ਆਨੰਦਵਾਦ ਦਾ ਸਿੱਖ ਸੰਦਰਭ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਆਨੰਦਵਾਦ ਦਾ ਸਿੱਖ ਸੰਦਰਭ: ਇਸ ਵਾਦ ਅਨੁਸਾਰ ਆਨੰਦ ਨੂੰ ਹੀ ਮਨੁੱਖ-ਜੀਵਨ ਦਾ ਮੂਲ ਲਕਸ਼ ਮੰਨਿਆ ਜਾਂਦਾ ਹੈ। ਇਸ ਵਿਚਾਰਧਾਰਾ ਦੇ ਦੋ ਰੂਪ ਮਿਲਦੇ ਹਨ। ਪਹਿਲੇ ਅਨੁਸਾਰ ਆਨੰਦ ਮਨੁੱਖ-ਜੀਵਨ ਦਾ ਸਿਖਰਲਾ ਲਕਸ਼ ਹੈ ਅਤੇ ਦੂਜੇ ਅਨੁਸਾਰ ਇਸ ਜੀਵਨ ਵਿਚ ਕਠੋਰ ਨਿਯਮਾਂ ਦਾ ਪਾਲਨ ਕਰਨ’ਤੇ ਹੀ ਭਵਿਸ਼ ਵਿਚ ਮਨੁੱਖ ਨੂੰ ਚਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

            ਆਨੰਦ ਦੇ ਪ੍ਰਥਮ ਰੂਪ ਦਾ ਮੁੱਖ ਪ੍ਰਚਾਰਕ ਯੂਨਾਨੀ ਦਾਰਸ਼ਨਿਕ ਏਪੀਕਿਉਰਸ (341-270 ਈ.ਪੂ.) ਸੀ। ਉਸ ਅਨੁਸਾਰ ਇਸ ਜੀਵਨ ਵਿਚ ਆਨੰਦ ਦੀ ਪ੍ਰਾਪਤੀ ਸਭ ਲੋਕੀਂ ਚਾਹੁੰਦੇ ਹਨ। ਵਿਅਕਤੀ ਜਨਮ ਤੋਂ ਹੀ ਆਨੰਦ ਦਾ ਇੱਛੁਕ ਹੈ ਅਤੇ ਦੁਖ ਤੋਂ ਦੂਰ ਰਹਿਣਾ ਚਾਹੁੰਦਾ ਹੈ। ਸਾਰੇ ਆਨੰਦ ਚੰਗੇ ਹਨ ਅਤੇ ਸਾਰੇ ਦੁਖ ਮਾੜੇ ਹਨ। ਆਧੁਨਿਕ ਵਿਚਾਰਧਾਰਾ ਅਨੁਸਾਰ ਉਹ ਆਨੰਦ ਜਿਸ ਨਾਲ ਅਧਿਕ ਤੋਂ ਅਧਿਕ ਲੋਕਾਂ ਦਾ ਵਧ ਤੋਂ ਵਧ ਲਾਭ ਹੋਵੇ, ਸਰਵ-ਸ੍ਰੇਸ਼ਠ ਹੈ।

            ਚਾਰਵਾਕ ਦਰਸ਼ਨ ਵਿਚ ਇਸ ਸੰਸਾਰ ਅੰਦਰ ਹੀ ਉਪਲਬਧ ਆਨੰਦ ਦੇ ਪੂਰਣ ਉਪਭੋਗ ਨੂੰ ਪ੍ਰਾਣੀ-ਮਾਤ੍ਰ ਦਾ ਕਰਤੱਵ ਮੰਨਿਆ ਗਿਆ ਹੈ। ਕਾਮ ਹੀ ਸਰਵ-ਸ੍ਰੇਸ਼ਠ ਪੁਰਸ਼ਾਰਥ ਹੈ। ਸਾਰੇ ਕਰਤੱਵ ਕਾਮ ਦੀ ਪੂਰਤੀ ਲਈ ਹੀ ਕੀਤੇ ਜਾਂਦੇ ਹਨ। ਧਰਮ ਅਤੇ ਅਰਥ ਨੂੰ ਕਾਮ ਦਾ ਸਹਾਇਕ ਦਸਿਆ ਗਿਆ ਹੈ। ਸਮਾਜਿਕ ਆਚਰਣਾਂ ਦੇ ਸਾਧਾਰਣ ਨਿਯਮਾਂ (ਧਰਮ) ਦਾ ਉਲੰਘਨ ਨ ਕਰਦੇ ਹੋਇਆਂ ਕਾਮ ਦੀ ਤ੍ਰਿਪਤੀ ਕਰਨਾ ਹੀ ਸਰਵ-ਸ੍ਰੇਸ਼ਠ ਮਾਰਗ ਹੈ।

