ਸੰਭਾਵਕ ਸੰਚਾਲਕ ਕਿਰਿਆ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸੰਭਾਵਕ ਸੰਚਾਲਕ ਕਿਰਿਆ: ਕਿਰਿਆ ਵਾਕੰਸ਼ ਦੀ ਬਣਤਰ ਵਿਚ ਇਕ ਤੋਂ ਲੈ ਕੇ ਪੰਜ ਕਿਰਿਆ ਰੂਪ ਵਿਚਰ ਸਕਦੇ ਹਨ। ਇਨ੍ਹਾਂ ਪੰਜਾਂ ਦਾ ਆਪੋ ਆਪਣਾ ਵਿਚਰਨ ਸਥਾਨ ਅਤੇ ਕਾਰਜ ਹੁੰਦਾ ਹੈ। ਕਿਰਿਆ ਵਾਕੰਸ਼ ਵਿਚ ਵਿਚਰਨ ਵਾਲੀਆਂ ਕਿਰਿਆਵਾਂ ਨੂੰ ਮੁੱਖ, ਸਹਾਇਕ ਅਤੇ ਸੰਚਾਲਕ ਵਿਚ ਵੰਡਿਆ ਜਾਂਦਾ ਹੈ। ਮੁੱਖ ਕਿਰਿਆ ਦਾ ਸਥਾਨ ਪਹਿਲਾ ਹੁੰਦਾ ਹੈ ਜਦੋਂ ਕਿ ਸਹਾਇਕ ਕਿਰਿਆ ਆਮ ਤੌਰ ’ਤੇ ਵਾਕੰਸ਼ ਦੇ ਅੰਤ ’ਤੇ ਵਿਚਰਦੀ ਹੈ। ਅਰਥ ਜਾਂ ਕਾਰਜ ਦੀ ਦਰਿਸ਼ਟੀ ਤੋਂ ਸੰਚਾਲਕ ਕਿਰਿਆਵਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : ਮੁੱਢਲੀ, ਗਤੀਵਾਚਕ, ਕਰਮਵਾਚੀ ਅਤੇ ਸੰਭਾਵਕ। ਸੰਚਾਲਕ ਕਿਰਿਆਵਾਂ ਦੀ ਵੰਡ ਅਤੇ ਸਥਾਪਤੀ ਦੇ ਦੋ ਅਧਾਰ ਹਨ : ਕਿਰਿਆ ਦਾ ਰੂਪ ਅਤੇ ਕਿਰਿਆ ਦਾ ਵਿਚਰਨ ਸਥਾਨ। ਅਰਥ ਪੱਖ ਤੋਂ ਸੰਭਾਵਕ ਸੰਚਾਲਕ ਕਿਰਿਆ ਰਾਹੀਂ ਵਾਕੰਸ਼\ਵਾਕ ਵਿਚ ਹੋਣ ਵਾਲੇ ਕੰਮ ਦੀ ਸੰਭਾਵਨਾ ਦਾ ਪਤਾ ਚਲਦਾ ਹੈ। ਇਕ ਸੰਚਾਲਕ ਕਿਰਿਆ ਦਾ ਵਾਕੰਸ਼ ਦੀ ਬਣਤਰ ਅੰਦਰ ਉਸ ਸਥਿਤੀ ਦਾ ਪ੍ਰਯੋਗ ਹੁੰਦਾ ਹੈ ਜਦੋਂ ਘੱਟੋ ਘੱਟ ਇਕ ਹੋਰ ਸੰਚਾਲਕ ਕਿਰਿਆ ਵਰਤੀ ਗਈ ਹੋਵੇ। ਇਸ ਕਿਰਿਆ ਦੇ ਛੇ ਕਿਰਿਆ ਰੂਪ ਮੈਂਬਰ ‘ਸਕ, ਚੁਕ, ਦਸ, ਹੋ, ਕਰ ਅਤੇ ਦਿਸ’ ਹਨ। ਇਹ ਕਿਰਿਆ ਰੂਪ ਜਾਂ ਤਾਂ ਧਾਤੂ ਰੂਪ ਵਿਚ ਵਿਚਰਦੇ ਹਨ ਜਾਂ ਇਨ੍ਹਾਂ ਦਾ ਰੂਪ ‘-ਦਾ, -ਇਆ, -ਉ, -ਊ, -ਏ ਅਤੇ -ਏਆ’ ਅੰਤਕ ਹੁੰਦਾ ਹੈ। ‘ਹੋ’ ਮੈਂਬਰ ਸਿਰਫ ‘-ਦਾ ਅਤੇ -ਇਆ’ ਅੰਤਕ ਹੁੰਦਾ ਹੈ। ਵਿਚਰਨ ਸਥਾਨ ਦੇ ਪੱਖ ਤੋਂ ਇਸ ਕਿਰਿਆ ਦੇ ਮੈਂਬਰ ਵਾਕੰਸ਼ ਦੇ ਅੰਤ ’ਤੇ ਵਿਚਰ ਸਕਦੇ ਹਨ ਪਰ ਜੇ ਸਹਾਇਕ ਕਿਰਿਆ ਵਾਕੰਸ਼ ਵਿਚ ਨਾ ਵਿਚਰ ਰਹੀ ਹੋਵੇ। ਇਸ ਉਪ-ਸ਼ਰੇਣੀ ਦੇ ਮੈਂਬਰ ਬਾਕੀ ਸੰਚਾਲਕ ਕਿਰਿਆਵਾਂ ਤੋਂ ਪਿਛੋਂ ਵਿਚਰਦੇ ਹਨ, ਜਿਵੇਂ : ਕਈ ਕੰਮ ਕੀਤੇ ਜਾ ਸਕਦੇ ਹਨ (ਮੁੱਖ+ਮੁੱਢਲੀ+ਸੰਭਾਵਕ+ਸਹਾਇਕ ਕਿਰਿਆ) ਕਈ ਕੰਮ ਨਹੀਂ ਕੀਤੇ ਜਾ ਸਕਦੇ (ਮੁੱਖ+ਮੁੱਢਲੀ+ਸੰਭਾਵਕ ਸੰਚਾਲਕ ਕਿਰਿਆ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First