ਸੰਮੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਮੀ : ਔਰਤਾਂ ਦੇ ਨੱਚਣ ਵਾਲਾ ਸਾਂਦਲ ਬਾਰ (ਅੱਜ-ਕੱਲ੍ਹ ਪਾਕਿਸਤਾਨ) ਦੇ ਇਲਾਕੇ ਦਾ ਇੱਕ ਪ੍ਰਾਚੀਨ ਤੇ ਹਰਮਨਪਿਆਰਾ ਲੋਕ-ਨਾਚ ਸੰਮੀ ਹੈ। ਇਹ ਲੋਕ-ਨਾਚ ਪ੍ਰੇਮ, ਪਿਆਰ, ਵਿਛੋੜੇ ਅਤੇ ਹਰ ਖ਼ੁਸ਼ੀ ਦੇ ਮੌਕੇ ਨੱਚਿਆ ਜਾਂਦਾ ਹੈ। ਇਸ ਨਾਚ ਵਿੱਚ ਜਿੱਥੇ ਔਰਤਾਂ ਦੇ ਦੱਬੇ ਅਰਮਾਨ ਤੇ ਭਾਵਨਾਵਾਂ ਦੀ ਪੇਸ਼ਕਾਰੀ ਹੁੰਦੀ ਹੈ ਉੱਥੇ ਸਮਾਜਿਕ, ਧਾਰਮਿਕ, ਮਿਥਿਹਾਸਿਕ ਸੰਕੇਤ ਵੀ ਮਿਲਦੇ ਹਨ। ਇਸ ਤੋਂ ਇਲਾਵਾ ਇਸ ਲੋਕ-ਨਾਚ ਵਿੱਚ ਪੰਛੀਆਂ, ਦਰਖ਼ਤਾਂ, ਜਾਨਵਰਾਂ ਆਦਿ ਦਾ ਜ਼ਿਕਰ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਔਰਤਾਂ ਦੇ ਸਰਬਾਂਗੀ ਜੀਵਨ ਚਿੱਤਰ ਨੂੰ ਪੇਸ਼ ਕਰਨ ਵਾਲੇ ਇਸ ਨਾਚ ਨੂੰ ‘ਮੁਹੱਬਤ ਦਾ ਨਾਚ` ਵੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਸੰਮੀ ਆਪਣੇ ਢੋਲੇ ਦੇ ਇਸ਼ਕ ਵਿੱਚ ਇੱਕ ਰਸ ਹੋ ਕੇ ਇਹ ਨਾਚ ਨੱਚਿਆ ਕਰਦੀ ਸੀ। ਇਸ ਨਾਚ ਨੂੰ ਨੱਚਣ ਵਾਲੀਆਂ ਔਰਤਾਂ ਜਾਂ ਮੁਟਿਆਰਾਂ ਦੀ ਹਰ ਅਦਾ ਇੱਕ ਸ਼ੋਖ਼ ਤੇ ਚੰਚਲ ਜਿਹਾ ਨਖ਼ਰਾ ਹੁੰਦੀ ਹੈ, ਜਿਸ ਵਿੱਚ ਪ੍ਰੇਮੀ ਲਈ ਕੋਈ ਨਾ ਕੋਈ ਸੁਨੇਹਾ ਜਾਂ ਸੈਨਤ ਹੁੰਦੀ ਹੈ। ਭਾਵੇਂ ਇਸ ਨਾਚ ਵਿੱਚ ਢੋਲ ਤੇ ਘੜੇ ਆਦਿ ਸਾਜ਼ਾਂ ਦੀ ਵਰਤੋਂ ਹੋਣ ਲੱਗ ਪਈ ਹੈ ਪਰ ਪਹਿਲੇ ਸਮਿਆਂ ਵਿੱਚ ਨੱਚਣ ਵਾਲੀਆਂ ਔਰਤਾਂ ਚੁਟਕੀਆਂ, ਤਾੜੀਆਂ ਅਤੇ ਗੀਤਾਂ ਰਾਹੀਂ ਹੀ ਰਸ, ਤਾਲ ਅਤੇ ਲੈਅ ਸਿਰਜ ਲੈਂਦੀਆਂ ਸਨ। ਵਿਦਵਾਨ ਇਸ ਨਾਚ ਨੂੰ ਔਰਤਾਂ ਦੇ ਅੰਗਾਂ ਦੀਆਂ ਸੈਨਤਾਂ ਦਾ ਨਾਚ ਕਹਿੰਦੇ ਹਨ।