            ਆਨੰਦ ਦੇ ਦੂਜੇ ਰੂਪ ਅਨੁਸਾਰ ਸੰਸਾਰ ਦੇ ਨਾਸ਼ ਹੋਣ ਵਾਲੇ ਪਦਾਰਥਾਂ ਦੇ ਉਪਭੋਗ ਤੋਂ ਪੈਦਾ ਹੋਣ ਵਾਲਾ ਆਨੰਦ ਨਾਸ਼ਵਾਨ ਹੈ। ਇਸ ਲਈ ਜ਼ਰੂਰੀ ਹੈ ਕਿ ਮਨੁੱਖ ਨੂੰ ਨ ਨਸ਼ਟ ਹੋਣ ਵਾਲੇ ਆਨੰਦ ਦੀ ਖੋਜ ਕਰਨੀ ਚਾਹੀਦੀ ਹੈ। ਇਸ ਲਈ ਭਾਵੇਂ ਸੰਸਾਰ ਦਾ ਤਿਆਗ ਕਰਨਾ ਵੀ ਪਏ, ਤਾਂ ਉਹ ਵੀ ਸਵੀਕਾਰ ਕਰ ਲੈਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ। ਇਸ ਪ੍ਰਕਾਰ ਦੇ ਆਨੰਦ ਦਾ ਸਭ ਤੋਂ ਪਹਿਲਾ ਪ੍ਰਤਿਪਾਦਨ ਉਪਨਿਸ਼ਦਾਂ ਵਿਚ ਹੋਇਆ ਹੈ। ਆਨੰਦ ਦਾ ਮੂਲ ਆਤਮਾ ਮੰਨੀ ਗਈ ਹੈ ਅਤੇ ਆਤਮਾ ਨੂੰ ਆਨੰਦ-ਰੂਪ ਕਿਹਾ ਗਿਆ ਹੈ। ਆਨੰਦ ਅਵਸਥਾ ਜੀਵਨ ਦੀ ਪੂਰਣਤਾ ਹੈ। ਆਪਣੀ ਸ਼ੁੱਧ ਆਤਮਾ ਨੂੰ ਪ੍ਰਾਪਤ ਕਰਨ ਤੋਂ ਬਾਦ ਆਨੰਦ ਆਪਣੇ ਆਪ ਪ੍ਰਾਪਤ ਹੋ ਜਾਂਦਾ ਹੈ। ਉਪਨਿਸ਼ਦਾਂ ਦੇ ਦਰਸ਼ਨ ਨੂੰ ਆਧਾਰ ਮੰਨ ਕੇ ਚਲਣ ਵਾਲੀਆਂ ਸਾਰੀਆਂ ਧਾਰਮਿਕ ਅਤੇ ਦਾਰਸ਼ਨਿਕ ਸੰਪ੍ਰਦਾਵਾਂ ਵਿਚ ਆਨੰਦ ਨੂੰ ਹੀ ਆਤਮਾ ਦੀ ਚਰਮ ਅਭਿਵਿਅਕਤੀ ਮੰਨਿਆ ਗਿਆ ਹੈ।

