ਅਨੰਦਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦਪੁਰ. ਦੇਖੋ, ਆਨੰਦਪੁਰ ੨। ੨ ਰਿਆਸਤ ਪਟਿਆਲਾ , ਤਸੀਲ ਸਰਹਿੰਦ ਥਾਣਾ ਬਸੀ ਵਿੱਚ ਇੱਕ ਪਿੰਡ. ਇਸ ਪਿੰਡ ਦੀ ਵਸੋਂ ਅੰਦਰ ਇੱਕ ਨੀਵੀਂ ਜਿਹੀ ਥਾਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ.

    ਨੀਵੀਂ ਥਾਂ ਹੋਣ ਕਰਕੇ ਬਰਸਾਤ ਦਾ ਪਾਣੀ ਅੰਦਰ ਆ ਜਾਂਦਾ ਹੈ. ਗੁਰੁਦ੍ਵਾਰੇ ਨਾਲ ਜਾਗੀਰ ੭੦) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹੈ. ਪੁਜਾਰੀ ਸਿੰਘ ਹੈ.

    ਰੇਲਵੇ ਸਟੇਸ਼ਨ ਸਰਹਿੰਦ ਤੋਂ ਉੱਤਰ ਪੂਰਵ ੯ ਮੀਲ ਹੈ. ਬਸੀ ਤਕ ੫ ਮੀਲ ਸੜਕ ਹੈ. ਅੱਗੇ ੪ ਮੀਲ ਕੱਚਾ ਰਸਤਾ ਹੈ. ਇਸ ਦੇ ਪਾਸ ਹੀ ਕਲੌੜ ਪਿੰਡ ਹੈ ਇਸ ਕਰਕੇ ਦੋਹਾਂ ਪਿੰਡਾਂ ਦਾ ਮਿਲਵਾਂ ਨਾਉਂ “ਅਨੰਦ ਪੁਰ ਕਲੌੜ” ਹੈ. ਹੁਣ ਇਸ ਦਾ ਰੇਲਵੇ ਸਟੇਸ਼ਨ ਬਸੀ ਪਠਾਣਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਨੰਦਪੁਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਨੰਦਪੁਰ : ਸ਼ਾਬਦਿਕ ਅਰਥਪਰਮ ਸੁਖ ਦਾ ਸ਼ਹਿਰ` ਪੰਜਾਬ ਦੇ ਜ਼ਿਲੇ ਰੋਪੜ ਵਿਚ ਸ਼ਿਵਾਲਿਕ ਦੇ ਹੇਠਲੇ ਖੇਤਰ ਵਿਚ ਸਥਿਤ ਹੈ। ਬਾਕੀ ਦੇਸ ਨਾਲ ਰੇਲਵੇ ਅਤੇ ਸੜਕਾਂ ਨਾਲ ਜੁੜਿਆ ਹੋਇਆ ਇਹ ਰੋਪੜ (ਰੂਪ ਨਗਰ) ਦੇ ਉੱਤਰ ਵਿਚ 31 ਕਿਲੋਮੀਟਰ ਅਤੇ ਨੰਗਲ ਸ਼ਹਿਰ ਤੋਂ 29 ਕਿਲੋਮੀਟਰ ਦੱਖਣ ਵੱਲ ਹੈ। ਇਹ ਸਿੱਖਾਂ ਦੇ ਸਭ ਤੋਂ ਮਹੱਤਵਪੂਰਨ ਤੀਰਥ ਕੇਂਦਰਾਂ ਵਿਚੋਂ ਇਕ ਹੋਣ ਕਰਕੇ ਇਸ ਨੂੰ ਸਤਿਕਾਰ ਨਾਲ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ। ਸਿੱਖਾਂ ਦੇ ਪੰਜਾਂ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਕਈ ਪਵਿੱਤਰ ਗੁਰਦੁਆਰੇ ਇਥੇ ਹਨ। ਇਹ ਸਿੱਖਾਂ ਦੇ ਅਖੀਰਲੇ ਦੋ ਗੁਰੂ ਸਾਹਿਬਾਨ ਦਾ ਚਾਲ੍ਹੀ ਸਾਲਾਂ ਲਈ ਟਿਕਾਣਾ ਹੋਣ ਕਰਕੇ ਸਿੱਖ ਇਤਿਹਾਸ ਦੀਆਂ ਹੋਰ ਕਈ ਘਟਨਾਵਾਂ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ।

    ਅਨੰਦਪੁਰ ਦਾ ਨੀਂਹ ਪੱਥਰ ਗੁਰੂ ਤੇਗ਼ ਬਹਾਦਰ (1621-75) ਨਾਨਕ ਨੌਵੇਂ ਨੇ 19 ਜੂਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖਿਆ ਸੀ ਜਿਹੜਾ ਗੁਰੂ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਇਸ ਨਵੀਂ ਆਬਾਦੀ ਦਾ ਨਾਂ ਚੱਕ ਨਾਨਕੀ ਰੱਖਿਆ ਅਤੇ ਇਸਦੇ 8 ਕਿਲੋਮੀਟਰ ਦੱਖਣ ਵੱਲ ਕੀਰਤਪੁਰ ਤੋਂ ਆਪਣੇ ਪਰਵਾਰ ਸਮੇਤ ਇਥੇ ਗਏ। ਪਰੰਤੂ ਛੇਤੀ ਹੀ ਪਿੱਛੋਂ ਆਪ ਦੇਸ ਦੇ ਪੂਰਬੀ ਹਿੱਸਿਆਂ ਵੱਲ ਯਾਤਰਾਵਾਂ ਤੇ ਚੱਲ ਪਏ। ਇਸ ਲਈ ਚੱਕ ਨਾਨਕੀ ਦਾ ਵਿਕਾਸ 1672 ਤਕ ਉਹਨਾਂ ਦੇ ਵਾਪਸ ਆਉਣ ਤਕ ਰੁਕਿਆ ਰਿਹਾ। ਜਦੋਂ ਪੰਜਾਬ ਅਤੇ ਹੋਰ ਦੂਰ ਦੁਰੇਡੇ ਥਾਵਾਂ ਤੋਂ ਸ਼ਰਧਾਲੂ ਇਥੇ ਆਉਣ ਲੱਗੇ ਤਾਂ ਇਹ ਛੋਟੀ ਜਿਹੀ ਆਬਾਦੀ ਇਕ ਵਧਦੇ ਫੁਲਦੇ ਸ਼ਹਿਰ ਵਿਚ ਬਦਲ ਗਈ। ਮਈ 1675 ਵਿਚ ਕਸ਼ਮੀਰ ਤੋਂ ਪੰਡਤਾਂ ਦਾ ਇਕ ਜਥਾ ਆਪਣੀਆਂ ਤਕਲੀਫਾਂ ਦੱਸਣ ਲਈ ਗੁਰੂ ਜੀ ਕੋਲ ਆਇਆ। ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਉੱਤੇ ਧਾਰਮਿਕ ਅਤਿਆਚਾਰ ਹੋ ਰਹੇ ਹਨ ਅਤੇ ਕਸ਼ਮੀਰ ਦੇ ਮੁਗਲ ਗਵਰਨਰ ਦੇ ਹੁਕਮ ਨਾਲ ਉਹਨਾਂ ਨੂੰ ਜਬਰੀ ਧਰਮ ਬਦਲੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਗੁਰੂ ਤੇਗ਼ ਬਹਾਦਰ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਅਤੇ ਉਹਨਾਂ ਦੇ ਦੁਖੜੇ ਦੂਰ ਕਰਨ ਲਈ ਆਪਣਾ ਜੀਵਨ ਨਿਛਾਵਰ ਕਰਨ ਲਈ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਮਸਾਂ ਨੌਂ ਸਾਲ ਦੇ ਆਪਣੇ ਛੋਟੇ ਜਿਹੇ ਸੁਪੁੱਤਰ ਗੋਬਿੰਦ ਦਾਸ (ਬਾਅਦ ਵਿਚ ਗੋਬਿੰਦ ਸਿੰਘ) ਨੂੰ ਆਪਣਾ ਉੱਤਰਾਧਿਕਾਰੀ ਥਾਪ ਕੇ ਉਹ ਯਾਤਰਾ ਤੇ ਤੁਰ ਪਏ ਅਤੇ ਜਿਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਦੀ ਲੰਘੇ ਉਥੇ ਸਤਿਨਾਮ ਦਾ ਪ੍ਰਚਾਰ ਕਰਦੇ ਗਏ। ਦਿੱਲੀ ਵਿਚ ਇਹਨਾਂ ਨੂੰ ਕੈਦ ਕਰ ਲਿਆ ਗਿਆ। ਇਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿਚ ਆਮ ਲੋਕਾਂ ਸਾਮ੍ਹਣੇ ਸ਼ਹੀਦ ਕਰ ਦਿੱਤਾ ਗਿਆ।

