ਖ਼ਾਲਸਾ ਕਾਲਜ, ਅੰਮ੍ਰਿਤਸਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖ਼ਾਲਸਾ ਕਾਲਜ, ਅੰਮ੍ਰਿਤਸਰ: ਇਹ ਕਾਲਜ ਸਿੱਖ ਜਗਤ ਦੇ ਵਿਦਿਅਕ ਗੌਰਵ ਦਾ ਚਿੰਨ੍ਹ ਹੈ। ਸ੍ਰੀ ਗੁਰੂ ਸਿੰਘ ਸਭਾ ਦੀ ਵਿਦਿਅਕ ਨੀਤੀ ਦੇ ਪ੍ਰਸੰਗ ਵਿਚ ਸਿੱਖ ਰਿਆਸਤਾਂ ਅਤੇ ਸਿੱਖ ਰਈਸਾਂ ਦੀ ਮਾਇਕ ਸਹਾਇਤਾ ਅਤੇ ਬ੍ਰਿਟਿਸ਼ ਸਰਕਾਰ ਦੀ ਸਰਪ੍ਰਸਤੀ ਨਾਲ ਇਸ ਕਾਲਜ ਦੀ ਸਥਾਪਨਾ ਦੀ ਯੋਜਨਾ ਬਣਾਈ ਗਈ। ਪਹਿਲਾਂ ਇਹ ਤਜਵੀਜ਼ ਸੀ ਕਿ ਇਹ ਲਾਹੌਰ ਵਿਚ ਬਣਾਇਆ ਜਾਏ, ਪਰ ਬਾਦ ਵਿਚ ਫ਼ੈਸਲਾ ਕੀਤਾ ਗਿਆ ਕਿ ਇਹ ਅੰਮ੍ਰਿਤਸਰ ਵਿਚ ਸਥਾਪਿਤ ਕੀਤਾ ਜਾਏ। 5 ਮਾਰਚ 1892 ਈ. ਨੂੰ ਇਸ ਦਾ ਨੀਂਹ-ਪੱਥਰ ਸਰ ਜੇਮਜ਼ ਲਾਇਲ, ਲੈਫਟੀਨੈਂਟ ਗਵਰਨਰ ਪੰਜਾਬ ਨੇ ਰਖਿਆ। 14 ਅਪ੍ਰੈਲ 1892 ਈ. ਨੂੰ ਖ਼ਾਲਸਾ ਕਾਲਜ ਕੌਂਸਲ ਬਣੀ, ਜਿਸ ਦੇ ਪ੍ਰਧਾਨ ਪੰਜਾਬ ਦੇ ਚੀਫ਼ ਜਸਟਿਸ ਰੈਟੀਗਨ ਅਤੇ ਸਕੱਤਰ ਭਾਈ ਜਵਾਹਿਰ ਸਿੰਘ ਨੀਅਤ ਹੋਏ। 22 ਅਕਤੂਬਰ 1893 ਈ. ਨੂੰ ਇਸ ਦਾ ਆਰੰਭ ਮਿਡਲ ਸਕੂਲ ਦੇ ਰੂਪ ਵਿਚ ਹੋਇਆ। ਤਿੰਨ ਸਾਲ ਬਾਦ ਇਸ ਨੂੰ ਹਾਈ ਅਤੇ ਇੰਟਰ ਪੱਧਰ ਤਕ ਕਰ ਦਿੱਤਾ ਗਿਆ। ਸੰਨ 1899 ਈ. ਵਿਚ ਬੀ.ਏ. ਦੀਆਂ ਕਲਾਸਾਂ ਸ਼ੁਰੂ ਹੋਈਆਂ। ਸੰਨ 1905 ਈ. ਵਿਚ ਬੀ.ਐਸ-ਸੀ. ਦੀ ਪੜ੍ਹਾਈ ਸ਼ੁਰੂ ਹੋਈ। ਸੰਨ 1916 ਈ. ਵਿਚ ਐਮ.ਏ. ਦੀਆਂ ਜਮਾਤਾਂ ਲਗਣੀਆਂ ਆਰੰਭ ਹੋਈਆਂ।