     ਸੰਮੀ ਲੋਕ-ਨਾਚ ਭਾਵੇਂ ਪਾਕਿਸਤਾਨੀ ਪੰਜਾਬ ਦੀਆਂ ਬਾਰਾਂ ਵਿੱਚ ਹੀ ਵਧੇਰੇ ਪ੍ਰਸਿੱਧ ਸੀ ਪਰ ਵੰਡ ਸਮੇਂ (1947) ਪੱਛਮੀ ਪੰਜਾਬ ਦੇ ਜੋ ਲੋਕ ਪੂਰਬੀ ਪੰਜਾਬ ਵਿੱਚ ਆਏ, ਉਹ ਆਪਣੇ ਨਾਲ ਇਸ ਨਾਚ ਨੂੰ ਵੀ ਲੈ ਆਏ। ਇਸ ਕਾਰਨ ਇਹ ਨਾਚ ਭਾਰਤੀ ਪੰਜਾਬ ਵਿੱਚ ਵੀ ਪ੍ਰਚਲਿਤ ਹੋ ਗਿਆ। ਭਾਵੇਂ ਇਸ ਨਾਚ ਨੂੰ ਔਰਤਾਂ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਦੀਆਂ ਹਨ ਪਰ ਇਸ ਦੀਆਂ ਮੁਦਰਾਵਾਂ ਤੇ ਅੰਗ ਲਹਿਰੀਆਂ ਗਿੱਧੇ ਵਾਂਗ ਬੱਝਵੀਆਂ ਨਹੀਂ ਹਨ। ਇਹੋ ਕਾਰਨ ਹੈ ਕਿ ਇਸ ਨਾਚ ਦੀਆਂ ਵੱਖ-ਵੱਖ ਭੂ- ਖੇਤਰਾਂ ਵਿੱਚ ਵਿਭਿੰਨ ਵੰਨਗੀਆਂ ਪ੍ਰਚਲਿਤ ਹਨ। ਪੱਛਮੀ ਪੰਜਾਬ ਦੇ ਜਿਹੜੇ ਖੇਤਰਾਂ ਵਿੱਚ ਮਰਦਾਂ ਦਾ ਝੂਮਰ ਨਾਚ ਪ੍ਰਸਿੱਧ ਹੋਇਆ। ਉਹਨਾਂ ਖੇਤਰਾਂ ਵਿੱਚ ਹੀ ਔਰਤਾਂ ਦਾ ਸੰਮੀ ਨਾਚ ਪ੍ਰਚਲਿਤ ਰਿਹਾ ਹੈ। ਇਹੋ ਕਾਰਨ ਹੈ ਕਿ ਨਾਚ ਅਦਾਵਾਂ ਦੇ ਪੱਖ ਤੋਂ ਸੰਮੀ ਤੇ ਝੂਮਰ ਨਾਚ ਇੱਕ ਦੂਜੇ ਨਾਲ ਮਿਲਦੇ-ਜੁਲਦੇ ਹਨ। ਇਹਨਾਂ ਨਾਚਾਂ ਦੇ ਨਾਚ- ਗੀਤਾਂ ਵਿੱਚ ਵੀ ਕਾਫ਼ੀ ਸਮਾਨਤਾ ਹੈ। ਔਰਤਾਂ ਦੇ ਬਾਕੀ ਨਾਚਾਂ ਵਾਂਗ ਸੰਮੀ ਵਿੱਚ ਵੀ ਕੁਝ ਵਾਰਤਾਲਾਪੀ ਕਿਸਮ ਦੇ ਗੀਤ ਹੁੰਦੇ ਹਨ, ਭਾਵੇਂ ਕਿ ਨਿਭਾਓ ਦੀ ਪੱਧਰ `ਤੇ ਇਹਨਾਂ ਵਿੱਚ ਵੱਖਰਾਪਨ ਮੌਜੂਦ ਹੁੰਦਾ ਹੈ। ਨੱਚਣ ਵਾਲੀਆਂ ਔਰਤਾਂ ਆਪਣੇ ਇਲਾਕੇ ਦੇ ਲੋਕ-ਗੀਤਾਂ ਨੂੰ ਵੀ ਪ੍ਰਸਤੁਤ ਕਰ ਲੈਂਦੀਆਂ ਹਨ। ਪਰ ਅਜਿਹਾ ਕਰਨ ਸਮੇਂ ਸੰਮੀ ਨਾਚ ਦੇ ਵਿਲੱਖਣ ਪਛਾਣ-ਚਿੰਨ੍ਹਾਂ ਵਾਲੀਆਂ ਮੁਦਰਾਵਾਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਸੰਮੀ ਨਾਚ ਸਮੇਂ ਗਾਏ ਜਾਣ ਵਾਲੇ ਗੀਤ ਬਣਤਰ ਦੇ ਪੱਖ ਤੋਂ ਕੁਝ ਵੱਖਰੇ ਪਰ ਸੰਮੀ ਦੇ ਤਾਲ ਦੇ ਅਨੁਕੂਲ ਹੁੰਦੇ ਹਨ। ਇਹਨਾਂ ਗੀਤਾਂ ਵਿੱਚ ਹਰ ਸਤਰ, ਹਰ ਪੰਕਤੀ ਅਤੇ ਹਰ ਅੰਤਰੇ `ਤੇ ਦੋ ਸਥਾਈਆਂ ਦਾ ਜੋੜ ਹੁੰਦਾ ਹੈ। ਪਹਿਲੀ ਸਥਾਈ ‘ਸੰਮੀ ਮੇਰੀ ਵਣ` ਪੰਕਤੀ ਦੇ ਅਰੰਭ ਵਿੱਚ ਹੁੰਦੀ ਹੈ ਅਤੇ ਦੂਸਰੀ ‘ਵਣ ਸੰਮੀਆਂ` ਪੰਕਤੀ ਅਖੀਰ ਵਿੱਚ ਗਾਈ ਜਾਂਦੀ ਹੈ। ਗੀਤ ਦੀ ਮੂਲ ਭਾਵਨਾ ਅੰਤਰੇ ਵਿੱਚ ਹੀ ਸ਼ਾਮਲ ਹੁੰਦੀ ਹੈ। ਨੱਚਣ ਵਾਲੀਆਂ ਔਰਤਾਂ ਗੀਤ ਗਾਉਂਦੀਆਂ ਹੋਈਆਂ ਇੱਕ ਚੱਕਰ ਵਿੱਚ ਘੁੰਮਦੀਆਂ ਜਾਂਦੀਆਂ ਹਨ। ਸੰਮੀ ਨਾਚ ਵਿੱਚ ਬ੍ਰਿਹਾ ਦੀ ਭਾਵਨਾ ਵਧੇਰੇ ਦ੍ਰਿਸ਼ਟੀਗੋਚਰ ਹੁੰਦੀ ਹੈ। ਉਦਾਹਰਨ ਲਈ ਸੰਮੀ ਦੇ ਹੇਠ ਲਿਖੇ ਬੋਲ ਵੇਖੇ ਜਾ ਸਕਦੇ ਹਨ:

ਸੰਮੀ ਮੇਰੀ ਵਣ, ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏਂ!