            ਆਨੰਦ ਨਿੱਤ ਰਹਿੰਦਾ ਹੈ, ਕਿਸੇ ਵੀ ਅਵਸਥਾ ਵਿਚ ਇਸ ਦੀ ਅਣਹੋਂਦ ਨਹੀਂ, ਹਾਂ ਮਾਤ੍ਰਾ ਦੀ ਵਾਧ-ਘਾਟ ਜ਼ਰੂਰ ਰਹਿੰਦੀ ਹੈ। ਫਲਸਰੂਪ, ਇਹ ਸਦਾ ਵਰਤਮਾਨ ਰਹਿਣ ਵਾਲਾ ਇਕ ਅਪਰੋਖ ਅਨੁਭਵ ਹੈ। ਆਮ ਕਰਕੇ ਆਨੰਦ ਅਤੇ ਸੁਖ ਨੂੰ ਇਕ ਹੀ ਸਮਝਿਆ ਜਾਂਦਾ ਹੈ, ਪਰ ਇਹ ਗੱਲ ਹੈ ਨਹੀਂ, ਕਿਉਂਕਿ ਸੁਖ ਪਵਿਰਤਨ-ਸ਼ੀਲ, ਅਸਥਿਰ ਅਤੇ ਛਿਣ ਭੰਗਰ ਹੈ, ਪਰ ਇਸ ਦੇ ਮੁਕਾਬਲੇ ਉਤੇ ਆਨੰਦ ਨਿੱਤ ਅਤੇ ਸਥਿਤ ਹੈ। ਸੁਖ ਦੇ ਪੂਰਕ ਰੂਪ ਵਿਚ ਜਾਂ ਸੁਖ ਦਾ ਅਨੁਭਵ ਕਰਾਉਣ ਲਈ ਦੁਖ ਦਾ ਯੋਗ ਰਹਿੰਦਾ ਹੈ। ਇਨ੍ਹਾਂ ਦਾ ਪਰਸਪਰ ਦੁਅੰਦ ਚਲਦਾ ਹੈ। ਆਨੰਦ ਦੁਅੰਦ ਦੀ ਅਨੁਭੂਤੀ ਤੋਂ ਮੁਕਤ ਹੋ ਕੇ ਅਦ੍ਵੈਤ ਅਨੁਭੂਤੀ ਦਾ ਲਖਾਇਕ ਹੈ। ਪਰ ਸੁਖ ਹੈ ਆਨੰਦ ਦਾ ਹੀ ਅਲਪ ਰੂਪ ਜਾਂ ਇਸ ਵਿਚ ਆਨੰਦ ਦੀ ਅਲਪ ਮਾਤ੍ਰਾ ਰਹਿੰਦੀ ਹੈ। ਜਾਂ ਇੰਜ ਕਹੋ ਕਿ ‘ਆਨੰਦ’ ਵਿਚ ਆਨੰਦ ਦਾ ਸਰੂਪ ਘਨੇਰਾ ਹੈ, ਪਰ ‘ਸੁਖ’ ਵਿਚ ਘਟੇਰਾ।

