ਖ਼ਾਲਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ [ਵਿਸ਼ੇ] ਸੱਚਾ-ਸੁੱਚਾ [ਨਾਂਪੁ] ਅਮ੍ਰਿਤਧਾਰੀ ਸਿੱਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖ਼ਾਲਸਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਲਸਾ: ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਜੋ ਨਿਰੋਲ, ਸ਼ੁੱਧ ਜਾਂ ਮਿਲਾਵਟ ਤੋਂ ਉਪਰ ਹੋਵੇ। ਫ਼ਾਰਸੀ ਭਾਸ਼ਾ ਵਿਚ ਉਸ ਜ਼ਮੀਨ ਜਾਂ ਇਲਾਕੇ ਨੂੰ ਵੀ ‘ਖ਼ਾਲਸਾ’ ਕਿਹਾ ਜਾਂਦਾ ਹੈ ਜੋ ਸਿਧੀ ਬਾਦਸ਼ਾਹ ਦੀ ਹੋਵੇ, ਕਿਸੇ ਜਾਗੀਰਦਾਰ ਦੀ ਨ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਧਰਮ-ਸਾਧਕਾਂ ਲਈ , ਜੋ ਬ੍ਰਾਹਮਣਵਾਦ ਦੇ ਘੇਰੇ ਤੋਂ ਨਿਕਲ ਕੇ ਸਿਧੇ ਪਰਮਾਤਮਾ ਦੀ ਪ੍ਰੇਮ-ਪੂਰਵਕ ਆਰਾਧਨਾ ਕਰਦੇ ਹਨ ਜਾਂ ਆਪਣੀ ਸਾਧਨਾ ਦਾ ਸਿਧਾ ਸੰਪਰਕ ਪਰਮਾਤਮਾ ਨਾਲ ਸਥਾਪਿਤ ਕਰਦੇ ਹਨ, ਇਹ ਸ਼ਬਦ ਵਰਤਿਆ ਗਿਆ ਹੈ। ਸੰਤ ਕਬੀਰ ਨੇ ਕਿਹਾ ਹੈ— ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤ ਜਿਹ ਜਾਨੀ। (ਗੁ.ਗ੍ਰੰ.654)।
ਇਸ ਸ਼ਬਦ ਦੀ ਵਰਤੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਇਕ ਹੁਕਮਨਾਮੇ ਵਿਚ ਪੂਰਬ ਦੀ ਸੰਗਤ (ਗੁਰੂ ਕਾ ਖ਼ਾਲਸਾ) ਲਈ ਕੀਤੀ ਹੈ। ਇਸੇ ਅਰਥ ਵਿਚ ਗੁਰੂ ਤੇਗ ਬਹਾਦਰ ਜੀ ਨੇ ਪਟਨੇ ਦੀ ਸੰਗਤ ਨੂੰ ਆਪਣੇ ਇਕ ਹੁਕਮਨਾਮੇ ਵਿਚ ਸੰਬੋਧਨ ਕੀਤਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ-ਸੰਚਾਰ ਦੀ ਰੀਤਿ ਰਾਹੀਂ ਆਪਣੇ ਅਨੁਯਾਈਆਂ ਨੂੰ ‘ਖ਼ਾਲਸਾ’ ਬਣਾਇਆ ਅਤੇ ਇਸ ਸ਼ਬਦ ਨੂੰ ਇਕ ਨਵਾਂ ਪਰਿਪੇਖ ਦਿੱਤਾ। ਇਸ ਤੋਂ ਭਾਵ ਉਹ ਸਿੱਖ ਹਨ ਜੋ ਸਿਧੇ ਗੁਰੂ ਜੀ ਦੇ ਸੰਪਰਕ ਵਿਚ ਹਨ ਅਤੇ ਜੋ ਮਸੰਦਾਂ ਦੀ ਮਧਿਅਸਥਤਾ ਤੋਂ ਮੁਕਤ ਹਨ। ਖ਼ਾਲਸੇ ਦੀ ਸਿਰਜਨਾ ਤੋਂ ਬਾਦ ਗੁਰੂ ਜੀ ਨੇ ਮਸੰਦ-ਪ੍ਰਥਾ ਖ਼ਤਮ ਕਰ ਦਿੱਤੀ। ਸਚ ਤਾਂ ਇਹ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਇਆ ਇਕ ਨਵਾਂ ਭਾਈਚਾਰਾ ਸੀ ਜੋ ਕਾਲਾਂਤਰ ਵਿਚ ਸੁਤੰਤਰ ਪੰਥ ਦੇ ਰੂਪ ਵਿਚ ਵਿਕਸਿਤ ਹੋਇਆ। ਭਾਈ ਗੁਰਦਾਸ ਸਿੰਘ ਅਨੁਸਾਰ — ਇਉਂ ਤੀਸਰ ਪੰਥ ਚਲਾਇਅਨ ਵਡ ਸੂਰ ਗਹੇਲਾ। (16)। ਇਸ ਦੀ ਸਿਰਜਨਾ ਦਾ ਮੂਲ ਕਾਰਣ ਆਤਮ-ਰਖਿਆ ਸੀ। ਗੁਰੂ ਤੇਗ ਬਹਾਦਰ ਜੀ ਦੇ ਮਹਾ- ਬਲਿਦਾਨ ਤੋਂ ਬਾਦ ਆਤਮ-ਰਖਿਆ ਦੀ ਗੰਭੀਰ ਸਮਸਿਆ ਸਾਹਮਣੇ ਆਈ। ਇਸ ਦਾ ਸਮਾਧਾਨ ਗੁਰੂ ਜੀ ਨੇ ਇਸ ਨਵੇਂ ਭਾਈਚਾਰੇ ਦੀ ਸਥਾਪਨਾ ਰਾਹੀਂ ਕੀਤਾ।
ਸੰਨ 1699 ਈ. ਨੂੰ ਪਹਿਲੀ ਵਿਸਾਖ ਵਾਲੇ ਦਿਨ ਆਨੰਦਪੁਰ ਵਿਚ ਕੇਸਗੜ੍ਹ ਵਾਲੇ ਸਥਾਨ’ਤੇ ਇਕ ਭਾਰੀ ਦੀਵਾਨ ਕੀਤਾ ਗਿਆ। ਪਾਠ , ਕਥਾ , ਕੀਰਤਨ ਤੋਂ ਬਾਦ ਗੁਰੂ ਜੀ ਇਕ ਨੇੜੇ ਗਡੇ ਤੰਬੂ ਵਿਚ ਗਏ ਅਤੇ ਕੁਝ ਚਿਰ ਪਿਛੋਂ ਨੰਗੀ ਕ੍ਰਿਪਾਨ ਸਹਿਤ ਪ੍ਰਚੰਡ ਵੀਰ ਰੂਪ ਵਿਚ ਮੰਚ ਉਤੇ ਆਏ ਅਤੇ ਸੰਗਤ ਨੂੰ ਸੰਬੋਧਨ ਕਰਕੇ ਇਕ ਸੀਸ ਦੀ ਭੇਂਟ ਮੰਗੀ ।
ਇਸ ਨਿਰਾਲੀ ਪਰ ਭਿਆਨਕ ਮੰਗ ਨੂੰ ਸੁਣ ਕੇ ਸਾਰੀ ਸੰਗਤ ਵਿਚ ਖ਼ਾਮੋਸ਼ੀ ਛਾ ਗਈ। ਉਤਰ ਨ ਮਿਲਣ’ਤੇ ਗੁਰੂ ਜੀ ਨੇ ਆਪਣੀ ਮੰਗ ਦੂਜੀ ਵਾਰ ਅਤੇ ਫਿਰ ਤੀਜੀ ਵਾਰ ਦੋਹਰਾਈ। ਆਖ਼ਿਰ ਲਾਹੌਰ ਦਾ ਇਕ ਖਤ੍ਰੀ ਸਿੱਖ ਭਾਈ ਦਯਾ ਰਾਮ ਹੱਥ ਜੋੜ ਕੇ ਸੀਸ ਭੇਟ ਕਰਨ ਲਈ ਉਠ ਖੜੋਤਾ। ਗੁਰੂ ਜੀ ਉਸ ਨੂੰ ਤੰਬੂ ਵਿਚ ਲੈ ਗਏ ਅਤੇ ਕੁਝ ਦੇਰ ਬਾਦ ਲਹੂ ਸਿੰਮਦੀ ਕ੍ਰਿਪਾਨ ਨਾਲ ਫਿਰ ਸਟੇਜ ਉਤੇ ਉਪਸਥਿਤ ਹੋਏ। ਲੋਕਾਂ ਨੂੰ ਭਾਈ ਦਯਾ ਰਾਮ ਦੀ ਹਤਿਆ ਹੋ ਜਾਣ ਦਾ ਅਹਿਸਾਸ ਹੋ ਗਿਆ। ਹਰ ਪਾਸੇ ਸਹਿਮ ਛਾ ਗਿਆ। ਗੁਰੂ ਜੀ ਨੇ ਫਿਰ ਇਕ ਸੀਸ ਦੀ ਭੇਟ ਮੰਗੀ ਅਤੇ ਇਹ ਪ੍ਰਕ੍ਰਿਆ ਚਾਰ ਵਾਰ ਦੋਹਰਾਈ ਗਈ। ਇਸ ਤਰ੍ਹਾਂ ਭਾਈ ਦਯਾ ਰਾਮ ਜੀ ਤੋਂ ਬਾਦ ਕ੍ਰਮਵਾਰ ਦਿੱਲੀ ਨਿਵਾਸੀ ਇਕ ਜੱਟ ਸਿੱਖ ਭਾਈ ਧਰਮ ਦਾਸ , ਦੁਆਰਿਕਾ ਨਿਵਾਸੀ ਇਕ ਛੀਂਬਾ ਸਿੱਖ ਭਾਈ ਮੋਹਕਮ ਚੰਦ , ਬਿਦਰ ਨਿਵਾਸੀ ਇਕ ਨਾਈ ਸਿੱਖ ਭਾਈ ਸਾਹਿਬ ਚੰਦ ਅਤੇ ਜਗਨ-ਨਾਥ ਪੁਰੀ ਨਿਵਾਸੀ ਇਕ ਝੀਵਰ ਸਿੱਖ ਭਾਈ ਹਿੰਮਤ ਰਾਇ ਨੇ ਆਪਣੇ ਸੀਸ ਭੇਟ ਕੀਤੇ।
ਕੁਝ ਦੇਰ ਬਾਦ ਗੁਰੂ ਸਾਹਿਬ ਨੇ ਸੀਸ ਭੇਟ ਕਰਨ ਵਾਲੇ ਪੰਜ ਸਿੱਖਾਂ ਨੂੰ ਨਵੇਂ ਅਤੇ ਇਕ ਸਮਾਨ ਸੁੰਦਰ ਬਸਤ੍ਰ ਪਵਾ ਕੇ ਅਤੇ ਨਵੇਂ ਸ਼ਸਤ੍ਰ ਧਾਰਣ ਕਰਵਾ ਕੇ ਮੰਚ ਉਤੇ ਸੰਗਤ ਦੇ ਸਨਮੁਖ ਪੇਸ਼ ਕੀਤਾ। ਫਿਰ ਇਕ ਸਰਬਲੋਹ ਦੇ ਬਾਟੇ ਵਿਚ ਸਵੱਛ ਜਲ ਪਾਇਆ ਗਿਆ। ਉਸ ਵਿਚ ਸਰਬਲੋਹ ਦਾ ਖੰਡਾ ਫੇਰ ਕੇ ਅਤੇ ਨਾਲ ਨਾਲ ਪੰਜ ਬਾਣੀਆਂ ਦਾ ਪਾਠ ਕਰਕੇ ਉਸ ਜਲ ਵਿਚ ਸ਼ਕਤੀ ਅਤੇ ਅਧਿਆਤਮਿਕਤਾ ਦਾ ਸੰਚਾਰ ਕੀਤਾ ਗਿਆ ਅਤੇ ਫਿਰ ਪਤਾਸੇ ਪਾ ਕੇ ਪਰਸਪਰ ਪ੍ਰੇਮ-ਭਾਵ ਨੂੰ ਦ੍ਰਿੜ੍ਹ ਕੀਤਾ ਗਿਆ।
ਇਸ ਵਿਧੀ ਨਾਲ ਤਿਆਰ ਕੀਤਾ ਅੰਮ੍ਰਿਤ ਪਹਿਲਾਂ ਗੁਰੂ ਜੀ ਨੇ ਪੰਜ ਸਿੱਖਾਂ ਨੂੰ ਛਕਾ ਕੇ, ਫਿਰ ਉਨ੍ਹਾਂ ਤੋਂ ਆਪ ਛਕਿਆ। ਉਸ ਦਿਨ ਉਨ੍ਹਾਂ ਪੰਜ ਸਿੱਖਾਂ ਦੇ ਰੂਪ ਵਿਚ ਖ਼ਾਲਸੇ ਦਾ ਜਨਮ ਹੋਇਆ ਅਤੇ ਉਹ ਸਾਰੇ ‘ਸਿੱਖ’ ਦੀ ਥਾਂ ‘ਸਿੰਘ’ ਅਖਵਾਏ। ਸਿੱਖ-ਇਤਿਹਾਸ ਵਿਚ ਇਹ ‘ਪੰਜ ਪਿਆਰੇ ’ (ਵੇਖੋ) ਨਾਂ ਨਾਲ ਪ੍ਰਸਿੱਧ ਹੋਏ। ਇਸ ਤਰ੍ਹਾਂ ਇਕ ਨਵੇਂ ਭਾਈਚਾਰੇ ਦਾ ਆਰੰਭ ਹੋਇਆ। ਗੁਰੂ ਗੋਬਿੰਦ ਸਿਘ ਜੀ ਨੇ, ਗੁਰੂ ਅਤੇ ਚੇਲਾ , ਦੋਹਾਂ ਰੂਪਾਂ ਵਿਚ ਸਾਹਮਣੇ ਆ ਕੇ ਅਧਿਆਤਮਿਕ ਸਾਧਨਾ ਦੇ ਖੇਤਰ ਵਿਚ ਇਕ ਨਵਾਂ ਮੋੜ ਲਿਆਉਂਦਾ। ਕਵੀ ਗੁਰਦਾਸ ਸਿੰਘ ਅਨੁਸਾਰ—ਗੁਰੁਬਰ ਅਕਾਲ ਕੇ ਹੁਕਮ ਸਿਉ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖ਼ਾਲਸਾ ਸਬਤ ਮਰਦਾਨਾ। ... ਇਉਂ ਤੀਸਰ ਪੰਥ ਚਲਾਇਅਨੁ ਵਡ ਸੂਰ ਗਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। (16) ਗੁਰੂ ਜੀ ਨੇ ਖ਼ਾਲਸੇ ਦੇ ਮਹੱਤਵ ਨੂੰ ਦਸਦਿਆਂ ਇਸ ਨੂੰ ਆਪਣਾ ਅਭਿੰਨ ਅੰਗ ਮੰਨਿਆ— ਖ਼ਾਲਸਾ ਮੇਰੋ ਰੂਪ ਹੈ ਖ਼ਾਸ। ਖ਼ਾਲਸੇ ਮੇਂ ਹੌਂ ਕਰੋਂ ਨਿਵਾਸ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਦ ਗੁਰੂ ਗ੍ਰੰਥ ਸਾਹਿਬ ਨੂੰ ਨਵੇਂ ਭਾਈਚਾਰੇ ਦਾ ‘ਗੁਰੂ’ ਸਥਾਪਿਤ ਕਰਕੇ ਸੰਸਾਰਿਕ ਲੀਲਾ ਸਮਾਪਤ ਕੀਤੀ।