    ਚੱਕ ਨਾਨਕੀ ਵਿਚ ਬਾਲਕ ਉੱਤਰਾਧਿਕਾਰੀ ਗੁਰੂ ਗੋਬਿੰਦ ਸਿੰਘ ਜੀ (1666-1708) ਨੇ ਇਕ ਦਲੇਰ ਸਿੱਖ ਭਾਈ ਜੈਤਾ ਦੁਆਰਾ ਲਿਆਂਦਾ ਹੋਇਆ ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ ਪ੍ਰਾਪਤ ਕੀਤਾ ਅਤੇ ਇਸ ਦਾ ਦਲੇਰੀ ਨਾਲ ਸ਼ਾਂਤ ਰਹਿ ਕੇ ਸਸਕਾਰ ਕੀਤਾ। ਜਦੋਂ ਇਹ ਵੱਡੇ ਹੋਏ ਤਾਂ ਇਹਨਾਂ ਨੇ ਸਿਪਾਹੀਆਂ ਵਾਲਾ ਜੀਵਨ ਧਾਰਨ ਕੀਤਾ ਜਿਸ ਨਾਲ ਕਹਲੂਰ ਦੇ ਸਥਾਨਿਕ ਸ਼ਾਸਕ ਰਾਜਾ ਭੀਮ ਚੰਦ ਦੇ ਮਨ ਵਿਚ ਇਸ ਬਾਰੇ ਈਰਖਾ ਪੈਦਾ ਹੋ ਗਈ। ਸ਼ੁਰੂ ਵਿਚ ਹੀ ਝਗੜਾ ਟਾਲਣ ਲਈ ਗੁਰੂ ਗੋਬਿੰਦ ਸਿੰਘ ਇਕ ਹੋਰ ਪਹਾੜੀ ਰਿਆਸਤ ਸਿਰਮੌਰ ਦੇ ਰਾਜੇ ਵੱਲੋਂ ਸੱਦਾ ਸਵੀਕਾਰ ਕਰਕੇ 1685 ਵਿਚ ਚੱਕ ਨਾਨਕੀ ਛੱਡ ਕੇ ਜਮਨਾ ਦੇ ਕੰਢੇ ਪਾਉਂਟਾ ਸਾਹਿਬ ਵਿਖੇ ਚਲੇ ਗਏ। ਰਾਜਪੂਤ ਪਹਾੜੀ ਰਾਜਿਆਂ ਦੀਆਂ ਸਮੂਹਿਕ ਫ਼ੌਜਾਂ ਨਾਲ ਭੰਗਾਣੀ (18 ਸਤੰਬਰ 1688) ਦੇ ਜੰਗ ਪਿੱਛੋਂ ਆਪ ਚੱਕ ਨਾਨਕੀ ਵਾਪਸ ਪਰਤੇ ਜਿਸਦਾ ਨਾਂ ਬਦਲਕੇ ਕਿਲਿਆਂ ਦੀ ਲੜੀ (ਅਨੰਦਗੜ੍ਹ) ਦੇ ਨਾਂ ਤੇ ਅਨੰਦਪੁਰ ਰੱਖ ਦਿੱਤਾ ਅਤੇ ਪਹਾੜੀ ਰਾਜਿਆਂ ਵੱਲੋਂ ਹਮਲੇ ਨੂੰ ਧਿਆਨ ਵਿਚ ਰਖਦੇ ਹੋਏ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਕਿਲੇ ਸਨ ਕੇਂਦਰ ਵਿਚ ਕੇਸਗੜ੍ਹ, ਅਤੇ ਅਨੰਦਗੜ੍ਹ, ਲੋਹਗੜ੍ਹ , ਹੋਲਗੜ੍ਹ, ਫਤਿਹਗੜ੍ਹ ਅਤੇ ਤਾਰਾਗੜ੍ਹ ਇਸ ਦੇ ਦੁਆਲੇ ਬਣਾਏ ਗਏ ਸਨ। ਕਹਲੂਰ ਦਾ ਭੀਮ ਚੰਦ ਅਤੇ ਉਸਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਤੋਂ ਭੰਗਾਣੀ ਦੇ ਜੰਗ ਵਿਚ ਹਾਰ ਖਾ ਕੇ ਵੀ ਆਪਣਾ ਗੁੱਸਾ ਨਹੀਂ ਭੁੱਲੇ ਸਨ ਭਾਵੇਂ ਕਿ ਗੁਰੂ ਜੀ ਨੇ ਜੰਮੂ ਦੇ ਗਵਰਨਰ ਦੁਆਰਾ ਉਹਨਾਂ ਦੇ ਖਿਲਾਫ ਭੇਜੇ ਮੁਗਲ ਜਰਨੈਲ ਨਾਲ ਲੜੀ ਨਦੌਣ ਦੀ ਲੜਾਈ (1691) ਵਿਚ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਚ ਅਤੇ ਹੋਰ ਕਈ ਰਾਜਿਆਂ ਨਾਲ ਸੰਧੀ ਕਰਕੇ ਕਈ ਹਮਲੇ ਅਨੰਦਪੁਰ ਉੱਤੇ ਕੀਤੇ ਪਰੰਤੂ ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

