ਹਰਿਆ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹਰਿਆ : ‘ਹਰਿਆ’ ਪੰਜਾਬੀ ਦੇ ਲੋਕਗੀਤ ਰੂਪਾਂ ਵਿੱਚੋਂ ਇੱਕ ਰੂਪ ਹੈ। ਇਹ ਮੁੰਡੇ ਦੇ ਜਨਮ ਤੇ ਉਸ ਦੇ ਮਾਪਿਆਂ ਦੇ ਘਰ ਇਸਤਰੀਆਂ ਵੱਲੋਂ ਗਾਇਆ ਜਾਂਦਾ ਹੈ। ਪੰਜਾਬ ਦੇ ਬਹੁਤੇ ਲੋਕ-ਗੀਤਾਂ ਦਾ ਸੰਬੰਧ ਕਿਸੇ ਨਾ ਕਿਸੇ ਰੀਤ ਨਾਲ ਜੁੜਿਆ ਹੋਇਆ ਹੈ, ਜਿਵੇਂ ਵਿਆਹ ਦੀਆਂ ਰਸਮਾਂ ਨਿਭਾਉਂਦੇ ਸਮੇਂ ਵਿਆਹੁਲੀ ਕੁੜੀ ਦੇ ਗੁੱਟ ਤੇ ਉਸ ਦੀ ਰੱਖਿਆ ਲਈ ਗਾਨਾ ਬੰਨ੍ਹਣ ਸਮੇਂ ਗੀਤ ਗਾਏ ਜਾਂਦੇ ਹਨ, ਉਸੇ ਤਰ੍ਹਾਂ ‘ਹਰਿਆ’ ਗੀਤ ਰੂਪ ਦਾ ਸੰਬੰਧ ਮੁੰਡੇ ਦੇ ਜਨਮ ਉਪਰੰਤ ਨਿਭਾਈ ਜਾਂਦੀ ਇੱਕ ਰੀਤ ਨਾਲ ਹੈ।