            ਸੰਨ 1908 ਈ. ਵਿਚ ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਦੀ ਪ੍ਰਧਾਨਗੀ ਹੇਠ ਕਾਲਜ ਵਿਚ ਸਿੱਖ ਮੁਖੀਆਂ ਤੇ ਰਾਜੇ ਰਈਸਾਂ ਦੀ ਕਾਨਫ੍ਰੰਸ ਹੋਈ। ਉਸ ਮੌਕੇ 15 ਲੱਖ ਰੁਪਏ ਕਾਲਜ ਲਈ ਇਕੱਠੇ ਹੋਏ ਅਤੇ ਇਮਾਰਤ ਲਈ ਸਵਾ ਤਿੰਨ ਲੱਖ ਰੁਪਏ ਜਮ੍ਹਾਂ ਹੋ ਗਏ। ਕਾਲਜ ਲਈ ਪੰਜਾਬ ਸਰਕਾਰ ਨੇ ਸਿੱਖ ਜ਼ਿਮੀਂਦਾਰਾਂ ਤੋਂ ਰੁਪਏ ਪਿਛੇ ਦੋ ਪੈਸੇ ਦੇ ਹਿਸਾਬ ਮਾਲੀਏ ਨਾਲ ਰਕਮ ਉਗਰਾਹ ਕੇ ਦਿੱਤੀ। ਇਸ ਕਾਲਜ ਦੀ ਉਸਾਰੀ ਵਿਚ ਪ੍ਰੋ. ਗੁਰਮੁਖ ਸਿੰਘ , ਸ. ਜਵਾਹਿਰ ਸਿੰਘ, ਸ. ਸੁੰਦਰ ਸਿੰਘ ਮਜੀਠੀਆ, ਸ. ਹਰਸੰਬ ਸਿੰਘ ਅਟਾਰੀ , ਭਾਈ ਵੀਰ ਸਿੰਘ, ਪ੍ਰੋ. ਜੋਧ ਸਿੰਘ ਆਦਿ ਦਾ ਭਰਵਾਂ ਸਹਿਯੋਗ ਰਿਹਾ। ਇਥੋਂ ਦੇ ਇਕ ਪਿ੍ਰੰਸੀਪਲ ਮਿਸਟਰ ਜੀ.ਏ.ਵਾਥਨ ਨੇ ਇਸ ਕਾਲਜ ਨੂੰ ਸਿੱਖ ਯੂਨੀਵਰਸਿਟੀ ਵਿਚ ਬਦਲਣ ਦਾ ਸੁਪਨਾ ਲਿਆ ਸੀ। ਅਸਲ ਵਿਚ ਉਨ੍ਹਾਂ ਦਾ ਮੂਲ ਨਿਸ਼ਾਨਾ ਯੂਨੀਵਰਸਿਟੀ ਹੀ ਸੀ।

            ਇਸ ਕਾਲਜ ਦੀ ਇਮਾਰਤ ਹੀ ਲਾਸਾਨੀ ਨਹੀਂ , ਇਸ ਦਾ ਵਾਤਾਵਰਣ ਵੀ ਬਹੁਤ ਸੁੰਦਰ ਅਤੇ ਪ੍ਰਭਾਵਸ਼ਾਲੀ ਹੈ। ਇਸ ਦੇ ਪਰਿਸਰ ਵਿਚ ਹੁਣ ਕਾਲਜ ਆਫ਼ ਐਜੂਕੇਸ਼ਨ, ਵੁਮੈਨ ਕਾਲਜ, ਲੜਕੀਆਂ ਦਾ ਸੀਨੀਅਰ ਹਾਇਰ ਸੈਕੰਡਰੀ ਸਕੂਲ, ਲੜਕੀਆਂ ਦਾ ਹਾਈ ਸਕੂਲ ਅਤੇ ਪਬਲਿਕ ਸਕੂਲ ਹਨ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇਥੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਧਰਮ ਅਧਿਐਨ ਦਾ ਵਿਭਾਗ ਕਾਇਮ ਕੀਤਾ ਗਿਆ। ਪ੍ਰੋ. ਜੋਧ ਸਿੰਘ, ਪ੍ਰੋ. ਸਾਹਿਬ ਸਿੰਘ ਵਰਗੇ ਅਧਿਆਪਕ ਇਸ ਵਿਭਾਗ ਨੂੰ ਸੰਚਾਲਿਤ ਕਰਦੇ ਰਹੇ। ਸਿੱਖ ਇਤਿਹਾਸ ਨਾਲ ਸੰਬੰਧਿਤ ਲਾਇਬ੍ਰੇਰੀ ਇਸ ਕਾਲਜ ਦੀ ਦੁਰਲਭ ਪ੍ਰਾਪਤੀ ਹੈ। ਇਸ ਵਿਭਾਗ ਨੂੰ ਪੱਕੇ ਪੈਰਾਂ ਉਤੇ ਖੜਾ ਕਰਨ ਲਈ ਡਾ. ਗੰਡਾ ਸਿੰਘ ਦਾ ਯੋਗਦਾਨ ਅਭੁੱਲ ਹੈ। ਸਿੱਖ ਧਰਮ ਦੀਆਂ ਅਨੇਕ ਮੁੱਖ ਸ਼ਖ਼ਸੀਅਤਾਂ ਇਥੋਂ ਹੀ ਪੜ੍ਹੀਆਂ ਅਤੇ ਕਈ ਉੱਘੇ ਵਿਦਵਾਨਾਂ ਦਾ ਸੰਬੰਧ ਇਸ ਕਾਲਜ ਦੇ ਅਧਿਆਪਨ ਨਾਲ ਰਿਹਾ ਹੈ।

            ਸਿੱਖ ਧਰਮ ਨਾਲ ਸੰਬੰਧਿਤ ਜਾਂ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ਾਂ ਵਿਚ ਇਸ ਕਾਲਜ ਦੇ ਵਿਦਿਆਰਥੀ ਸਦਾ ਅਗੇ ਹੀ ਰਹੇ। ਖੇਡਾਂ ਦੇ ਖੇਤਰ ਵਿਚ ਇਸ ਕਾਲਜ ਦੀਆਂ ਬੜੀਆਂ ਉਲੇਖਯੋਗ ਪ੍ਰਾਪਤੀਆਂ ਹਨ। ਧਾਰਮਿਕ ਸੰਕੀਰਣਤਾ ਤੋਂ ਇਹ ਕਾਲਜ ਸਦਾ ਬਚਿਆ ਰਿਹਾ ਹੈ। ਇਸ ਵਿਚ ਹਰ ਧਰਮ ਜਾਂ ਫ਼ਿਰਕੇ ਦੇ ਵਿਦਿਆਰਥੀਆਂ ਨੇ ਤਾਲੀਮ ਹਾਸਲ ਕੀਤੀ ਹੈ ਅਤੇ ਹਰ ਧਰਮ ਨਾਲ ਸੰਬੰਧਿਤ ਪ੍ਰੋਫੈਸਰਾਂ ਨੇ ਇਥੇ ਪੜ੍ਹਾਇਆ ਹੈ। ਸਿੱਖ ਧਰਮ ਦਾ ਕਾਲਜ ਹੁੰਦਾ ਹੋਇਆ ਵੀ ਇਸ ਦੀ ਨੀਤੀ ਸਦਾ ਧਰਮ-ਨਿਰਪੇਖ ਹੀ ਰਹੀ ਹੈ। ਪੰਜਾਬ ਦੇ ਮੁੱਖ ਕਾਲਜਾਂ ਵਿਚ ਇਸ ਦਾ ਸਥਾਨ ਬਣਿਆ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.