ਹਰਿਮੰਦਿਰ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਰਿਮੰਦਿਰ ਸਾਹਿਬ: ਸਿੱਖਾਂ ਦਾ ਸਰਵੁਚ ਧਰਮ-ਧਾਮ ਜੋ ‘ਅੰਮ੍ਰਿ੍ਰਤਸਰ’ ਨਗਰ ਵਿਚ ਬਣਿਆ ਹੋਇਆ ਹੈ। ਇਸ ਦੇ ਇਰਦ-ਗਿਰਦ ਰਾਮਦਾਸ ਸਰੋਵਰ ਨਿਰਮਿਤ ਹੈ। ਗੁਰੂ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਦੁਆਰਾ ਲਿਖੀ ਆਦਿ-ਬੀੜ ਦਾ ਪਹਿਲੀ ਵਾਰ ਪ੍ਰਕਾਸ਼ ਇਥੇ ਹੀ ਕੀਤਾ ਗਿਆ ਸੀ। ਪਾਵਨ ਬੀੜ ਦੀ ਸਥਾਪਨਾ ਤੋਂ ਹੀ ਹਰਿਮੰਦਿਰ ਸਾਹਿਬ ਦੀ ਸਫ਼ਾਈ ਬੜੀ ਸ਼ਰਧਾ ਅਤੇ ਲਗਨ ਨਾਲ ਕੀਤੀ ਜਾਣੀ ਸ਼ੁਰੂ ਹੋ ਗਈ। ਮੁਸਲਮਾਨ ਹਮਲਾਵਰਾਂ ਅਤੇ ਮੁਗ਼ਲ ਪ੍ਰਸ਼ਾਸਕਾਂ ਨੇ ਕਈ ਵਾਰ ਇਸ ਨੂੰ ਅਪਵਿੱਤਰ ਕਰਨ ਅਤੇ ਮਿੱਟੀ ਅਤੇ ਗੰਦਗੀ ਨਾਲ ਭਰਵਾਉਣ ਦੇ ਕੋਝੇ ਯਤਨ ਕੀਤੇ, ਪਰ ਖ਼ਾਲਸੇ ਨੇ ਇਸ ਧਰਮ-ਧਾਮ ਦੇ ਗੌਰਵ ਨੂੰ ਘਟਣ ਨ ਦਿੱਤਾ। ਇਸ ਦੀ ਪਵਿੱਤਰਤਾ ਦੇ ਮੱਦੇਨਜ਼ਰ ਅਜ ਕਲ ਸਵੇਰੇ ਦੋ ਵਜੇ ਤੋਂ ਸ਼ਾਮੀ 10 ਵਜੇ ਤਕ ਇਸ ਪਵਿੱਤਰ ਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। 10 ਵਜੇ ਤੋਂ ਬਾਦ ਹਰਿਮੰਦਿਰ ਸਾਹਿਬ ਦੀ ਸਫ਼ਾਈ ਦੀ ਸੇਵਾ ਸ਼ੁਰੂ ਹੁੰਦੀ ਹੈ। ਇਸ ਨੂੰ ਪਰੰਪਰਾ ਤੋਂ ‘ਤਿੰਨ ਪਹਿਰੇ ਦੀ ਸੇਵਾ’ ਕਿਹਾ ਜਾਂਦਾ ਹੈ। ਇਸ ਸੇਵਾ ਦੇ ਦੋ ਰੂਪ ਹਨ, ਇਕ ਸੁਕੀ ਅਤੇ ਦੂਜੀ ਇਸ਼ਨਾਨ ਵਾਲੀ। ਪਹਿਲਾਂ ਸੁਕੀ ਸੇਵਾ ਹੁੰਦੀ ਹੈ ਅਤੇ ਫਿਰ ਇਸ਼ਨਾਨ ਵਾਲੀ ਸੇਵਾ ਕੀਤੀ ਜਾਂਦੀ ਹੈ। ਸਰੋਵਰ ਦੇ ਜਲ ਨਾਲ ਹਰਿਮੰਦਿਰ ਸਾਹਿਬ ਦੇ ਅੰਦਰ -ਬਾਹਰ ਦੇ ਫ਼ਰਸ਼ਾਂ ਨੂੰ ਧੋਇਆ ਜਾਂਦਾ ਹੈ। ਹਰਿਮੰਦਿਰ ਸਾਹਿਬ ਦੇ ਪ੍ਰਕਾਸ਼-ਸਥਾਨ ਦੀ ਜਲ ਅਤੇ ਦੁੱਧ ਨਾਲ ਇਸ਼ਨਾਨ-ਸੇਵਾ ਕੀਤੀ ਜਾਂਦੀ ਹੈ। ਉਸ ਤੋਂ ਬਾਦ ਫ਼ਰਸ਼ ਨੂੰ ਸੁਕਾ ਕੇ ਨਵੀਆਂ ਵਿਛਾਈਆਂ ਹੁੰਦੀਆਂ ਹਨ। ਇਸ ਤਰ੍ਹਾਂ ਹਰਿਮੰਦਿਰ ਸਾਹਿਬ ਦੀ ਪਵਿੱਤਰਤਾ ਦਾ ਪਾਲਨ ਕੀਤਾ ਜਾਂਦਾ ਹੈ। ਵੇਖੋ ‘ਅੰਮ੍ਰਿਤਸਰ ’ (ਨਗਰ)।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.