            ਸ੍ਰੀ ਸੰਗਮ ਲਾਲ ਪਾਂਡੇ (ਹਿੰਦੀ ਸਾਹਿਤੑਯ ਕੋਸ਼) ਦਾ ਮਤ ਹੈ ਕਿ ਸੁਖ ਦਾ ਸੰਬੰਧ ਸ਼ਰੀਰ ਅਤੇ ਇੰਦ੍ਰੀਆਂ ਨਾਲ ਹੈ ਅਤੇ ਆਨੰਦ ਦਾ ਆਤਮਾ ਨਾਲ। ਸੁਖ ਲੌਕਿਕ ਹੈ ਅਤੇ ਆਨੰਦ ਅਲੌਕਿਕ। ... ਸੁਖ objective ਹੈ ਅਤੇ ਆਨੰਦ subjective ਹੈ। ਸੁਖ ਆਨੰਦ’ਤੇ ਨਿਰਭਰ ਹੈ, ਆਨੰਦ ਆਤਮ-ਨਿਰਭਰ ਹੈ। ਸੁਖ ਭੌਤਿਕ ਹੈ ਅਤੇ ਆਨੰਦ ਅਧਿਆਤਮਿਕ। ਸੁਖ ਦਾ ਸਤਿ ਗੁਣ ਤੋਂ ਵਿਰੋਧ ਹੋ ਸਕਦਾ ਹੈ ਪਰ ਆਨੰਦ ਦਾ ਨਹੀਂ। ਜਿਸ ਨੂੰ ਆਨੰਦ ਦਾ ਸੱਚਾ ਸੁਆਦ ਮਿਲਦਾ ਹੈ, ਉਸ ਨੂੰ ਹੋਰ ਸਭ ਕੁਝ ਫਿਕਾ ਲਗਦਾ ਹੈ। ਇਸ ਦਾ ਸੁਆਦ ਗੁੰਗੇ ਦੇ ਗੁੜ ਚਖਣ ਵਾਂਗ ਹੈ। ਆਨੰਦ ਆਤਮਾ ਦਾ ਸੁਭਾ ਹੈ। ਆਤਮ-ਗਿਆਨ ਦੇ ਨ ਰਹਿਣ ਨਾਲ ਆਨੰਦ ਦਾ ਵੀ ਗਿਆਨ ਨਹੀਂ ਹੁੰਦਾ। ਆਨੰਦ-ਲਾਭ ਦਾ ਓਹੀ ਸਾਧਨ ਹੈ ਜੋ ਆਤਮ-ਲਾਭ ਦਾ ਹੈ। ਗਿਆਨ-ਮਾਰਗ, ਕਰਮ-ਮਾਰਗ, ਭਗਤੀ-ਮਾਰਗ, ਪ੍ਰਪਤਿ-ਮਾਰਗ, ਪੁਸ਼ਟੀ- ਮਾਰਗ ਅਤੇ ਯੋਗ-ਮਾਰਗ ਇਸੇ (ਆਨੰਦ) ਨੂੰ ਪ੍ਰਾਪਤ ਕਰਨ ਦੇ ਸਾਧਨ ਹਨ। ਆਨੰਦ ਦੀ ਪ੍ਰਾਪਤੀ ਹੀ ਮੋਕਸ਼ ਹੈ।

            ਭਗਤੀ ਕਾਵਿ ਦੀ ਰਚਨਾ ਪਿਛੇ ਮੂਲ ਰੂਪ ਵਿਚ ਆਨੰਦ ਪ੍ਰਾਪਤੀ ਦੀ ਪ੍ਰੇਰਣਾ ਹੀ ਕੰਮ ਕਰ ਰਹੀ ਹੈ। ਭਗਤੀ, ਅਸਲ ਵਿਚ, ਹੈ ਹੀ ਆਨੰਦ ਦੇਣ ਵਾਲੀ, ਚਾਹੇ ਇਹ ਕਿਸੇ ਪ੍ਰਕਾਰ ਦੀ ਹੋਵੇ। ਸਾਰੇ ਸੰਤ ਕਵੀਆਂ ਦਾ ਸਿੱਧਾਂਤ ਆਨੰਦਵਾਦ ਹੀ ਹੈ। ਉਨ੍ਹਾਂ ਦਾ ਸੰਬੰਧ ਸੁਖਵਾਦ ਨਾਲ ਨਹੀਂ, ਕਿਉਂਕਿ ਸੁਖ ਕੇਵਲ ਭੌਤਿਕ ਭੋਗ ਦਾ ਸੂਚਕ ਹੈ। ਆਨੰਦਵਾਦ ਦੀ ਇਸੇ ਪ੍ਰਾਚੀਨ ਪਰੰਪਰਾ ਦੀ ਆਧਾਰ-ਭੂਮੀ’ਤੇ ਗੁਰੂ ਅਮਰ ਦਾਸ ਜੀ ਦੀ ਮਹਾਨ ਰਚਨਾ ‘ਅਨੰਦੁ ’ ਦਾ ਭਵਨ ਉਸਰਿਆ ਹੈ। ਪਰ ਇਸ ਵਿਚ ਕਈ ਮੌਲਿਕ ਵਿਚਾਰ-ਸੰਕਲਪ ਅਤੇ ਉਦਭਾਵਨਾਵਾਂ ਵੀ ਸ਼ਾਮਲ ਹੋਈਆਂ ਹਨ। ਗੁਰੂ ਅਮਰਦਾਸ ਜੀ ਅਨੁਸਾਰ ਸਤਿਗੁਰੂ ਦੀ ਪ੍ਰਾਪਤੀ ਦੀ ਅਵਸਥਾ ਹੀ ਆਨੰਦ-ਅਵਸਥਾ ਹੈ—ਕਹੈ ਨਾਨਕ ਆਨੰਦੁ ਹੋਆ ਸਤਿਗੁਰੂ ਮੈ ਪਾਇਆ (ਗੁ.ਗ੍ਰੰ.917)।