ਖ਼ਾਲਸੇ ਦੀ ਸਾਜਨਾ ਦੇ ਇਸ ਇਤਿਹਾਸਿਕ ਮੌਕੇ ’ਤੇ ਗੁਰੂ ਜੀ ਨੇ ਇਕ ਨਿਰਾਕਾਰ ਇਸ਼ਟ ਵਿਚ ਯਕੀਨ ਰਖਣ, ਜਾਤਿ ਭੇਦ-ਭਾਵ ਮਿਟਾ ਕੇ ਸਾਰੀ ਮਨੁੱਖਤਾ ਨੂੰ ਇਕ ਸਮਾਨ ਸਮਝਣ, ਆਤਮ-ਗੌਰਵ ਦੀ ਭਾਵਨਾ ਨੂੰ ਸਦਾ ਕਾਇਮ ਰਖਣ ਅਤੇ ਧਰਮ-ਯੁੱਧ ਲਈ ਸਦਾ ਤਤਪਰ ਰਹਿਣ ਦਾ ਉਪਦੇਸ਼ ਦਿੱਤਾ। ਸਦਾਚਾਰ ਅਤੇ ਪ੍ਰੇਮ-ਭਾਵਨਾ ਨੂੰ ਵਿਕਸਿਤ ਕਰਨ ਤੋਂ ਇਲਾਵਾ ਪੰਜ ਕੱਕਾਰਾਂ—ਕ੍ਰਿਪਾਨ, ਕੇਸ , ਕੜਾ , ਕੰਘਾ ਅਤੇ ਕਛਹਿਰਾ— ਦੀ ਰਹਿਤ ਰਖਣ ਉਤੇ ਬਲ ਦਿੱਤਾ। ਮਾੜੇ ਕਰਮਾਂ, ਦੁਰਾਚਾਰਾਂ ਅਤੇ ਕੁਰਹਿਤਾਂ ਤੋਂ ਦੂਰ ਰਹਿਣ ਲਈ ਪਕਿਆਈ ਕੀਤੀ। ਇਸ ਤਰ੍ਹਾਂ ਅੰਮ੍ਰਿਤਪਾਨ ਕਰਵਾ ਕੇ ‘ਖ਼ਾਲਸਾ’ ਭਾਈਚਾਰੇ ਦੀ ਸਥਾਪਨਾ ਕੀਤੀ ਜੋ ਮੌਤ ਦੇ ਭੈ ਤੋਂ ਸਦਾ ਲਈ ਮੁਕਤ ਹੋ ਗਿਆ।
ਡਾ. ਗੋਕਲ ਚੰਦ ਨਾਰੰਗ (‘ਟ੍ਰਾਂਸਫਾਰਮੇਸ਼ਨ ਆਫ਼ ਸਿਖਿਜ਼ਮ’) ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਜਾਤਿ- ਭੇਦ-ਭਾਵ ਦੇ ਬੰਧਨ ਤੋੜ ਕੇ, ਇਕ ਦੂਜੇ ਨੂੰ ਬਰਾਬਰੀ ਦਾ ਹੱਕ ਦੇ ਕੇ ਸਾਂਝੀ ਭਗਤੀ , ਸਾਂਝੇ ਧਰਮ-ਧਾਮ, ਸਾਂਝੇ ਆਦਰਸ਼ ਅਤੇ ਇਕ-ਸਮਾਨ ਮਰਯਾਦਾ ਦੀ ਪਾਲਣਾ ਦੀ ਵਿਧੀ ਦਸ ਕੇ, ਸਿੱਖਾਂ ਅੰਦਰ ਇਕ ਅਜਿਹੀ ਏਕਤਾ ਦੀ ਭਾਵਨਾ ਭਰੀ ਕਿ ਉਨ੍ਹਾਂ ਨੇ ਇਕ-ਮੁਠ ਹੋ ਕੇ ਉਸ ਸਮੇਂ ਦੀ ਸ਼ਕਤੀਸ਼ਾਲੀ ਸਰਕਾਰ ਨੂੰ ਵੰਗਾਰ ਦਿੱਤਾ। ਇਹ ਦੇਸ਼ ਦੀ ਸੁਤੰਤਰਤਾ-ਪ੍ਰਾਪਤੀ ਲਈ ਚੁਕਿਆ ਗਿਆ ਪਹਿਲਾ ਵਿਵਸਥਿਤ ਕਦਮ ਸਿਧ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਖ਼ਾਲਸਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ: ਸ਼ਬਦ ਅਰਬੀ ਭਾਸ਼ਾ ਦੇ ‘ਖ਼ਾਲਿਸ’ (ਸ਼ਾਬਦਿਕ ਅਰਥ , ਸ਼ੁੱਧ , ਬੇਦਾਗ) ਅਤੇ ਅਰਬੀ- ਫ਼ਾਰਸੀ ਦੇ ‘ਖ਼ਾਲਿਸਹ’ (ਸ਼ਾਬਦਿਕ ਅਰਥ, ਸ਼ੁੱਧ, ਮਾਲ ਵਿਭਾਗ ਦਾ ਦਫ਼ਤਰ, ਸਿੱਧੇ ਤੌਰ ‘ਤੇ ਸਰਕਾਰੀ ਪ੍ਰਬੰਧ ਹੇਠਲੀ ਜ਼ਮੀਨ) ਤੋਂ ਬਣਿਆ ਹੈ ਜਿਹੜਾ ਸਮੂਹਿਕ ਰੂਪ ਵਿਚ ਅੰਮ੍ਰਿਤਧਾਰੀ ਸਿੱਖਾਂ ਲਈ ਵਰਤਿਆ ਜਾਂਦਾ ਹੈ। ‘ਖ਼ਾਲਿਸਹ’ ਸ਼ਬਦ ਭਾਰਤ ਵਿਚ ਮੁਸਲਿਮ ਰਾਜ ਦੇ ਸਮੇਂ ਸ਼ਾਹੀ ਜ਼ਮੀਨ ਲਈ ਵਰਤਿਆ ਜਾਂਦਾ ਸੀ ਜਿਸ ਦਾ ਪ੍ਰਬੰਧ, ਜਗੀਰਦਾਰ ਜਾਂ ਮਨਸਬਦਾਰ ਦੀ ਵਿਚੋਲਗਿਰੀ ਤੋਂ ਬਿਨਾਂ ਸਿੱਧੇ ਤੌਰ ‘ਤੇ ਬਾਦਸ਼ਾਹ ਕੋਲ ਹੁੰਦਾ ਸੀ। ਸਿੱਖ ਪਰੰਪਰਾ ਵਿਚ ਇਹ ਪਦ ਸਭ ਤੋਂ ਪਹਿਲਾਂ ਗੁਰੂ ਹਰਿਗੋਬਿੰਦ (1595-1644) ਜੀ ਦੇ ਇਕ ਹੁਕਮਨਾਮੇ ਵਿਚ ਵਰਤਿਆ ਹੋਇਆ ਮਿਲਦਾ ਹੈ ਜਿੱਥੇ ਪੂਰਬ ਖੇਤਰ ਦੀ ਸੰਗਤ ਨੂੰ ‘ਗੁਰੂ ਕਾ ਖ਼ਾਲਸਾ’ ਕਿਹਾ ਗਿਆ ਹੈ। ਇਸੇ ਸੰਦਰਭ ਵਿਚ ਇਸ ਦੀ ਵਰਤੋਂ ਗੁਰੂ ਤੇਗ਼ ਬਹਾਦਰ (1621-75) ਜੀ ਨੇ ਪਟਨੇ ਦੀ ਸੰਗਤ ਨੂੰ ਸੰਬੋਧਨ ਕਰਦੇ ਸਮੇਂ ਕੀਤੀ ਹੈ। ਇਹ ਸ਼ਬਦ ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ , ਵਿਚ ਇਕ ਵਾਰ ਵਰਤੋਂ ਵਿਚ ਆਇਆ ਹੈ ਜਿੱਥੇ ਇਸ ਦਾ ਅਰਥ ‘ਖ਼ਾਲਿਸ’ ਭਾਵ ਸ਼ੁੱਧ ਮੰਨਿਆ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ (1666-1708) ਦੁਆਰਾ ਸਿੱਖ ਧਰਮ ਵਿਚ ਪ੍ਰਵੇਸ਼ ਹੋਣ ਦੀ ਨਵੀਂ ਰੀਤ , ਖੰਡੇ ਦੀ ਪਾਹੁਲ , 30 ਮਾਰਚ 1699 ਨੂੰ ਸ਼ੁਰੂ ਕਰਨ ਤੋਂ ਬਾਅਦ ‘ਖ਼ਾਲਸਾ’ ਸ਼ਬਦ ਵਿਸ਼ੇਸ਼ ਭਾਵਾਰਥ ਗ੍ਰਹਿਣ ਕਰ ਗਿਆ। ਉਸ ਵਸਾਖੀ ਵਾਲੇ ਦਿਨ ਸਿੱਖ ਧਰਮ ਵਿਚ ਪ੍ਰਵੇਸ਼ ਕਰਨ ਵਾਲੇ ਸਮੂਹ ਸਿੱਖਾਂ ਨੂੰ ਖ਼ਾਲਸਾ ਕਿਹਾ ਗਿਆ, ਭਾਵ ਖ਼ਾਲਸਾ ਜੋ ਸਿੱਧਾ ਵਾਹਿਗੁਰੂ ਨਾਲ ਸੰਬੰਧਿਤ ਹੈ। ‘ਵਾਹਿਗੁਰੂ ਜੀ ਕਾ ਖ਼ਾਲਸਾ’ ਸਿੱਖ ਸੰਬੋਧਨ ਦਾ ਹਿੱਸਾ ਵੀ ਬਣ ਗਿਆ: ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’, ਭਾਵ ਖ਼ਾਲਸਾ ਵੀ ਵਾਹਿਗੁਰੂ ਜੀ ਦਾ ਅਤੇ ਸਾਰੀਆਂ ਜਿੱਤਾਂ ਵੀ ਉਸ ਵਾਹਿਗੁਰੂ ਜੀ ਦੀਆਂ ਹਨ। ਇੱਥੇ ਇਹ ਦੱਸ ਦੇਣਾ ਵੀ ਮਹੱਤਵਪੂਰਨ ਹੈ ਕਿ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਕੁਝ ਸਮਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਦਾ ਖ਼ਾਤਮਾ ਕਰ ਦਿੱਤਾ ਸੀ। ਵੱਖ-ਵੱਖ ਖੇਤਰਾਂ ਦੀਆਂ ਸੰਗਤਾਂ ਵਿਚ ਮਸੰਦ ਗੁਰੂ ਜੀ ਦੇ ਪ੍ਰਤਿਨਿਧ ਵਜੋਂ ਕੰਮ ਕਰਦੇ ਸਨ। ਗੁਰੂ ਜੀ ਦੇ ਉਸ ਸਮੇਂ ਦੌਰਾਨ ਜਾਰੀ ਕੀਤੇ ਗਏ ਹੁਕਮਨਾਮੇ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਗੁਰੂ ਜੀ ਨੇ ਮਸੰਦ ਪ੍ਰਥਾ ਨੂੰ ਖ਼ਤਮ ਕਰਕੇ ਗੁਰੂ ਅਤੇ ਸੰਗਤ ਵਿਚ ਸਿੱਧਾ ਸੰਬੰਧ ਸਥਾਪਿਤ ਕੀਤਾ ਸੀ। ਗੁਰੂ ਗੋਬਿੰਦ ਜੀ ਦੀ ਸਰਪ੍ਰਸਤੀ ਹਾਸਲ ਕਰਨ ਵਾਲੇ ਕਵੀ ਸੈਨਾਪਤਿ ਆਪਣੀ ਰਚਨਾ ਸ੍ਰੀ ਗੁਰ ਸੋਭਾ ਵਿਚ ਦੱਸਦੇ ਹਨ ਕਿ ਜਦੋਂ ਕੁਝ ਸਿੱਖਾਂ ਨੂੰ ਪੁੱਛਿਆ ਗਿਆ ਕਿ ਉਹ ਖ਼ਾਲਸਾ ਕਿਵੇਂ ਬਣ ਗਏ ਕਿਉਂਕਿ ‘ਖ਼ਾਲਸਾ’ ਪਦ ਤਾਂ ਦਿੱਲੀ ਦੇ ਬਾਦਸ਼ਾਹ ਨਾਲ ਸੰਬੰਧਿਤ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਗੁਰੂ ਜੀ ਨੇ ਪਹਿਲੇ ਸਾਰੇ ਨਾਇਬਾਂ, ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ, ਨੂੰ ਹਟਾ ਕੇ ਸਿੱਖਾਂ ਨੂੰ ਆਪਣਾ ਖ਼ਾਲਸਾ ਬਣਾ ਲਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਾਸ਼ਵਾਨ ਜਗਤ ਤੋਂ ਜਾਣ ਸਮੇਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਖ਼ਾਲਸੇ ਨੂੰ ਵੀ ਬਖ਼ਸ਼ੀ ਹੈ। ਅਠਾਰਵੀਂ ਸਦੀ ਸਮੇਂ ਸਿੱਖਾਂ ਦੁਆਰਾ ਜਥੇਬੰਦ ਵਲੰਟੀਅਰ ਫ਼ੌਜ ‘ਦਲ ਖ਼ਾਲਸਾ ’ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਇੱਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ (1780-1839) ਦੀ ਸਰਕਾਰ ਨੂੰ ਵੀ ‘ਸਰਕਾਰ- ੲ-ਖ਼ਾਲਸਾ’ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਅਤੇ ਬਾਅਦ ਵਾਲੇ ਬਹੁਤ ਸਾਰੇ ਧਾਰਮਿਕ ਅਤੇ ਇਤਿਹਾਸਿਕ ਸਿੱਖ ਗ੍ਰੰਥਾਂ ਜਿਵੇਂ ਕਿ ਸਰਬਲੋਹ ਗ੍ਰੰਥ , ਪ੍ਰੇਮ ਸੁਮਾਰਗ ਗ੍ਰੰਥ , ਗੁਰ ਬਿਲਾਸ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਖ਼ਾਲਸੇ ਦੇ ਸ੍ਰੇਸ਼ਟ ਨੈਤਿਕ ਗੁਣਾਂ , ਅਧਿਆਤਮਿਕ ਜਜ਼ਬੇ ਅਤੇ ਬਹਾਦਰੀ ਦੇ ਵਾਰ-ਵਾਰ ਸੋਹਲੇ ਗਾਏ ਗਏ ਹਨ।