     ਪੰਜਾਬੀ ਸਮਾਜ ਮਰਦ ਪ੍ਰਧਾਨ ਸਮਾਜ ਹੈ। ਇਸ ਲਈ ਇੱਥੇ ਇਹ ਮੰਨਿਆ ਜਾਂਦਾ ਹੈ ਕਿ ਪੁੱਤਰ ਹੀ ਮਨੁੱਖ ਦੀ ਜੜ੍ਹ ਲਾ ਸਕਦੇ ਹਨ ਭਾਵ ਕੁਲ ਨੂੰ ਅੱਗੇ ਤੋਰ ਸਕਦੇ ਹਨ। ਸੋ ਇੱਥੇ ਪੁੱਤਰਾਂ ਦੀ ਹੋਂਦ ਮੁੱਖ ਲੋੜ ਵਜੋਂ ਕੰਮ ਕਰਦੀ ਹੈ। ਹਰ ਪਿਤਾ ਦੀ ਇੱਛਾ ਅਤੇ ਸੁਪਨਾ ਹੁੰਦਾ ਹੈ ਕਿ ਉਹ ਪੁੱਤਰਾਂ ਦਾ ਪਿਤਾ ਬਣੇ। ਜਦੋਂ ਉਸ ਦੀ ਇਹ ਇੱਛਾ ਅਤੇ ਸੁਪਨਾ ਪੂਰਾ ਹੁੰਦਾ ਹੈ ਤਾਂ ਉਸ ਦੇ ਨਾਲ-ਨਾਲ ਸਾਰਾ ਪਰਿਵਾਰ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਪਰਿਵਾਰ ਦੇ ਸਾਰੇ ਮੈਂਬਰ ਆਪਣੀਆਂ ਖ਼ੁਸ਼ੀਆਂ ਨੂੰ ਬੁੱਕ ਭਰ-ਭਰ ਕੇ ਵੰਡਦੇ ਹਨ। ਨਵੇਂ ਜੰਮੇ ਬਾਲ ਨਾਲ ਆਪਣੇ ਰਿਸ਼ਤੇ ਮੁਤਾਬਕ ਵੱਖੋ-ਵੱਖਰੇ ਢੰਗ ਨਾਲ ਖ਼ੁਸ਼ੀ ਵੰਡੀ ਜਾਂਦੀ ਹੈ। ਮੁੰਡੇ ਦਾ ਪਿਤਾ ਆਪਣੇ ਭਰਾਵਾਂ, ਦੋਸਤਾਂ ਅਤੇ ਸੱਕੇ-ਸੰਬੰਧੀਆਂ ਨੂੰ ਸ਼ਰਾਬ ਪਿਆਉਂਦਾ ਹੈ। ਮੁੰਡੇ ਦੇ ਨਾਨਕਿਆਂ ਅਤੇ ਦਾਦਕਿਆਂ ਨੂੰ ਗੁੜ੍ਹ, ਪਤਾਸੇ, ਲੱਡੂ ਜਾਂ ਮਿਠਿਆਈ ਦੇ ਡੱਬੇ ਵੰਡੇ ਜਾਂਦੇ ਹਨ। ਮੂੰਹ ਮਿੱਠਾ ਕਰਵਾਉਣ ਦੇ ਬਦਲੇ ਵਿੱਚ ਰਿਸ਼ਤੇਦਾਰ, ਆਂਢ-ਗੁਆਂਢ, ਨਾਨਕੇ ਅਤੇ ਦਾਦਕੇ ਨਵ-ਜੰਮੇ ਮੁੰਡੇ ਨੂੰ ਸ਼ਗਨ ਦਿੰਦੇ ਹਨ। ਇਸ ਤਰ੍ਹਾਂ ਮੁੰਡੇ ਦੇ ਜਨਮ ਉਪਰੰਤ ਖ਼ੁਸ਼ੀਆਂ ਵੰਡਣ ਦੀਆਂ ਇਹਨਾਂ ਰਸਮਾਂ ਵਿੱਚੋਂ ਹੀ ਇੱਕ ਰਸਮ ‘ਹਰਿਆ’ ਗੀਤ ਰੂਪ ਨਾਲ ਸੰਬੰਧਿਤ ਹੈ।

     ਜਦੋਂ ਘਰ ਵਿੱਚ ਮੁੰਡਾ ਜਨਮ ਲੈਂਦਾ ਹੈ ਤਾਂ ਸ਼ਰੀਂਹ ਜਾਂ ਅੰਬ ਦੇ ਪੱਤਿਆਂ ਨੂੰ ਮੌਲੀ (ਸ਼ਗਨਾਂ ਦਾ ਧਾਗਾ) ਨਾਲ ਬੰਨ੍ਹ ਕੇ ਘਰ ਦੇ ਮੁੱਖ ਦਰਵਾਜ਼ੇ ਉਪਰ, ਦਰਵਾਜ਼ੇ ਦੇ ਦੋਵੇਂ ਪਾਸੇ ਇਸ ਤਰ੍ਹਾਂ ਬੰਨ੍ਹਿਆ ਜਾਂਦਾ ਹੈ ਜਿਸ ਤਰ੍ਹਾਂ ਵਿਆਹੁਲੇ ਮੁੰਡੇ ਦੇ ਮੱਥੇ ਤੇ ਸਿਹਰਾ ਬੰਨ੍ਹਿਆ ਜਾਂਦਾ ਹੈ। ਕਈ ਲੋਕ ਇਸ ਧਾਗੇ ਵਿੱਚ ਗੁਬਾਰੇ, ਖਿਡੌਣੇ ਜਾਂ ਨਵ-ਜੰਮੇ ਬਾਲ ਦਾ ਮਨ ਪਰਚਾਉਣ ਵਾਲੇ ਛਣਕਣੇ ਵੀ ਬੰਨ੍ਹ ਦਿੰਦੇ ਹਨ। ਸ਼ਰੀਂਹ ਟੰਗਣ ਕਰ ਕੇ ਦਰਵਾਜ਼ੇ ਮੂਹਰਿਉਂ ਲੰਘਣ ਵਾਲੇ ਹਰ ਪੰਜਾਬੀ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਘਰ ਵਿੱਚ ਮੁੰਡੇ ਦਾ ਜਨਮ ਹੋਇਆ ਹੈ। ਸ਼ਰੀਂਹ ਬੰਨ੍ਹਣ ਉਪਰੰਤ ਸਾਰੇ ਪਿੰਡ ਵਿੱਚ ਪਤਾ ਲੱਗ ਜਾਂਦਾ ਹੈ ਕਿ ਫਲਾਣੇ (ਮੁੰਡੇ ਦੇ ਪਿਤਾ ਦਾ ਨਾਂ) ਦੇ ਘਰ ਮੁੰਡੇ ਨੇ ਜਨਮ ਲਿਆ ਹੈ। ਇਹ ਖ਼ਬਰ ਛੇਤੀ ਹੀ ਖੁਸਰਿਆਂ ਕੋਲ ਵੀ ਪਹੁੰਚ ਜਾਂਦੀ ਹੈ। ਉਹ ਵੀ ਆਪਣਾ ਲਾਗ ਲੈਣ ਭਾਵ ਆਪਣੀ ਖ਼ੁਸ਼ੀ ਵੰਡਾਉਣ ਉਸ ਘਰ ਪਹੁੰਚ ਜਾਂਦੇ ਹਨ।