            ਸਤਿਗੁਰੂ ਕੌਣ ਹੈ? ਸਤਿਗੁਰੂ ਬ੍ਰਹਮ ਦਾ ਹੀ ਪ੍ਰਯਾਯ ਹੈ। ਉਹ ਸਰਬਕਲਾ ਸੰਪੰਨ, ਦੁਖ-ਪਾਪ ਦਾ ਨਾਸ਼ਕ ਅਤੇ ਪੰਜ ਵਾਸਨਾਵਾਂ ਨੂੰ ਅਧੀਨ ਰਖਣ ਵਾਲਾ ਹੈ। ਕਾਲ ਉਸ ਦੇ ਕਾਬੂ ਵਿਚ ਹੈ। ਉਸ ਵਰਗਾ ਹੋਰ ਕੋਈ ਮੁਕਤੀ-ਦਾਤਾ ਨਹੀਂ, ਉਹ ਚਤੁਰਾਈ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸ ਨੇ ਹੀ ਮੋਹ ਮਾਇਆ ਦੀ ਸਿਰਜਨਾ ਕੀਤੀ ਹੈ। ਉਹ ਅਗੰਮ, ਅਗੋਚਰ ਅਤੇ ਅਨੰਤ ਹੈ, ਸਾਰਾ ਸੰਸਾਰ ਉਸ ਦੀ ਉਤਪੱਤੀ ਹੈ। ਜੀਅ-ਜੰਤ ਉਸੇ ਦਾ ਕੇਵਲ ਖੇਲ-ਤਮਾਸ਼ਾ ਹਨ —ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ... ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਪਾਇਆ (ਗੁ.ਗ੍ਰੰ. 918)।

            ਉਹ ਸ਼ਿਵ ਅਤੇ ਸ਼ਕਤੀ ਨੂੰ ਆਪ ਉਤਪੰਨ ਕਰਨ ਵਾਲਾ ਅਤੇ ਆਪ ਹੀ ਹੁਕਮ ਵਰਤਾਉਣ ਵਾਲਾ ਹੈ — ਸਿਵ ਸਕਤਿ ਆਪਿ ਉਪਾਇਕੈ ਕਰਤਾ ਆਪੇ ਹੁਕਮੁ ਵਰਤਾਏ... ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਇ (ਗੁ.ਗ੍ਰੰ. 920)।

            ਉਹ ‘ਅਮੁਲਕ’ ਹੈ, ਉਸ ਦਾ ਮੁੱਲਾਂਕਣ ਸੰਭਵ ਨਹੀਂ। ਉਹ ਸ੍ਰਿਸ਼ਟੀ ਨੂੰ ਮੂਲ ਰੂਪ ਵਿਚ ਰਚਣ ਵਾਲਾ ਅਤੇ ਆਤਮਾ ਨੂੰ ਸ਼ਰੀਰ ਵਿਚ ਸਥਿਤ ਕਰਕੇ ਇਸ ਸੰਸਾਰ ਵਿਚ ਘਲਦਾ ਹੈ। ਉਹ ਇਕ ਹੈ ਅਤੇ ਉਸ ਤੋਂ ਬਿਨਾ ਹੋਰ ਕੋਈ ਨਹੀਂ— ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਕੋਈ (ਗੁ.ਗ੍ਰੰ. 922)।