‘ਖ਼ਾਲਸਾ ਜੀ` ਸ਼ਬਦ ਕਿਸੇ ਇਕੱਲੇ ਸਿੰਘ ਨੂੰ ਜਾਂ ਉਹਨਾਂ ਦੇ ਸਮੂਹ ਨੂੰ ਸੰਬੋਧਨ ਕਰਨ ਲਈ ਆਮ ਵਰਤੋਂ ਵਿਚ ਆਉਂਦਾ ਹੈ। ਪਰੰਤੂ ਸਮੂਹ ਸਿੱਖ ਕੌਮ ਜਾਂ ਸਿੱਖਾਂ ਦੀਆਂ ਪ੍ਰਤਿਨਿਧ ਸਭਾਵਾਂ ਦੀ ਇਕੱਤਰਤਾ ਲਈ ‘ਖ਼ਾਲਸਾ ਪੰਥ’ ਜਾਂ ‘ਸਰਬਤ ਖ਼ਾਲਸਾ ’ ਸ਼ਬਦ ਦੀ ਵਰਤੋਂ ਕਰਨਾ ਜ਼ਿਆਦਾ ਸਹੀ ਹੈ। ਇਸ ਸੰਦਰਭ ਵਿਚ ਖ਼ਾਲਸਾ, ਸਿੱਖ ਕੌਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਧੀਨ , ਸਮੂਹਿਕ ਅਧਿਆਤਮਿਕ-ਨਿਰਦੇਸ਼ਤ ਇੱਛਾ ਸ਼ਕਤੀ ਹੈ।
ਲੇਖਕ : ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਖ਼ਾਲਸਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖ਼ਾਲਸਾ : ਖ਼ਾਲਸਾ ਸ਼ਬਦ ਅਰਬੀ ਬੋਲੀ ਦਾ ਹੈ ਜਿਸ ਦਾ ਅਰਥ ਸ਼ੁੱਧ, ਖਰਾ, ਮਿਲਾਵਟਰਹਿਤ ਹੈ। ਇਸ ਦਾ ਦੂਜਾ ਅਰਥ ਹੈ ਉਹ ਜਾਇਦਾਦ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ। ਖਾਲਸਾ ਵੀ ਇਕ ਪ੍ਰਕਾਰ ਦੀ ਜਾਇਦਾਦ ਹੈ ਭਾਵੇਂ ਇਹ ਜ਼ਮੀਨ-ਜਾਗੀਰ ਦੇ ਰੂਪ ਵਿਚ ਹੋਵੇ, ਸੰਤ-ਸਤਾ ਦੇ ਰੂਪ ਵਿਚ ਹੋਵੇ, ਸੈਨਿਕ ਸੱਤਾ ਦੇ ਰੂਪ ਵਿਚ ਹੋਵੇ ਜਾਂ ਪ੍ਰਭੂ-ਭਗਤੀ ਦੇ ਰੂਪ ਵਿਚ ਹੋਵੇ। ਖ਼ਾਲਸਾ ਇਕ ਜਾਇਦਾਦ ਹੈ ਪਰ ਇਸ ਦਾ ਮਾਲਕ ਕੋਈ ਬਾਦਸ਼ਾਹ ਨਹੀਂ ਨਾ ਕੋਈ ਨੀਤੀ-ਨਿਪੁੰਨ ਨੇਤਾ ਹੈ। ਇਸ ਦਾ ਮਾਲਕ ਤਾਂ ਅਕਾਲ-ਪੁਰਖ ਆਪ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਆਦਰਸ਼ ਸਥਾਪਿਤ ਕੀਤੇ ਸਨ, ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਖ਼ਾਲਸੇ ਦੀ ਸਿਰਜਣਾ ਹੋਈ। ਇਹ ਕੋਈ ਅਚਣਚੇਤ ਵਾਪਰੀ ਘਟਨਾ ਨਹੀਂ ਹੈ, ਸਗੋਂ ਲਗਭਗ ਸਵਾ ਦੋ ਸਦੀਆਂ ਦੀ ਸੋਚ ਇਸ ਦੀ ਪਿੱਠ-ਭੂਮੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕ੍ਰਿਸ਼ਮਾ ਹੈ।
1699 ਈ. ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਧ-ਸੰਗਤ ਨੂੰ ਅਚੰਭਿਤ ਕਰ ਦਿੱਤਾ ਜਦੋਂ ਪੂਰੇ ਜਲਾਲ ਵਿਚ ਨੰਗੀ ਤਲਵਾਰ ਹੱਥ ਵਿਚ ਲਈ ਦਰਬਾਰ ਵਿਚ ਗਰਜੇ ਕਿ ਸਿੱਖਾਂ ਦੇ ਸਿਰਾਂ ਦੀ ਜ਼ਰੂਰਤ ਹੈ। ਸਾਰੇ ਪਾਸੇ ਚੁੱਪ ਵਰਤ ਗਈ। ਸੰਗਤ ਨੇ ਗੁਰੂ ਜੀ ਦਾ ਅਜਿਹਾ ਭਿਆਨਕ ਰੂਪ ਕਦੇ ਨਹੀਂ ਸੀ ਦੇਖਿਆ ਪਰ ਅਖੀਰ ਲਾਹੌਰ ਨਿਵਾਸੀ ਭਾਈ ਦਿਆ ਰਾਮ ਨੇ ਆਪ ਦੇ ਹਜ਼ੂਰ ਪੇਸ਼ ਹੋ ਕੇ ਆਪਣਾ ਸੀਸ ਹਾਜ਼ਰ ਕੀਤਾ। ਗੁਰੂ ਜੀ ਉਸ ਨੂੰ ਪਿੱਛੇ ਇਕ ਤੰਬੂ ਵਿਚ ਲੈ ਗਏ। ਜਦੋਂ ਵਾਪਸ ਪਰਤੇ ਤਾਂ ਹੱਥ ਵਿਚ ਲਹੂ ਭਿੱਜੀ ਤਲਵਾਰ ਸੀ। ਦੂਜੀ ਵਾਰ ਫਿਰ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮ ਚੰਦ ਨਿੱਤਰੇ, ਤੀਜੀ ਵਾਰੀ ਭਾਈ ਹਿੰਮਤ ਰਾਏ, ਚੌਥੀ ਵਾਰੀ ਭਾਈ ਮੋਹਕਮ ਚੰਦ ਤੇ ਪੰਜਵੀਂ ਵਾਰੀ ਭਾਈ ਸਾਹਿਬ ਚੰਦ ਨੇ ਆਪਣਾ ਸਿਰ ਸਤਿਗੁਰੂ ਅੱਗੇ ਭੇਟ ਕਰ ਦਿੱਤਾ ਅਤੇ ਇਨ੍ਹਾਂ ਨੂੰ ਵੀ ਵਾਰੀ ਵਾਰੀ ਤੰਬੂ ਅੰਦਰ ਲੈ ਗਏ।
ਕੁਝ ਚਿਰ ਮਗਰੋਂ ਪੰਜਾਂ ਸਿੰਘਾਂ ਨੂੰ ਸੁਹਣੇ ਸ਼ਸਤਰਾਂ ਬਸਤਰਾਂ ਨਾਲ ਸਜਾ ਕੇ ਦੀਵਾਨ ਵਿਚ ਆਪਣੇ ਨਾਲ ਲਿਆਏ ਤਾਂ ਕਈਆਂ ਨੂੰ ਫਿਰ ਬੜਾ ਪਛਤਾਵਾ ਰਿਹਾ ਕਿ ਅਸੀ ਕਿਉਂ ਨਾ ਸੀਸ ਭੇਟ ਕਰਨ ਲਈ ਤਿਆਰ ਹੋਏ।
ਕੁਝ ਮਨਮਤੀਆਂ ਤੇ ਗੈਰ ਸਿੱਖਾਂ ਨੇ ਇਸ ਕੌਤਕ ਨੂੰ ਇਕ ਨਾਟਕ ਹੀ ਆਖਿਆ ਹੈ ਤੇ ਉਨ੍ਹਾਂ ਨੇ ਸਿੱਖਾਂ ਦੀ ਥਾਂ ਬੱਕਰੇ ਝਟਕਾਉਣ ਦਾ ਜ਼ਿਕਰ ਕੀਤਾ ਹੈ ਪਰ ਅਜਿਹਾ ਸੋਚਣਾ ਬਿਲਕੁਲ ਗ਼ਲਤ ਹੈ। ਗੁਰੂ ਜੀ ਨੂੰ ਦੰਭ, ਪਾਖੰਡ ਤੇ ਨਾਟਕ-ਚੇਟਕ ਤੋਂ ਅਥਾਹ ਨਫ਼ਤਰ ਸੀ। ਗੁਰੂ ਜੀ ਨੇ ਕੀ ਕੀਤਾ ਹੈ ? ਇਸ ਬਾਰੇ ਸਤਿਗੁਰੂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਜੇਕਰ ਇਸ ਘਟਨਾ ਦੇ ਡੂੰਘੇ ਅਰਥ ਦੇਖਣ ਦਾ ਯਤਨ ਕਰੀਏ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਤਿਗੁਰੂ ਨੇ ਸਿੱਖਾਂ ਦਾ ਸਿਦਕ ਪਰਖਿਆ ਤੇ ਸਿਦਕੀ ਸਿੰਘਾਂ ਨੂੰ ਆਪਣੇ ਵਿਸ਼ੇਸ਼ ਪਿਆਰੇ ਬਣਾ ਕੇ ਅਮਰ ਕਰ ਦਿੱਤਾ।
ਇਸ ਉਪਰੰਤ ਗੁਰੂ ਜੀ ਨੇ ਖੰਡਾਂ ਤੇ ਬਾਟਾ ਆਦਿ ਮੰਗਵਾ ਕੇ ਪਹੁਲ ਤਿਆਰ ਕੀਤੀ। ਇਨ੍ਹਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਸਾਜਿਆ ਤੇ ਫਿਰ ਆਪ ਇਨ੍ਹਾਂ ਪਾਸੋਂ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਉਪਰੰਤ ਗੁਰੂ ਸਾਹਿਬ ਅਤੇ ਪੰਜਾਂ ਪਿਆਰਿਆਂ ਦੇ ਨਾਵਾਂ ਨਾਲ ‘ਸਿੰਘ’ ਪਦ ਸ਼ਾਮਲ ਕੀਤਾ ਗਿਆ ਅਤੇ ਬਾਦ ਵਿਚ ਹਰ ਅੰਮ੍ਰਿਤਧਾਰੀ ਪੁਰਸ਼ ਨਾਲ ‘ਸਿੰਘ’ ਅਤੇ ਅੰਮ੍ਰਿਤਧਰੀ ਇਸਤਰੀ ਨਾਲ ‘ਕੌਰ’ ਪਦ ਲਗਾਉਣਾ ਲਾਜ਼ਮੀ ਕੀਤਾ ਗਿਆ। ਇਹ ਗੱਲ ਸਾਰਿਆਂ ਨੇ ਹੀ ਸਵੀਕਾਰ ਕੀਤੀ ਹੈ। ਕਵੀ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਇਸੇ ਗੱਲ ਵਲ ਇਸ਼ਾਰਾ ਕਰਦਿਆਂ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰਚੇਲਾ’ ਲਿਖਿਆ ਹੈ।
ਇਸ ਵਿਸਾਖੀ ਨੂੰ ਕਿੰਨੇ ਸਿੰਘ ਸਜੇ ? ਇਸ ਬਾਰੇ ਗਿਆਨੀ ਗਿਆਨ ਸਿੰਘ ਨੇ ਗੁਲਾਮ ਮੁਹੀਉੱਦੀਨ (ਜੋ ਫ਼ਾਰਸੀ ਦਾ ਇਤਿਹਾਸਕਾਰ ਸੀ ਤੇ ਔਰੰਗਜ਼ੇਬ ਨੂੰ ਰਿਪੋਟਾਂ ਭੇਜਦਾ ਹੁੰਦਾ ਸੀ) ਦਾ ਹਵਾਲਾ ਦੇ ਕੇ ਦਸਿਆ ਹੈ ਕਿ ਜਦੋਂ ਬ੍ਰਾਹਮਣਾਂ ਤੇ ਖੱਤਰੀਆਂ ਨੇ ਗੁਰੂ ਜੀ ਨੂੰ ਸਾਰੀਆਂ ਜਾਤਾਂ ਵਾਲਿਆਂ ਨੂੰ ਇਕ ਥਾਂ ਇਕੋ ਬਾਟੇ ਵਿਚ ਅੰਮ੍ਰਿਤ ਛਕਾਉਣ ਦੀ ਵਿਧੀ ਦੇਖੀ ਤਾਂ ਉਹ ਉੱਠ ਖੜੇ ਹੋਏ ਕਿ ਅਸੀਂ ਆਪਣਾ ਪੁਰਾਣਾ ਧਰਮ ਨਹੀਂ ਛੱਡਣਾ ਪਰ ਫਿਰ ਵੀ 20,000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਕ ਵਿਸ਼ੇਸ਼ ਰੂਪ ਵਿਚ ਸੰਗਠਿਤ ਕੀਤਾ। ਉਨ੍ਹਾਂ ਲਈ ਰਹਿਤ ਮਰਿਆਦਾ ਕਾਇਮ ਕੀਤੀ ਜਿਸ ਅਨੁਸਾਰ ਹਰ ਸਿੱਖ ਨੇ ਹਰ ਰੋਜ਼ ਪੰਜਾਂ ਬਾਣੀਆਂ ਦਾ ਪਾਠ ਲਾਜ਼ਮੀ ਕਰਨਾ ਹੈ। ਇਹ ਬਾਣੀਆਂ ਹਨ : ਜਪੁਜੀ, ਜਾਪੁ, ਤਪ੍ਰਸਾਦਿ ਸਵੈਯੇ, ਪਾਤਸ਼ਾਹੀ ਦਸਵੀਂ, ਅਨੰਦ ਸਾਹਿਬ ਤੇ ਰਹਿਰਾਸ।
ਸਿੱਖਾਂ ਨੂੰ ਇਕ ਵਿਸ਼ੇਸ਼ ਸੰਗਠਨ ਦੇ ਰੂਪ ਵਿਚ ਰੱਖਣ ਲਈ ਪੰਜ ਕਕਾਰਾਂ ਦਾ ਵਿਧਾਨ ਕੀਤਾ-ਕੇਸ, ਕਿਰਪਾਨ, ਕੜਾ, ਕੰਘਾ ਤੇ ਕਛਹਿਰਾ, ਦਸਮ ਗ੍ਰੰਥ ਦੀ ਇਕ ਹੱਥ ਲਿਖਿਤ ਬੀੜ ਵਿਚ ਇਨ੍ਹਾਂ ਕਕਾਰਾਂ ਬਾਰੇ ਇਉਂ ਲਿਖਿਆ ਮਿਲਦਾ ਹੈ -