        30 ਮਾਰਚ ਨੂੰ ਵਸਾਖੀ ਵਾਲੇ ਦਿਨ , ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਕੰਮ , ਸੰਗਤ ਨੂੰ ‘ਖ਼ਾਲਸਾ` ਬਣਾਉਣ ਦਾ ਕੀਤਾ। ਇਸ ਤੋਂ ਪਹਿਲੇ ਸਾਲ ਵੱਖ ਵੱਖ ਥਾਵਾਂ ਤੋਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਸਨ ਕਿ ਉਹ ਮਸੰਦਾਂ ਨੂੰ ਗੁਰੂ ਦੇ ਪ੍ਰਤੀਨਿਧ ਨਾ ਮੰਨਣ ਅਤੇ ਆਉਂਦੀ ਵਸਾਖੀ ਨੂੰ ਭਾਰੀ ਗਿਣਤੀ ਵਿਚ ਅਨੰਦਪੁਰ ਆਉਣ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜਿਥੋਂ ਤਕ ਸੰਭਵ ਹੋ ਸਕੇ ਘੋੜਿਆਂ ਤੇ ਸਵਾਰ ਹੋ ਕੇ ਆਉਣ। ਨਿਸਚਿਤ ਦਿਨ ਨੂੰ ਅਨੰਦਪੁਰ ਵਿਖੇ ਕਿਲਾ ਕੇਸਗੜ੍ਹ ਵਿਚ ਇਕ ਭਾਰੀ ਇਕੱਠ ਹੋਇਆ। ਜਦੋਂ ਸਾਰੇ ਸਵੇਰ ਦੇ ਦੀਵਾਨ ਵਿਚ ਅਨੰਦ ਮਗਨ ਬੈਠੇ ਸਨ ਤਾਂ ਸਭ ਤੋਂ ਨੇੜੇ ਦੇ ਸੋਮਿਆਂ ਕੁਇਰ ਸਿੰਘ ਦੇ ਗੁਰਬਿਲਾਸ ਪਾਤਸ਼ਾਹੀ 10 ਅਨੁਸਾਰ ਗੁਰੂ ਜੀ ਬੜੇ ਅਸਚਰਜਪੂਰਨ ਢੰਗ ਨਾਲ ਸੰਗਤ ਦੇ ਸਾਮ੍ਹਣੇ ਆਏ। ਉਹਨਾਂ ਦੇ ਹੱਥ ਵਿਚ ਨੰਗੀ ਤਲਵਾਰ ਸੀ ਅਤੇ ਉਹਨਾਂ ਆਖਿਆ ਕਿ ਕੀ ਕੋਈ ਸੰਗਤ ਵਿਚੋਂ ਸਿਰ ਦੇਣ ਲਈ ਤਿਆਰ ਹੈ। ਸੰਗਤ ਇਹ ਅਜੀਬ ਮੰਗ ਸੁਣ ਕੇ ਸੁੰਨ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੰਗ ਦੋ ਵਾਰ ਦੁਹਰਾਈ ਤੀਸਰੀ ਵਾਰ ਕਹਿਣ ਤੇ ਲਾਹੌਰ ਦੇ ਇਕ ਖੱਤਰੀ ਦਯਾ ਰਾਮ ਨੇ ਆਪਣਾ ਸੀਸ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਇਕ ਨੇੜੇ ਦੇ ਤੰਬੂ ਵਿਚ ਲੈ ਗਏ। ਕੁਝ ਦੇਰ ਬਾਅਦ ਉਹ ਵਾਪਸ ਆਏ; ਉਹਨਾਂ ਦੇ ਹੱਥ ਵਿਚ ਲਹੂ ਭਿੱਜੀ ਤਲਵਾਰ ਸੀ ਅਤੇ ਉਹਨਾਂ ਇਕ ਹੋਰ ਸਿਰ ਦੀ ਮੰਗ ਕੀਤੀ। ਇਸ ਵਾਰੀ ਹਸਤਿਨਾਪੁਰ ਦਾ ਇਕ ਜੱਟ ਧਰਮ ਦਾਸ ਅੱਗੇ ਆਇਆ ਅਤੇ ਉਸਨੂੰ ਵੀ ਪਹਿਲੇ ਦੀ ਤਰ੍ਹਾਂ ਤੰਬੂ ਵਿਚ ਲੈ ਜਾਇਆ ਗਿਆ। ਇਸੇ ਤਰਾਂ ਤਿੰਨ ਹੋਰ ਸ਼ਰਧਾਲੂ ਦਵਾਰਿਕਾ ਤੋਂ ਇਕ ਧੋਬੀ ਮੁਹਕਮ ਚੰਦ, ਜਗਨਨਾਥ ਪੁਰੀ ਤੋਂ ਇਕ ਝਿਊਰ ਹਿੰਮਤ ਅਤੇ ਦੱਖਣ ਦੇ ਬਿਦਰ ਤੋਂ ਇਕ ਨਾਈ ਸਾਹਿਬ ਚੰਦ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਸੰਗਤ ਦਾ ਡਰ ਅਸਚਰਜਤਾ ਅਤੇ ਹੈਰਾਨੀ ਵਿਚ ਬਦਲ ਗਿਆ ਜਦੋਂ ਛੇਤੀ ਹੀ ਪਿੱਛੋਂ ਗੁਰੂ ਜੀ ਦੇ ਪਿੱਛੇ ਸਾਰੇ ਇਕੋ ਜਿਹੇ ਪੀਲੇ ਬਸਤਰ ਪਹਿਨੀ, ਆਪਣੇ ਸਿਰਾਂ ਤੇ ਸਾਫ਼ ਸੁਥਰੀਆਂ ਦਸਤਾਰਾਂ ਸਜਾਈ ਅਤੇ ਆਪਣੇ ਗਾਤਰੇ ਕਿਰਪਾਨਾਂ ਲਟਕਾਈ ਬਾਹਰ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਨੂੰ ਪੰਜ ਚੁਲੇ ਅੰਮ੍ਰਿਤ ਦੇ ਛਕਾਏ ਜਿਨ੍ਹਾਂ ਉੱਤੇ ਬਾਣੀ ਪੜ੍ਹੀ ਗਈ ਅਤੇ ਇਹ ਮਿੱਠਾ ਜਲ ਫ਼ੌਲਾਦ ਦੇ ਦੋਧਾਰੇ ਖੰਡੇ ਨਾਲ ਹਿਲਾਇਆ ਗਿਆ ਸੀ। ਉਹਨਾਂ ਨੇ ਸੰਗਤ ਨੂੰ ਦੱਸਿਆ ਕਿ ਇਹ ਮੇਰੇ ਪੰਜ ਪਿਆਰੇ ਹਨ। ਉਹਨਾਂ ਨੇ ਇਹ ਵੀ ਦਸਿਆ ਕਿ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਖ਼ਾਲਸੇ ਦਾ ਅਰੰਭ ਕਰ ਦਿੱਤਾ ਹੈ ਜਿਸ ਦੀ ਪਹਿਚਾਣ ਪੰਜ ਚਿੰਨ੍ਹਾਂ ਜਿਸਦਾ ਪਹਿਲਾ ਅੱਖਰ ‘ਕ` ਤੋਂ ਸ਼ੁਰੂ ਹੁੰਦਾ ਹੈ ਜਿਵੇਂ ਕੇਸ , ਕੰਘਾ , ਕਛਹਿਰਾ , ਕੜਾ ਅਤੇ ਕਿਰਪਾਨ ਤੋਂ ਹੋਵੇਗੀ। ਖ਼ਾਲਸਾ ਸਰਬੋਤੱਮ ਇਖ਼ਲਾਕੀ ਅਤੇ ਨੈਤਿਕ ਪੱਧਰ ਤੇ ਜੀਵੇਗਾ ਅਤੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਲੜਨ ਲਈ ਹਮੇਸ਼ਾਂ ਤਤਪਰ ਰਹੇਗਾ। ਉਹ ਜਾਤ , ਧਰਮ ਜਾਂ ਪਦਵੀ ਦਾ ਭਿੰਨ ਭੇਦ ਨਹੀਂ ਕਰੇਗਾ। ਗੁਰੂ ਜੀ ਆਪ ਪੰਜ ਪਿਆਰਿਆਂ ਅੱਗੇ ਖਲੋ ਗਏ ਅਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਉਸੇ ਤਰ੍ਹਾਂ ਅੰਮ੍ਰਿਤ ਛਕਾਉਣ ਜਿਵੇਂ ਉਹਨਾਂ ਆਪ ਛਕਿਆ ਸੀ। ਕਈ ਹਜ਼ਾਰਾਂ ਨੇ ਉਸੇ ਦਿਨ ਅਤੇ ਅਗਲਿਆਂ ਦਿਨਾਂ ਵਿਚ ਦੋਧਾਰੇ ਖੰਡੇ ਦਾ ਅੰਮ੍ਰਿਤ ਛਕਿਆ। ਇਸ ਤਰ੍ਹਾਂ ਅਨੰਦਪੁਰ ਖ਼ਾਲਸੇ ਦਾ ਜਨਮ ਅਸਥਾਨ ਬਣ ਗਿਆ। ਇਹ ਆਮ ਕਰਕੇ ‘ਖ਼ਾਲਸੇ ਦੀ ਵਾਸੀ ’ (ਖ਼ਾਲਸੇ ਦਾ ਘਰ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।