     ਸ਼ਰੀਂਹ ਪਿੰਡ ਦੇ ਨਾਈ ਜਾਂ ਲਾਗੀ ਵੱਲੋਂ ਬੰਨ੍ਹੇ ਜਾਂਦੇ ਹਨ। ਇਸ ਦੇ ਬਦਲੇ ਵਿੱਚ ਉਹ ਘਰ ਦਿਆਂ ਦੀ ਖ਼ੁਸ਼ੀ ਨੂੰ ਵੰਡਾਉਂਦਿਆਂ ਆਪਣਾ ਲਾਗ ਲੈਂਦਾ ਹੈ। ਅਰਥਾਤ ਸ਼ਰੀਂਹ ਬੰਨ੍ਹਣ ਦੇ ਬਦਲੇ/ਇਵਜ਼ ਵਿੱਚ ਉਸ ਦਾ ਮੂੰਹ ਮਿੱਠਾ ਕਰਾ ਕੇ ਆਪਣੇ ਵਿੱਤ ਮੁਤਾਬਕ (ਆਪਣੀ ਇੱਛਾ ਅਨੁਸਾਰ ਜਾਂ ਘਰ ਦੀ ਮਾਲੀ ਹਾਲਤ ਅਨੁਸਾਰ) ਕੁਝ ਪੈਸੇ/ਰੁਪਏ ਦਿੱਤੇ ਜਾਂਦੇ ਹਨ। ਭਾਗ ਲੈ ਕੇ ਉਹ ਮੁੰਡੇ ਦੇ ਘਰ ਦਿਆਂ ਅਤੇ ਨਵ-ਜੰਮੇ ਬਾਲ ਨੂੰ ਵਧਣ-ਫੁੱਲਣ, ਲੰਮੀ ਉਮਰ ਭੋਗਣ ਅਤੇ ਸੁੱਖ ਮਾਣਨ ਦੀਆਂ ਅਸੀਸਾਂ ਦਿੰਦਾ ਜਾਂਦਾ ਹੈ। ਘਰ ਦੇ ਦਰਵਾਜ਼ੇ ਤੇ ਹਰੇ ਪੱਤੇ ਬੰਨ੍ਹਣ ਦਾ ਸੰਬੰਧ ਪਰਿਵਾਰ ਰੂਪੀ ਵੇਲ ਵਧਣ ਨਾਲ ਹੈ ਅਰਥਾਤ ਜਨਮ ਲੈਣ ਵਾਲੇ ਮੁੰਡੇ ਨਾਲ ਸੰਬੰਧਿਤ ਕੁਲ ਦੀ ਜੜ੍ਹ ਹਰੀ ਹੋਈ ਹੈ। ਇਸੇ ਜੜ੍ਹ ਨੇ ਵੱਡੇ ਹੋ ਕੇ ਅੱਗੋਂ ਪਰਿਵਾਰ ਦੀ ਵੇਲ ਨੂੰ ਵਧਾਉਣਾ ਹੁੰਦਾ ਹੈ। ਇਸ ਲਈ ਅਜਿਹੇ ਸ਼ੁਭ ਸਮੇਂ ਤੇ ‘ਹਰਿਆ’ ਗੀਤ ਰੂਪ ਗਾਇਆ ਜਾਂਦਾ ਹੈ। ਘਰ ਦੇ ਦਰਵਾਜ਼ੇ ਤੇ ਬੰਨ੍ਹੇ ਗਏ ਹਰੇ ਪੱਤੇ ਸ਼ੁਭ ਕਾਰਜ ਅਤੇ ਪਰਿਵਾਰ ਵਿੱਚ ਹੋਏ ਵਾਧੇ ਨੂੰ ਦਰਸਾਉਂਦੇ ਹਨ। ਮੁੰਡੇ ਦੇ ਜਨਮ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਆਪਣੇ ਮਾਪਿਆਂ ਦੇ ਬੁਢੇਪੇ (ਬੁੱਢੇ ਹੋਣ ਸਮੇਂ) ਦੀ ਡੰਗੋਰੀ (ਸਹਾਰਾ ਦੇਣ ਵਾਲਾ) ਬਣਨ ਵਾਲਾ ਘਰ ਵਿੱਚ ਪੈਦਾ ਹੋ ਗਿਆ ਹੈ।