ਨਿਸ਼ਾਨਿ ਸਿਈ-ਈ ਪੰਜ ਹਰਫਿ ਕਾਫ਼ ॥
ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ਼ ॥
ਕੜਾ ਕਰਦੋ ਕਾਛ ਕੰਘਾ ਬਿਦਾਨ ॥
ਬਿਲਾ ਕੇਸ ਹੇਢ ਅਸਲ ਜੁਮਲਾ ਨਿਸ਼ਾਨ ॥
ਭਾਵ ਪੰਜ ਕਕਾਰ ਸਿੱਖੀ ਦਾ ਨਿਸ਼ਾਨ ਹੈ ਜੋ ਰੱਖਣੇ ਲਾਜ਼ਮੀ ਹਨ, ਇਨ੍ਹਾਂ ਤੋਂ ਮੁਆਫ਼ੀ ਨਹੀਂ ਮਿਲ ਸਕਦੀ। ਇਹ ਹਨ- ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਪੰਜਵਾ ਕੱਕਾ ਹਨ ਕੇਸ ਜਿਨ੍ਹਾਂ ਤੋਂ ਬਿਨਾਂ ਇਹ ਸਭ ਨਿਸ਼ਾਨ ਵਿਅਰਥ ਹਨ।
ਚਾਰ ਕੁਰਹਿਤਾਂ ਹਨ ਜਿਨ੍ਹਾਂ ਤੋਂ ਬਚਣਾ ਸਿੱਖ ਲਈ ਲਾਜ਼ਮੀ ਹੈ (1) ਕੇਸ ਮੁੰਡਨ (2) ਤਮਾਕੂ ਪਾਨ (3) ਜੂਠਾ ਖਾਣਾ (4) ਪਰ ਇਸਤਰੀ ਗਮਨ।
ਅੰਮ੍ਰਿਤ ਛਕਾਉਣ ਸਮੇਂ ਸਿੱਖ ਨੂੰ ਜਦੋਂ ਖ਼ਾਲਸਾ ਜਥੇਬੰਦੀ ਵਿਚ ਲਿਆਂਦਾ ਜਾਂਦਾ ਹੈ ਤਾਂ ਹੇਠ ਲਿਖੀਆਂ ਗੱਲਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ ਜਿਵੇਂ :-
1) ਪੰਜ ਪਿਆਰੀਆਂ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ;
2) ਪੰਜ ਕਕਾਰੀ ਰਹਿਤ ਧਾਰਨ ਕਰੇ;
3) ਦਸਤਾਰਧਾਰੀ ਰਹੇ;
4) ਰੋਜ਼ਾਨਾ ਇਸ਼ਨਾਨ ਕਰੇਖ਼;
5) ਨਿਤਨੇਮ ਅਨੁਸਾਰ ਪਾਠ ਕਰੇ ਤੇ ਵਾਹਿਗੁਰੂ ਮੰਤਰ ਦਾ ਜਾਪ ਕਰੇ;
6) ਕਿਰਤ ਕਰ ਕੇ ਵੰਡ ਕੇ ਛਕੇ;
7) ਗੁਰੂ ਨਮਿਤ ਦਸਵੰਧ ਕੱਢੇ;
8) ਸਾਧ ਸੰਗਤ ਵਿਚ ਜਾਵੇ ਤੇ ਸੇਵਾ ਕਰੇ;
9) ਹਰ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਕਰੇ;
10) ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ ਆਗਿਆ ਵਿਚ ਚਲੇ।
ਇਸੇ ਤਰ੍ਹਾਂ ਜਿਥੇ ਚਾਰ ਕੁਰਹਿਤਾਂ ਦੇ ਤਿਆਗ ਤੇ ਬਲ ਹੈ ਉੱਥੇ ਕੁਝ ਹੋਰ ਗੱਲਾਂ ਦਾ ਤਿਆਗ ਵੀ ਲਾਜ਼ਮੀ ਮੰਨਿਆ ਹੈ ਜਿਵੇਂ–
1. ਮੀਣੇ, ਮਸੰਦਾ, ਧੀਰਮੱਲੀਏ, ਰਾਮਰਾਈਏ, ਨੜੀਮਾਰ, ਕੁੜੀਮਾਰ, ਪਤਿਤ ਤੇ ਸਿਰ ਗੁੰਮਲਾਲ ਵਰਤੋਂ ਦਾ ਤਿਆਗ,
2. ਟੋਪੀ ਜਾਂ ਟੋਪ ਨਾ ਪਹਿਨੇ;
3. ਚੋਰੀ, ਯਾਰੀ, ਜੂਆ ਆਦਿ ਕੁਕਰਮਾਂ ਤੋਂ ਬਚੇ,
4. ਸ਼ਰਾਬ ਆਦਿ ਨਸ਼ਿਆਂ ਤੋਂ ਦੂਰ ਰਹੇ,
5. ਦੇਵੀ-ਦੇਵਤੇ, ਅਵਤਾਰ, ਮੂਰਤੀ ਪੂਜਾ, ਮੜ੍ਹੀ ਮਸਾਣ, ਮੱਠ ਪੂਜਾ, ਸ਼ਗਨ, ਅਪਸ਼ਗਨ, ਤੀਰਥ, ਬਰਤ, ਸਤਕ-ਪਤਿਕ, ਛੂਤ ਛਾਤ, ਸ਼ਰਾਬ, ਛਾਇਆ, ਮੰਤ੍ਰ, ਜੰਤ੍ਰ, ਤੰਤ੍ਰ ਆਦਿ ਭਰਮ ਕਰਮ ਦਾ ਤਿਆਗ ਕਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਤੇ ਦਰਬਾਰੀ ਸਿੰਘਾਂ ਨੇ ਰਹਿਤਨਾਮੇ ਲਿਖੇ ਹਨ ਜਿਨ੍ਹਾਂ ਵਿਚ ਸਿੱਖ ਰਹਿਤ-ਮਰਿਆਦਾ ਬਾਰੇ ਵਿਚਾਰ ਅੰਕਿਤ ਕੀਤੇ ਗਏ ਹਨ। ਭਾਵੇਂ ਖਾਲਸਾ ਵਿਰੋਧੀ ਅਨਸਰ ਨੇ ਇਨ੍ਹਾਂ ਵਿਚ ਰਲੇ ਪਾ ਦਿਤੇ ਹਨ ਫਿਰ ਵੀ ਇਨ੍ਹਾਂ ਦੇ ਤੁਲਨਾਤਮਕ ਅਧਿਐਨ ਤੋਂ ਕਈ ਗੱਲਾਂ ਸਪੱਸ਼ਟ ਹੋ ਕੇ ਸਾਹਮਣੇ ਆ ਜਾਂਦੀਆਂ ਹਨ ਕਿ ਸਿੱਖਾਂ ਨੂੰ ਆਦਰਸ਼-ਖ਼ਾਲਸਾ ਬਣਨ ਲਈ ਕਿਹੜੇ ਗੁਣਾਂ ਦਾ ਧਾਰਨੀ ਹੋਣਾ ਲਾਜ਼ਮੀ ਹੈ। ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿਚ ਲਿਖਿਆ ਹੈ-
ਪ੍ਰਥਮ ਰਹਿਤ ਯਹਿ ਜਾਨ ਖੰਡੇ ਦੀ ਪਾਹੁਲ ਛਕੇ।
ਸੋਈ ਸਿੰਘ ਪ੍ਰਧਾਨ ਅਵਰ ਨ ਪਹੁਲਾ ਜੇ ਲਏ ।
ਪਰੇ ਬੇਟੀ ਕੋ ਬੇਟੀ ਜਾਨੈ ॥ ਪਰ ਇਸਤਰੀ ਕੋ ਮਾਤ ਬਖਾਨੈ ॥
ਆਪਨੀ ਇਸਤ੍ਰੀ ਸੋ ਰਤ ਹੋਈ ॥ ਰਹਤਵਾਨ ਗੁਰ ਕਾ ਸਿਖ ਸੋਈ ॥
ਧਨ ਕੀਰਤਿ ਸੁਖ ਰਾਜ ਬਡਾਈ ॥ ਸੁਵਤੀ ਸੁਤ ਵਿਦਿਐ ਬਹੁ ਭਈ ॥
ਏ ਸਭ ਦਾਤ ਗੁਰੂ ਕੀ ਜਾਨੈ ॥ ਤਾਤੇ ਨਹਿ ਅਭਿਮਾਨਹਿ ਠਾਨੈ ॥
ਰਹਿਤਵਾਨ ਜਗ ਸਿਖ ਜੋ ਕੋਈ ॥ ਗੁਰੂ ਕੇ ਲੋਕ ਭਜੇਗੇ ਤੇਈ ॥
ਰਹਿਣੀ ਰਹੇ ਸੋਈ ਸਿਖ ਮੇਰਾ ॥ ਉਹ ਠਾਕਰ ਮੈਂ ਉਸ ਕਾ ਚੇਰਾ ॥
ਭਾਈ ਨੰਦ ਲਾਲ ਦੇ ਰਹਿਤਨਾਮੇ ਚੋਂ ਕੁਝ ਵਿਚਾਰ ਦੇਖੋ –
ਖ਼ਾਲਸਾ ਸੋਇ ਜੋ ਪਰ ਨਿੰਦਾ ਤਿਆਗੈ ॥
ਖ਼ਾਲਸਾ ਸੋਇ ਲੜੈ ਹੋਇ ਆਗੈ ॥
ਖ਼ਾਲਸਾ ਸੋਇ ਪਰ ਦ੍ਰਿਸ਼ਟ ਤਿਆਗੈ ॥
ਖ਼ਾਲਸਾ ਸੋਇ ਨਮ ਰਤ ਲਾਗੈ ॥
ਖ਼ਾਲਸਾ ਸੋਇ ਗੁਰੂ ਚਿਤ ਲਾਵੈ ॥
ਖ਼ਾਲਸਾ ਸੋਇ ਸਾਰ ਮੁਹਿ ਖਾਵੈ ॥
ਖ਼ਾਲਸਾ ਸੋਇ ਨਿਰਧਨ ਕੋ ਪਾਲੈ ॥
ਖ਼ਾਲਸਾ ਸੋਇ ਦੁਸ਼ਟ ਕੋ ਗਾਲੈ ॥
ਭਾਈ ਚੌਂਪਾ ਸਿੰਘ ਦੇ ਰਹਿਤ ਨਾਮੇ ਵਿਚ ਲਿਖਿਆ ਹੈ –
1. ਗੁਰੂ ਕਾ ਸਿਖ ਸ਼ਰਾਬ ਕਬੀ ਨਾ ਪੀਵੈ,
2. ਗੁਰੂ ਕਾ ਸਿਖ ਗ਼ਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੈ,
3. ਚੋਰੀ ਨਾ ਕਰੇ,
4. ਜੂਆ ਨਾ ਖੇਡੇ,
5. ਕਾਰਯੋ ਕੇ ਆਦਿ ਮੇਂ ਅਰਦਾਸ ਕਰੈ,
6. ਆਪਣੇ ਗੁਰੂ ਬਿਨਾ ਹੋਰ ਨਾ ਜਾਣੈ,
7. ਆਗਿਆ ਗੁਰੂ ਗ੍ਰੰਥ ਸਾਹਿਬ ਕੀ ਮੰਨਣੀ। ਅਮਲ ਪ੍ਰਸ਼ਾਦੇ ਕਾ ਰਖਣਾ,
8. ਸਿੱਖ ਸੇ ਕਰਹਿਤ ਹੋ ਜਾਏ, ਸਭ ਕੇ ਆਗੇ ਹਾਥ ਜੋੜ ਕਰ ਖੜ੍ਹਾ ਹੋਵੇ, ਤਨਖਾਹ ਲਗਵਾ ਕਰ ਬਖਸ਼ਾਵੇ,
9. ਸੰਗਤ ਨੇ ਸਿਖ ਨੂੰ ਬਖਸ਼ਨ ਵਕਤ ਅੜੀ ਨਹੀਂ ਕਰਨੀ,
10. ਸਿੱਖਾਂ ਦਾ ਮਾਮਲਾ ਸਿੱਖਾਂ ਵਿਚ ਨਿਬੜੇ। ਜੋ ਸਿੱਖਾਂ ਦੇ ਕਹੇ ਬਿਨਾ ਹਾਕਮਾ ਪਾਸ ਜਾਵੇ ਸੋ ਤਨਖਾਹੀਆ।
ਭਾਈ ਦਇਆ ਸਿੰਘ ਦੇ ਰਹਿਤਨਾਮੇ ਅਨੁਸਾਰ –
1. ਗੁਰੂ ਕਾ ਸਿੱਖ ਮਠ, ਬੁਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਅਰਚਾ ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁਛਣਾ, ਸੁੱਖਣਾ, ਤਰਪਨ, ਗਾਇਤ੍ਰੀ-ਕਿਤੇ ਵਨ ਚਿਤ ਦੇਵੇ ਨਾਹੀ,
2. ਖ਼ਾਲਸਾ ਸੋ ਜਿਨ ਤਨ, ਮਨ, ਧਨ ਅਕਾਲ ਪੁਰਖ ਨੂੰ ਸੌਂਪਿਆ ਹੈ।
3. ਕਿਸੇ ਕਾ ਕਾਰਜ ਹੋਵੇ ਉਸ ਨੂੰ ਸਵਾਰੇ।
4. ਜਿਸ ਨੂੰ ਕੋਈ ਕੁੜਮਾਈ ਨ ਕਰੇ ਤਿਸ ਨੂੰ ਲੋਚ ਕੇ ਕਰਾਵੇ। ਕੁਸਿਖ ਹੋਵੇ ਤਿਸ ਨੂੰ ਸਿਖ ਕਰੇ।
5. ਸਿੰਘੋ ਕੋ ਬਰਾਬਰ ਕਾ ਭਾਈ ਸਮਝੇ।
6. ਅਨੰਦ ਬਿਨਾਂ ਵਿਆਹ ਨ ਕਰੇ।
7. ਗੋਡੇ ਵਾਲੀ ਕਛ ਨ ਪਹਿਰੇ।
ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਖ਼ਾਲਸੇ ਨੂੰ ਤਕੀਦ ਹੈ-
ਸ਼ਰਾਬ, ਤਮਾਕੂ, ਜੂਆ, ਚੋਰੀ, ਯਾਰੀ ਇਨ ਸੋ ਹੇਤ ਨ ਕਰੇ ॥
ਕੁਸੰਗਤਿ ਮੰਦੀ ਸਭ ਪਰਹਰੈ ॥
ਸ਼ਬਦ ਬਾਣੀ ਸੌਂ ਪ੍ਰੀਤ ਸਤਿ ਸੰਗਤ ਵਿਚ ਜਾਵੈ ॥
ਨਿਜ ਨਾਰੀ ਸੌਂ ਪ੍ਰੀਤ ਲਗਾਵੈ ॥
ਨਾਮਦਨ ਇਸ਼ਨਾਨ ਧਰਮ ਦੀ ਕਿਰਤ ਕਮਾਵੈ ॥
ਉਪਰੋਕਤ ਰਹਿਤਨਾਮਿਆਂ ਦੇ ਅਧਿਐਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਖ਼ਾਲਸਾ-