ਸ਼ਾਵਾ ਮੇਰੀ ਸੰਮੀਏਂ!

ਕੋਠੇ ਤਪੇ ਤੰਦੂਰ ਮੇਰੀ ਸੰਮੀਏਂ!

ਤੂੰ ਵਸੇਂਦੀ ਨੇੜੇ ਤੇੜੇ,

ਮੈਂ ਵਸਾਂ ਤੈਥੋਂ ਦੂਰ ਨੀ ਸੰਮੀਏਂ!

ਸ਼ਾਵਾ ਮੇਰੀ ਸੰਮੀਏਂ!

ਸੰਮੀ ਮੇਰੀ ਵਣ,

            ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏਂ!

     ਸੰਮੀ ਲੋਕ-ਨਾਚ ਦੀ ਇੱਕ ਹੋਰ ਵੰਨਗੀ ਨੂੰ ‘ਸਲਾਮ ਸੰਮੀ` ਵੀ ਕਿਹਾ ਜਾਂਦਾ ਹੈ। ਇਸ ਵੰਨਗੀ ਵਿੱਚ ਨੱਚਣ ਵਾਲੀਆਂ ਔਰਤਾਂ ਨਾਚ ਨੱਚਦੇ ਸਮੇਂ ਸੱਜਾ ਹੱਥ ਲੱਕ ਉੱਤੇ ਅਤੇ ਖੱਬਾ ਹੱਥ ਮੱਥੇ ਉੱਤੇ ਰੱਖ ਕੇ ਸਲਾਮ ਕਰਦੀਆਂ ਹਨ। ਕਈ ਵਾਰ ਸੰਮੀ ਦੇ ਆਮ ਨਾਚ ਵਿੱਚ ਚੁਟਕੀਆਂ ਭਰਨ ਦੀ ਥਾਂ ਦੋਵਾਂ ਹੱਥਾਂ ਨੂੰ ਮੱਥੇ ਦੇ ਦੋਵਾਂ ਪਾਸਿਆਂ ਵੱਲ ਟਿਕਾ ਕੇ ਅਤੇ ਲੱਕ ਨੂੰ ਅਗਾਂਹ ਵੱਲ ਝੁਕਾਅ ਕੇ ਸਲਾਮ ਕੀਤਾ ਜਾਂਦਾ ਹੈ ਅਤੇ ਫਿਰ ਲੱਕ ਨੂੰ ਬਾਹਰ ਵੱਲ ਲਚਕਾ ਕੇ ਤਾੜੀ ਮਾਰੀ ਜਾਂਦੀ ਹੈ।