     ਸਮੇਂ ਦੇ ਬਦਲਣ ਨਾਲ ਇਸ ਸ਼ਬਦ ਨੇ ਆਪਣੇ ਅਰਥਾਂ ਵਿੱਚ ਵਿਸਤਾਰ ਕੀਤਾ ਹੈ ਕਿ ਇਹ ਨਾਂ ‘ਹਰਿਆ’ ਨਵ-ਜੰਮੇ ਮੁੰਡੇ ਲਈ ਪ੍ਰਚਲਿਤ ਹੋ ਗਿਆ। ਇਸੇ ਤਰ੍ਹਾਂ ਮੁੰਡੇ ਦੇ ਜਨਮ ਤੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ ‘ਹਰਿਆ’ ਨਾਂ ਨਾਲ ਜਾਣਿਆ ਜਾਣ ਲੱਗਾ। ਮੁੰਡੇ ਦੇ ਜਨਮ ਨਾਲ ਸੰਬੰਧਿਤ ਗੀਤਾਂ ਵਿੱਚੋਂ ‘ਹਰਿਆ’ ਗੀਤ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਹਰਿਆ ਸ਼ਬਦ ਦੀ ਵਰਤੋਂ ਬਾਰ-ਬਾਰ ਕੀਤੀ ਜਾਂਦੀ ਹੈ ਅਤੇ ਇਹ ਸ਼ਬਦ ਪੁੱਤਰ ਲਈ ਵਰਤਿਆ ਜਾਂਦਾ ਹੈ :