ੳ. ਉਹ ਕਰਮ ਕਰੇ ਜੋ ਅਵਗੁਣ ਕਢਦੇ ਹਨ ਤੇ ਗੁਣ ਪੈਦਾ ਕਰਦੇ ਹਨ ;
ਅ. ਉਹ ਕਰਮ ਕਰੇ ਜੋ ਖ਼ਾਲਸਾ ਸੰਗਠਨ ਨੂੰ ਜਥੇਬੰਦ ਰੱਖਣ ਵਿਚ ਸਹਾਈ ਹੋਣ ;
ੲ. ਉਹ ਕਰਮ ਕਰੇ ਜੋ ਦੀਨਾਂ ਦੀ ਰੱਖਿਆ ਲਈ ਸਾਹਸ ਪੈਦਾ ਕਰਦੇ ਹਨ ;
ਸ. ਉਹ ਕਰਮ ਕਰੇ ਜੇ ਸਦਾਚਾਰਕ ਤੇ ਆਤਮਕ ਤੌਰ ਤੇ ਉਚੇਰਾ ਬਣਾਉਣ ;
ਹ. ਉਹ ਕਰਮ ਕਰੇ ਜੋ ਲੋਕਾਂ ਲਈ ਆਦਰਸ਼ ਬਣਨ ਤੇ ਸਮਾਜ ਵਿਚ ਸੁਧਾਰ ਹੋਵੇ।
ਖ਼ਾਲਸਾ ਕਈ ਗੱਲਾਂ ਕਰਕੇ ਦੁਨੀਆ ਨਾਲੋਂ ਨਿਆਰਾ ਹੈ ਜਿਵੇਂ-
1) ਸਿੱਖ ਕੇਸਾ-ਧਾਰੀ ਹੈ ਜਦੋਂ ਕਿ ਲਗਭਗ ਸਾਰੀ ਦੁਨੀਆ ਮੁੰਡਨ ਕਰਦੀ ਹੈ।
2) ਸਿੱਖ ਦਸਤਾਰਧਾਰੀ ਹੈ ਜਦੋਂ ਕਿ ਬਾਕੀ ਦੁਨੀਆ ਟੋਪੀ/ਟੋਪ ਜਾਂ ਨੰਗੇ ਸਿਰ ਰਹਿਣ ਵਾਲੀ ਹੈ।
3) ਸਿੱਖ ਤਮਾਕੂ ਨੂੰ ‘ਜਗਤ ਜੂਠ’ ਜਾਂ ‘ਬਿਖਿਆ’ ਆਖਦਾ ਹੈ ਜਦੋਂ ਕਿ ਸਾਰੀ ਦੁਨੀਆ ਵਿਚ ਇਸ ਦਾ ਫੈਸ਼ਨ ਜਿਹਾ ਹੈ।
4) ਸਿੱਖ ਵਿਭਚਾਰ ਨੂੰ ਕੁਰਹਿਤ ਮੰਨਦਾ ਹੈ ਜਦੋਂ ਕਿ ਪੱਛਮੀ ਸਭਿਅਤਾ ਅਤੇ ਇਸ ਦੇ ਪ੍ਰਭਾਵ ਅਧੀਨ ਆਏ ਲੋਕ ਇਸ ਵਿਭਚਾਰ ਨੂੰ ਲਿੰਗ ਸੁਤੰਤਰਤਾ ਆਖਕੇ ਪ੍ਰਚਾਰਦੇ ਹਨ।
5) ਸਿੱਖ ਆਸਤਕ ਹੈ ਜਦੋਂ ਕਿ ਅੱਜਕਲ੍ਹ ਨਾਸਤਕਤਾ ਨੂੰ ਅਪਨਾਉਣ ਵਾਲੇ ਆਪਣੇ ਆਪਨੂੰ ਅਗਾਂਹ ਵਧੂ ਆਖਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਬੜੀ ਮਹਿਮਾ ਕਹੀ ਹੈ। ਆਪਣਾ ਖਾਸ ਰੂਪ, ਮਾਤ, ਪਿਤਾ, ਭਾਈ, ਸੁਤ, ਜਾਤ, ਪਿੰਡ, ਪ੍ਰਾਣ, ਜਾਨ, ਗੱਲ ਕੀ ਸਭ ਕੁਝ ਖ਼ਾਲਸੇ ਨੂੰ ਮੰਨਿਆ ਹੈ। ਅਖੀਰ ਵਿਚ ਆਖਦੇ ਹਨ ਕਿ ਮੈਂ ਜਿੰਨੀ ਵਡਿਆਈ ਖ਼ਾਲਸੇ ਨੂੰ ਬਖਸ਼ੀ ਹੈ, ਉਹ ਰੰਚਕ ਮਾਤਰ ਵੀ ਝੂਠੀ ਨਹੀਂ ਹੈ ਕਿਉਂਕਿ
ਯਾ ਮੈਂ ਰੰਚ ਨ ਮਿਥਿਆ ਭਾਖੀ ॥
ਪਾਰਬ੍ਰਹਮ ਗੁਰੂ ਨਾਨਕ ਸਾਖੀ ॥
ਰੋਮ ਰੋਮ ਜੇ ਰਬਨਾ ਪਾਊ ॥
ਤਦਪ ਖਾਲਸਾ ਜਸ ਤਹਿ ਗਾਊਂ ॥
ਹੋਂ ਖ਼ਾਲਸੇ ਕੋ ਖ਼ਾਲਸਾ ਮੇਰੋ ॥
ਓਤ ਪੋਤਿ ਸਾਗਰ ਬੁੰਦਰੋ ॥
ਇਸੇ ਤਰ੍ਹਾਂ ਹੀ ਖ਼ਾਲਸੇ ਦੀ ਮਹਿਮਾ ਗਾਉਂਦੇ ਆਖਦੇ ਹਨ-
ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ।
ਆਪ ਅਉਘ ਟੇਰ ਇਨ ਹੀ ਕੇ ਪ੍ਰਸਾਦਿ
ਇਨ ਹੀ ਕਿ ਕ੍ਰਿਪਾ ਫੁਨ ਥਾਮ ਭਰੇ ॥
ਇਨ ਹੀ ਕੇ ਪ੍ਰਸਾਦਿ ਸੁ ਵਿਦਿਆ ਲਈ
ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ।
ਇਨ ਹੀ ਕੀ ਕ੍ਰਿਪਾਕੇ ਸਜੇ ਹਮ ਹੈ
ਨਹੀਂ ਮੋਸੋ ਗਰੀਬ ਕਰੋਰ ਪਰੇ ॥
ਸਰਬ ਲੋਹ ਗ੍ਰੰਥ ਵਿਚ ‘ਖ਼ਾਲਸਾ ਮਹਿਮਾ’ ਅਧੀਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਦਰਜ ਹਨ ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ -
ਜਜਨ ਭਜਨ ਮਮ ਖ਼ਾਲਸਾ ਖ਼ਾਲਸਾ ਪੂਜਬੇ ਜੋਗ ॥
ਦਾਸ ਗੋਬਿੰਦ ਫਤਹ ਖਾਲਸਾ ਦਰਸ ਪਰਸ ਮਿਟੇ ਸੋਗ ॥
ਮੇਰੋ ਇਸ਼ਟ ਮਾਨ ਨੇਸ਼ਠਾ ਖ਼ਾਲਸਾ ਪੂਜਨ ਧਿਆਨ ॥
ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤ ਜਾਨ ॥
ਆਤਮ ਰਸ ਜਿਹ ਜਾਨਹੀ ਸੋ ਹੈ ਖ਼ਾਲਸ ਦੇਵ ॥
ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹੀਂ ਭੇਦ ॥
ਜਦੋਂ ਦਸਮ ਗੁਰੂ ਦੇ ਹੁਕਮ ਵਿਚ ਸਿੱਖ ਅੰਮ੍ਰਿਤਧਾਰੀ ਬਣ ਗਏ ਤੇ ਆਪਣਾ ਸਭ ਕੁਝ ਗੁਰੂ ਦਾ ਮੰਨ ਲਿਆ ਤਾਂ ਸਿੱਖ ਕੌਮ ਹਰ ਕੁਰਬਾਨੀ ਦੇਣ ਲਈ ਅੱਗੇ ਵਧੀ। ਦੇਸ਼ ਕੌਮ ਤੇ ਧਰਮ ਦੀ ਖਾਤਰ ਚਰਖੜੀਆਂ ਤੇ ਚੜ੍ਹੇ, ਬੰਦ ਬਦ ਕਟਵਾਏ, ਪੁੱਠੀਆਂ ਖੱਲਾਂ ਲੁਹਾਈਆਂ, ਹਰ ਪ੍ਰਕਾਰ ਦੇ ਤਸੀਹੇ ਸਹੇ ਪਰ ਜ਼ੁਲਮ ਤੇ ਜਬਰ ਤੋਂ ਡਰ ਕੇ ਈਨ ਨਹੀਂ ਮੰਨੀ। ਦੇਸ਼ ਦੀ ਕਈ ਸੌ ਸਾਲਾਂ ਦੀ ਗੁਲਾਮੀ ਖ਼ਤਮ ਕਰਨ ਲਈ ਹਥਿਆਰਬੰਦ ਹੋ ਕੇ ਮੁਗਲਾਂ ਦਾ ਮੁਕਾਬਲਾ ਕੀਤਾ। ਅਬਦਾਲੀ ਜਿਹੇ ਹਮਲਾਵਰ ਦਾ ਨੱਕ ਵਿਚ ਦਮ ਕਰ ਦਿੱਤਾ। ਜਦੋਂ ਅਬਦਾਲੀ ਨੇ ਸਿੱਖਾਂ ਦੀਆ ਸਿਫ਼ਤਾਂ ਸੁਣੀਆਂ ਤਾਂ ਉਸਨੇ ਭਵਿੱਖ ਬਾਣੀ ਕੀਤੀ ਕਿ ਇਹ ਸਿਰੜੀ ਜਲਦੀ ਹੀ ਦੇਸ਼ ਦੇ ਰਾਜੇ ਬਣਨਗੇ। ਕਾਜ਼ੀ ਨੂਰ ਮੁਹੰਮਦ (ਜੋ ਅਬਦਾਲੀ ਨਾਲ ਸੱਤਵੇਂ ਹੱਲੇ ਸਮੇਂ ਆਇਆ) ਸਿੱਖਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਕੁੱਤੇ ਆਖਦਾ ਹੈ ਪਰ ਫਿਰ ਵੀ ਸਿੱਖਾਂ ਦੇ ਸਦਾਚਾਰਕ ਗੁਣਾਂ, ਬਹਾਦਰੀ ਤੇ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਕੁੱਤਾ ਨਾ ਆਖੋ। ਸੱਚ ਪੁੱਛੋਂ ਤਾਂ ਇਹ ਸ਼ੇਰ ਹਨ। ਜਦੋਂ ਰਣ ਵਿਚ ਖੰਡਾ ਚਲਦਾ ਹੈ ਤਾਂ ਇਹ ਸ਼ੇਰਾਂ ਜਿਹੀ ਦਲੇਰੀ ਨਾਲ ਖੰਡਾ ਖੜਕਾਉਂਦੇ ਹਨ। ਇਹ ਕੁੱਤੇ ਕਿਸੇ ਇਸਤਰੀ, ਬੱਚੇ ਜਾਂ ਬਿਰਧ ਉਤੇ ਵਾਰ ਨਹੀਂ ਕਰਦੇ ਤੇ ਨਾ ਹੀ ਰਣ ਵਿਚੋਂ ਭੱਜੇ ਜਾਂਦੇ ਦਾ ਰਾਹ ਰੋਕਦੇ ਹਨ ਭਾਵ ਇਹ ਭੱਜੇ ਜਾਂਦੇ ਉਪਰ ਵਾਰ ਨਹੀਂ ਕਰਦੇ। ਔਰਤ ਭਾਵੇਂ ਕਿੰਨੀ ਸੁੰਦਰ, ਰਾਣੀ ਜਾਂ ਦਾਸੀ ਹੋਵੇ ਉਸ ਨੂੰ ਤੇ ਉਸ ਦੇ ਗਹਿਣਿਆਂ ਆਦਿ ਨੂੰ ਛੂੰਹਦੇ ਤਕ ਨਹੀਂ। ਇਨ੍ਹਾਂ ਵਿਚ ਨਾ ਕੋਈ ਜ਼ਨਾਹੀ (ਵਿਕਾਰੀ) ਹੁੰਦਾ ਹੈ ਤੇ ਨਾ ਹੀ ਚੋਰ। ਔਰਤ ਭਾਵੇਂ ਜਵਾਨ ਹੋਵੇ ਭਾਵੇਂ ਬੁੱਢੀ ਉਸ ਨੂੰ ‘ਬੁੱਢੀ’ ਹੀ ਆਖਦੇ ਹਨ। ਇਨ੍ਹਾਂ ਵਿਚ ਕੋਈ ਚੋਰੀ ਨਹੀਂ ਕਰਦਾ ਕਿਉਂਕਿ ਇਹ ਚੋਰਾਂ ਤੇ ਵਿਸ਼ਈਆਂ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ।
ਇਨ੍ਹਾਂ ਧਾਰਮਿਕ ਮਰਜੀਵੜਿਆਂ ਨੇ ਕੁਰਬਾਨੀਆਂ ਕਰਕੇ ਅਖੀਰ ਸਿੱਖ ਰਾਜ ਸਥਾਪਿਤ ਕਰ ਲਿਆ।
ਹ. ਪੁ.– ਗੁਰਮਤਿ ਨਿਰਣੈ-ਭਾਈ ਜੋਧ ਸਿੰਘ, ਅਰਦਾਸ ਤੇ ਸਾਡਾ ਇਤਿਹਾਸ- ਪ੍ਰੋ. ਜੋਗਿੰਦਰ ਸਿੰਘ; ਰਹਿਤ ਨਾਮ- ਪ੍ਰੋ: ਪਿਆਰਾ ਸਿੰਘ ਪਦਮ; 4. Parashar prasna-5. Kapur singh; ਨਾਮ ਕੀ ਹੈ- ਵਧਾਵਾ ਸਿੰਘ; ਤਵਾਰੀਖ ਗੁਰੂ ਖਾਲਸਾ : ਗਿਆਨ ਸਿੰਘ; ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ- ਕੇਸਰ ਸਿੰਘ ਛਿੱਬਰ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖ਼ਾਲਸਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖ਼ਾਲਸਾ : ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਸ਼ੁੱਧ, ਮਿਲਾਵਟ ਰਹਿਤ ਹੈ। ਇਸ ਦਾ ਦੂਜਾ ਅਰਥ ਹੈ ਉਹ ਜਾਇਦਾਦ ਜੋ ਸਿੱਧੀ ਬਾਦਸ਼ਾਹ ਦੀ ਮਲਕੀਅਤ ਹੋਵੇ। ਖ਼ਾਲਸਾ ਵੀ ਇਕ ਪ੍ਰਕਾਰ ਦੀ ਜਾਇਦਾਦ ਹੈ ਭਾਵੇਂ ਇਹ ਜ਼ਮੀਨ ਜਾਗੀਰ ਦੇ ਰੂਪ ਵਿਚ ਹੋਵੇ, ਸੰਤ-ਸੱਤਾ ਦੇ ਰੂਪ ਵਿਚ ਹੋਵੇ, ਸੈਨਿਕ ਸੱਤਾ ਦੇ ਰੂਪ ਵਿਚ ਹੋਵੇ ਜਾਂ ਪ੍ਰਭੂ ਭਗਤੀ ਦੇ ਰੂਪ ਵਿਚ ਹੋਵੇ। ਖ਼ਾਲਸਾ ਇਕ ਜਾਇਦਾਦ ਹੈ ਪਰ ਇਸ ਦਾ ਮਾਲਕ ਕੋਈ ਬਾਦਸ਼ਾਹ ਨਹੀਂ ਨਾ ਕੋਈ ਨੀਤੀ-ਨਿਪੁੰਨ ਨੇਤਾ ਹੈ। ਇਸ ਦਾ ਮਾਲਕ ਤਾਂ ਅਕਾਲ-ਪੁਰਖ ਆਪ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਕ੍ਰਿਸ਼ਮਾ ਹੈ।