     ਸੰਮੀ ਲੋਕ-ਨਾਚ ਬਾਰੇ ਬਹੁਤ ਸਾਰੀਆਂ ਮਿੱਥ-ਕਥਾਵਾਂ, ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਅਨੁਸਾਰ, ਇਸ ਨਾਚ ਨੂੰ ਧਾਰਮਿਕ ਨਾਚ ਵੀ ਮੰਨਿਆ ਜਾਂਦਾ ਰਿਹਾ ਹੈ। ਸੰਮੀ ਸੰਸਕ੍ਰਿਤ ਦਾ ਸ਼ਬਦ ਹੈ, ਇਸ ਦਾ ਅਰਥ ਜੰਡ ਦਾ ਰੁੱਖ ਹੈ। ਵੈਦਿਕ ਕਾਲ ਵਿੱਚ ਜੰਡੀ (ਸ਼ੰਮੀ) ਦੀ ਅਗਨੀ ਨੂੰ ਯੱਗ ਲਈ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਲੋਕ ਧਾਰਨਾ ਅਨੁਸਾਰ ਜੰਡ ਦੀ ਅਗਨੀ ਵਿੱਚ ਅਗਨ-ਦੇਵਤਾ ਖ਼ੁਦ ਨਿਵਾਸ ਕਰਦਾ ਹੈ। ਸ਼ਮੀ ਵਿੱਚੋਂ ਅੱਗ ਕੱਢਣ ਤੋਂ ਪਹਿਲਾਂ ਅਗਨੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਅਗਨੀ ਦੇਵਤੇ ਨੂੰ ਖ਼ੁਸ਼ ਕਰਨ ਲਈ ਇੱਕ ਨਾਚ (ਸ਼ੰਮੀ) ਨੱਚਿਆ ਜਾਂਦਾ ਸੀ। ਇਸ ਤਰ੍ਹਾਂ ਪਹਿਲੇ ਸਮਿਆਂ ਵਿੱਚ ਇਹ ਨਾਚ ਸਰਦ ਰੁੱਤ ਵਿੱਚ ਜੰਡੀ ਦੀ ਅੱਗ ਦੁਆਲੇ ਘੇਰਾ ਬਣਾ ਕੇ ਨੱਚਿਆ ਜਾਂਦਾ ਸੀ। ਇਸ ਤੱਥ ਦੀ ਪੁਸ਼ਟੀ, ਸੰਮੀ ਦੇ ਗੀਤਾਂ ਵਿੱਚ ‘ਸੰਮੀ ਮੇਰੀ ਵਣ` ਦੀ ਜੋ ਸਥਾਈ ਗਾਈ ਜਾਂਦੀ ਹੈ, ਉਸ ਤੋਂ ਵੀ ਹੋ ਜਾਂਦੀ ਹੈ। ਕਈ ਵਾਰ ਜੰਡ ਦੇ ਵਣ ਦਾ ਮਾਨਵੀਕਰਨ ਵੀ ਸੰਮੀ ਦੇਵੀ ਦੇ ਰੂਪ ਵਿੱਚ ਕਰ ਲਿਆ ਜਾਂਦਾ ਸੀ। ‘ਸੰਮੀ ਮੇਰੀ ਵਣ` ਦੀ ਸਥਾਈ ਸੰਮੀ ਦੇਵੀ ਦੀ ਪੂਜਾ ਵੱਲ ਵੀ ਸੰਕੇਤ ਕਰਦੀ ਹੈ। ਸੰਮੀ ਨਾਚ ਦਾ ਅਰੰਭ ਧਾਰਮਿਕ ਪੂਜਾ ਪੱਧਤੀ ਦੇ ਅੰਤਰਗਤ ਹੋਇਆ ਹੋਣ ਕਰ ਕੇ ਇਸ ਨਾਚ ਵਿੱਚ ਪ੍ਰਸਤੁਤ ਕੀਤੇ ਜਾਣ ਵਾਲੇ ਗੀਤਾਂ ਵਿੱਚ ਧਾਰਮਿਕ ਸੁਰ ਵੀ ਭਾਰੂ ਹੁੰਦੀ ਹੈ। ਨੱਚਣ ਵਾਲੀਆਂ ਔਰਤਾਂ ਆਪਣੇ ਗੀਤਾਂ ਰਾਹੀਂ ਆਪਣੇ ਦੇਵੀ-ਦੇਵਤਿਆਂ, ਗੁਰੂਆਂ ਤੇ ਪੀਰਾਂ-ਫ਼ਕੀਰਾਂ ਨੂੰ ਧਿਆਉਂਦਿਆਂ ਉਹਨਾਂ ਦੀ ਉਸਤਤ ਕਰਦੀਆਂ ਸਨ। ਮੱਧ-ਕਾਲ ਤੱਕ ਆਉਂਦਿਆਂ ਇਹ ਨਾਚ ਢੋਲ-ਸੰਮੀ ਦੀ ਪ੍ਰੇਮ-ਕਥਾ ਨਾਲ ਜੁੜ ਗਿਆ ਅਤੇ ਸੰਮੀ ਦੇਵੀ ਦੀ ਮਹੱਤਤਾ ਘੱਟ ਗਈ। ਇਉਂ ਇਹ ਲੋਕ-ਨਾਚ ਲੌਕਿਕ ਸਰੂਪ ਗ੍ਰਹਿਣ ਕਰ ਗਿਆ ਅਤੇ ਇਸ ਨੇ ਇੱਕ ਸੁਤੰਤਰ ਹੋਂਦ ਪ੍ਰਾਪਤ ਕਰ ਲਈ। ਮੱਧ-ਕਾਲ ਪਹੁੰਚਦਿਆਂ ਢੋਲ-ਸੰਮੀ ਦੀ ਪ੍ਰੇਮ-ਕਥਾ ਵੀ ਨਾਚ ਅਤੇ ਗੀਤ ਦੀ ਕਥਾ ਬਣ ਗਈ।

     ਲੋਕ ਧਾਰਨਾ ਅਨੁਸਾਰ ਸੰਮੀ ਨੇ ਇੱਕ ਵਿਸ਼ੇਸ਼ ਨਾਚ ਨੂੰ ਅਤੇ ਢੋਲੇ ਨੇ ਇੱਕ ਵਿਸ਼ੇਸ਼ ਗੀਤ ਰੂਪ ਨੂੰ ਜਨਮ ਦਿੱਤਾ। ਢੋਲ ਅਤੇ ਸੰਮੀ ਦੀ ਕਹਾਣੀ ਕੇਵਲ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਹੈ ਸਗੋਂ ਰਾਜਸਥਾਨ ਵਿੱਚ ਵੀ ਇਹ ਕਹਾਣੀ ਕਈ ਰੂਪਾਂਤਰਾਂ ਵਿੱਚ ਪ੍ਰਚਲਿਤ ਹੋਈ ਮਿਲਦੀ ਹੈ। ਇੱਕ ਲੋਕ-ਕਥਾ ਅਨੁਸਾਰ, ਸੰਮੀ ਮਾਰਵਾੜ (ਰਾਜਸਥਾਨ) ਦੇ ਰਾਜੇ ਸੂਰਸੈਨ ਦੀ ਧੀ ਸੀ ਅਤੇ ਢੋਲਾ ਨਰਵਰ ਕੋਟ ਦੇ ਰਾਜੇ ਬੀਰ ਸੈਨ ਦਾ ਪੁੱਤਰ ਸੀ। ਇਹ ਕਹਾਣੀ ਮੱਧ-ਕਾਲ ਵਿੱਚ ਏਨੀ ਪ੍ਰਸਿੱਧ ਹੋਈ ਕਿ ਇਸ ਵਿੱਚ ਸਥਾਨਿਕ ਪੱਧਰ `ਤੇ ਅਨੇਕਾਂ ਪਰਿਵਰਤਨ ਕਰ ਲਏ ਗਏ। ਕਿਹਾ ਜਾਂਦਾ ਹੈ ਕਿ ਢੋਲੇ ਦੇ ਵਿਛੋੜੇ ਵਿੱਚ ਵਿਆਕੁਲ ਸੰਮੀ ਆਪਣੀਆਂ ਭਾਵਨਾਵਾਂ ਨੂੰ ਜਿਨ੍ਹਾਂ ਮੁਦਰਾਵਾਂ ਤੇ ਅੰਗ ਲਹਿਰੀਆਂ ਨਾਲ ਪ੍ਰਗਟ ਕਰਦੀ ਸੀ, ਉਸ ਉਪਰ ਹੀ ਇਸ ਨਾਚ ਦੀ ਬੁਨਿਆਦ ਟਿਕੀ ਹੋਈ ਹੈ।

