ਸੰਗਰੂਰ ਵਾਲੀ ਬੀੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੰਗਰੂਰ ਵਾਲੀ ਬੀੜ: ‘ਦਸਮ ਗ੍ਰੰਥ ’ ਦੀ ਇਹ ਪੁਰਾਤਨ ਬੀੜ ਗੁਰਦੁਆਰਾ ਡਿਓਡੀ ਸਾਹਿਬ, ਦੀਵਾਨਖ਼ਾਨਾ, ਸੰਗਰੂਰ ਵਿਚ ਸਥਾਪਿਤ ਸੀ। ਸੰਨ 1960 ਈ. ਵਿਚ ਇਸ ਗੁਰਦੁਆਰੇ ਦੇ ਗ੍ਰੰਥੀ ਭਾਈ ਨੰਦਨ ਸਿੰਘ ਨੇ ਪ੍ਰਸਤੁਤ ਲੇਖਕ ਨੂੰ ਇਕ ਭੇਂਟ ਵਿਚ ਦਸਿਆ ਕਿ ਜੀਂਦ ਦੇ ਰਾਜਾ ਸਰੂਪ ਸਿੰਘ (ਸੰਨ 1837-64 ਈ.) ਸੰਨ 1857 ਈ. ਦੇ ਗ਼ਦਰ ਵੇਲੇ ਅੰਗ਼ੇਜ਼ ਸਰਕਾਰ ਦੀ ਮਦਦ ਲਈ ਦਿੱਲੀ ਗਏ ਸਨ। ਦਿੱਲੀ ਦੇ ਜਿਤੇ ਜਾਣ ਤੋਂ ਬਾਦ ਇਕ ਪਠਾਨ ਨੇ ਰਾਜਾ ਸਾਹਿਬ ਨੂੰ ਇਕ ਗੁਰਜ , ਇਕ ਖੜਗ , ਇਕ ਕਟਾਰ ਅਤੇ ਦੋ ਗ੍ਰੰਥ ਭੇਂਟ ਕੀਤੇ। ਇਨ੍ਹਾਂ ਦੋਹਾਂ ਗ੍ਰੰਥਾਂ ਵਿਚੋਂ ਇਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਜਿਸ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ , ਜੀਂਦ ਨਗਰ ਵਿਚ ਸਥਾਪਿਤ ਕਰਵਾਇਆ ਗਿਆ, ਪਰ ਅਣਗਹਿਲੀ ਕਰਕੇ ਉਸ ਨੂੰ ਦੀਮਕ ਲਗ ਗਈ ਅਤੇ ਅੰਤ ਵਿਚ ਉਸ ਨੂੰ ਜਲ-ਪ੍ਰਵਾਹਿਤ ਕਰ ਦਿੱਤਾ ਗਿਆ। ਦੂਜਾ ਗ੍ਰੰਥ ‘ਦਸਮ- ਗ੍ਰੰਥ’ ਦੀ ਬੀੜ ਸੀ ਜਿਸ ਨੂੰ ਰਾਜਾ ਸਾਹਿਬ ਨੇ ਸੰਗਰੂਰ ਦੇ ਦੀਵਾਨਖ਼ਾਨੇ ਦੇ ਗੁਰਦੁਆਰੇ ਵਿਚ ਸਥਾਪਿਤ ਕਰਵਾਇਆ ਅਤੇ ਜੋ ਉਥੇ ਹੀ ਸਥਾਪਿਤ ਰਹੀ। ਇਹ ਦੋਵੇਂ ਗ੍ਰੰਥ ਇਕ ਵੱਡੇ ਗ੍ਰੰਥ ਦੇ ਹੀ ਦੋ ਹਿੱਸੇ ਸਨ। ਪਹਿਲੇ ਹਿੱਸੇ (ਆਦਿ-ਗ੍ਰੰਥ) ਦੀ ਪੰਨਾ-ਸੰਖਿਆ 1 ਤੋਂ 600 ਤਕ ਹੈ ਅਤੇ ਦੂਜੇ ਹਿੱਸੇ (ਦਸਮ-ਗ੍ਰੰਥ) ਦੀ ਪੰਨਾ-ਗਿਣਤੀ 601 ਤੋਂ 1166 ਤਕ ਹੈ। ਦੂਜੇ ਹਿੱਸੇ ਦਾ ਸੁਤੰਤਰ ਸੰਖਿਆ ਅੰਕ 1 ਤੋਂ 565 ਤਕ ਵੀ ਚਲਦਾ ਹੈ।