ਸੰਨ 1699 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਧ ਸੰਗਤ ਨੂੰ ਅਚੰਭਿਤ ਕਰ ਦਿੱਤਾ ਜਦੋਂ ਪੂਰੇ ਜਲਾਲ ਵਿਚ ਨੰਗੀ ਤਲਵਾਰ ਹੱਥ ਵਿਚ ਲਈ ਦਰਬਾਰ ਵਿਚ ਗਰਜੇ ਕਿ ਸਿੱਖਾਂ ਦੇ ਸਿਰਾਂ ਦੀ ਜ਼ਰੂਰਤ ਹੈ। ਸਾਰੇ ਪਾਸੇ ਚੁੱਪ ਵਰਤ ਗਈ। ਸੰਗਤ ਨੇ ਗੁਰੂ ਜੀ ਦਾ ਅਜਿਹਾ ਜਲਾਲ ਵਾਲਾ ਰੂਪ ਕਦੇ ਨਹੀਂ ਸੀ ਦੇਖਿਆ ਪਰ ਅਖ਼ੀਰ ਲਾਹੌਰ ਨਿਵਾਸੀ ਭਾਈ ਦਿਆ ਰਾਮ ਨੇ ਆਪ ਦੇ ਹਜ਼ੂਰ ਪੇਸ਼ ਹੋ ਕੇ ਆਪਣਾ ਸੀਸ ਹਾਜ਼ਰ ਕੀਤਾ। ਗੁਰੂ ਜੀ ਉਸ ਨੂੰ ਪਿੱਛੇ ਇਕ ਤੰਬੂ ਵਿਚ ਲੈ ਗਏ। ਜਦੋਂ ਵਾਪਸ ਪਰਤੇ ਤਾਂ ਹੱਥ ਵਿਚ ਲਹੂ ਭਿੱਜੀ ਤਲਵਾਰ ਸੀ। ਦੂਜੀ ਵਾਰ ਫ਼ਿਰ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮ ਚੰਦ ਨਿੱਤਰੇ, ਤੀਜੀ ਵਾਰ ਭਾਈ ਹਿੰਮਤ ਰਾਏ, ਚੌਥੀ ਵਾਰ ਭਾਈ ਮੋਹਕਮ ਚੰਦ ਤੇ ਪੰਜਵੀਂ ਵਾਰ ਭਾਈ ਸਾਹਿਬ ਚੰਦ ਨੇ ਆਪਣਾ ਸਿਰ ਸਤਿਗੁਰੂ ਅੱਗੇ ਭੇਟ ਕਰ ਦਿੱਤਾ ਅਤੇ ਉਹ ਇਨ੍ਹਾਂ ਨੂੰ ਵੀ ਵਾਰੀ ਵਾਰੀ ਤੰਬੂ ਅੰਦਰ ਲੈ ਗਏ।
ਕੁਝ ਚਿਰ ਮਗਰੋਂ ਪੰਜਾਂ ਸਿੰਘਾਂ ਨੂੰ ਸੁਹਣੇ ਸ਼ਸਤਰਾਂ ਬਸਤਰਾਂ ਨਾਲ ਸਜਾ ਕੇ ਦੀਵਾਨ ਵਿਚ ਆਪਣੇ ਨਾਲ ਲਿਆਏ ਤਾਂ ਕਈਆਂ ਨੂੰ ਬੜਾ ਪਛਤਾਵਾ ਰਿਹਾ ਕਿ ਅਸੀਂ ਕਿਉਂ ਨਾ ਸੀਸ ਭੇਟ ਕਰਨ ਲਈ ਤਿਆਰ ਹੋਏ।
ਕੁਝ ਮਨਮਤੀਆਂ ਤੇ ਗ਼ੈਰ ਸਿੱਖਾਂ ਨੇ ਇਸ ਕੌਤਕ ਨੂੰ ਇਕ ਨਾਟਕ ਹੀ ਆਖਿਆ ਹੈ ਤੇ ਉਨ੍ਹਾਂ ਨੇ ਸਿੱਖਾਂ ਦੀ ਥਾਂ ਬਕਰੇ ਝਟਕਾਉਣ ਦਾ ਜ਼ਿਕਰ ਕੀਤਾ ਹੈ ਪਰ ਅਜਿਹਾ ਸੋਚਣਾ ਬਿਲਕੁਲ ਗ਼ਲਤ ਹੈ। ਗੁਰੂ ਜੀ ਨੂੰ ਦੰਭ, ਪਾਖੰਡ ਤੇ ਨਾਟਕ-ਚੇਟਕ ਤੋਂ ਅਥਾਹ ਨਫ਼ਰਤ ਸੀ। ਗੁਰੂ ਜੀ ਨੇ ਕੀ ਕੀਤਾ ਸੀ ? ਇਸ ਬਾਰੇ ਸਤਿਗੁਰੂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਜੇਕਰ ਇਸ ਘਟਨਾ ਦੇ ਡੂੰਘੇ ਅਰਥ ਦੇਖਣ ਦਾ ਯਤਨ ਕਰੀਏ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਤਿਗੁਰੂ ਨੇ ਸਿੱਖਾਂ ਦਾ ਸਿਦਕ ਪਰਖਿਆ ਤੇ ਸਿਦਕੀ ਸਿੰਘਾਂ ਨੂੰ ਆਪਣੇ ਵਿਸ਼ੇਸ਼ ਪਿਆਰੇ ਬਣਾ ਕੇ ਅਮਰ ਕਰ ਦਿੱਤਾ।
ਇਸ ਉਪਰੰਤ ਗੁਰੂ ਜੀ ਨੇ ਖੰਡਾ ਤੇ ਬਾਟਾ ਮੰਗਵਾ ਕੇ ਪਾਹੁਲ ਤਿਆਰ ਕੀਤੀ। ਇਨ੍ਹਾਂ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਸਾਜਿਆ ਤੇ ਫਿਰ ਆਪ ਇਨ੍ਹਾਂ ਪਾਸੋਂ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਉਪਰੰਤ ਗੁਰੂ ਸਾਹਿਬ ਅਤੇ ਪੰਜਾਂ ਪਿਆਰਿਆਂ ਦੇ ਨਾਵਾਂ ਨਾਲ ‘ਸਿੰਘ’ ਪਦ ਸ਼ਾਮਲ ਕੀਤਾ ਗਿਆ ਅਤੇ ਬਾਅਦ ਵਿਚ ਹਰ ਅੰਮ੍ਰਿਤਧਾਰੀ ਪੁਰਸ਼ ਨਾਲ ਸਿੰਘ ਅਤੇ ਅੰਮ੍ਰਿਤਧਾਰੀ ਇਸਤਰੀ ਨਾਲ ‘ਕੌਰ’ ਪਦ ਲਗਾਉਣਾ ਲਾਜ਼ਮੀ ਕੀਤਾ ਗਿਆ। ਇਹ ਗੱਲ ਸਾਰਿਆਂ ਨੇ ਹੀ ਸਵੀਕਾਰ ਕੀਤੀ ਹੈ। ਕਵੀ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਇਸੇ ਗੱਲ ਵੱਲ ਇਸ਼ਾਰਾ ਕਰਦਿਆਂ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ’ ਲਿਖਿਆ ਹੈ।
ਇਸ ਵਿਸਾਖੀ ਨੂੰ ਕਿੰਨੇ ਸਿੰਘ ਸਜੇ ? ਇਸ ਬਾਰੇ ਗਿਆਨੀ ਗਿਆਨ ਸਿੰਘ ਨੇ ਗ਼ੁਲਾਮ ਮਹੀਉੱਦੀਨ (ਜੋ ਫ਼ਾਰਸੀ ਇਤਿਹਾਸਕਾਰ ਸੀ ਤੇ ਔਰੰਗਜ਼ੇਬ ਨੂੰ ਰਿਪੋਟਾਂ ਭੇਜਦਾ ਹੁੰਦਾ ਸੀ) ਦਾ ਹਵਾਲਾ ਦੇ ਕੇ ਦਸਿਆ ਹੈ ਕਿ ਜਦੋਂ ਬ੍ਰਾਹਮਣਾਂ ਤੇ ਖੱਤਰੀਆਂ ਨੇ ਗੁਰੂ ਜੀ ਦੀ ਸਾਰੀਆਂ ਜਾਤਾਂ ਵਾਲਿਆਂ ਨੂੰ ਇਕ ਥਾਂ ਇਕੋ ਬਾਟੇ ਵਿਚ ਅੰਮ੍ਰਿਤ ਛਕਾਉਣ ਦੀ ਵਿਧੀ ਵੇਖੀ ਤਾਂ ਉਹ ਉਠ ਖੜ੍ਹੇ ਹੋਏ ਕਿ ਅਸੀਂ ਆਪਣਾ ਪੁਰਾਣਾ ਧਰਮ ਨਹੀਂ ਛੱਡਣਾ ਪਰ ਫਿਰ ਵੀ 20,000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਕ ਵਿਸ਼ੇਸ਼ ਰੂਪ ਵਿਚ ਸੰਗਠਿਤ ਕੀਤਾ। ਉਨ੍ਹਾਂ ਲਈ ਰਹਿਤ ਮਰਿਆਦਾ ਕਾਇਮ ਕੀਤੀ ਜਿਸ ਅਨੁਸਾਰ ਹਰ ਸਿੱਖ ਨੇ ਹਰ ਰੋਜ ਪੰਜਾਂ ਬਾਣੀਆਂ ਦਾ ਪਾਠ ਲਾਜ਼ਮੀ ਕਰਨਾ ਹੈ। ਇਹ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵਪ੍ਰਸਾਦਿ ਸ੍ਵਯੇ ਪਾਤਸ਼ਾਹੀ ਦਸਵੀਂ , ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਹਨ।
ਸਿੱਖਾਂ ਨੂੰ ਇਕ ਵਿਸ਼ੇਸ਼ ਸੰਗਠਨ ਦੇ ਰੂਪ ਵਿਚ ਰੱਖਣ ਲਈ ਪੰਜ ਕਕਾਰਾਂ ਦਾ ਵਿਧਾਨ ਕੀਤਾ- ਕੇਸ, ਕਿਰਪਾਨ, ਕੜਾ, ਕੰਘਾ ਤੇ ਕਛਹਿਰਾ। ਦਸਮ ਗ੍ਰੰਥ ਦੀ ਇਕ ਹੱਥ ਲਿਖਤ ਬੀੜ ਵਿਚ ਇਨ੍ਹਾਂ ਕਕਾਰਾਂ ਬਾਰੇ ਇਉਂ ਲਿਖਿਆ ਮਿਲਦਾ ਹੈ :-
ਨਿਸ਼ਾਨਿ ਸਿਖੀ-ਈ ਪੰਜ ਹਰਫ਼ਿ ਕਾਫ਼ ‖
ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ਼ ‖
ਕੜਾ ਕਰਦੋ ਕਾਛ ਕੰਘਾ ਬਿਦਾਨ ‖
ਬਿਲਾ ਕੇਸ ਹੇਢ ਅਸਤ ਜੁਮਲਾ ਨਿਸ਼ਾਨ ‖
(ਭਾਵ ਪੰਜ ਕਕਾਰ ਸਿੱਖੀ ਦਾ ਨਿਸ਼ਾਨ ਹੈ ਜੋ ਰੱਖਣੇ ਲਾਜ਼ਮੀ ਹਨ, ਇਨ੍ਹਾਂ ਤੋ ਮੁਆਫ਼ੀ ਨਹੀਂ ਮਿਲ ਸਕਦੀ। ਇਹ ਹਨ-ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਪੰਜਵਾਂ ਕੱਕਾ ਹਨ ਕੇਸ ਜਿਨ੍ਹਾਂ ਤੋਂ ਬਿਨਾਂ ਇਹ ਸਭ ਨਿਸ਼ਾਨ ਵਿਅਰਥ ਹਨ ।)
ਚਾਰ ਕੁਰਹਿਤਾਂ ਹਨ ਜਿਨ੍ਹਾਂ ਤੋਂ ਬਚਣਾ ਸਿੱਖ ਲਈ ਲਾਜ਼ਮੀ ਹੈ (1) ਕੇਸ ਮੁੰਡਨ (2) ਤੰਬਾਕੂ ਪਾਨ (3) ਜ਼ਿਬਹ ਕੀਤਾ ਮਾਸ ਖਾਣਾ (4) ਪਰ ਇਸਤਰੀ ਗਮਨ ।
ਅੰਮ੍ਰਿਤ ਛਕਾਉਣ ਸਮੇਂ ਸਿੱਖ ਨੂੰ ਜਦੋਂ ਖ਼ਾਲਸਾ ਜਥੇਬੰਦੀ ਵਿਚ ਲਿਆਂਦਾ ਜਾਂਦਾ ਹੈ ਤਾਂ ਹੇਠ ਲਿਖੀਆਂ ਗੱਲਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ ਜਿਵੇਂ : -
1. ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ
2. ਪੰਜ ਕਕਾਰੀ ਰਹਿਤ ਧਾਰਨ ਕਰੇ
3. ਦਸਤਾਰਧਾਰੀ ਰਹੇ
4. ਰੋਜ਼ਾਨਾ ਇਸ਼ਨਾਨ ਕਰੇ
5. ਨਿਤਨੇਮ ਅਨੁਸਾਰ ਪਾਠ ਕਰੇ ਤੇ ਵਾਹਿਗੁਰੂ ਮੰਤਰ ਦਾ ਜਾਪ ਕਰੇ।
6.ਕਿਰਤ ਕਰ ਕੇ ਵੰਡ ਕੇ ਛਕੇ
7. ਗੁਰੂ ਨਮਿਤ ਦਸਵੰਧ ਕੱਢੇ
8. ਸਾਧ ਸੰਗਤ ਵਿਚ ਜਾਵੇ ਤੇ ਸੇਵਾ ਕਰੇ
9. ਹਰ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਕਰੇ
10. ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀ ਆਗਿਆ ਵਿਚ ਚਲੇ।
ਇਸੇ ਤਰ੍ਹਾਂ ਜਿਥੇ ਚਾਰ ਕੁਰਹਿਤਾਂ ਦੇ ਤਿਆਗ ਤੇ ਬਲ ਹੈ ਉਥੇ ਕੁਝ ਹੋਰ ਗੱਲਾਂ ਦਾ ਤਿਆਗ ਵੀ ਲਾਜ਼ਮੀ ਮੰਨਿਆ ਹੈ ਜਿਵੇਂ–
1. ਮੀਣੇ, ਮਸੰਦਾਂ, ਧੀਰਮੱਲੀਏ, ਰਾਮਰਾਈਏ, ਨੜੀਮਾਰ, ਕੁੜੀਮਾਰ, ਪਤਿਤ ਤੇ ਸਿਰ ਗੁੰਮ ਨਾਲ ਵਰਤੋਂ ਦਾ ਤਿਆਗ
2. ਟੋਪੀ ਜਾਂ ਟੋਪ ਨਾ ਪਹਿਨੇ
3. ਚੋਰੀ, ਯਾਰੀ, ਜੂਆ ਆਦਿ ਕੁਕਰਮਾਂ ਤੋਂ ਬਚੇ
4. ਸ਼ਰਾਬ ਆਦਿ ਨਸ਼ਿਆਂ ਤੋਂ ਦੂਰ ਰਹੇ
5. ਦੇਵੀ-ਦੇਵਤੇ, ਅਵਤਾਰ, ਮੂਰਤੀ ਪੂਜਾ, ਮੜ੍ਹੀ ਮਸਾਣ, ਮੱਠ ਪੂਜਾ, ਸ਼ਗਨ, ਅਪਸ਼ਗਨ, ਤੀਰਥ, ਬਰਤ, ਸੂਤਕ-ਪੀਤਕ, ਛੂਤ ਛਾਤ, ਸ਼ਰਾਬ,ਛਾਇਆ, ਮੰਤ੍ਰ, ਜੰਤ੍ਰ-ਤੰਤ੍ਰ ਆਦਿ ਭਰਮ ਕਰਮ ਦਾ ਤਿਆਗ ਕਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਤੇ ਦਰਬਾਰੀ ਸਿੰਘਾਂ ਨੇ ਰਹਿਤਨਾਮੇ ਲਿਖੇ ਹਨ ਜਿਨ੍ਹਾਂ ਵਿਚ ਸਿੱਖ ਰਹਿਤ ਮਰਿਆਦਾ ਬਾਰੇ ਵਿਚਾਰ ਅੰਕਿਤ ਕੀਤੇ ਗਏ ਹਨ। ਭਾਵੇਂ ਖ਼ਾਲਸਾ ਵਿਰੋਧੀ ਅਨਸਰਾਂ ਨੇ ਇਨ੍ਹਾਂ ਵਿਚ ਰਲੇ ਪਾ ਦਿੱਤੇ ਹਨ ਫਿਰ ਵੀ ਇਨ੍ਹਾਂ ਦੇ ਤੁਲਨਾਤਮਕ ਅਧਿਐਨ ਤੋਂ ਕਈ ਗੱਲਾਂ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀਆਂ ਹਨ ਕਿ ਸਿੱਖਾਂ ਨੂੰ ਆਦਰਸ਼ ਖ਼ਾਲਸਾ ਬਣਨ ਲਈ ਕਿਹੜੇ ਗੁਣਾਂ ਦਾ ਧਾਰਨੀ ਹੋਣਾ ਲਾਜ਼ਮੀ ਹੈ। ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿਚ ਲਿਖਿਆ ਹੈ–
ਪ੍ਰਥਮ ਰਹਿਤ ਯਹਿ ਜਾਨ ਖੰਡੇ ਕੀ ਪਾਹੁਲ ਛਕੇ ‖
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੇ ਲਏ ‖
----------------------------
ਪਰ ਬੇਟੀ ਕੋ ਬੇਟੀ ਜਾਨੈ ‖ ਪਰ ਇਸਤਰੀ ਕੋ ਮਾਤ ਬਖਾਨੇ ‖
ਆਪਣੀ ਇਸਤ੍ਰੀ ਸੋ ਰਤ ਹੋਈ ‖ ਰਹਤਵਾਨ ਗੁਰ ਕਾ ਸਿਖ ਸੋਈ ‖
---------------------------
ਧਨ ਕੀਰਤਿ ਸੁਖ ਰਾਜ ਬਡਾਈ ‖ ਸੁਵਤੀ ਸੁਤ ਵਿਦਿਐ ਬਹੁ ਭਈ ‖
--- ---- ---- ---
ਰਹਿਣੀ ਰਹੇ ਸੇਈ ਸਿਖ ਮੇਰਾ ‖ ਉਹ ਠਾਕਰ ਮੈਂ ਤਿਸ ਕਾ ਚੇਰਾ ‖
ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿਚੋਂ ਕੁਝ ਵਿਚਾਰ ਇਸ ਪ੍ਰਕਾਰ ਹਨ–
ਖਾਲਸਾ ਸੋਇ ਜੋ ਪਰ ਨਿੰਦਾ ਤਿਆਗੇ ‖
ਖ਼ਾਲਸਾ ਸੋਇ ਲੜੇ ਹੋਇ ਆਗੇ ‖
ਖ਼ਾਲਸਾ ਸੋਇ ਪਰ ਦ੍ਰਿਸਟ ਤਿਆਗੇ ‖
ਖ਼ਾਲਸਾ ਸੋਇ ਨਾਮ ਰਤ ਲਾਗੇ ‖
ਖ਼ਾਲਸਾ ਸੋਇ ਗੁਰੂ ਚਿਤ ਲਾਵੇ ‖
ਖ਼ਾਲਸਾ ਸੋਇ ਸਾਰ ਮੁਹਿ ਖਾਵੇ ‖
ਖ਼ਾਲਸਾ ਸੋਇ ਨਿਰਧਨ ਕੋ ਪਾਲੇ ‖
ਖ਼ਾਲਸਾ ਸੋਇ ਦੁਸਟ ਕੋ ਗਾਲੇ ‖
ਭਾਈ ਚੋਪਾ ਸਿੰਘ ਦੇ ਰਹਿਤਨਾਮੇ ਵਿਚ ਲਿਖਿਆ ਹੈ–
1. ਗੁਰੂ ਕਾ ਸਿੱਖ ਸ਼ਰਾਬ ਕਬੀ ਨਾ ਪੀਵੈ
2. ਗੁਰੂ ਕਾ ਸਿੱਖ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ
3. ਚੋਰੀ ਨਾ ਕਰੇ
4. ਜੂਆ ਨਾ ਖੇਡੇ
5. ਕਾਰਯ ਕੇ ਆਦਿ ਮੇਂ ਅਰਦਾਸ ਕਰੈ
6. ਆਪਣੇ ਗੁਰੂ ਬਿਨਾ ਹੋਰ ਨਾ ਜਾਣੈ
7. ਆਗਿਆ ਗੁਰੂ ਗ੍ਰੰਥ ਸਾਹਿਬ ਕੀ ਮੰਨਣੀ ।
8. ਸਿੱਖ ਸੇ ਕੁਰਹਿਤ ਹੋ ਜਾਏ, ਸਭ ਕੇ ਆਗੇ ਹਾਥ ਜੋੜ ਕਰ ਖੜ੍ਹਾ ਹੋਵੇ, ਤਨਖਾਹ ਲਗਵਾ ਕਰ ਬਖਸ਼ਾਵੇ।
9. ਸੰਗਤ ਨੇ ਸਿੱਖ ਨੂੰ ਬਖਸ਼ਨ ਵਕਤ ਅੜੀ ਨਹੀਂ ਕਰਨੀ
10. ਸਿੱਖਾਂ ਦਾ ਮਾਮਲਾ ਸਿੱਖਾਂ ਵਿਚ ਨਿਬੜੇ। ਜੋ ਸਿੱਖਾਂ ਦੇ ਕਹੇ ਬਿਨਾ ਹਾਕਮਾਂ ਪਾਸ ਜਾਵੇ ਸੋ ਤਨਖਾਹੀਆ ।
ਭਾਈ ਦਇਆ ਸਿੰਘ ਦੇ ਰਹਿਤਨਾਮੇ ਅਨੁਸਾਰ–
1. ਗੁਰੂ ਕਾ ਸਿੱਖ ਮਠ, ਬੁਤ, ਤੀਰਥ, ਦੇਵੀ ਦੇਵਤਾ, ਬਰਤ, ਪੂਜਾ, ਅਰਚਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ ਪੁਛਣਾ, ਸੁੱਖਣਾ, ਤਰਪਨ ਗਾਇ੍ਰਤੀ-ਕਿਤੇ ਵਨ ਚਿਤੇ ਦੇਵੇ ਨਾਹੀ।
2.ਖ਼ਾਲਸਾ ਸੋ ਜਿਨ ਤਨ, ਮਨ, ਧਨ ਅਕਾਲ ਪੁਰਖ ਨੂੰ ਸੌਂਪਿਆ ਹੈ।
3. ਕਿਸੇ ਕਾ ਕਾਰਜ ਹੋਵੇ ਉਸ ਨੂੰ ਸਵਾਰੇ ।
4. ਜਿਸ ਨੂੰ ਕੋਈ ਕੁੜਮਾਈ ਨ ਕਰੇ ਤਿਸ ਨੂੰ ਲੋਚ ਕੇ ਕਰਾਵੇ। ਕੁਸਿਖ ਹੋਵੇ ਤਿਸ ਨੂੰ ਸਿਖ ਕਰੇ।
5. ਸਿੰਘੋਂ ਕੋ ਬਰਾਬਰ ਕਾ ਭਾਈ ਸਮਝੇ
6. ਅਨੰਦ ਬਿਨਾ ਵਿਆਹ ਨ ਕਰੇ
ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਖ਼ਾਲਸੇ ਨੂੰ ਤਕੀਦ ਹੈ– ਸ਼ਰਾਬ, ਤੰਬਾਕੂ, ਜੂਆ, ਚੋਰੀ ਯਾਰੀ ਇਨ ਸੇ ਹੇਤ ਨਾ ਕਰੇ ‖
ਕੁਸੰਗਤਿ ਮੰਦੀ ਸਭ ਪਰਹਰੈ ।
ਸ਼ਬਦ ਬਾਣੀ ਸੌ ਪ੍ਰੀਤ ਸਤਿ ਸੰਗਤਿ ਵਿਚ ਜਾਵੇ।
ਨਿਜ ਨਾਰੀ ਸੌ ਪ੍ਰੀਤ ਲਗਾਵੈ।
ਨਾਮਦਾਨ ਇਸ਼ਨਾਨ ਧਰਮ ਕੀ ਕਿਰਤ ਕਮਾਵੈ ।
ਉਪਰੋਕਤ ਰਹਿਤਨਾਮਿਆਂ ਦੇ ਅਧਿਐਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਖ਼ਾਲਸਾ –
ੳ. ਉਹ ਕਰਮ ਕਰੇ ਜੋ ਅਵਗੁਣ ਕਢਦੇ ਹਨ ਤੇ ਗੁਣ ਪੈਦਾ ਕਰਦੇ ਹਨ।
ਅ. ਉਹ ਕਰਮ ਕਰੇ ਜੋ ਖ਼ਾਲਸਾ ਸੰਗਠਨ ਨੂੰ ਜਥੇਬੰਦ ਰੱਖਣ ਵਿਚ ਸਹਾਈ ਹੋਵੇ।
ੲ. ਉਹ ਕਰਮ ਕਰੇ ਜੋ ਦੀਨਾਂ ਦੀ ਰੱਖਿਆ ਲਈ ਸਾਹਸ ਪੈਦਾ ਕਰਦੇ ਹਨ।
ਸ. ਉਹ ਕਰਮ ਕਰੇ ਜੋ ਸਦਾਚਾਰਕ ਤੇ ਆਤਮਕ ਤੌਰ ਤੇ ਉਚੇਰਾ ਬਣਾਉਣ।
ਹ. ਉਹ ਕਰਮ ਕਰੇ ਜੋ ਲੋਕਾਂ ਲਈ ਆਦਰਸ਼ ਬਣਨ ਤੇ ਸਮਾਜ ਵਿਚ ਸੁਧਾਰ ਹੋਵੇ।
ਖ਼ਾਲਸਾ ਕਈ ਗੱਲਾਂ ਕਰ ਕੇ ਦੁਨੀਆ ਨਾਲੋਂ ਨਿਆਰਾ ਹੈ। ਜਿਵੇਂ -
1. ਸਿੱਖ ਕੇਸਾਧਾਰੀ ਹੈ ਜਦੋਂ ਕਿ ਲਗਭਗ ਸਾਰੀ ਦੁਨੀਆ ਮੁੰਡਨ ਕਰਦੀ ਹੈ।
2. ਸਿੱਖ ਦਸਤਾਰਧਾਰੀ ਹੈ ਜਦੋਂ ਕਿ ਬਾਕੀ ਦੁਨੀਆ ਟੋਪੀ/ ਟੋਪ ਜਾਂ ਨੰਗੇ ਸਿਰ ਰਹਿਣ ਵਾਲੀ ਹੈ।
3. ਸਿੱਖ ਤੰਬਾਕੂ ਨੁੂੰ ‘ਜਗਤ ਜੂਠ’ ਜਾਂ ‘ਬਿਖਿਆ’ ਆਖਦਾ ਹੈ ਜਦੋਂ ਕਿ ਸਾਰੀ ਦੁਨੀਆ ਵਿਚ ਇਸ ਦਾ ਫੈਸ਼ਨ ਜਿਹਾ ਹੈ।
4. ਸਿੱਖ ਵਿਭਚਾਰ ਨੂੰ ਕੁਰਹਿਤ ਮੰਨਦਾ ਹੈ ਜਦੋਂ ਕਿ ਪੱਛਮੀ ਸਭਿਅਤਾ ਅਤੇ ਇਸ ਦੇ ਪ੍ਰਭਾਵ ਅਧੀਨ ਆਏ ਲੋਕ ਇਸ ਵਿਭਚਾਰ ਨੂੰ ਲਿੰਗ ਸੁਤੰਤਰਤਾ ਆਖ ਕੇ ਪ੍ਰਚਾਰਦੇ ਹਨ।
5. ਸਿੱਖ ਆਸਤਕ ਹੈ ਜਦੋਂ ਕਿ ਅੱਜਕੱਲ੍ਹ ਨਾਸਤਿਕਤਾ ਨੂੰ ਆਪਣਾਉਣ ਵਾਲੇ ਆਪਣੇ ਆਪ ਨੂੰ ਅਗਾਂਹਵਧੂ ਆਖਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਬੜੀ ਮਹਿਮਾ ਕਹੀ ਹੈ। ਆਪਣਾ ਖਾਸ ਰੂਪ, ਮਾਤਾ, ਪਿਤਾ, ਭਾਈ, ਸੁਤ, ਜਾਤ, ਪਿੰਡ, ਪ੍ਰਾਣ, ਜਾਨ, ਗੱਲ ਕੀ ਸਭ ਕੁਝ ਖ਼ਾਲਸੇ ਨੂੰ ਮੰਨਿਆ ਹੈ। ਅਖ਼ੀਰ ਵਿਚ ਆਖਦੇ ਹਨ ਕਿ ਮੈਂ ਜਿੰਨੀ ਵਡਿਆਈ ਖ਼ਾਲਸੇ ਨੂੰ ਬਖਸ਼ੀ ਹੈ , ਉਹ ਰੰਚਕ ਮਾਤਰ ਵੀ ਝੂਠੀ ਨਹੀਂ ਹੈ ਕਿਉਂਕਿ–
