ਸਾਹਿਬਜ਼ਾਦੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਾਹਿਬਜ਼ਾਦੇ: ‘ਸਾਹਿਬਜ਼ਾਦਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਸਾਧਾਰਣ ਅਰਥ ਹੈ ਬਾਦਸ਼ਾਹ ਦਾ ਪੁੱਤਰ , ਰਾਜਕੁਮਾਰ। ਪਰ ਸਿੱਖ ਭਾਵਨਾ ਅਤੇ ਸਾਹਿਤ ਵਿਚ ਗੁਰੂ-ਪੁੱਤਰਾਂ ਨੂੰ ਵੀ ‘ਸਾਹਿਬਜ਼ਾਦਾ’ ਕਿਹਾ ਜਾਂਦਾ ਹੈ। ਉਂਜ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰਾਂ— ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ , ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ — ਲਈ ਰੂੜ੍ਹ ਹੋ ਚੁਕਿਆ ਹੈ।
ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਜੋ ਮਾਤਾ ਸੁੰਦਰੀ ਦੀ ਕੁੱਖੋਂ ਮਹਾਨ ਕੋਸ਼ ਅਨੁਸਾਰ 23 ਮਾਘ , 1743 ਨੂੰ ਪੈਦਾ ਹੋਏ। ‘ਐਨਸਾਈ- ਕਲੋਪੀਡੀਆ ਆਫ਼ ਸਿਖਿਜ਼ਮ’ ਅਨੁਸਾਰ 26 ਜਨਵਰੀ 1687 ਈ. ਨੂੰ ਇਨ੍ਹਾਂ ਦਾ ਆਗਮਨ ਹੋਇਆ। ਇਨ੍ਹਾਂ ਦਾ ਪਾਲਣ-ਪੋਸ਼ਣ ਮਾਮਾ ਕ੍ਰਿਪਾਲ ਦੀ ਦੇਖ-ਰੇਖ ਵਿਚ ਹੋਇਆ। ਸ਼ਸਤ੍ਰ ਵਿਦਿਆ ਅਤੇ ਰਣਨੀਤੀ ਭਾਈ ਜੀਵਨ ਸਿੰਘ ਅਤੇ ਭਾਈ ਮਹਾਂ ਸਿੰਘ ਤੋਂ ਹਾਸਲ ਕੀਤੀ। ਇਨ੍ਹਾਂ ਨੇ ਇਕ ਹਿੰਦੂ ਇਸਤਰੀ ਨੂੰ ਜਾਬਰ ਖ਼ਾਨ ਪਠਾਣ ਤੋਂ ਮੁਕਤ ਕਰਾਇਆ। ਪਹਾੜੀ ਰਾਜਿਆਂ ਨਾਲ ਲੜੇ ਯੁੱਧਾਂ ਵਿਚ ਇਹ ਆਪਣੇ ਗੁਰੂ-ਪਿਤਾ ਦੇ ਅੰਗ-ਸੰਗ ਰਹੇ। ਇਨ੍ਹਾਂ ਨੇ ਚਮਕੌਰ ਵਿਚ ਅਣਗਿਣਤ ਵੈਰੀਆਂ ਨਾਲ ਯੁੱਧ ਕਰਕੇ ਮਹਾਨ ਕੋਸ਼ ਅਨੁਸਾਰ 8 ਪੋਹ , 1761 ਬਿ. ਨੂੰ ਸ਼ਹਾਦਤ ਦਿੱਤੀ ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 7 ਦਸੰਬਰ 1705 ਈ. ਨੂੰ ਵੀਰ-ਗਤੀ ਪ੍ਰਾਪਤ ਕੀਤੀ। ਉਦੋਂ ਇਨ੍ਹਾਂ ਦੀ ਆਯੂ ਲਗਭਗ ਅਠਾਰ੍ਹਾਂ ਵਰ੍ਹਿਆਂ ਦੀ ਸੀ। ਵੇਖੋ ‘ਅਜੀਤ ਸਿੰਘ, ਸਾਹਿਬਜ਼ਾਦਾ’।
ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸੁਪੁੱਤਰ ਸਨ ਜੋ ਮਹਾਨ ਕੋਸ਼ ਅਨੁਸਾਰ 1747 ਬਿ. ਨੂੰ ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 14 ਮਾਰਚ 1691 ਈ. ਨੂੰ ਮਾਤਾ ਜੀਤੋ ਦੀ ਕੁੱਖੋਂ ਪੈਦਾ ਹੋਏ। ਇਨ੍ਹਾਂ ਨੇ ਵੀ ਵੱਡੇ ਭਰਾ ਬਾਬਾ ਅਜੀਤ ਸਿੰਘ ਵਾਂਗ ਯੁੱਧ ਵਿਦਿਆ ਅਤੇ ਰਣਨੀਤੀ ਭਾਈ ਜੀਵਨ ਸਿੰਘ ਅਤੇ ਭਾਈ ਮਹਾਂ ਸਿੰਘ ਤੋਂ ਪ੍ਰਾਪਤ ਕੀਤੀ। ਚਮਕੌਰ ਦੀ ਜੰਗ ਵਿਚ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਸਹਿਤ ਵੈਰੀਆਂ ਨਾਲ ਜੂਝਦੇ ਹੋਇਆਂ ਮਹਾਨ ਕੋਸ਼ ਅਨੁਸਾਰ 8 ਪੋਹ, 1761 ਬਿ. ਨੂੰ ਸ਼ਹਾਦਤ ਪ੍ਰਾਪਤ ਕੀਤੀ ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 7 ਦਸੰਬਰ 1705 ਈ. ਨੂੰ ਪਰਲੋਕ ਗਮਨ ਕੀਤਾ। ਉਦੋਂ ਇਨ੍ਹਾਂ ਦੀ ਉਮਰ ਲਗਭਗ ਚੌਦਾਂ ਵਰ੍ਹਿਆਂ ਦੀ ਸੀ।
ਬਾਬਾ ਜ਼ੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸੁਪੁੱਤਰ ਸਨ ਜੋ ਮਹਾਨ ਕੋਸ਼ ਅਨੁਸਾਰ ਮਘਰ ਸੁਦੀ 3, 1753 ਬਿ. ਨੂੰ ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 17 ਨਵੰਬਰ 1696 ਈ. ਨੂੰ ਮਾਤਾ ਜੀਤੋ ਦੀ ਕੁੱਖੋਂ ਪੈਦਾ ਹੋਏ। ਵੱਡੇ ਸਾਹਿਬਜ਼ਾਦਿਆਂ ਵਾਂਗ ਇਨ੍ਹਾਂ ਨੂੰ ਵੀ ਬਚਪਨ ਤੋਂ ਸੈਨਿਕ ਸਿਖਿਆ ਦਿੱਤੀ ਗਈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਣ ਉਪਰੰਤ ਸਰਸਾ ਨਦੀ ਵਿਚ ਆਏ ਹੜ੍ਹ ਕਾਰਣ ਇਹ ਗੁਰੂ ਸਾਹਿਬ ਤੋਂ ਨਿਖੜ ਕੇ ਆਪਣੀ ਦਾਦੀ (ਮਾਤਾ ਗੁਜਰੀ) ਅਤੇ ਛੋਟੇ ਭਰਾ ਬਾਬਾ ਫਤਹਿ ਸਿੰਘ ਸਹਿਤ ਗੰਗੂ ਨਾਂ ਦੇ ਬ੍ਰਾਹਮਣ ਰਸੋਈਏ ਨਾਲ ਉਸ ਦੇ ਪਿੰਡ ਖੇੜੀ ਪਹੁੰਚੇ। ਰਸੋਈਏ ਨੇ ਇਨ੍ਹਾਂ ਤੋਂ ਧਨ ਲੁਟ ਕੇ ਪਕੜਵਾ ਦਿੱਤਾ। ਸੂਬਾ ਸਰਹਿੰਦ ਦੇ ਹੁਕਮ ਨਾਲ ਇਨ੍ਹਾਂ ਨੂੰ ਮਹਾਨ ਕੋਸ਼ ਅਨੁਸਾਰ 13 ਪੋਹ, 1761 ਬਿ. ਨੂੰ ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 12 ਦਸੰਬਰ 1705 ਈ. ਨੂੰ ਦੀਵਾਰ ਅੰਦਰ ਜੀਉਂਦਿਆਂ ਚਿਣ ਕੇ ਸ਼ਹੀਦ ਕੀਤਾ ਗਿਆ। ਉਦੋਂ ਇਨ੍ਹਾਂ ਦੀ ਉਮਰ ਲਗਭਗ ਨੌਂ ਸਾਲ ਸੀ।