     ਸਮੇਂ ਦੇ ਬੀਤਣ ਨਾਲ ਜਿਉਂ-ਜਿਉਂ ਇਹ ਨਾਚ ਲੌਕਿਕ ਰੰਗ ਅਖ਼ਤਿਆਰ ਕਰਦਾ ਗਿਆ ਤਿਉਂ-ਤਿਉਂ ਇਹ ਸ਼ਰਧਾਪੂਰਵਕ ਧਾਰਮਿਕ ਰਹੁ-ਰੀਤਾਂ ਦੀ ਥਾਂ ਰੋਜ਼ਾਨਾ ਜ਼ਿੰਦਗੀ ਦੇ ਯਥਾਰਥ ਦੇ ਨਜ਼ਦੀਕ ਹੁੰਦਾ ਗਿਆ।ਪੰਜਾਬ ਦੀਆਂ ਬਾਰਾਂ ਦੇ ਅਬਾਦ ਹੋਣ ਤੋਂ ਪਹਿਲਾਂ ਇੱਥੋਂ ਦੀਆਂ ਔਰਤਾਂ ਦਰਿਆਵਾਂ ਦੇ ਪੱਤਣਾਂ `ਤੇ ਸੰਮੀ ਨਾਚ ਨੱਚਿਆ ਕਰਦੀਆਂ ਸਨ। ਉਸ ਸਮੇਂ ਵੀ ਇਹ ਨਾਚ ਕਈ ਵੰਨਗੀਆਂ ਵਿੱਚ ਨੱਚਿਆ ਜਾਂਦਾ ਸੀ। ਲੰਮੀਆਂ ਲੰਝੀਆਂ ਬਲੋਚ ਮੁਟਿਆਰਾਂ ਜਦੋਂ ਇਹ ਨਾਚ ਨੱਚਦੀਆਂ ਸਨ ਤਾਂ ਸਮਾਂ ਬੰਨ੍ਹ ਕੇ ਰੱਖ ਦਿੰਦੀਆਂ ਸਨ। ਪਰ ਅਜੋਕੇ ਤੇਜ਼ ਰਫ਼ਤਾਰ ਯੁੱਗ ਵਿੱਚ ਇਹ ਸਹਿਜ ਤੇ ਮੱਠਾ ਨਾਚ ਕੇਵਲ ਵੰਨਗੀ ਰੂਪ ਵਿੱਚ ਸਟੇਜ ਪ੍ਰਸਤੁਤੀਆਂ ਵਿੱਚ ਹੀ ਵੇਖਣ ਨੂੰ ਮਿਲਦਾ ਹੈ।