ਯਾ ਮੈ ਰੰਚ ਨ ਮਿਥਿਆ ਭਾਖੀ ‖
ਪਾਰਬ੍ਰਹਮ ਗੁਰੁ ਨਾਨਕ ਸਾਖੀ ‖
ਰੋਮ ਰੋਮ ਜੇ ਰਸਨਾ ਪਾਊਂ ‖
ਤਦਪ ਖ਼ਾਲਸਾ ਜਸ ਤਹਿ ਗਾਊਂ ‖
ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ‖
ਓਤ ਪੋਤਿ ਸਾਗਰ ਬੂੰਦੇਰੋ ‖
ਇਸ ਤਰ੍ਹਾਂ ਹੀ ਖ਼ਾਲਸੇ ਦੀ ਮਹਿਮਾ ਗਾਉਂਦੇ ਆਖਦੇ ਹਨ-
ਜੁਧ ਜਿਤੇ ਇਨਹੀ ਕੇ ਪ੍ਰਸਾਦਿ
ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ।
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ ।
ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ । ।
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ।
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ
ਨਹੀ ਮੋ ਸੇ ਗਰੀਬ ਕਰੋਰ ਪਰੇ ‖
ਸਰਬ ਲੋਹ ਗ੍ਰੰਥ ਵਿਚ ‘ਖ਼ਾਲਸਾ ਮਹਿਮਾ’ ਅਧੀਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਦਰਜ ਹਨ ਜਿਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ -
ਜਜਨ ਭਜਨ ਮਮ ਖ਼ਾਲਸਾ ਖ਼ਾਲਸਾ ਪਜੂਬੇ ਜੋਗ ‖
ਦਾਸ ਗੋਬਿੰਦ ਫ਼ਤਹ ਖ਼ਾਲਸਾ ਦਰਸ ਪਰਸ ਮਿਟੇ ਸੋਗ ‖
ਮੇਰੋ ਇਸ਼ਟ ਅਰ ਨੇਸ਼ਠਾ ਖ਼ਾਲਸਾ ਪੂਜਨ ਧਿਆਨ ‖
ਦਰਸਨ ਪਰਸਨ ਖ਼ਾਲਸਾ ਮੁਕਤ ਰੂਪ ਸਤ ਜਾਨ ‖
ਆਤਮ ਰਸ ਜਿਹ ਜਾਨਹੀ ਸੋ ਹੈ ਖ਼ਾਲਸ ਦੇਵ ‖
ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ ‖
ਜਦੋ ਦਸਮ ਗੁਰੂ ਦੇ ਹੁਕਮ ਵਿਚ ਸਿੱਖ ਅੰਮ੍ਰਿਤਧਾਰੀ ਬਣ ਗਏ ਤੇ ਆਪਣਾ ਸਭ ਕੁਝ ਗੁਰੂ ਦਾ ਮੰਨ ਲਿਆ ਤਾਂ ਸਿੱਖ ਕੌਮ ਹਰ ਕੁਰਬਾਨੀ ਦੇਣ ਲਈ ਅੱਗੇ ਵਧੀ। ਦੇਸ਼, ਕੌਮ ਤੇ ਧਰਮ ਦੀ ਖਾਤਰ ਚਰਖੜੀਆਂ ਤੇ ਚੜ੍ਹੇ, ਬੰਦ ਬੰਦ ਕਟਵਾਏ, ਪੁੱਠੀਆਂ ਖੱਲਾਂ ਲੁਹਾਈਆਂ, ਹਰ ਪ੍ਰਕਾਰ ਦੇ ਤਸੀਹੇ ਸਹੇ ਪਰ ਜ਼ੁਲਮ ਤੇ ਜਬਰ ਤੋਂ ਡਰ ਕੇ ਈਨ ਨਾ ਮੰਨੀ। ਦੇਸ਼ ਦੀ ਕਈ ਸੌ ਸਾਲਾਂ ਦੀ ਗ਼ੁਲਾਮੀ ਖ਼ਤਮ ਕਰਨ ਲਈ ਹਥਿਆਰਬੰਦ ਹੋ ਕੇ ਮੁਗ਼ਲਾਂ ਦਾ ਮੁਕਾਬਲਾ ਕੀਤਾ। ਅਬਾਦਲੀ ਜਿਹੇ ਹਮਲਾਵਰ ਦਾ ਨੱਕ ਵਿਚ ਦਮ ਕਰ ਦਿੱਤਾ। ਜਦੋਂ ਅਬਦਾਲੀ ਨੇ ਸਿੱਖਾਂ ਦੀਆਂ ਸਿਫ਼ਤਾਂ ਸੁਣੀਆਂ ਤਾਂ ਉਸ ਨੇ ਭਵਿੱਖ-ਬਾਣੀ ਕੀਤੀ ਕਿ ਇਹ ਸਿਰੜੀ ਜਲਦੀ ਹੀ ਦੇਸ ਦੇ ਰਾਜੇ ਬਣਨਗੇ। ਕਾਜ਼ੀ ਨੂਰ ਮੁਹੰਮਦ (ਜੋ ਅਬਦਾਲੀ ਨਾਲ ਸੱਤਵੇਂ ਹੱਲ ਸਮੇਂ ਆਇਆ) ਸਿੱਖਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਨੂੰ ਕੁੱਤੇ ਆਖਦਾ ਹੈ ਪਰ ਫਿਰ ਵੀ ਸਿੱਖਾਂ ਦੇ ਸਦਾਚਾਰਕ ਗੁਣਾਂ, ਬਹਾਦਰੀ ਤੇ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਕੁੱਤਾ ਨਾ ਆਖੋ। ਸੱਚ ਪੁੱਛੋ ਤਾਂ ਇਹ ਸ਼ੇਰ ਹਨ। ਜਦੋਂ ਰਣ ਵਿਚ ਖੰਡਾ ਚਲਦਾ ਹੈ ਤਾਂ ਇਹ ਸ਼ੇਰਾਂ ਜਿਹੀ ਦਲੇਰੀ ਨਾਲ ਖੰਡਾ ਖੜਕਾਉਂਦੇ ਹਨ। ਇਹ ਕੁੱਤੇ ਕਿਸੇ ਇਸਤਰੀ, ਬੱਚੇ ਜਾਂ ਬਿਰਧ ਉੱਤੇ ਵਾਰ ਨਹੀਂ ਕਰਦੇ ਤੇ ਨਾ ਹੀ ਰਣ ਵਿਚੋਂ ਭੱਜੇ ਜਾਂਦੇ ਦਾ ਰਾਹ ਰੋਕਦੇ ਹਨ ਭਾਵ ਇਹ ਭੱਜੇ ਜਾਂਦੇ ਉੱਪਰ ਵਾਰ ਨਹੀਂ ਕਰਦੇ। ਔਰਤ ਭਾਵੇਂ ਕਿੰਨੀ ਸੁੰਦਰ, ਰਾਣੀ ਜਾਂ ਦਾਸੀ ਹੋਵੇ ਉਸ ਨੂੰ ਤੇ ਉਸ ਦੇ ਗਹਿਣਿਆਂ ਆਦਿ ਨੂੰ ਛੂੰਹਦੇ ਤਕ ਨਹੀਂ । ਇਨ੍ਹਾਂ ਵਿਚ ਨਾ ਕੋਈ ਜ਼ਨਾਹੀ (ਵਿਕਾਰੀ) ਹੁੰਦਾ ਹੈ ਤੇ ਨਾ ਹੀ ਚੋਰ । ਔਰਤ ਭਾਵੇਂ ਜਵਾਨ ਹੋਵੇ ਭਾਵੇਂ ਬੁੱਢੀ ਉਸ ਨੂੰ ‘ਬੁੱਢੀ’ ਹੀ ਆਖਦੇ ਹਨ। ਇਨ੍ਹਾਂ ਵਿਚੋਂ ਕੋਈ ਚੋਰੀ ਨਹੀਂ ਕਰਦਾ ਕਿਉਂਕਿ ਇਹ ਚੋਰਾਂ ਤੇ ਵਿਸ਼ਈਆਂ ਨੂੰ ਆਪਣਾ ਮਿੱਤਰ ਨਹੀਂ ਬਣਾਉਂਦੇ ।
ਇਨ੍ਹਾਂ ਧਾਰਮਿਕ ਮਰਜੀਵੜਿਆਂ ਨੇ ਕੁਰਬਾਨੀਆਂ ਕਰ ਕੇ ਅਖ਼ੀਰ ਸਿੱਖ ਰਾਜ ਸਥਾਪਤ ਕਰ ਲਿਆ ਸੀ।
ਲੇਖਕ : ਕੇਸਰ ਸਿੰਘ ਛਿੱਬਰ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-10-51-06, ਹਵਾਲੇ/ਟਿੱਪਣੀਆਂ: ਹ. ਪੁ. -ਗੁਰਮਤਿ ਨਿਰਣਯ-ਭਾਈ ਜੋਧ ਸਿੰਘ; ਅਰਦਾਸ ਤੇ ਸਾਡਾ ਇਤਿਹਾਸ-ਪ੍ਰੋ. ਜੋਗਿੰਦਰ ਸਿੰਘ; ਰਹਿਤਨਾਮੇ -ਪਿਆਰਾ ਸਿੰਘ ਪਦਮ ; ਨਾਮ ਕੀ ਹੈ-ਵਧਾਵਾ ਸਿੰਘ ; ਤ. ਗੁ. ਖਾ.- ਗਿਆਨੀ ਗਿਆਨ ਸਿੰਘ; ਬੰਸਾਵਲੀਨਾਮਾ ਦਸਾਂ ਪਤਸ਼ਾਹੀਆਂ ਕਾ
ਖ਼ਾਲਸਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖ਼ਾਲਸਾ, (<ਅਰਬੀ : ਖ਼ਾਲਿਸ √ਖ਼ਲਸ =ਸ਼ੁੱਧ ਕਰਨਾ+ਆ) \ ਵਿਸ਼ੇਸ਼ਣ : ੧. ਖ਼ਾਲਸ, ਬਿਨਾਂ ਮਿਲਾਵਟ, ਨਿਰੋਲ, ਸੱਚਾ ਸੁੱਚਾ; ੨. ਉਹ ਮੁਲਕ ਜੋ ਬਾਦਸ਼ਾਹ ਦਾ ਹੈ, ਜਿਸ ਤੇ ਕਿਸੇ ਜਾਗੀਰਦਾਰ ਅਥਵਾ ਜ਼ਿਮੀਂਦਾਰ ਦਾ ਕਬਜ਼ਾ ਨਾ ਹੋਵੇ; ੩. ਰਾਜ ਦਾ, ਸਰਕਾਰੀ; ੪. ਉਹ ਸਿੱਖ ਜਿਸ ਨੇ ਅੰਮ੍ਰਿਤ ਛਕਿਆ ਹੈ, ਸਿੰਘ; ੫. ਅਕਾਲੀ ਧਰਮ, ਖਾਲਸਾ ਧਰਮ, ਧਰਮ ਧਾਰੀ ਸਿੰਘ ਪੰਥ
–ਖਾਲਸਾ ਕਾਲਜ,(ਅੰਮ੍ਰਿਤਸਰ), ਪੁਲਿੰਗ : ਅੰਮ੍ਰਿਤਸਰ ਵਿੱਚ ਬਣਿਆ ਹੋਇਆ ਇੱਕ ਪਰਸਿੱਧ ਕਾਲਜ, ਜਿਸ ਦੀ ਨੀਂਹ 1892 ਵਿੱਚ ਪੰਜਾਬ ਦੇ ਲਾਟ ਸਰ ਜੇਮਜ਼ ਲਾਇਲ ਨੇ ਰੱਖੀ ਸੀ
–ਖ਼ਾਲਸਾ ਦੀਵਾਨ, ਪੁਲਿੰਗ : ਸਿੱਖ ਧਰਮ ਅਤੇ ਸਿੱਖ ਸਮਾਜ ਵਿੱਚ ਆਪਣੀਆਂ ਕੁਰੀਤੀਆਂ ਦੂਰ ਕਰ ਕੇ ਸਿਖ ਧਰਮ ਦੀ ਅਸਲੀ ਮਰਯਾਦਾ ਨੂੰ ਕਾਇਮ ਰੱਖਣ ਲਈ ਥਾਪੀ ਗਈ ਸੰਸਥਾ ਜੋ ਸੰਨ ੧੮੮੮ ਵਿੱਚ ਲਾਹੌਰ ਵਿਖੇ ਬਣਾਈ ਗਈ ਸੀ ਅਤੇ ਨਵੰਬਰ ਸੰਨ ੧੯੦੧ ਨੂੰ ਸ਼ਿਰੋਮਣੀ ਸਿੰਘਾਂ ਨੇ ਇਸ ਨੂੰ ਨਵੀਂ ਸ਼ਕਲ ਦੇ ਕੇ ਇਸ ਦਾ ਨਾਂ ਚੀਫ਼ ਖਾਲਸਾ ਦੀਵਾਨ ਰੱਖ ਦਿੱਤਾ
–ਖ਼ਾਲਸਾ ਪੰਥ, ਪੁਲਿੰਗ : ੧. ਸਿੱਖ ਧਰਮ, ਸਿਖੀ ਮਾਰਗ; ੨. ਸਮੂਹ ਸਿਖ ਸੰਗਤ
–ਖ਼ਾਲਸੇ ਦੇ ਬੋਲੇ, ਪੁਲਿੰਗ : ਪ੍ਰਾਚੀਨ ਸਿੰਘਾਂ ਅਥਵਾ ਨਿਹੰਗਾਂ ਦੇ ਸੰਕੇਤ ਕੀਤੇ ਵਾਕ ਜਾਂ ਸ਼ਬਦ; ੨. ਗੜਗੱਜ ਬੋਲੇ
–ਸਰਕਾਰ ਖ਼ਾਲਸਾ, ਇਸਤਰੀ ਲਿੰਗ : ੧. ਸਰਕਾਰ; ੨. ਸਿੱਖ ਸਰਕਾਰ, ਲਾਹੌਰ ਦਰਬਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-10-01-44, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First