ਸ਼ੈਲੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ੈਲੀ : ਸ਼ੈਲੀ ਇੱਕ ਅਜਿਹਾ ਸੰਕਲਪ ਹੈ ਜਿਸਦੀ ਵਰਤੋਂ ਸਾਹਿਤਿਕ ਆਲੋਚਨਾ ਵਿੱਚ ਬਹੁਤ ਲੰਮੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ। ਪਰ ਇਸ ਦੀ ਸਹੀ-ਸਹੀ ਅਤੇ ਸੁਨਿਸ਼ਚਿਤ ਪਰਿਭਾਸ਼ਾ ਨਹੀਂ ਕੀਤੀ ਜਾ ਸਕੀ। ਵੀਹਵੀਂ ਸਦੀ ਵਿੱਚ ਇਸ ਦੀ ਵਰਤੋਂ ਸ਼ੈਲੀ-ਵਿਗਿਆਨ ਵਿੱਚ ਵੀ ਕੀਤੀ ਗਈ ਹੈ ਅਤੇ ਇਸ ਨੂੰ ਨਿੱਖਰਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਲਈ ਬਹੁਤ ਵਾਰੀ ਸ਼ੈਲੀ-ਵਿਗਿਆਨ ਨੂੰ ਸ਼ੈਲੀ ਦਾ ਅਧਿਐਨ ਹੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਵਿਸਤ੍ਰਿਤ ਤੌਰ ਤੇ ਕਈ ਪ੍ਰਸੰਗਾਂ ਅਤੇ ਅਕਾਦਮਿਕ ਖੇਤਰਾਂ ਵਿੱਚ ਹੁੰਦੀ ਹੈ।
ਸਧਾਰਨ ਰੂਪ ਵਿੱਚ ਸ਼ੈਲੀ ਨੂੰ ਲਿਖਣ ਜਾਂ ਬੋਲਣ ਦੀ ਵਿਧੀ ਕਿਹਾ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਲਿਖਤ ਜਾਂ ਮੌਖਿਕ ਰੂਪ ਵਿੱਚ ਅਭਿਵਿਅਕਤੀ/ਪ੍ਰਗਟਾਵੇ ਦਾ ਢੰਗ/ਨਮੂਨਾ ਹੈ। ਇਸ ਅਰਥ ਵਿੱਚ ਇਸ ਨੂੰ ਕੰਮ ਕਰਨ ਦੇ, ਕੱਪੜੇ ਪਹਿਨਣ ਦੇ, ਵਾਲ ਸੰਵਾਰਨ ਦੇ ਅਤੇ ਹੋਰ ਕਈ ਕਿਰਿਆਵਾਂ ਦੇ ਵਿਲੱਖਣ ਢੰਗ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਲਿਖਤਾਂ ਨੂੰ ਅਸੀਂ ਅਕਸਰ ਹਾਸ-ਰਸ ਸ਼ੈਲੀ, ਸੰਜੀਦਾ ਸ਼ੈਲੀ ਜਾਂ ਮਜਾਹੀਆ ਸ਼ੈਲੀ ਵਿੱਚ ਲਿਖੀਆਂ ਹੋਈਆਂ ਬਿਆਨਦੇ ਹਾਂ। ਕੁਝ ਲੋਕਾਂ ਲਈ ਸ਼ੈਲੀ ਮੁਲੰਕਣ ਦੇ ਅਰਥ ਰੱਖਦੀ ਹੈ। ਇਸੇ ਲਈ ਚੰਗੀ ਜਾਂ ਮਾੜੀ ਸ਼ੈਲੀ ਕਿਹਾ ਜਾਂਦਾ ਹੈ।