    ਖ਼ਾਲਸੇ ਦੇ ਜਨਮ ਨਾਲ ਲਾਗੇ ਦੀਆਂ ਰਿਆਸਤਾਂ ਦੇ ਰਾਜੇ ਡਰ ਗਏ ਅਤੇ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਅਨੰਦਪੁਰ ਤੋਂ ਕੱਢਣ ਦੀ ਵਿਉਂਤਬੰਦੀ ਕੀਤੀ। ਉਹਨਾਂ ਨੇ ਗੁਰੂ ਜੀ ਕੋਲ ਏਲਚੀ ਭੇਜੇ ਜਿਨ੍ਹਾਂ ਨੇ ਸੌਹਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਅਤੇ ਉਹਨਾਂ ਦੇ ਸਿੱਖਾਂ ਨੂੰ ਕਦੇ ਵੀ ਤੰਗ ਨਹੀਂ ਕਰਨਗੇ, ਜੇਕਰ ਉਹ ਥੋੜ੍ਹੇ ਸਮੇਂ ਲਈ ਕਿਲਾ ਛੱਡ ਦੇਣ ਅਤੇ ਸ਼ਹਿਰ ਤੋਂ ਬਾਹਰ ਚਲੇ ਜਾਣ। ਨਾਲੋ ਨਾਲ ਹੀ ਉਹਨਾਂ ਨੇ ਅੰਦਰਖਾਤੇ ਅਨੰਦਪੁਰ ਨੂੰ ਘੇਰਾ ਪਾਉਣ ਲਈ ਸਰਹਿੰਦ ਦੇ ਮੁਗਲ ਫ਼ੌਜਦਾਰ ਤੋਂ ਫ਼ੌਜੀ ਮਦਦ ਮੰਗੀ ਅਤੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਛੱਡ ਦਿੱਤਾ ਪਰੰਤੂ ਰਾਜਿਆਂ ਦੀਆਂ ਚਾਲਾਂ ਤੇ ਸ਼ੱਕ ਕਰਦੇ ਹੋਏ ਕੀਰਤਪੁਰ ਦੇ 4 ਕਿਲੋਮੀਟਰ ਦੱਖਣ ਵੱਲ ਪਿੰਡ ਹਰਦੋ ਨਮੋਹ ਯੁੱਧ ਨੀਤੀ ਦੇ ਹਿਸਾਬ ਨਾਲ ਆਪਣੀ ਠੀਕ ਰੱਖਿਆ ਕਰਨ ਲਈ ਰਹਿਣ ਯੋਗ ਪੜਾਉ ਕਰ ਲਿਆ। ਉਹਨਾਂ ਉੱਤੇ ਉੱਤਰ ਵਲੋਂ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਅਤੇ ਮੁਗਲ ਫ਼ੌਜਾਂ ਨੇ ਤੋਪਾਂ ਨਾਲ ਦੱਖਣ ਤੋਂ ਹਮਲਾ ਕਰ ਦਿੱਤਾ। ਭੱਟ ਵਹੀਆਂ ਅਨੁਸਾਰ ਇਹ ਹਮਲੇ 7,12 ਅਤੇ 13 ਅਕਤੂਬਰ 1700 ਨੂੰ ਪਛਾੜ ਦਿੱਤੇ ਗਏ ਸਨ ਅਤੇ 14 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਘੇਰਾ ਤੋੜ ਦਿੱਤਾ ਅਤੇ ਸਤਲੁਜ ਲੰਘ ਕੇ ਬਸੌਲੀ ਜਿਥੋਂ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸੀ ਵੱਲ ਚਲੇ ਗਏ। ਇਹ ਲੜਾਈ ਨਿਰਮੋਹਗੜ੍ਹ ਦੀ ਲੜਾਈ ਕਰਕੇ ਪ੍ਰਸਿੱਧ ਹੈ। ਜਿਵੇਂ ਹੀ ਬਾਦਸ਼ਾਹੀ ਫ਼ੌਜਾਂ ਪਿਛਾਂਹ ਹਟ ਗਈਆਂ ਤਾਂ ਗੁਰੂ ਜੀ ਨੇ ਅਨੰਦਪੁਰ ਤੇ ਦੁਬਾਰਾ ਕਬਜ਼ਾ ਕਰ ਲਿਆ। ਪਹਾੜੀ ਰਾਜੇ ਬਾਦਸ਼ਾਹ ਔਰੰਗਜ਼ੇਬ ਕੋਲ ਗਏ ਅਤੇ ਉਸ ਨੂੰ ਚੇਤਾਵਨੀ ਦਿੱਤੀ ਕਿ ਖ਼ਾਲਸੇ ਦੇ ਪੈਦਾ ਹੋਣ ਨਾਲ ਉਸ ਦੀ ਬਾਦਸ਼ਾਹਤ ਨੂੰ ਖ਼ਤਰਾ ਬਣ ਗਿਆ ਹੈ। ਉਹਨਾਂ ਹੋਰ ਅੱਗੇ ਕਿਹਾ ਕਿ ਇਸ ਨੂੰ ਰੋਕਣ ਲਈ ਉਹ ਸਖ਼ਤ ਕਦਮ ਚੁੱਕੇ। ਦੱਖਣ ਵਿਚ ਮਰਾਠਿਆਂ ਦੇ ਵਿਦਰੋਹ ਨੂੰ ਦਬਾਉਣ ਵਿਚ ਪੂਰੀ ਤਰ੍ਹਾਂ ਲੱਗਾ ਹੋਣ ਕਰਕੇ ਬਾਦਸ਼ਾਹ ਨੇ ਲਾਹੌਰ ਦੇ ਗਵਰਨਰ ਅਤੇ ਸਰਹਿੰਦ ਦੇ ਫ਼ੌਜਦਾਰ ਨੂੰ ਰਾਜਿਆਂ ਨਾਲ ਮਿਲ ਕੇ ਗੁਰੂ ਦੇ ਖਿਲਾਫ਼ ਲੜਾਈ ਲੜਨ ਦੇ ਹੁਕਮ ਜਾਰੀ ਕਰ ਦਿੱਤੇ। ਸਾਂਝੀ ਫ਼ੌਜ ਨੇ ਅਨੰਦਪੁਰ ਤੇ ਹਮਲਾ ਕੀਤਾ ਅਤੇ ਮਈ 1705 ਵਿਚ ਸ਼ਹਿਰ ਨੂੰ ਘੇਰਾ ਪਾ ਲਿਆ। ਗੁਰੂ ਜੀ ਨੇ ਅਤੇ ਉਹਨਾਂ ਦੇ ਸਿੱਖਾਂ ਨੇ ਘਿਰੇ ਹੋਣ ਕਰਕੇ ਅਤੇ ਭੋਜਨ ਆਦਿ ਦੀ ਘਾਟ ਹੋਣ ਦੇ ਬਾਵਜੂਦ ਕਈ ਮਹੀਨਿਆਂ ਤਕ ਇਹਨਾਂ ਹਮਲਿਆਂ ਨੂੰ ਰੋਕੀ ਰੱਖਿਆ। ਘੇਰਾ ਪਾਉਣ ਵਾਲੇ ਦਰਅਸਲ ਥੱਕ ਗਏ ਅਤੇ ਉਹਨਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੂੰ ਸੌਂਹ ਖਾ ਕੇ ਕਿਹਾ ਕਿ ਜੇਕਰ ਉਹ ਅਨੰਦਪੁਰ ਛੱਡ ਜਾਣ ਤਾਂ ਉਹ ਉਹਨਾਂ ਨੂੰ ਸੁਰੱਖਿਅਤ ਜਾਣ ਦੇਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਵਾਰ ਅਤੇ ਸਿੱਖਾਂ ਨਾਲ 5-6 ਦਸੰਬਰ 1705 ਦੀ ਰਾਤ ਨੂੰ ਸ਼ਹਿਰ ਛੱਡ ਦਿੱਤਾ।