ਹਰਿਆ ਨੀ ਮਾਏ, ਭਰਿਆ ਨੀ ਮਾਏ।

ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ।

            ਸੋਈ ਦਿਹਾੜਾ ਭਾਗੀ ਭਰਿਆ ਨੀ ਮਾਏ।

     ਇਹਨਾਂ ਗੀਤਾਂ ਵਿੱਚ ਮਾਂ ਦੀਆਂ ਪੁੱਤਰ ਪ੍ਰਤਿ ਰੀਝਾਂ ਅਤੇ ਇੱਛਾਵਾਂ ਦਾ ਭਾਵਪੂਰਤ ਕਾਵਿਕ ਪ੍ਰਗਟਾਅ ਕੀਤਾ ਜਾਂਦਾ ਹੈ। ਬਾਲ ਭਾਵੇਂ ਗ਼ਰੀਬ ਘਰ ਵਿੱਚ ਜਨਮਦਾ ਹੈ ਪਰੰਤੂ ਫਿਰ ਵੀ ਉਸ ਦੇ ਸੰਬੰਧ ਪੱਟ ਭਾਵ ਰੇਸ਼ਮੀ ਕੱਪੜਿਆਂ ਦੀ ਵਰਤੋਂ ਕਰਨ ਵਾਲੇ ਚੰਗੇ ਘਰ-ਪਰਿਵਾਰ ਨਾਲ ਜੋੜਿਆ ਜਾਂਦਾ ਹੈ :

ਜੰਮਦੜਾ ਹਰਿਆ ਪੱਟ ਨੀ ਵਲ੍ਹੇਟਿਆ।

ਕੁਝ ਦਿਉ ਇਹਨਾਂ ਮਾਈਆਂ।

ਮਾਈਆਂ ਤੇ ਦਾਈਆਂ,

ਨਾਲੇ ਸਕੀਆਂ ਭਰਜਾਈਆਂ,

            ਹੋਰ ਚਾਚੇ ਤਾਏ ਦੀਆਂ ਜਾਈਆਂ।

     ਵਣਜਾਰਾ ਬੇਦੀ ਦੁਆਰਾ ਸੰਗ੍ਰਹਿਤ ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ ਤੀਜੀ) ਅਨੁਸਾਰ ‘ਹਰਿਆ’ ਸ਼ਬਦ ਦੇ ਅਰਥ ‘ਕਿਸਾਨ’, ‘ਪ੍ਰਭੂ ਦਾ ਉਪਾਸਕ’ ਜਾਂ ‘ਭਗਤ’ ਦੇ ਹਨ। ਪੰਜਾਬ ਖੇਤੀ ਪ੍ਰਧਾਨ ਰਾਜ ਹੈ। ਇਸ ਲਈ ਇੱਥੇ ਨਵੇਂ-ਜੰਮੇ ਬਾਲ ਨੂੰ ‘ਹਰਿਆ’ ਕਹਿ ਕੇ ਬੁਲਾਉਣਾ ਕੁਦਰਤੀ ਹੈ। ਇੱਥੇ ਬੱਚੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਇਸ ਕਰ ਕੇ ਬੱਚੇ ਦੇ ਜਨਮ ਨਾਲ ਘਰ ਵਿੱਚ ‘ਹਰੀ’ (ਪ੍ਰਭੂ/ਰੱਬ) ਦਾ ਆਉਣਾ ਮੰਨਿਆ ਜਾਂਦਾ ਹੈ। ਹਰੀ ਦੇ ਘਰ ਵਿੱਚ ਪੈਰ ਪਾਉਣ ਨਾਲ ਇਹਨਾਂ ਗੀਤਾਂ ਨੂੰ ‘ਹਰਿਆ’ ਕਿਹਾ ਜਾਣ ਲੱਗਾ।