ਇਸ ਦਾ ਮਹੱਤਵਪੂਰਨ ਭਾਵ ਅਰਥ ਇਹ ਹੈ ਕਿ ਵੱਖੋ-ਵੱਖ ਸਥਿਤੀਆਂ ਵਿੱਚ ਵੱਖੋ-ਵੱਖ ਸ਼ੈਲੀਆਂ ਸੰਭਵ ਹਨ ਜਾਂ ਇਹ ਕਹਿ ਲਵੋ ਇੱਕੋ ਵਿਸ਼ੇ ਜਾਂ ਘਟਨਾ ਨੂੰ ਵੱਖ-ਵੱਖ ਸ਼ੈਲੀ ਦਿੱਤੀ ਜਾ ਸਕਦੀ ਹੈ। ਕੋਈ ਦੋ ਵਿਅਕਤੀ, ਬਾਵਜੂਦ ਸਾਂਝੀਆਂ ਗੱਲਾਂ ਦੇ, ਹਰ ਕੰਮ ਨੂੰ ਵੱਖ-ਵੱਖ ਸ਼ੈਲੀ ਵਿੱਚ ਕਰਦੇ ਹਨ। ਇਸ ਲਈ ਬੋਲਣ ਜਾਂ ਲਿਖਣ ਪ੍ਰਕਿਰਿਆਵਾਂ ਦੇ ਸੰਦਰਭ ਵਿੱਚ ਵੀ ਸ਼ੈਲੀ ਨੂੰ ਭਾਸ਼ਾ ਦੀ ਵੰਨਗੀ ਜਾਂ ਪ੍ਰਗਟਾ ਰੂਪਾਂ ਵਿੱਚ ਸਮਝਿਆ ਜਾ ਸਕਦਾ ਹੈ। ਇਸ ਤਰ੍ਹਾਂ ਸਮਾਜਿਕ, ਸੱਭਿਆਚਾਰਿਕ, ਖੇਤਰੀ, ਜਮਾਤੀ ਵਰਗ ਜਾਂ ਹੋਰ ਕਾਰਨਾਂ ਕਰ ਕੇ ਭਾਸ਼ਾ ਵਰਤੋਂ ਵਿੱਚ ਆਉਣ ਵਾਲੀ ਭਿੰਨਤਾ ਕਰ ਕੇ ਸ਼ੈਲੀ ਦਾ ਸਿਰਜਣ ਹੁੰਦਾ ਹੈ। ਸ਼ੈਲੀ ਭਿੰਨਤਾ ਉਪਚਾਰਕਿਤਾ ਸਿਰਫ਼ ਸਥਿਤੀ ਪਰਿਵਰਤਨ ਨਾਲ ਹੀ ਪ੍ਰਭਾਵਿਤ ਨਹੀਂ ਹੁੰਦੀ ਸਗੋਂ ਇਹ ਉਪਚਾਰਿਕਤਾ ਦੇ ਪੱਧਰ ਅਤੇ ਵਿਧਾ ਦੇ ਵਖਰੇਵੇਂ ਤੇ ਵੀ ਨਿਰਭਰ ਹੁੰਦੀ ਹੈ। ਜਿਵੇਂ ਅਸੀਂ ਆਮ ਹੀ ਭਾਵੁਕ ਸ਼ੈਲੀ ਜਾਂ ਬਿਰਤਾਂਤਿਕ ਸ਼ੈਲੀ, ਉਪਚਾਰਿਕ ਜਾਂ ਅਨਉਪਚਾਰਿਕ, ਰਸਮੀ ਜਾਂ ਮਨੋਵੇਗੀ, ਕੋਮਲ ਜਾਂ ਖਰ੍ਹਵੀ ਸ਼ੈਲੀ ਦਾ ਜ਼ਿਕਰ ਕਰਦੇ ਹਾਂ। ਇਸ ਤਰ੍ਹਾਂ ਸ਼ੈਲੀ ਨੂੰ ਛੋਟੇ ਵੱਡੇ ਸੰਦਰਭਾਂ ਜਾਂ ਕਾਰਜ ਖੇਤਰਾਂ ਦੀ ਪਿੱਠ-ਭੂਮੀ ਵਿੱਚ ਸਮਝਿਆ ਜਾ ਸਕਦਾ ਹੈ।
ਸ਼ੈਲੀ ਨੂੰ ਵਿਲੱਖਣਤਾ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਤੱਤ ਰੂਪ ਵਿੱਚ ਭਾਸ਼ਾਈ ਤੱਤਾਂ ਦੇ ਜੁੱਟ ਸਮੂਹ, ਜੋ ਕਿ ਲਿਖਤ ਨੂੰ ਵਿਲੱਖਣ ਰੂਪ ਦਿੰਦੇ ਹਨ, ਸ਼ੈਲੀ ਘੜਦੇ ਹਨ।