ਕਾਗ਼ਜ਼ ਦੀ ਪੁਰਾਤਨਤਾ, ਅੱਖਰਾਂ ਦਾ ਸਰੂਪ, ਮਾਤ੍ਰਾਵਾਂ ਦੀ ਬਨਾਵਟ ਆਦਿ ਤੱਥ ਇਸ ਬੀੜ ਨੂੰ ਦੋ ਸੌ ਵਰ੍ਹਿਆਂ ਤੋਂ ਅਧਿਕ ਪ੍ਰਾਚੀਨ ਸਿੱਧ ਕਰਦੇ ਹਨ। ਹਰ ਬਾਣੀ ਜਾਂ ਰਚਨਾ ਦੇ ਮੁਢਲੇ ਅਤੇ ਅੰਤਲੇ ਪੰਨਿਆਂ ਉਤੇ ਸੁੰਦਰ ਚਿਤਰਕਾਰੀ ਕੀਤੀ ਹੋਈ ਹੈ। ਇਸ ਦੇ ਪੰਨਿਆਂ ਦਾ ਹਾਸ਼ੀਆ ਇਕ ਇੰਚ ਚੌੜਾ ਹੈ ਅਤੇ ਉਸ ਵਿਚ ਭਿੰਨ ਭਿੰਨ ਰੰਗਾਂ ਅਤੇ ਨਮੂਨਿਆਂ ਵਾਲੀਆਂ ਵੇਲਾਂ ਬਣੀਆਂ ਹੋਈਆਂ ਹਨ। ਇਸ ਦੀ ਜਿਲਦ ਬਹੁਤ ਪੁਰਾਣੀ ਹੈ ਅਤੇ ਲਕੜੀ ਅਤੇ ਚਮੜੇ ਦੀ ਬਣੀ ਹੋਈ ਹੈ। ਟੁਟ ਜਾਣ’ਤੇ ਫਿਰ ਤੋਂ ਇਸ ਨੂੰ ਲੋਹੇ ਦੀਆਂ ਪੱਤਰੀਆਂ ਲਗਾ ਕੇ ਪੱਕਾ ਕੀਤਾ ਗਿਆ ਹੈ। ਬੀੜ ਦੀ ਸਮੁੱਚੀ ਹਾਲਤ ਚੰਗੀ ਹੈ।
ਡਾ. ਧਰਮਪਾਲ ਅਸ਼ਟਾ ਨੇ ਆਪਣੀ ਪੁਸਤਕ ‘ਦਾ ਪੋਇਟ੍ਰੀ ਆਫ਼ ਦਾ ਦਸਮ ਗ੍ਰੰਥ’ ਵਿਚ ਮੰਨਿਆ ਹੈ ਕਿ ਇਹ ਬੀੜ ਭਾਈ ਸੀਹਾਂ ਸਿੰਘ ਨੇ ਮਾਤਾ ਸੁੰਦਰੀ ਦੀ ਨਿਗਰਾਨੀ ਵਿਚ ਦਿੱਲੀ ਵਿਖੇ ਤਿਆਰ ਕੀਤੀ ਸੀ ਅਤੇ ਇਸ ਵਿਚ ਸੰਕਲਿਤ ਬਾਣੀਆਂ ਉਹੀ ਹਨ ਜੋ ਭਾਈ ਮਨੀ ਸਿੰਘ ਨੇ ਝੰਡਾ ਸਿੰਘ ਹੱਥੀਂ ਭੇਜੀਆਂ ਸਨ। ਇਹ ਅਤੇ ਭਾਈ ਮਨੀ ਸਿੰਘ ਦੀ ਬੀੜ ਇਕ ਸਮਾਨ ਹਨ ਅਤੇ ਦੋਹਾਂ ਦਾ ਆਰੰਭ ‘ਆਦਿ-ਗ੍ਰੰਥ ’ ਦੀ ਬਾਣੀ ਤੋਂ ਹੁੰਦਾ ਹੈ। ਪਰ ਸਾਡੀ ਖੋਜ ਅਨੁਸਾਰ ਇਹ ਦੋਵੇਂ ਬੀੜਾਂ ਸਮਾਨ ਨਹੀਂ ਹਨ ਕਿਉਂਕਿ ਭਾਈ ਮਨੀ ਸਿੰਘ ਵਾਲੀ ਬੀੜ ‘ਆਦਿ-ਗ੍ਰੰਥ’ ਅਤੇ ‘ਦਸਮ- ਗ੍ਰੰਥ’ ਦੋਹਾਂ ਦਾ ਮਿਲਵਾਂ ਰੂਪ ਹੈ ਅਤੇ ਰਾਗਾਂ ਦੀ ਥਾਂ ਬਾਣੀਕਾਰਾਂ ਅਨੁਸਾਰ ਬਾਣੀਆਂ ਦਾ ਸੰਕਲਨ ਹੋਇਆ ਹੈ। ਪਰ ਇਸ ਬੀੜ ਦੇ ਜੀਂਦ ਵਾਲੇ ਆਕਾਰ ਵਿਚ ‘ਆਦਿ-ਗ੍ਰੰਥ’ ਦੀ ਸਾਰੀ ਬਾਣੀ ਉਸੇ ਤਰ੍ਹਾਂ ਸੰਕਲਿਤ ਹੈ ਜਿਵੇਂ ‘ਆਦਿ- ਗ੍ਰੰਥ’ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇਸ ਤੋਂ ਇਲਾਵਾ ਇਸ ਗ੍ਰੰਥ ਦੇ ਦੂਜੇ ਆਕਾਰ ਵਿਚ ‘ਦਸਮ-ਗ੍ਰੰਥ ’ ਦੀਆਂ ਬਾਣੀਆਂ ਦਾ ਕ੍ਰਮ ਭਾਈ ਮਨੀ ਸਿੰਘ ਵਾਲੀ ਬੀੜ ਨਾਲ ਮੇਲ ਨਹੀਂ ਖਾਂਦਾ। ‘ਕ੍ਰਿਸ਼ਨਾਵਤਾਰ’ ਦਾ ਭਿੰਨ ਵਸਤੂ- ਵਿਧਾਨ , ਪਾਰਸ ਨਾਥ, ਵਾਰ ਦੁਰਗਾ ਕੀ , ਚੰਡੀ ਚਰਿਤ੍ਰ (ਦੂਜਾ) ਆਦਿ ਬਾਣੀਆਂ ਦਾ ਉਕਾ ਹੀ ਨ ਹੋਣਾ, ਦੱਤਾਵਤਾਰ ਦਾ ਅਪੂਰਣ ਹੋਣਾ ਅਤੇ ਸੰਸਾਹਰ ਸੁਖਮਨਾ , ਵਾਰ ਮਾਲਕੌਂਸ ਕੀ, ਛੱਕਾ ਭਗੌਤੀ ਜੀ ਕਾ , ਅਸਫੋਟਕ ਕਬਿਤ ਆਦਿ ਬਾਣੀਆਂ ਦਾ ਅਧਿਕ ਹੋਣਾ ਆਦਿ ਤੱਥ ਇਸ ਅਤੇ ਭਾਈ ਮਨੀ ਸਿੰਘ ਵਾਲੀ ਬੀੜ ਨੂੰ ਇਕ-ਸਮਾਨ ਸਿੱਧ ਨਹੀਂ ਕਰਦੇ। ਇਸ ਲਈ ਡਾ. ਅਸ਼ਟਾ ਦਾ ਮਤ ਠੀਕ ਨਹੀਂ ਹੈ। ਇਸ ਦਾ ਕਿਸੇ ਇਤਿਹਾਸ ਗ੍ਰੰਥ ਵਿਚ ਵੀ ਉਲੇਖ ਨਹੀਂ ਮਿਲਦਾ।
ਇਸ ਬੀੜ ਵਿਚ ਅਗੇ ਲਿਖੇ ਅਨੁਸਾਰ ਬਾਣੀਆਂ /ਰਚਨਾਵਾਂ ਸੰਕਲਿਤ ਹੋਈਆਂ ਹਨ— (1) ਜਾਪੁ, (2) ਸਸਤ੍ਰ ਨਾਮ ਮਾਲਾ , (3) ਅਕਾਲ ਉਸਤਤਿ , (4) ਬਚਿਤ੍ਰ ਨਾਟਕ , (5) ਚੰਡੀ ਚਰਿਤ੍ਰ-੧ , (6) ਚੌਬੀਸ ਅਵਤਾਰ , (7) ਬ੍ਰਹਮਾਵਤਾਰ, (8) ਰੁਦ੍ਰਾਵਤਾਰ, (9) ਗਿਆਨ ਪ੍ਰਬੋਧ , (10) ਚਰਿਤ੍ਰੋਪਾਖਿਆਨ , (11) ਸੰਸਾਹਰ ਸੁਖਮਨਾ, (12) ਵਾਰ ਮਾਲਕੌਂਸ ਕੀ, (13) ਛਕਾ ਭਗੌਤੀ ਜੀ ਕਾ, (14) ਬਿਸਨ- ਪਦੇ , (15) ਜ਼ਫ਼ਰਨਾਮਾ (ਗੁਰਮੁਖੀ ਅਤੇ ਫ਼ਾਰਸੀ ਲਿਪੀ), (16) ਸਵੈਯੇ 33, (17) ਅਸਫੋਟਕ ਕਬਿਤ ਅਤੇ (18) ਸਿਰਲੇਖ ਤੋਂ ਬਿਨਾ ਕੁਝ ਪਦ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First