੈ। ਉਪਰੋਕਤ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਹਾਨ ਕਵੀ ਹੋ ਨਿਬੜਿਆ ਹੈ।
ਪ੍ਰਸਤੁੱਤ ਪੁਸਤਕ ਵਿਭਾਗ ਦੇ ਅਧਿਆਪਕ ਲੇਖਕ ਡਾ. ਭੀਮ ਇੰਦਰ ਸਿੰਘ ਵੱਲੋਂ ਲਿਖੀ ਗਈ ਹੈ, ਜਿਸ ਦੇ ਅੰਤਰਗਤ ਸ਼ਾਹ ਮੁਹੰਮਦ ਅਤੇ ਉਸ ਦੇ ਯੁੱਗ ਦਾ ਵਿਭਿੰਨ ਪੱਖਾਂ ਤੋਂ ਅਧਿਐਨ ਕੀਤਾ ਗਿਆ ਹੈ। ਉਸ ਯੁੱਗ ਵਿਸ਼ੇਸ਼ ਦੀ ਇਤਿਹਾਸਿਕ, ਸਿਆਸੀ, ਸਭਿਆਚਾਰਕ ਚੇਤਨਾ ਨੂੰ ਸਾਕਾਰ ਕੀਤਾ ਗਿਆ ਹੈ। ਲੇਖਕ ਵੱਲੋਂ ਜੰਗਨਾਮਾ ਸ਼ਾਹ ਮੁਹੰਮਦ ਦੀ ਸਾਹਿਤਕ ਅਤੇ ਕਲਾਮਈ ਵਿਸ਼ਿਸ਼ਟਤਾ ਨੂੰ ਉਜਾਗਰ ਕਰਦਿਆਂ ਪੰਜਾਬੀ ਜੰਗਨਾਮਾ ਸਾਹਿਤ ਵਿਚ ਸ਼ਾਹ ਮੁਹੰਮਦ ਦੀ ਵਿਲੱਖਣਤਾ ਨੂੰ ਸਾਕਾਰ ਕੀਤਾ ਗਿਆ ਹੈ। ਅੰਤ ਵਿਚ ਲੇਖਕ ਵੱਲੋਂ ਸ਼ਾਹ ਮੁਹੰਮਦ ਦਾ ਮੂਲ-ਪਾਠ ਵੀ ਦਿੱਤਾ ਗਿਆ ਹੈ, ਕਿਉਂਜੋ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦੀ ਟੈਕਸਟ ਵਿਚ ਭਾਸ਼ਾ, ਇਤਿਹਾਸ, ਵਿਆਕਰਣ ਦੀ ਦ੍ਰਿਸ਼ਟੀ ਤੋਂ ਪਾਠ ਭੇਦ ਪਾਏ ਜਾਂਦੇ ਹਨ। ਇਸ ਲਈ ਯਤਨ ਕੀਤਾ ਗਿਆ ਹੈ ਕਿ ਪ੍ਰਵਾਨਿਤ ਅਤੇ ਸ਼ੁੱਧ ਪਾਠ ਨੂੰ ਸੰਕਲਨ ਦਾ ਅਧਾਰ ਬਣਾਇਆ ਜਾਵੇ, ਜਿਸ ਸੰਬੰਧ ਵਿਚ ਵਿਸ਼ੇਸ਼ਗ ਡਾ. ਧਰਮ ਸਿੰਘ ਦੀ ਰਾਇ ਅਨੁਸਾਰ ਦਿਸ਼ਾ-ਨਿਰਦੇਸ਼ ਨੂੰ ਗ੍ਰਹਿਣ ਕੀਤਾ ਗਿਆ ਹੈ। ਵਿਸ਼ੇਸ਼ਗ ਅਨੁਸਾਰ ਲੇਖਕ ਵੱਲੋਂ ਇਸ ਮਹੱਤਵਪੂਰਨ ਵਿਸ਼ੇ ਨੂੰ ਹੁਣ ਤੱਕ ਇਸ ਬਾਰੇ ਹੋਈ ਖੋਜ ਅਤੇ ਅਲੋਚਨਾ ਨੂੰ ਸਮੋਣ ਦਾ ਯਤਨ ਕੀਤਾ ਗਿਆ ਹੈ। ਆਸ ਹੈ ਇਸ ਰਚਨਾ ਦਾ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਵੱਲੋਂ ਭਰਪੂਰ ਸੁਆਗਤ ਹੋਵੇਗਾ।
ਪੰਜਾਬੀ ਸਾਹਿਤ ਅਧਿਐਨ ਵਿਭਾਗ
|
ਅੰਮ੍ਰਿਤਪਾਲ ਕੌਰ (ਡਾ.)
|
ਪੰਜਾਬੀ ਯੂਨੀਵਰਸਿਟੀ, ਪਟਿਆਲਾ
|
ਪ੍ਰੋਫ਼ੈਸਰ ਅਤੇ ਮੁਖੀ
|
ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First