    ਅਨੰਦਪੁਰ ਛੱਡਣ ਤੋਂ ਪਹਿਲਾਂ ਆਪਣੇ ਸਿੱਖਾਂ ਵਿਚੋਂ ਇਕ ਉਦਾਸੀ ਸਿੱਖ ਗੁਰਬਖਸ਼ , ਨੂੰ ਸਥਾਨਿਕ ਸੰਗਤ ਅਤੇ ਗੁਰਦੁਆਰਿਆਂ ਦੀ ਸੰਭਾਲ ਕਰਨ ਲਈ ਪਿੱਛੇ ਰਹਿਣ ਦਾ ਹੁਕਮ ਦਿੱਤਾ ਖਾਸ ਕਰਕੇ ਉਸ ਗੁਰਦੁਆਰੇ ਦਾ ਜਿਥੇ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ। ਕਈ ਸਾਲਾਂ ਪਿੱਛੋਂ ਜਦੋਂ ਹਾਲਾਤ ਬਦਲ ਗਏ ਤਾਂ ਗੁਰੂ ਗੋਬਿੰਦ ਸਿੰਘ ਦੇ ਚਚੇਰੇ ਭਾਈ ਦੀਪ ਚੰਦ ਦੇ ਸੁਪੁੱਤਰ ਗੁਲਾਬ ਰਾਇ ਅਤੇ ਸਿਆਮ ਸਿੰਘ, ਜੋ ਅਨੰਦਪੁਰ ਛੱਡਣ ਸਮੇਂ ਤੋਂ ਹੀ ਨਾਹਨ ਦੇ ਮਿੱਤਰ ਰਾਜੇ ਕੋਲ ਸ਼ਰਨ ਲਈ ਰਹਿ ਰਹੇ ਸਨ, ਵਾਪਸ ਪਰਤ ਆਏ। ਗੁਲਾਬ ਰਾਇ ਨੇ ਬਿਲਾਸਪੁਰ ਦੇ ਰਾਜੇ ਤੋਂ ਅਨੰਦਪੁਰ ਦਾ ਸ਼ਹਿਰ ਖਰੀਦ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਤਰਾਧਿਕਾਰੀ ਹੋਣ ਦਾ ਬਹਾਨਾ ਬਣਾ ਕੇ ਗੁਰਬਖਸ਼ ਉਦਾਸੀ ਦੇ ਵਿਰੋਧ ਦੇ ਬਾਵਜੂਦ ਆਪਣੀ ਵੱਖਰੀ ਧਾਰਮਿਕ ਗੱਦੀ ਸਥਾਪਿਤ ਕਰ ਲਈ। ਗੁਲਾਬ ਰਾਇ ਦੇ ਚਾਰੇ ਦੇ ਚਾਰੇ ਪੁੱਤਰ ਉਸ ਤੋਂ ਪਹਿਲਾਂ ਹੀ ਚਲਾਣਾ ਕਰ ਗਏ ਸਨ। ਉਸਦੀ ਵਿਧਵਾ ਨੇ ਥੋੜੇ ਸਮੇਂ ਲਈ ਪ੍ਰਬੰਧ ਸੰਭਾਲਿਆ, ਪਰੰਤੂ ਛੇਤੀ ਹੀ ਉਹ ਸਿਆਮ ਸਿੰਘ ਦੇ ਪੋਤੇ ਸੋਢੀ ਸੁਰਜਨ ਸਿੰਘ ਲਈ ਗੱਦੀ ਛੱਡ ਕੇ ਮਰ ਗਈ। ਸਿੱਖਾਂ ਦੇ ਪੰਜਾਬ ਉਤੇ ਕਬਜ਼ਾ ਹੋ ਜਾਣ ਪਿੱਛੋਂ ਕਈ ਸ਼ਾਸਕਾਂ ਅਤੇ ਰਾਜਿਆਂ ਨੇ ਗੁਰਦੁਆਰਿਆਂ ਦੇ ਨਾਂ ਕਾਫ਼ੀ ਜਗੀਰਾਂ ਲਗਾਈਆਂ ਜਿਨ੍ਹਾਂ ਦਾ ਪ੍ਰਬੰਧ ਸਥਾਨਿਕ ਸੋਢੀ ਪਰਵਾਰ, ਗੁਰਦੁਆਰਾ ਸੁਧਾਰ ਜਾਂ 1920 ਦੇ ਸ਼ੁਰੂ ਵਿਚ ਅਕਾਲੀ ਲਹਿਰ ਦੇ ਸ਼ੁਰੂ ਹੋਣ ਤਕ ਕਰਦਾ ਰਿਹਾ। ਅਨੰਦਪੁਰ ਦੇ ਗੁਰਦੁਆਰਿਆਂ ਉੱਤੇ 12 ਜਨਵਰੀ 1923 ਨੂੰ ਅਕਾਲੀਆਂ ਨੇ ਕਬਜ਼ਾ ਕਰ ਲਿਆ ਅਤੇ ਉਹਨਾਂ ਦਾ ਪ੍ਰਬੰਧ ਸਥਾਨਿਕ ਸੋਢੀਆਂ ਨੇ 15 ਮਾਰਚ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤਾ। ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ ਨਿਯੁਕਤ ਮੈਨੇਜਰ ਰਾਹੀਂ ਕੀਤਾ ਜਾਂਦਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਪਦਵੀ-ਨਾਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ : ਅਨੰਦਪੁਰ ਵਿਖੇ ਮੁੱਖ ਧਰਮ ਅਸਥਾਨ ਹੈ। ਚਿੱਟੇ ਸੰਗਮਰਮਰ ਦੀ ਸੁੰਦਰਤਾ ਨਾਲ ਭਰਪੂਰ ਇਹ ਗੁਰਦੁਆਰਾ ਇਕ ਉੱਚੇ ਟਿੱਲੇ ਉੱਤੇ ਬਣਿਆ ਹੈ ਅਤੇ ਕੇਸਗੜ੍ਹ ਕਿਲੇ ਦੀ ਜਗ੍ਹਾ ਤੇ ਹੈ ਜਿਥੇ 1699 ਦੀ ਇਤਿਹਾਸਿਕ ਵਸਾਖੀ ਸਮੇਂ ਸੰਗਤ ਜੁੜੀ ਸੀ। ਮੌਜੂਦਾ ਇਮਾਰਤ ਸਮੂਹ ਸੰਤ ਹਰੀ ਸਿੰਘ ਕਹਾਰਪੁਰੀ ਦੀ ਦੇਖ ਰੇਖ ਹੇਠ 1936-44 ਵਿਚ ਬਣਾਇਆ ਗਿਆ ਸੀ। ਢਲਾਣ ਉੱਤੇ ਹੋਣ ਕਰਕੇ ਸਮੂਹ ਦੇ ਦੋ ਪੱਧਰ ਹਨ ਜਿਨ੍ਹਾਂ ਨੂੰ ਦੋਹਾਂ ਪਾਸਿਆਂ ਤੋਂ ਕੰਧਾਂ ਰਾਹੀਂ ਥੰਮਿਆ ਹੋਇਆ ਹੈ। ਹੇਠਲੇ ਪੱਧਰ ਤੇ ਪੌੜੀਆਂ ਹਨ ਜਿਸ ਤੋਂ ਅੱਗੇ ਦੋ ਮੰਜ਼ਲਾ ਦਰਵਾਜਾ ਹੈ, ਦਫ਼ਤਰ ਹਨ ਅਤੇ 30 ਮੀਟਰ ਵਰਗਾਕਾਰ ਵਿਹੜਾ ਹੈ। ਉਹ ਪੱਧਰ ਜਿਸ ਉੱਤੇ ਇਮਾਰਤ ਖੜ੍ਹੀ ਹੈ ਵਿਹੜੇ ਨਾਲੋਂ 2.5 ਮੀਟਰ ਉੱਚੀ ਹੈ। ਇਕ 16 ਮੀਟਰ ਵਰਗਾਕਾਰ ਹਾਲ ਕਮਰਾ ਹੈ ਜਿਸਦੇ ਸਾਮ੍ਹਣੇ ਇਕ ਛੱਜਾ ਬਣਿਆ ਹੋਇਆ ਹੈ ਅਤੇ ਇਸੇ ਵਿਚ ਪ੍ਰਕਾਸ਼ ਅਸਥਾਨ ਵਜੋਂ 5.5 ਮੀਟਰ ਵਰਗਾਕਾਰ ਕਮਰਾ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਪ੍ਰਾਚੀਨ ਸ਼ਸਤਰ , ਪਵਿੱਤਰ ਯਾਦਗਾਰ ਦੇ ਤੌਰ ਤੇ ਸੰਭਾਲ ਕੇ ਰਖੇ ਹੋਏ ਹਨ ਜਿਨ੍ਹਾਂ ਨੂੰ ਇਕ ਨੀਵੇਂ ਥੜ੍ਹੇ ਉਪਰ ਰੱਖ ਕੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਇਸ ਪਵਿੱਤਰ ਜਗ੍ਹਾ ਦੇ ਬਾਹਰ ਇਕ ਚਾਨਣੀ ਹੇਠ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਿਸ ਉਪਰ ਇਕ ਧਾਰੀਆਂ ਵਾਲਾ ਕੰਵਲ ਦੇ ਫੁੱਲ ਵਾਲਾ ਗੁੰਬਦ ਹੈ ਜਿਸ ਦੇ ਸਿਰੇ ਤੇ ਧਾਤ ਦਾ ਸਜਾਇਆ ਛੱਜਾ ਲੱਗਾ ਹੈ ਅਤੇ ਇਕ ਸੋਨੇ ਦਾ ਪਾਣੀ ਫੇਰਿਆ ਖੰਡਾ ਕਲਸ ਦੇ ਤੌਰ ਤੇ ਲੱਗਾ ਹੋਇਆ ਹੈ। ਛੱਤ ਉਪਰ ਹਾਲ ਦੀਆਂ ਨੁੱਕਰਾਂ ਅਤੇ ਛੱਜੇ ਉੱਤੇ ਗੁੰਬਦ ਵਾਲੀਆਂ ਮਮਟੀਆਂ ਬਣੀਆਂ ਹੋਈਆਂ ਹਨ। ਮੁੱਖ ਇਮਾਰਤ ਦੇ ਪਿੱਛੇ ਵਿਚਕਾਰ ਥੋੜ੍ਹਾ ਨੀਵੇਂ ਥਾਂ ਤੇ ਗੁਰੂ ਕਾ ਲੰਗਰ ਬਣਿਆ ਹੋਇਆ ਹੈ। ਕੇਸਗੜ੍ਹ ਪਹਾੜੀ ਦੀਆਂ ਹੇਠਲੀਆਂ ਢਲਾਣਾਂ ‘ਤੇ ਸੇਵਾਦਾਰਾਂ ਅਤੇ ਯਾਤਰੂਆਂ ਦੇ ਰਹਿਣ ਲਈ ਕਮਰਿਆਂ ਦੀਆਂ ਕਤਾਰਾਂ ਬਣੀਆਂ ਹੋਈਆਂ ਹਨ। ਇਸ ਸਾਰੇ ਸਮੂਹ ਨੂੰ ਦਸਮੇਸ਼ ਨਿਵਾਸ ਕਹਿੰਦੇ ਹਨ। ਮੇਲਿਆਂ ਦੇ ਮੌਕਿਆਂ ‘ਤੇ ਸੰਗਤ ਲਈ ਮੁੱਖ ਇਮਾਰਤ ਦੇ ਲਗਪਗ 150 ਮੀਟਰ ਪੂਰਬ ਵਲ 1980 ਵਿਚ 55 ਮੀਟਰ ਵਰਗਾਕਾਰ ਦੀਵਾਨ ਹਾਲ ਬਣਾਇਆ ਗਿਆ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰਲੇ ਪ੍ਰਕਾਸ਼ ਅਸਥਾਨ ਵਿਚ ਰੱਖੀਆਂ ਹੋਈਆਂ ਯਾਦਗਾਰਾਂ ਹਨ, ਖੰਡਾ, ਕਟਾਰ, ਇਕ ਸੈਫ , ਇਕ ਤੋੜੇਦਾਰ ਬੰਦੂਕ, ਇਕ ਕਰਪਾ ਬਰਛਾ , ਅਤੇ ਇਕ ਨਾਗਨੀ ਬਰਛਾ। ਹਥਿਆਰਾਂ ਦਾ ਇਕ ਹੋਰ ਸੈਟ ਜੋ ਵਿਸ਼ਵਾਸ਼ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ ਅਤੇ 1849 ਵਿਚ ਪੰਜਾਬ ਉੱਤੇ ਕਬਜ਼ਾ ਹੋਣ ਉਪਰੰਤ ਬ੍ਰਿਟਿਸ਼ ਦੁਆਰਾ ਇੰਗਲੈਂਡ ਲੈ ਜਾਏ ਗਏ ਸਨ ਅਤੇ ਜੋ 1966-67 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਪ੍ਰਕਾਸ਼ ਦਿਵਸ ਨੂੰ ਮਨਾਉਣ ਸਮੇਂ ਵਾਪਸ ਲਿਆਂਦੇ ਗਏ ਸਨ, ਹੁਣ ਦਰਸ਼ਨਾਂ ਲਈ ਰੱਖੇ ਗਏ ਹਨ।

ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਇਕ ਹੋਰ ਛੋਟੀ ਪਹਾੜੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੱਖਣ ਪੂਰਬ ਵਿਚ 800 ਮੀਟਰ ਦੀ ਦੂਰੀ ਤੇ ਬਣਿਆ ਹੋਇਆ ਹੈ। ਇਹ ਇਕ ਨਵੀਂ ਬਣੀ ਇਮਾਰਤ ਹੈ ਭਾਵੇਂ ਕਿ ਪੁਰਾਣੀ ਅਤੇ ਅਸਲੀ ਇਮਾਰਤ ਦੀਆਂ ਨਿਸ਼ਾਨੀਆਂ ਅਜੇ ਵੀ ਦਿਸਦੀਆਂ ਹਨ। ਮੌਜੂਦਾ ਇਮਾਰਤ ਸਮੂਹ 1970 ਵਿਚ ਸੰਤ ਸੇਵਾ ਸਿੰਘ (ਅ.ਚ.1982) ਦੁਆਰਾ ਬਣਵਾਇਆ ਗਿਆ ਸੀ ਜਿਨ੍ਹਾਂ ਦੇ ਉਤਰਾਧਿਕਾਰੀ ਹੁਣ ਇਸ ਦਾ ਪ੍ਰਬੰਧ ਕਰਦੇ ਹਨ ਅਤੇ ਇਸ ਨੂੰ ਹੋਰ ਅੱਗੇ ਵਧਾ ਰਹੇ ਹਨ। ਇਸ ਤੋਂ ਪਹਿਲਾਂ 1930 ਵਿਚ ਕਰਤਾਰ ਸਿੰਘ ਕਲਾਸਵਾਲੀਆ ਨੇ ਪਹਾੜੀ ਉਪਰ ਇਕ ਕਿਲੇ ਵਰਗੀ ਇਮਾਰਤ ਬਣਵਾਈ ਸੀ ਜਿਹੜੀ ਅਜੇ ਵੀ ਠੀਕ ਠਾਕ ਹੈ। ਮੌਜੂਦਾ ਗੁਰਦੁਆਰਾ ਜਿਸਨੂੰ ਸੰਗਮਰਮਰ ਦੀਆਂ ਟੁਕੜੀਆਂ ਦੀਆਂ ਕਤਾਰਾਂ ਨਾਲ ਇਕ ਖੁਲ੍ਹੇ ਚਬੂਤਰੇ ਰਾਹੀਂ ਵੱਖ ਕੀਤਾ ਗਿਆ ਹੈ ਇਕ 15 ਮੀਟਰ ਵਰਗਾਕਾਰ ਹਾਲ ਹੈ ਜਿਸਦੇ ਸਾਮ੍ਹਣੇ 8×3 ਮੀਟਰ ਦਾ ਇਕ ਬਰਾਂਡਾ (ਪੋਰਚ) ਹੈ। ਹਾਲ ਕਮਰੇ ਵਿਚ 6 ਮੀਟਰ ਵਰਗਾਕਾਰ ਪ੍ਰਕਾਸ਼ ਅਸਥਾਨ ਹੈ ਜਿਸ ਉਪਰ ਕੰਵਲ ਪੱਤੀਆਂ ਵਾਲਾ ਗੁੰਬਦ ਹੈ ਜਿਸਦੇ ਅਖ਼ੀਰ ਤੇ ਇਕ ਛੱਜਾ ਅਤੇ ਖੰਡਾ ਇਕ ਕਲਸ ਦੇ ਰੂਪ ਵਿਚ ਬਣਿਆ ਹੋਇਆ ਹੈ। ਸਾਰੀ ਕੰਧ ਉਪਰ ਧਾਰੀਦਾਰ ਸੰਗਮਰਮਰ ਲੱਗਾ ਹੋਇਆ ਹੈ। ਇਹ ਇਮਾਰਤ 1970 ਵਿਚ ਸੰਪੂਰਨ ਕੀਤੀ ਗਈ ਸੀ। 4 ਮੀਟਰ ਘੇਰੇ ਵਾਲੀ ਅਤੇ ਪਉੜੀਆਂ ਵਾਲੀ ਪਾਣੀ ਦੀ ਬਾਉਲੀ ਨੂੰ ਇਕ ਢੱਕਿਆ ਹੋਇਆ ਰਸਤਾ ਜਾਂਦਾ ਹੈ। ਬਾਉਲੀ ਦੀਆਂ 135 ਸੰਗਮਰਮਰ ਦੀਆਂ ਪਉੜੀਆਂ ਹਨ। ਮੁਖ ਇਮਾਰਤ ਦੀ ਪੂਰਬੀ ਬਾਹੀ ਤੇ ਥੋੜਾ ਹੇਠਾਂ ਜਾ ਕੇ ਗੁਰੂ ਕੇ ਲੰਗਰ ਲਈ1972 ਵਿਚ ਬਣਾਇਆ ਹੋਇਆ ਇਕ ਖੁਲ੍ਹਾ ਹਾਲ ਹੈ ਅਤੇ ਯਾਤਰੂਆਂ ਅਤੇ ਪ੍ਰਬੰਧਕਾਂ ਲਈ 300 ਕਮਰੇ ਹਨ।

ਗੁਰਦੁਆਰਾ ਕਿਲਾ ਫ਼ਤਿਹਗੜ੍ਹ ਅਨੰਦਪੁਰ ਦੇ ਉੱਤਰੀ ਕਿਨਾਰੇ ਤੇ ਇਸ ਨਾਂ ਦੀ ਇਕ ਹੋਰ ਗੜ੍ਹੀ ਦੀ ਜਗ੍ਹਾ ਤੇ ਬਣਿਆ ਹੋਇਆ ਹੈ। ਮੌਜੂਦਾ ਇਮਾਰਤ ਸੰਤ ਸੇਵਾ ਸਿੰਘ, ਕਿਲਾ ਅਨੰਦਪੁਰ ਦੇ ਉਤਰਾਧਿਕਾਰੀਆਂ ਦੀ ਦੇਖਭਾਲ ਵਿਚ 1980ਵਿਆਂ ਦੇ ਅੰਤਲੇ ਸਾਲਾਂ ਵਿਚ ਬਣਾਈ ਗਈ ਸੀ। ਇਹ ਗੁਰਦੁਆਰਾ ਦੋ ਮੰਜਲੀ ਗੁੰਬਦ ਵਾਲੀ ਇਮਾਰਤ ਹੈ। ਇਸਦੇ ਸਾਮ੍ਹਣੇ ਇਕ ਪੁਰਾਣਾ ਖੂਹ ਹੈ ਜਿਹੜਾ ਕਿਸੇ ਸਮੇਂ ਫ਼ਤਿਹਗੜ੍ਹ ਕਿਲੇ ਦੀਆਂ ਲੋੜਾਂ ਪੂਰੀਆਂ ਕਰਦਾ ਸੀ।

ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੱਖਣ ਪੱਛਮ ਵੱਲ ਲਗਪਗ ਡੇਢ ਕਿਲੋਮੀਟਰ ਦੂਰੀ ਤੇ ਇਸੇ ਨਾਂ ਦੇ ਕਿਲੇ ਦੀ ਥਾਂ ਤੇ ਬਣਿਆ ਹੈ ਜਿਹੜਾ ਦਰਿਆ ਵਾਲੀ ਬਾਹੀ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ। ਇਹੀ ਜਗ੍ਹਾ ਹੈ ਜਿਥੇ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ ਅਤੇ ਉਸਨੂੰ ਵਾਪਸ ਭਜਾ ਦਿੱਤਾ ਸੀ; ਇਸਨੂੰ ਪਹਾੜੀ ਰਾਜਿਆਂ 1700 ਵਿਚ ਅਨੰਦਪੁਰ ਦੇ ਘੇਰੇ ਸਮੇਂ ਕਿਲੇ ਦੇ ਦਰਵਾਜੇ ਨੂੰ ਤੋੜਨ ਲਈ ਭੇਜਿਆ ਸੀ। ਸ਼ਕਲ ਸੂਰਤ ਵਿਚ ਅੱਠਬਾਹੀਆਂ ਵਾਲੀ ਮੌਜੂਦਾ ਤਿੰਨ ਮੰਜ਼ਲੀ ਇਮਾਰਤ ਜਿਸਦੇ ਉਪਰ ਗੁੰਬਦ ਹੈ, 1980 ਦੇ ਅਖੀਰ ਵਿਚ ਬਣਾਈ ਗਈ ਸੀ।