ਸ਼ੈਲੀਗਤ ਲੱਛਣ ਮੂਲ ਤੌਰ ਤੇ ਭਾਸ਼ਾ ਦੇ ਹੀ ਲੱਛਣ ਹਨ। ਇਸ ਤਰ੍ਹਾਂ ਇੱਕ ਪੱਖੋਂ ਸ਼ੈਲੀ ਅਤੇ ਭਾਸ਼ਾ ਸਮਾਨਾਰਥਕ ਹਨ। ਜਦੋਂ ਅਸੀਂ ਕਿਸੇ ਕਵੀ ਦੀ ਕਵਿਤਾ ਦੀ ਸ਼ੈਲੀ ਬਾਰੇ ਗੱਲ ਕਰਦੇ ਹਾਂ ਤਾਂ ਦਰਅਸਲ ਉਸ ਦੀ ਕਵਿਤਾ ਦੀ ਭਾਸ਼ਾ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ ਜਿਸ ਦਾ ਭਾਵ ਹੈ ਕਿ ਅਸੀਂ ਦੇਖ ਰਹੇ ਹੁੰਦੇ ਹਾਂ ਕਿ ਉਸ ਦੀ ਕਵਿਤਾ ਦੀ ਭਾਸ਼ਾ ਕਿਹੜੇ ਕਾਰਨਾਂ ਕਰ ਕੇ ਵਿਲੱਖਣ ਹੈ।
ਇਹ ਗੱਲ ਸਪਸ਼ਟ ਹੈ ਕਿ ਕੋਈ ਵੀ ਲੇਖਕ ਕਿਸੇ ਸਮੇਂ ਦੀ ਪ੍ਰਚਲਿਤ ਭਾਸ਼ਾ ਵਿੱਚੋਂ ਹੀ ਆਪਣੀ ਸ਼ੈਲੀ ਕੱਢਦਾ ਹੈ ਜਾਂ ਸਿਰਜਦਾ ਹੈ। ਜਿਹੜੀ ਗੱਲ ਸ਼ੈਲੀ ਨੂੰ ਵਿਲੱਖਣ ਬਣਾਉਂਦੀ ਹੈ ਉਹ ਉਸ ਦੁਆਰਾ (ਟਕਸਾਲੀ) ਪ੍ਰਚਲਿਤ ਆਮ ਭਾਸ਼ਾ ਵਿੱਚ ਉਪਲਬਧ ਭਾਸ਼ਾਈ ਤੱਤਾਂ ਵਿੱਚ ਚੋਣ ਅਤੇ ਉਹਨਾਂ ਦੀ ਵੰਡ, ਵਿਸਤਾਰ ਅਤੇ ਤਰਤੀਬ ਹੈ।
ਕੁਝ ਵਿਦਵਾਨ ਸ਼ੈਲੀ ਦੀ ਪਰਿਭਾਸ਼ਾ ਚੋਣ ਤੇ ਵੀ ਆਧਾਰਿਤ ਕਰਦੇ ਹਨ ਅਤੇ ਇਸ ਤਰ੍ਹਾਂ ਸ਼ੈਲੀ ਨੂੰ ਭਾਸ਼ਾ ਵਿੱਚ ਉਪਲਬਧ ਤੱਤਾਂ ਵਿੱਚੋਂ ਇੱਕ ਨੂੰ ਛੱਡ ਕੇ ਦੂਜੀ ਦੀ ਚੋਣ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਰੂਪ, ਭਾਵ ਅਤੇ ਬਣਤਰ ਦੀਆਂ ਲੋੜਾਂ ਅਨੁਸਾਰ ਹੀ ਚੋਣ ਕੀਤੀ ਜਾਂਦੀ ਹੈ।
ਇਸ ਗੱਲ ਦੀ ਆਮ ਤੌਰ ਤੇ ਚਰਚਾ ਹੁੰਦੀ ਹੈ ਕਿ ਸ਼ੈਲੀਗਤ ਚੋਣਾਂ ਕਿਸ ਹੱਦ ਤੱਕ ਅਰਥ ਭਿੰਨਤਾ ਤੇ ਅਸਰ ਕਰਦੀਆਂ ਹਨ। ਜੇ ਕੋਈ ਲੇਖਕ ‘ਸੱਤਾ` (ਰਾਜਨੀਤਿਕ ਤਾਕਤ) ਦੀ ਥਾਂ ‘ਕੁਰਸੀ` ਸ਼ਬਦ ਚੁਣਦਾ ਹੈ ਤਾਂ ਵੇਖਣ ਵਾਲੀ ਗੱਲ ਹੈ ਕਿ ਭਾਵ ਅਰਥ ਦੀ ਕਿਹੋ ਜਿਹੀ ਸੂਖਮਤਾ ਸਾਮ੍ਹਣੇ ਆਉਂਦੀ ਹੈ।