      ‘ਹਰਿਆ’ ਸ਼ਬਦ ਦੇ ਆਪਣੇ ਅਰਥ ਮੌਲਣ, ਵਧਣ-ਫੁੱਲਣ ਅਤੇ ਵਿਗਸਣ ਨਾਲ ਸੰਬੰਧ ਰੱਖਦੇ ਹਨ। ਘਰ ਵਿੱਚ ਪਹਿਲੇ ਬੱਚੇ ਦੇ ਜਨਮ ਤੇ ਮੁਹਾਵਰਾ ਵਰਤਿਆ ਜਾਂਦਾ ਹੈ ਕਿ ਉਸ ਦੀ (ਮੁੰਡੇ ਦੀ ਮਾਂ ਦਾ ਨਾਂ ਲੈ ਕੇ) ਕੁੱਖ ਹਰੀ ਹੋ ਗਈ ਹੈ। ‘ਹਰਿਆ’ ਨਾਂ ਨਾਲ ਜਾਣੇ ਜਾਂਦੇ ਗੀਤ ਮੁੰਡੇ ਦੇ ਵਿਆਹ ਤੇ ਵੀ ਗਾਏ ਜਾਂਦੇ ਹਨ। ਇਸ ਗੀਤ ਦੇ ਦੋਵਾਂ ਰੂਪਾਂ ਵਿੱਚ ਫ਼ਰਕ ਕੇਵਲ ਏਨਾ ਕੁ ਹੁੰਦਾ ਹੈ ਕਿ ਮੁੰਡੇ ਦੇ ਜਨਮ ਨਾਲ ਸੰਬੰਧਿਤ ਗੀਤਾਂ ਵਿੱਚ ਖ਼ੁਸ਼ੀ ਸਾਂਝੀ ਕਰਦਿਆਂ ਚੀਜ਼ਾਂ ਲੈਣ-ਦੇਣ ਤੇ ਆ ਕੇ ਗੀਤ ਸਮਾਪਤ ਹੋ ਜਾਂਦੇ ਹਨ ਪਰ ਵਿਆਹ ਨਾਲ ਸੰਬੰਧਿਤ ‘ਹਰਿਆ’ ਗੀਤਾਂ ਵਿੱਚ ਮੁੰਡੇ ਦੇ ਜਨਮ ਨਾਲ ਸੰਬੰਧਿਤ ਬੰਦ/ਪਹਿਰੇ ਉਚਾਰਨ ਤੋਂ ਬਾਅਦ ਉਸ ਦੇ ਮੱਥੇ ਤੇ ਬੰਨ੍ਹੇ ਜਾਣ ਵਾਲੇ ਸਿਹਰੇ ਨਾਲ ਸੰਬੰਧਿਤ ਬੰਦ ਗਾਏ ਜਾਂਦੇ ਹਨ, ਜਿਵੇਂ :