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੰਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਮੀ (ਨਾਂ,ਇ) ਪਾਕਿਸਤਾਨੀ ਪੰਜਾਬ ਦੇ ਇਲਾਕੇ ਸਾਂਦਲ ਬਾਰ ਦਾ ਇੱਕ ਪ੍ਰਸਿੱਧ ਲੋਕ-ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਮੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਮੀ. ਇਸ ਦਾ ਨਾਉਂ ਹੁਣ ਸਮੀਰ ਪ੍ਰਸਿੱਧ ਹੈ. ਇਹ ਭਟਿੰਡੇ ਤੋਂ ਪੰਜ ਕੋਹ ਦੀ ਵਿੱਥ ਤੇ ਹੈ. ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਕਲਗੀਧਰ ਜੀ ਭਟਿੰਡੇ ਤੋਂ ਚਲ ਕੇ ਇੱਥੇ ਵਿਰਾਜੇ ਹਨ. “ਉਲਁਘ ਪੰਥ ਕੇਤਕ ਜਬ ਆਏ। ਡੇਰਾ ਸੰਮੀ ਗ੍ਰਾਮ ਸੁਪਾਏ.” (ਗੁਪ੍ਰਸੂ) ਇਸ ਥਾਂ ਹੁਣ ਗੁਰੁਦ੍ਵਾਰਾ ਹੈ. ਸੰਮੀ ਤੋਂ ਚਲਕੇ ਦਸ਼ਮੇਸ਼ ਜੀ ਦਮਦਮੇ ਪਧਾਰੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਮੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੰਮੀ : ਇਹ ਔਰਤਾਂ ਦਾ ਇਕ ਲੋਕ ਨਾਚ ਹੈ ਜਿਸਦਾ ਸਬੰਧ ਰਾਵੀ ਤੇ ਝਨਾਂ ਦੇ ਦਰਿਆਵਾਂ ਦੇ ਦਰਮਿਆਨ ਦੇ ਉਸ ਇਲਾਕੇ ਨਾਲ ਹੈ, ਜਿਸਨੂੰ ਸਾਂਦਲ-ਬਾਰ ਕਿਹਾ ਜਾਂਦਾ ਹੈ। ਕੁੜੀਆਂ ਇਕ ਘੇਰੇ ਵਿਚ ਖਲੋ ਜਾਂਦੀਆਂ ਹਨ ਅਤੇ ਬਾਹਾਂ ਵਿਚ ਬਾਹਾਂ ਪਾ ਕੇ ਇਕ ਪੈਰ ਦੀ ਧਮਕ ਨਾਲ ਚੱਕਰ ਵਿਚ ਚੱਲਣ ਲਗ ਪੈਂਦੀਆਂ ਹਨ। ਕੁਝ ਵਿਚ ਬਾਅਦ ਬਾਹਾਂ ਛੱਡ ਕੇ ਇਨ੍ਹਾਂ ਨੂੰ ਉਪਰ ਵੱਲ ਉਲਾਰ ਕੇ ਚੁਟਕੀਆਂ ਮਾਰਦੀਆਂ ਹਨ ਤੇ ਫਿਰ ਹੱਥ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ ਤੇ ਫਿਰ ਹੱਥ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ। ਥੋੜ੍ਹੇ ਚਿਰ ਪਿੱਛੋਂ ਇਹ ਹਰਕਤ ਬਦਲਾ ਦਿੰਦੀਆਂ ਹਨ ਤੇ ਘੇਰੇ ਵਿਚ ਅੰਦਰਲੇ ਪਾਸੇ ਹੱਥ ਕਰਕੇ ਝੁਕ ਕੇ ਤਾੜੀ ਮਾਰਦੀਆਂ ਹਨ। ਫਿਰ ਇਕ ਬਾਂਹ ਉਪਰ ਵੱਲ ਉਲਾਰ ਕੇ ਤੇ ਉਪਰ ਵਾਲੀ ਬਾਂਹ ਹੇਠਾਂ ਵੱਲ ਲਮਕਾ ਕੇ ਚੁਟਕੀਆਂ ਮਾਰਦੀਆਂ ਹਨ ਤੇ ਫਿਰ ਘੇਰੇ ਵੱਲ ਝੁਕ ਕੇ ਤਾੜੀ ਮਾਰਦੀਆਂ ਹਨ ਅਤੇ ਇਵੇਂ ਜਿਵੇਂ ਨਚਦੀਆਂ ਰਹਿੰਦੀਆਂ ਹਨ। ਕਈ ਵਾਰੀ ਚੁਟਕੀਆਂ ਦੋ ਦੀ ਥਾਂ ਤਿੰਨ ਵਾਰੀ ਵਜਾਉਂਦੀਆਂ ਹਨ। ਤੀਜੀ ਚੁਟਕੀ ਦੋਵੇਂ ਹੱਥ ਪਿੱਛੇ ਕਰਕੇ ਵਜਾਉਂਦੀਆਂ ਹਨ। ਤੀਜੀ ਚੁਟਕੀ ਵੇਲੇ ਇਕ ਕਦਮ ਪਿੱਛੇ ਕਰ ਲੈਂਦੀਆਂ ਹਨ ਤੇ ਘੇਰਾ ਖੁਲ੍ਹਾ ਹੋ ਜਾਂਦਾ ਹੈ ਤੇ ਮੁੜ ਫਿਰ ਕਦਮ ਅਸਲ ਥਾਂ ਉੱਤੇ ਲਿਆ ਕੇ ਝੁਕ ਕੇ ਤਾੜੀ ਮਾਰਦੀਆਂ ਹਨ। ਇਵੇਂ ਨਾਚ ਜਾਰੀ ਰਹਿੰਦਾ ਹੈ। ਹੌਲੀ ਹੌਲੀ ਤਾਲ ਤੇਜ਼ ਹੁੰਦੀ ਹੈ ਤੇ ਨੱਚਣ ਵਾਲੀਆਂ ਇਕ ਪੈਰ ਦੀ ਧਰਮ ਦੀ ਥਾਂ ਦੋਵੇਂ ਦੋਵੇਂ ਪੈਰਾਂ ਨਾਲ ਉੱਛਲ ਕੇ ਧਮਕ ਦਿੰਦੀਆਂ ਹਨ।

          ਇਸ ਨਾਚ ਦਾ ਦੂਜਾ ਰੂਪ ਸਲਾਮ ਸੰਮੀ ਹੈ। ਇਸ ਨਾਚ ਵਿਚ ਨੱਚਣ ਵਾਲੀਆਂ ਚੁਟਕੀਆਂ ਮਾਰਨ ਦੀ ਥਾਂ ਇਕ ਹੱਥ ਲੱਕ ਉੱਤੇ ਰੱਖ ਕੇ ਦੂਜੇ ਨੂੰ ਮੱਥੇ ਕੋਲ ਲਿਆਉਂਦੀਆਂ ਹਨ ਜਿਵੇਂ ਸਲਾਮ ਕੀਤਾ ਜਾਂਦਾ ਹੈ ਫਿਰ ਬਦਲਾ ਕੇ ਦੂਜਾ ਹੱਕ ਲੱਕ ਉੱਤੇ ਅਤੇ ਲੱਕ ਵਾਲਾ ਮੱਥੇ ਕੋਲ ਲਿਆ ਕੇ ਸਲਾਮ ਕਰਦੀਆਂ ਹਨ। ਕਦੇ ਕਦੇ ਦੋਵੇਂ ਹੱਥ ਮੱਥੇ ਕੋਲ ਲਿਆ ਕੇ ਦੋਵੇਂ ਹੱਥਾਂ ਨਾਲ ਸਲਾਮ ਕਰਦੀਆਂ ਹਨ ਤੇ ਲੱਕ ਨੂੰ ਲਚਕਾ ਕੇ ਕਦੇ ਕਦੇ ਘੇਰੇ ਦੇ ਅੰਦਰ ਵੱਲ ਤੇ ਕਦੇ ਬਾਹਰ ਵੱਲ ਕਰਦੀਆਂ ਹਨ ਤੇ ਫਿਰ ਤਾਲ ਸਿਰ ਤਾੜੀਆਂ ਮਾਰਦੀਆਂ ਹਨ।