ਕਈ ਲੋਕਾਂ ਵਾਸਤੇ ਸ਼ੈਲੀਗਤ ਅਰਥ ਜਾਂ ਬਦਲਵਾਂ ਅਰਥ ਉਹ ਹੈ ਜੋ ਉਹਨਾਂ ਉਕਤੀਆਂ (propositions) ਨੂੰ ਵਖਰਾਉਂਦਾ ਹੈ ਜੋ ਗਹਿਨ ਪੱਧਰ `ਤੇ ਇਕ ਅਰਥ ਰੱਖਦੀਆਂ ਹਨ ਜਿਵੇਂ :
1. ਮੰਗਲ ਮਰ ਗਿਆ ਹੈ।
2. ਮੰਗਲ ਚੱਲ ਵਸਿਆ ਹੈ।
3. ਮੰਗਲ ਸੁਰਗਵਾਸ ਹੋ ਗਿਆ ਹੈ।
ਪਰੰਤੂ ਇਸ ਦਾ ਅਰਥ ਇਹ ਨਹੀਂ ਕਿ ਹਮੇਸ਼ਾਂ ਹੀ ਅਜਿਹੀ ਚੋਣ ਸੰਭਵ ਹੁੰਦੀ ਹੈ ਜਾਂ ਫਿਰ ਸਿਰਫ਼ ਕੁਝ ਇੱਕ ਚੁਣਾਵੀ ਬਦਲ ਹੀ ਸ਼ੈਲੀ ਨਾਲ ਜੁੜਦੇ ਹਨ। ਸ਼ੈਲੀ ਸਿਰਫ਼ ਸਜਾਵਟੀ ਹੀ ਨਹੀਂ ਹੈ। ਹਰ ਤਰ੍ਹਾਂ ਦੀ ਲਿਖਤ ਸ਼ੈਲੀਗਤ ਹੁੰਦੀ ਹੈ ਕਿਉਂਕਿ ਜਿਸ ਨੂੰ ਅਸੀਂ ਸਹਿਜ ਸ਼ੈਲੀ ਕਹਿੰਦੇ ਹਾਂ ਉਹ ਵੀ ਆਪਣੇ ਆਪ ਵਿੱਚ ਸ਼ੈਲੀ ਹੀ ਹੈ।
ਲੇਖਕ : ਸੁਖਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ਼ੈਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੈਲੀ [ਨਾਂਇ] ਢੰਗ , ਤਰੀਕਾ, ਤਕਨੀਕ, ਜੁਗਤ; ਰੀਤ , ਰਿਵਾਜ , ਰਸਮ; ਵਿਸ਼ੇਸ਼ ਲਿਖਣ ਢੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ੈਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੈਲੀ, (ਸੰਸਕ੍ਰਿਤ) / ਇਸਤਰੀ ਲਿੰਗ : ੧. ਢਬ, ਢੰਗ; ੨. ਤਰਜ਼, ਤਰੀਕਾ; ੩. ਰਸਮ, ਪਰਪਾਟੀ, ਰਵਾਜ, ਰੀਤ; ੪. ਲਿਖਣ ਢੰਗ, ਕਾਵਿ ਰਚਨਾ ਦੀ ਰੀਤੀ, ਖਾਸ ਢੰਗ ਨਾਲ ਸ਼ਬਦ ਅਤੇ ਰਚਨਾ ਦੀ ਵਰਤੋਂ ਕਰਨ ਦਾ ਭਾਵ, ਸਟਾਈਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-13-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First