ਬਾਬਾ ਫਤਹਿ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਜਿਨ੍ਹਾਂ ਦਾ ਜਨਮ ਮਹਾਨ ਕੋਸ਼ ਅਨੁਸਾਰ ਫਗਣ ਸੁਦੀ 7, 1755 ਬਿ. ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 25 ਫਰਵਰੀ 1699 ਈ. ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ। ਇਨ੍ਹਾਂ ਨੂੰ ਵੀ ਵੱਡੇ ਸਾਹਿਬਜ਼ਾਦਿਆਂ ਵਾਂਗ ਸ਼ੁਰੂ ਤੋਂ ਹੀ ਸੈਨਿਕ ਸਿਖਲਾਈ ਦੇ ਨਾਲ ਨਾਲ ਚਰਿਤ੍ਰ-ਨਿਰਮਾਣ ਦੀ ਗੁੜਤੀ ਵੀ ਦਿੱਤੀ ਗਈ। ਇਹ ਵੀ ਬਾਬਾ ਜ਼ੋਰਾਵਰ ਸਿੰਘ ਵਾਂਗ ਆਨੰਦਪੁਰ ਦਾ ਕਿਲ੍ਹਾ ਛਡਣ ਵੇਲੇ ਗੁਰੂ ਜੀ ਤੋਂ ਵਿਛੜ ਗਏ ਅਤੇ ਮਹਾਨ ਕੋਸ਼ ਅਨੁਸਾਰ 13 ਪੋਹ, 1761 ਬਿ. ਅਤੇ ਐਨਸਾਈਕਲੋਡੀਆ ਆਫ਼ ਸਿਖਿਜ਼ਮ ਅਨੁਸਾਰ 12 ਦਸੰਬਰ 1705 ਈ. ਨੂੰ ਸਰਹਿੰਦ ਵਿਚ ਦੀਵਾਰ ਅੰਦਰ ਚਿਣ ਕੇ ਸ਼ਹੀਦ ਕੀਤੇ ਗਏ ਜਿਥੇ ਹੁਣ ਗੁਰਦੁਆਰਾ ਫਤਹਿਗੜ੍ਹ ਸਾਹਿਬ (ਵੇਖੋ) ਹੈ। ਉਦੋਂ ਇਨ੍ਹਾਂ ਦੀ ਉਮਰ ਲਗਭਗ ਸੱਤ ਸਾਲ ਸੀ।
ਸਿੱਖ ਇਤਿਹਾਸ ਵਿਚ ਇਨ੍ਹਾਂ ਸਾਹਿਬਜ਼ਾਦਿਆਂ ਦਾ ਉੱਲੇਖ ਬੜੇ ਸਤਿਕਾਰ ਅਤੇ ਗੌਰਵ ਨਾਲ ਹੁੰਦਾ ਹੈ। ਇਨ੍ਹਾਂ ਦੀ ਸ਼ਹਾਦਤ ਨਾਲ ਸੰਬੰਧਿਤ ਤਿਥੀਆਂ’ਤੇ ਚਮਕੌਰ ਸਾਹਿਬ (ਵੇਖੋ) ਅਤੇ ਫਤਹਿਗੜ੍ਹ ਸਾਹਿਬ (ਵੇਖੋ) ਵਿਚ ਤਿੰਨ ਤਿੰਨ ਦਿਨ ਸਭਾ ਲਗਦੀ ਹੈ। ਇਨ੍ਹਾਂ ਸਭਾਵਾਂ ਦਾ ਮੂਲ ਉਦੇਸ਼ ਭਾਵੇਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸਿੱਖ ਅਨੁਯਾਈਆਂ ਦੇ ਮਨ ਵਿਚ ਧਰਮ ਲਈ ਨਿਛਾਵਰ ਹੋਣ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ, ਪਰ ਹੁਣ ਇਹ ਸਭਾਵਾਂ ਮੇਲਿਆਂ ਅਤੇ ਰਾਜਨੈਤਿਕ ਕਾਨਫ੍ਰੰਸਾਂ ਦਾ ਰੂਪ ਧਾਰਣ ਕਰਦੀਆਂ ਜਾ ਰਹੀਆਂ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First