          ਇਸ ਨਾਚ ਨਾਲ ਕਿਸੇ ਸਾਜ਼ ਦੀ ਲੋੜ ਨਹੀਂ ਹੁੰਦੀ। ਕੁੜੀਆਂ ਪੈਰਾਂ ਦੀ ਧਮਕ ਤੇ ਚੁਟਕੀਆਂ ਨਾਲ ਹੀ ਤਾਲ ਕਾਇਮ ਰਖਦੀਆਂ ਹਨ। ਇਸ ਨਾਚ ਨਾਲ ਜੋ ਗਾਣਾ ਗਾਇਆ ਜਾਂਦਾ ਹੈ, ਉਹ ‘ਸੰਮੀ ਮੇਰੀ ਵਣ’ ਨਾਲ ਸ਼ੁਰੂ ਹੁੰਦਾ ਹੈ ਤੇ ਇਕ ਤੁਕ ਵਿਚ ਹੀ ਭਾਵ ਪ੍ਰਗਟ ਹੁੰਦਾ ਹੈ ਜਿਵੇਂ :––

                   ਸੰਮੀ ਮੇਰੀ ਵਣ,

                             ਊਠ ਲੱਦੇ ਕਚੂਰ ਦੇ ਸੰਮੀਆਂ।

                   ਸੰਮੀ ਮੇਰੀ ਵਣ,

                             ਭਾੜੀ ਭਾੜੇ ਕਰਨ ਦੂਰ ਦੇ ਸੰਮੀਆਂ।

          ਇਸ ਨਾਚ ਦਾ ਆਰੰਭ ਇਕ ਕੁੜੀ ‘ਸੰਮੀ’ ਦੇ ਨਾਂ ਤੋਂ ਹੋਇਆ ਦੱਸਿਆ ਜਾਂਦਾ ਹੈ, ਜਿਸਨੂੰ ਉਸਦਾ ਮਾਹੀ ਛੱਡ ਗਿਆ ਸੀ। ਉਹ ਆਪਣੇ ਮਾਹੀ ਦੀ ਯਾਦ ਵਿਚ ਮਸਤ ਹੋ ਕੇ ਨੱਚਿਆ ਤੇ ਗਾਇਆ ਕਰਦੀ ਸੀ। ਇਹ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਸ ਦਾ ਮਾਹੀ ਜਿਸਨੂੰ ਢੋਲ ਕਿਹਾ ਜਾਂਦਾ ਹੈ ਅਤੇ ਜਿਸਦੇ ਨਾਂ ਤੇ ਢੋਲੇ ਦੇ ਗੀਤ ਗਾਏ ਜਾਂਦੇ ਹਨ, ਕੌਣ ਤੇ ਕਿੱਥੇ ਦਾ ਰਹਿਣ ਵਾਲਾ ਸੀ। ਕਈ ਇਸ ਕਿੱਸੇ ਨੂੰ ਰਾਜਸਥਾਨ ਦੇ ਰਾਜੇ ਦੇ ਪੁੱਤਰ ਸਨੇਹ ਕੁਮਾਰ ਨਾਲ ਜੋੜਦੇ ਹਨ, ਜਿਸਦਾ ਪਿਆਰ ਮਾਰਵਾੜ ਸੀ ਰਾਜ ਕੁਮਾਰੀ ਮਾਰੂ ਜਾਂ ਮਾਰਵਾਣੀ ਨਾਲ ਹੋਇਆ ਦਸਦੇ ਹਨ।

          ਢੋਲ-ਸੰਮੀ ਦੀ ਪ੍ਰੇਮ-ਕਥਾ ਪੰਜਾਬੀ ਤੇ ਰਾਜਸਥਾਨੀ ਬੋਲੀਆਂ ਵਿਚ ਥੋੜੇ ਬਹੁਤ ਫ਼ਰਕ ਨਾਲ ਬੜੀ ਮਸ਼ਹੂਰ ਹੈ। ਮੁੱਢਲਾ ਫ਼ਰਕ ਕੇਵਲ ਇਹੋ ਹੈ ਕਿ ਰਾਜਸਥਾਨ ਦੇ ਲੋਕ-ਗੀਤਾਂ ਵਿਚ ਢੋਲ-ਸਮੀ ਦੀ ਥਾਂ ਉਸਦਾ ਨਾਂ ਢੋਲ-ਮਾਰਵਣ ਹੈ। ਢੋਲ-ਸੰਮੀ ਜਾਂ ਢੋਲ-ਮਾਰਵਣ ਦੋਵੇਂ, ਇਨ੍ਹਾਂ ਇਲਾਕਿਆਾਂ ਦੇ ਸਾਂਝੇ ਨਾਇਕ-ਨਾਇਕਾ ਹਨ। ਪੇਂਡੂ ਜ਼ਨਾਨੀਆਂ ਢੋਲੇ ਦੇ ਗੀਤ ਵੀ ਗਾਉਂਦੀਆਂ ਹਨ ਪਰ ਉਸ ਦੇ ਮੁਕਾਬਲੇ ਤੇ ਸੰਮੀ ਦੇ ਗੀਤ ਗਾ ਕੇ ਤੇ ਉਸ ਦਾ ਖੁਸ਼ੀਆਂ-ਭਰੀਆਂ ਨਾਚ ਨੱਚ ਕੇ ਹੋਰ ਵੀ ਖੁਸ਼ ਹੁੰਦੀਆਂ ਹਨ। ਸੰਮੀ ਨਾਚ, ਜੋ ਪੰਜਾਬੀ ਔਰਤਾਂ ਘੇਰਾ ਬੰਨ੍ਹ ਕੇ ਤੇ ਇਕ ਦੂਜੀ ਦਾ ਹੱਥ ਫੜ ਕੇ ਨਚਦੀਆਂ ਤੇ ਦੋਹਾਂ ਹੱਥਾਂ ਨੂੰ ਘੁਮਾਂਦੀਆਂ ਹੋਈਆਂ ਛਾਤੀ ਅਗੇ ਲਿਆ ਕੇ ਤਾੜੀ ਮਾਰਦੀਆਂ ਹਨ, ਇਹ ਲੋਕ-ਗੀਤ ਨਾਲ ਹੋਰ ਵੀ ਸਜੀਵ ਰੂਪ ਧਾਰ ਲੈਂਦਾ ਹੈ :––