ਗੁਰਦੁਆਰਾ ਹੋਲਗੜ੍ਹ ਸਾਹਿਬ ਚਰਨ ਗੰਗਾ ਨਾਮਕ ਛੋਟੀ ਨਦੀ ਦੇ ਅਗਲੇ ਪਾਸੇ ਸ਼ਹਿਰ ਦੇ ਉਤਰ ਪੱਛਮ ਵਿਚ ਡੇਢ ਕਿਲੋਮੀਟਰ ਦੂਰ ਹੋਲਗੜ੍ਹ ਕਿਲ੍ਹੇ ਦੀ ਥਾਂ ਤੇ ਬਣਿਆ ਹੋਇਆ ਹੈ। ਇਹ ਉਹੀ ਜਗ੍ਹਾ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ 1701 ਵਿਚ ਹਿੰਦੂ ਤਿਉਹਾਰ , ਹੋਲੀ ਦੇ ਅਗਲੇ ਦਿਨ ਹੋਲਾ ਮਨਾਉਣਾ ਸ਼ੁਰੂ ਕੀਤਾ ਸੀ। ਹੋਲੀ ਸਮੇਂ ਰੰਗ ਪਾਉਣ ਦੇ ਉਲਟ ਗੁਰੂ ਜੀ ਨੇ ਇਸ ਦਿਨ ਨੂੰ ਲੜਾਈ ਵਿਚ ਸਿੱਖਾਂ ਨੂੰ ਹਥਿਆਰਾਂ ਦੇ ਜੌਹਰ ਦਿਖਾਉਣ ਲਈ ਇਹ ਸ਼ੁਰੂ ਕੀਤਾ ਸੀ। ਜਿਤਨੀ ਦੇਰ ਗੁਰੂ ਜੀ ਉਥੇ ਠਹਿਰੇ ਹੋਲਾ ਜਾਂ ਹੋਲਾ ਮਹੱਲਾ , ਇਸ ਪਿਛੋਂ ਅਨੰਦਪੁਰ ਵਿਚ ਸਾਲਾਨਾ ਜੰਗੀ ਖੇਡ ਬਣ ਗਈ। ਹੋਲਾ ਮਹੱਲਾ ਦਾ ਮਨਾਉਣਾ ਸਿੱਖਾਂ ਨੇ ਫਿਰ ਉਦੋਂ ਸ਼ੁਰੂ ਕੀਤਾ ਜਦੋਂ ਪੰਜਾਬ ਵਿਚ ਉਹਨਾਂ ਦਾ ਆਪਣਾ ਰਾਜ ਸਥਾਪਿਤ ਹੋ ਗਿਆ ਸੀ। ਹੁਣ ਇਹ ਅਨੰਦਪੁਰ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਮੌਕੇ ਤੇ ਹਫ਼ਤੇ ਦੇ ਮੇਲੇ ਪਿੱਛੋਂ ਅਖੀਰਲੇ ਦਿਨ ਤਖ਼ਤ ਸਾਹਿਬ ਤੋਂ ਮਹੱਲਾ ਦਾ ਜਲੂਸ ਸ਼ੁਰੂ ਹੁੰਦਾ ਹੈ ਤੇ ਹੋਲਗੜ੍ਹ ਜਾ ਕੇ ਸਮਾਪਤ ਹੁੰਦਾ ਹੈ ਜਿਥੇ ਨੇਜਾ-ਬਾਜ਼ੀ, ਗਤਕੇਬਾਜ਼ੀ, ਚਕਰ ਚਲਾਉਣ ਆਦਿ ਵਰਗੀਆਂ ਖੇਡਾਂ ਹੁੰਦੀਆਂ ਹਨ।

    ਮੌਜੂਦਾ ਅਠ ਕੋਣੀ ਇਮਾਰਤ ਗੁਬੰਦਨੁਮਾ ਢਾਂਚਾ ਹੈ ਜੋ ਸੰਤ ਸੇਵਾ ਸਿੰਘ ਦੀ ਦੇਖ ਰੇਖ ਹੇਠ ਬਣੀ ਅਤੇ 1970 ਵਿਚ ਪੂਰੀ ਕੀਤੀ ਗਈ ਸੀ। ਪ੍ਰਕਾਸ਼ ਅਸਥਾਨ ਸੰਗਮਰਮਰ ਦੇ ਫਰਸ਼ ਵਾਲੇ ਕਮਰੇ ਦੇ ਵਿਚਕਾਰ ਬਣਿਆ ਹੋਇਆ ਹੈ।

ਗੁਰਦੁਆਰਾ ਮਾਤਾ ਜੀਤੋ ਜੀ ਅਨੰਦਪੁਰ ਤੋਂ ਲਗਪਗ 2 ਕਿਲੋਮੀਟਰ ਉਤਰ ਪੱਛਮ ਵਿਚ ਅਗਮਪੁਰਾ ਪਿੰਡ ਦੇ ਬਾਹਰਵਾਰ ਇਕ ਏਕੜ ਦੀ ਚਾਰ ਦੀਵਾਰੀ ਅੰਦਰ ਉਸ ਅਸਥਾਨ ਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ , ਮਾਤਾ ਜੀਤੋ ਜੀ ਦੇ ਸਰੀਰ ਦਾ ਦਸੰਬਰ 1700 ਵਿਚ ਸਸਕਾਰ ਕੀਤਾ ਗਿਆ ਸੀ। ਮੌਜੂਦਾ ਤਿੰਨ ਮੰਜ਼ਲੀ ਗੁੰਬਦ ਵਾਲੀ ਇਮਾਰਤ 1972 ਵਿਚ ਸੰਪੂਰਨ ਕੀਤੀ ਗਈ ਸੀ। 4 ਮੀਟਰ ਵਰਗਾਕਾਰ ਪ੍ਰਕਾਸ਼ ਅਸਥਾਨ ਹੇਠਲੇ ਫਰਸ਼ ਤੇ ਵਰਗਾਕਾਰ ਹਾਲ ਦੇ ਵਿਚਕਾਰ ਬਣਿਆ ਹੋਇਆ ਹੈ। ਧਾਰੀਆਂ ਵਾਲਾ ਕੰਵਲ ਦੀਆਂ ਪੱਤੀਆਂ ਦਾ ਗੁੰਬਦ ਇਮਾਰਤ ਦੇ ਅਖੀਰ ਤੇ ਹੈ ਜਿਸ ਉਪਰ ਸੁਨਹਿਰੀ ਛੱਜਾ ਅਤੇ ਸੁਨਹਿਰੀ ਖੰਡੇ ਦਾ ਕਲਸ ਲੱਗਾ ਹੋਇਆ ਹੈ।

ਗੁਰਦੁਆਰਾ ਮੰਜੀ ਸਾਹਿਬ ਜਿਸਨੂੰ ਦਮਾਲਗੜ੍ਹ ਵੀ ਕਹਿੰਦੇ ਹਨ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਹਾਤੇ ਦੇ ਨੇੜੇ ਸਥਿਤ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ। ਇਥੇ ਉਹ ਵਿੱਦਿਆ ਪੜ੍ਹਿਆ ਕਰਦੇ ਅਤੇ ਹਥਿਆਰ ਚਲਾਉਣ ਦਾ ਅਭਿਆਸ ਕਰਿਆ ਕਰਦੇ ਸਨ। ਗੁਰਦੁਆਰੇ ਦੀ ਦੋ ਮੰਜ਼ਲੀ ਗੁੰਬਦ ਵਾਲੀ ਇਮਾਰਤ 20 ਮੀਟਰ ਵਰਗਾਕਾਰ ਸੰਗਮਰਮਰ ਵਾਲੇ ਸਮੂਹ ਦੇ ਵਿਚਕਾਰ ਬਣੀ ਹੋਈ ਹੈ। ਇਸ ਦਾ 3 ਮੀਟਰ ਵਰਗਾਕਾਰ ਪ੍ਰਕਾਸ਼ ਅਸਥਾਨ ਭੂਮੀ ਪੱਧਰ ਤੇ 15 ਮੀਟਰ ਵਰਗਾਕਾਰ ਹਾਲ ਦੇ ਵਿਚਕਾਰ ਬਣਿਆ ਹੋਇਆ ਹੈ।