ਹਰਿਆ ਨੀ ਮਾਲਣ, ਹਰਿਆ ਨੀ ਭੈਣੇ

ਹਰਿਆ ਤੇ ਭਾਗੀਂ ਭਰਿਆ ਨੀ ਭੈਣੇ।

ਜਿਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ,

ਸੋਈਓ ਦਿਹਾੜਾ ਭਾਗੀਂ ਭਰਿਆ।

ਜੰਮਦਾ ਤਾਂ ਹਰਿਆ ਪੱਟ-ਲਪੇਟਿਆ।

ਕੁੱਛੜ ਦਿਓ ਨੀ ਇਹਨਾਂ ਮਾਈਆਂ।

ਨ੍ਹਾਤਾ ਤੇ ਧੋਤਾ ਹਰਿਆ ਪੱਟ-ਲਪੇਟਿਆ

ਕੁੱਛੜ ਦਿਓ ਸਕੀਆਂ ਭੈਣਾਂ।

ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ

ਕੀ ਕੁਝ ਮਿਲਿਆ ਸਕੀਆਂ ਭੈਣਾਂ।

ਪੰਜ ਰੁਪਏ ਇਹਨਾਂ ਦਾਈਆਂ ਤੇ ਮਾਈਆਂ

ਪੱਟ ਦਾ ਤੇਵਰ ਸਕੀਆਂ ਭੈਣਾਂ।

ਪੁੱਛਦੀ-ਪੁਛਾਂਦੀ ਮਾਲਣ ਆਈ ਗਲੀ ਵਿੱਚ

ਸ਼ਾਦੀ ਵਾਲਾ ਘਰ ਕਿਹੜਾ।

ਉਚੜੇ ਤੰਬੂ ਮਾਲਣ ਸਬਜ਼ ਕਨਾਤਾਂ।

ਸ਼ਾਦੀ ਵਾਲਾ ਘਰ ਇਹੋ।

ਆ ਮੇਰੀ ਮਾਲਣ ਬੈਠ ਦਲ੍ਹੀਜੇ।       

ਕਰ ਨੀ ਸਿਹਰੇ ਦਾ ਮੁੱਲ।

ਇੱਕ ਲੱਖ ਚੰਬਾ, ਦੋ ਲੱਖ ਮਰੂਆ

ਤੇ ਤਿੰਨ ਲੱਖ ਸਿਹਰੇ ਦਾ ਮੁੱਲ।

ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ

ਬੰਨ੍ਹ ਨੀ ਲਾਲ ਜੀ ਦੇ ਮੱਥੇ।

ਹਰਿਆ ਨੀ ਮਾਲਣ, ਹਰਿਆ ਨੀ ਭੈਣੇ।

            ਹਰਿਆ ਤੇ ਭਾਗੀਂ ਭਰਿਆ ਨੀ ਭੈਣੇ।

     ਇਸ ਤਰ੍ਹਾਂ ਸਪਸ਼ਟ ਹੈ ਕਿ ‘ਹਰਿਆ’ ਕਾਵਿ-ਰੂਪ ਦਾ ਸੰਬੰਧ ਮੁੰਡੇ ਦੇ ਜਨਮ ਉਪਰੰਤ ਦਰਵਾਜ਼ੇ ਦੀ ਚੁਗਾਠ ਤੇ ਸ਼ਰੀਂਹ (ਪੱਤਿਆਂ ਦਾ ਸਿਹਰਾ) ਬੰਨ੍ਹਣ ਅਤੇ ਉਸ ਦੇ ਵਿਆਹ ਵਾਲੇ ਦਿਨ ਮੱਥੇ ਤੇ ਸਿਹਰਾ ਬੰਨ੍ਹਣ ਦੀ ਰਸਮ ਨਾਲ ਸੰਬੰਧਿਤ ਹੁੰਦਾ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7619, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹਰਿਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਆ [ਨਾਂਪੁ] ਵੇਖੋ ਹਰਾ; ਖ਼ੁਸ਼ਹਾਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਿਆ. ਵਿ—ਹਰਿਤ. ਹਰਾ. “ਜਾਮੈ ਹਰਿਆ ਖੇਤ.” (ਆਸਾ ਮ: ੪) ੨ ਪ੍ਰਫੁੱਲਿਤ. ਆਨੰਦ. ਖ਼ੁਸ਼. “ਤਨੁ ਮਨੁ ਥੀਵੈ ਹਰਿਆ.” (ਮੁੰਦਾਵਣੀ) ੩ ਚੁਰਾਇਆ। ੪ ਵਿਨਾਸ਼ ਕੀਤਾ. ਮਿਟਾਇਆ। ੫ ਹਰਿ ਦਾ. ਕਰਤਾਰ ਦਾ. “ਹਰਿ ਊਤਮ ਹਰਿਆ ਨਾਮ ਹੈ.” (ਮ: ੪ ਵਾਰ ਕਾਨ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਰਿਆ (ਗੁ.। ਸੰਸਕ੍ਰਿਤ ਹਰਿਤ। ਪ੍ਰਾਕ੍ਰਿਤ ਹਰਿਅ। ਪੰਜਾਬੀ ਹਰਿਆ) ੧. ਸਾਵਾ। ਯਥਾ-‘ਕੋਈ ਹਰਿਆ ਬੂਟੁ ਰਹਿਓ ਰੀ’।

੨. ਸੁਰਜੀਤ, ਜੀਉਂਦਾ। ਤਰੋ ਤਾਜ਼ਾ। ਯਥਾ-‘ਤਨੁ ਮਨੁ ਥੀਵੈ ਹਰਿਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਰਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰਿਆ, ਵਿਸ਼ੇਸ਼ਣ : ਹਰਾ

–ਹਰਿਆ ਜਾਲਾ, ਖੇਤੀ ਬਾੜੀ / ਪੁਲਿੰਗ : ਹਰੀ ਹਰੀ ਜਿਲਬ ਜੋ ਪਾਣੀ ਵਿਚੋਂ ਤਲਾਓ ਆਦਿ ਦੀਆਂ ਕੰਧਾਂ ਨੂੰ ਲੱਗ ਕੇ ਤਿਲਕਣਾ ਬਣਾ ਦਿੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-03-26-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.