          ਕੋਠੇ ਉੱਤੇ ਕੋਠੜਾ ਉਪਰ ਬਣਿਆ ਤੰਦੂਰ।

          ਗਿਣ ਗਿਣ ਲਾਵਾਂ ਰੋਟੀਆਂ, ਖਾਵਣ ਵਾਲਾ ਦੂਰ।

          ਊਠਾਂ ਦੇ ਗਲ ਟੱਲੀਆਂ, ਲੱਦੀ ਤਾਂ ਜਾਂਦੇ ਲੁੰਗ।

          ਤਾੜੀ ਮਾਰਨ ਝੁੱਲੀਆਂ, ਝੰਗ ਨੂੰ ਲਗੜਾ ਰੰਗ।

ਜਿਵੇਂ ਗਿੱਧਾ ਤੇ ਫੜੂਹਾ ਮਾਲਵੇ ਦੇ ਲੋਕ-ਨਾਚ ਹਨ, ਇਸੇ ਤਰ੍ਹਾਂ ਝੁੰਮਰ, ਭੰਗੜਾ ਤੇ ਸੰਮੀ ਇਹ ਤਿੰਨੇ ਲਹਿੰਦੇ ਪੰਜਾਬ ਦੇ ਲੋਕ-ਨਾਚ ਹਨ। ਢੋਲਾ ਦਰਅਸਲ ਨਰਵਰ ਕੋਟ (ਰਾਜਸਥਾਨ) ਦਾ ਰਾਜਕੁਮਾਰ ਤੇ ਸੰਮੀ (ਮਾਰਵਣ ਜਾਂ ਮਾਰੂ) ਮਾਰਵਾੜ ਦੀ ਰਾਜਕੁਮਾਰੀ ਸੀ। ਪਰ ਮੁਲਤਾਨ ਦਾ ਢੋਲਾ ਨਰਵਰ ਕੋਟ ਦੀ ਥਾਂ ਗੜ੍ਹ ਮੰਢਿਆਲੇ ਦਾ ਜੰਮ-ਪਲ ਸੀ ਜੋ ਲਹਿੰਦੇ ਦੇ ਢੋਲ-ਸੰਮੀ ਦੇ ਲੋਕ-ਗੀਤਾਂ ਤੋਂ ਸਪਸ਼ਟ ਹੁੰਦਾ ਹੈ। ਪਰ ਰਾਜਸਥਾਨ ਦਾ 12ਵੀਂ ਸਦੀ ਦਾ ਢੋਲਾ ਮਾਰੂ-ਰਾ ਦੂਹਾ ਨਾਮੀ ਲੋਕ-ਕਾਵਿ, ਜੋ ਛਪਿਆ ਹੋਇਆ ਮਿਲਦਾ ਹੈ, ਇਨ੍ਹਾਂ ਦੋਹਾਂ ਨਾਇਕ-ਨਾਇਕਾ ਦਾ ਪਿਛੋਕੜ ਨਰਵਰ ਕੋਟ ਤੇ ਮਾਰਵਾੜ ਨਾਲ ਹੀ ਮੇਲਦਾ ਹੈ। ਲੋਕ ਨਾਚ ਸੰਮੀ ਇਸੇ ਪ੍ਰੇਮ-ਕਥਾ ਦਾ ਪ੍ਰਤੀਕ ਹੈ।

          ਹ. ਪੁ.––ਢੋਲਾ ਮਾਰੂ ਰਾ ਦੂਹਾ (ਰਾਜਸਥਾਨੀ ਲੋਕ-ਕਾਵਿ) ; ਪੰਜਾਬੀ ਲੋਕ ਗੀਤ, ਮਹਿੰਦਰ ਸਿੰਘ ਰੰਧਾਵਾ ; ਸਾਹਿਤਕ ਲੀਹ, ਸ਼ਮਸ਼ੇਰ ਸਿੰਘ ਅਸ਼ੋਕ ; ਪਾਕਿਸਤਾਨ ਦੇ ਲੋਕ ਨਾਚ, ਅਬਦੁਲ ਸਲਾਮ                          ਖ਼ੁਰਸ਼ੀਦ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸੰਮੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਮੀ : ਇਹ ਬਠਿੰਡਾ ਜ਼ਿਲ੍ਹੇ ਦਾ ਇਕ ਪਿੰਡ ਹੈ। ਹੁਣ ਇਹ ਪਿੰਡ ਕੋਟ ਸ਼ਮੀਰ ਦੇ ਨਾਂ ਨਾਲ ਪ੍ਰਸਿੱਧ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਗੁਰੂ ਜੀ ਬਠਿੰਡੇ ਤੋਂ ਆ ਕੇ ਠਹਿਰੇ ਸਨ। ਇਥੋਂ ਚਲ ਕੇ ਗੁਰੂ ਜੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਪਧਾਰੇ ਸਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-02-49-49, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. : 350

ਸੰਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਮੀ, ਇਸਤਰੀ ਲਿੰਗ : ਪੱਛਮੀ ਪੰਜਾਬ ਦਾ ਇੱਕ ਨਾਚ, ਇੱਕ ਗੀਤ, ਪੱਛਮੀ ਲੋਕ ਗੀਤਾਂ ਵਿੱਚ ਇੱਕ ਪ੍ਰੀਤਮਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-04-01-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.