ਗੁਰਦੁਆਰਾ ਸੀਸ ਗੰਜ ਸਾਹਿਬ ਸ਼ਹਿਰ ਵਿਚ ਹੈ ਅਤੇ ਗੁਰੂ ਤੇਗ਼ ਬਹਾਦਰ ਦੇ ਨਾਂ ਤੇ ਹੈ ਜਿਨ੍ਹਾਂ ਦੇ ਸੀਸ ਦਾ ਨਵੰਬਰ 1675 ਨੂੰ ਇਥੇ ਸਸਕਾਰ ਕੀਤਾ ਗਿਆ ਸੀ। ਇਕ ਥੜ੍ਹੇ ਦੇ ਰੂਪ ਵਿਚ ਇਕ ਯਾਦਗਾਰੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਇਕ ਛੋਟੇ ਜਿਹੇ ਕਮਰੇ ਵਿਚ ਬਣਾ ਦਿੱਤਾ ਸੀ। ਦਸੰਬਰ 1705 ਨੂੰ ਅਨੰਦਪੁਰ ਛੱਡਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਕਰਕੇ ਇਸ ਦੀ ਸੇਵਾ ਸੰਭਾਲ ਗੁਰਬਖਸ਼ ਉਦਾਸੀ ਨੂੰ ਸੌਂਪੀ ਸੀ। ਇਸ ਦੀ ਮੁਰੰਮਤ ਅਤੇ ਇਸ ਨੂੰ ਵੱਡਾ ਕਰਨ ਦਾ ਕੰਮ 1970 ਦੇ ਸ਼ੁਰੂ ਵਿਚ ਅਨੰਦਗੜ੍ਹ ਦੇ ਬਾਬਾ ਸੇਵਾ ਸਿੰਘ ਦੁਆਰਾ ਕੀਤਾ ਗਿਆ ਸੀ। ਸਾਮ੍ਹਣੇ ਵਾਲੇ ਵਿਹੜੇ ਦਾ ਫਰਸ਼ ਪੁਰਾਣੀਆਂ ਲਹਿਰੀਏਦਾਰ ਢੰਗ ਨਾਲ ਲੱਗੀਆਂ ਹੋਈਆਂ ਨਾਨਕਸ਼ਾਹੀ ਇੱਟਾਂ ਦਾ ਹੈ ਜੋ ਅਜੇ ਵੀ ਠੀਕ ਹੈ। ਛੱਜੇ ਵਾਲੀ ਕਲਸ ਲੱਗੀ ਦੋ ਮੰਜ਼ਲੀ ਇਮਾਰਤ ਦੇ ਦੁਆਲੇ ਢੱਕੀ ਹੋਈ 4.5 ਮੀਟਰ ਚੌੜੀ ਪਰਕਰਮਾ ਹੈ ਜੋ ਵਧੀਆ ਡਿਜ਼ਾਇਨਦਾਰ ਥੰਮਾਂ ਉਤੇ ਬਣੀ ਹੋਈ ਅੰਦਰਲੇ ਪ੍ਰਕਾਸ਼ ਅਸਥਾਨ ਦੇ ਚਾਰੇ ਪਾਸੇ ਹੈ ਅਤੇ ਇਥੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ।

ਅਕਾਲ ਬੁੰਗਾ ਜੋ ਇਕ ਛੋਟਾ ਜਿਹਾ ਗੁਰਦੁਆਰਾ ਹੈ ਉਸੇ ਅਹਾਤੇ ਵਿਚ ਗੁਰਦੁਆਰਾ ਸੀਸ ਗੰਜ ਦੇ ਸਾਮ੍ਹਣੇ ਹੈ ਅਤੇ ਇਕ ਪੁਰਾਣੀ ਇਮਾਰਤ ਵਿਚ ਹੈ। ਕਿਹਾ ਜਾਂਦਾ ਹੈ ਕਿ ਇਹ ਅਸਥਾਨ ਪੁਜਾਰੀ ਮਾਨ ਸਿੰਘ ਨੇ 1889 ਵਿਚ ਬਣਾਇਆ ਸੀ। ਇਹ ਇੱਟਾਂ ਦੀ ਚੌਂਕੀ ਦੇ ਦੋਵੇਂ ਪਾਸੇ ਇਕ ਪੰਜ ਕੋਣਾ ਕਮਰਾ ਹੈ ਜਿਸ ਵਿਚ ਸ਼ੀਸ਼ੇ ਦੇ ਦਿੱਲਿਆਂ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਇਹ ਚੌਂਕੀ ਉਸ ਜਗ੍ਹਾ ਦੀ ਨਿਸ਼ਾਨੀ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਅੰਤਿਮ ਕ੍ਰਿਆ ਵੇਲੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਸੀ।

ਗੁਰਦੁਆਰਾ ਦਮਦਮਾ ਸਾਹਿਬ ਥੜ੍ਹਾ ਸਾਹਿਬ ਅਤੇ ਭੋਰਾ ਸਾਹਿਬ ਦੇ ਨਾਲ ਹੀ ਸਥਿਤ ਹੈ ਅਤੇ ਸੀਸ ਗੰਜ ਜਿਸ ਨੂੰ ਪਹਿਲਾਂ ਗੁਰੂ ਕੇ ਮਹਲ ਅਰਥਾਤ ਗੁਰੂ ਤੇਗ਼ ਬਹਾਦਰ ਜੀ ਦੀ ਰਿਹਾਇਸ਼ ਕਹਿੰਦੇ ਸਨ ਦੇ ਨੇੜੇ ਹੀ ਉਸੇ ਸਮੂਹ ਵਿਚ ਬਣਿਆ ਹੋਇਆ ਹੈ। ਦਮਦਮਾ ਸਾਹਿਬ ਉਸ ਜਗ੍ਹਾ ਤੇ ਹੈ ਜਿਥੇ ਗੁਰੂ ਜੀ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਬੈਠਾਉਣ ਦੀ ਰਸਮ ਇਸੇ ਜਗ੍ਹਾ ਤੇ ਕੀਤੀ ਗਈ ਸੀ। ਮੌਜੂਦਾ ਗੁੰਬਦ ਵਾਲੀ ਅੱਠਭੁਜੀ ਇਮਾਰਤ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਬਣਾਈ ਗਈ ਸੀ।     

ਥੜ੍ਹਾ ਸਾਹਿਬ ਦਮਦਮਾ ਸਾਹਿਬ ਦੇ ਸਾਮ੍ਹਣੇ ਖੁਲ੍ਹੇ ਥਾਂ ਤੇ ਅੱਧਾ ਮੀਟਰ ਉੱਚਾ ਅਤੇ 5 ਮੀਟਰ ਵਰਗਾਕਾਰ ਸੰਗਮਰਮਰ ਦਾ ਥੜ੍ਹਾ ਬਣਿਆ ਹੋਇਆ ਹੈ। ਇਸ ਜਗ੍ਹਾ ਤੇ ਹੀ 1675 ਵਿਚ ਕਸ਼ਮੀਰੀ ਪੰਡਤਾਂ ਦਾ ਇਕ ਗਰੁੱਪ ਗੁਰੂ ਜੀ ਨੂੰ ਮਿਲਿਆ ਸੀ।

ਗੁਰਦੁਆਰਾ ਭੋਰਾ ਸਾਹਿਬ ਤਿੰਨ ਮੰਜ਼ਲੀ ਗੁੰਬਦ ਵਾਲੀ ਇਮਾਰਤ ਹੈ ਜੋ ਦਮਦਮਾ ਸਾਹਿਬ ਦੇ ਨੇੜੇ ਹੈ ਅਤੇ ਪਹਿਲਾਂ ਗੁਰੂ ਕੇ ਮਹਲ ਦਾ ਹਿੱਸਾ ਸੀ। ਇਸ ਜਗ੍ਹਾ ਤੇ ਭੋਰੇ ਵਿਚ ਗੁਰੂ ਤੇਗ਼ ਬਹਾਦਰ ਜੀ ਸਿਮਰਨ ਲਈ ਬੈਠਿਆ ਕਰਦੇ ਸਨ। ਮੌਜੂਦਾ ਤਹਿਖ਼ਾਨੇ ਦੇ ਵਿਚਕਾਰ 1.5 ਮੀਟਰ ਵਰਗਾਕਾਰ ਅਤੇ ਅੱਧਾ ਮੀਟਰ ਉੱਚਾ ਥੜ੍ਹਾ ਅਸਲੀ ਭੋਰੇ ਦੀ ਜਗ੍ਹਾ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਹੇਠਲੀ ਮੰਜ਼ਲ ਤੇ ਇਕ ਥੜ੍ਹੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਹੈ। ਇਸ ਗੁਰਦੁਆਰੇ ਵਿਚ ਗੁਰੂ ਕਾ ਲੰਗਰ ਅਤੇ ਰਹਿਣ ਲਈ ਕਮਰੇ ਬਣਨ ਦਾ ਕੰਮ ਚਲ ਰਿਹਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.