            ਉਹ ਸਭਨਾਂ ਦਾ ਸੁਆਮੀ ਹੈ। ਉਸ ਦਾ ਇਕ ਪ੍ਰਯਾਯ ‘ਸਚ ’ ਹੈ। ਉਸ ਸਚ ਦੀ ਪ੍ਰਾਪਤੀ ਸਚ ਦੀ ਕ੍ਰਿਪਾ ਦੁਆਰਾ ਹੀ ਹੁੰਦੀ ਹੈ — ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ (ਗੁ.ਗ੍ਰੰ. 922)।

            ਉਸ ਪਰਮ-ਤੱਤ੍ਵ ‘ਸਤਿਗੁਰੂ’ ਦੇ ਹੋਰ ਕਈ ਉਪਕਰਣ ਜਾਂ ਅਧੀਨ ਸ਼ਕਤੀਆਂ ਵੀ ਹਨ, ਜੋ ਜਿਗਿਆਸੂ ਨੂੰ ਭਰਮ ਵਿਚ ਪਾਉਂਦੀਆਂ ਹਨ ਅਤੇ ਜਿਨ੍ਹਾਂ ਵਿਚੋਂ ਪ੍ਰਮੁਖ ਹੈ ਮਾਇਆ। ਗੁਰੂ ਅਮਰਦਾਸ ਜੀ ਅਨੁਸਾਰ ਮਾਇਆ ਅਗਨੀ ਵਾਂਗ ਹੈ। ਇਹ ਸਾਧਕ ਨੂੰ ਪਰਮਾਤਮਾ ਤੋਂ ਵਖ ਕਰ ਦਿੰਦੀ ਹੈ, ਪਰ ਜੇ ਗੁਰੂ ਕ੍ਰਿਪਾ ਕਰੇ ਤਾਂ ਮਾਇਆ ਵਿਚ ਹੀ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ‘ਅਨੰਦੁ’ ਸਾਹਿਬ ਵਿਚ ਮਾਇਆ ਦੇ ਵਾਸਤਵਿਕ ਸਰੂਪ ਅਤੇ ਪ੍ਰਭਾਵ ਦਾ ਚਿਤ੍ਰਾਂਕਨ ਇਸ ਪ੍ਰਕਾਰ ਹੈ — ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ (ਗੁ.ਗ੍ਰੰ. 921)।

            ਇਸ ਮਾਇਆ ਦੇ ਪ੍ਰਭਾਵ ਕਾਰਣ ਵਿਸ਼ ਸਮਾਨ ਦਿਸਣ ਵਾਲਾ ਸੰਸਾਰ ਵਾਸਤਵ ਵਿਚ ਸਤਿਗੁਰੂ ਪਰਮਾਤਮਾ ਦਾ ਹੀ ਰੂਪ ਹੈ, ਉਸ ਤੋਂ ਭਿੰਨ ਕੁਝ ਹੋਰ ਵਸਤੂ ਨਹੀਂ — ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ (ਗੁ.ਗ੍ਰੰ.922)।

            ਸਤਿਗੁਰੂ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਸਦਾ ਸਾਧਨਾ ਜਾਂ ਭਗਤੀ ਵਿਚ ਲੀਨ ਰਹਿਣਾ ਚਾਹੀਦਾ ਹੈ ਅਤੇ ਨਾਮ ਨੂੰ ਮਨ ਵਿਚ ਵਸਾਉਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਇੱਛਾਵਾਂ ਦੀ ਪੂਰਤੀ ਹੁੰਦੀ ਹੈ ਅਤੇ ਮਨ ਵਿਚ ਸ਼ਾਂਤੀ ਵਸਦੀ ਹੈ, ਅਨਹਦ ਵਾਜੇ ਵਜਦੇ ਹਨ। ਪਰਮਾਤਮਾ ਦੀ ਲਿਵ ਜਾਂ ਧਿਆਨ ਤੋਂ ਬਿਨਾ ਦੇਹ ਨਿਮਾਣੀ ਹੈ। ਪਰਿਵਾਰ ਅਤੇ ਸੰਸਾਰਿਕ ਵਸਤੂਆਂ ਅਗਲੇ ਲੋਕ ਜਾਂ ਪਰਲੋਕ ਵਿਚ ਨਾਲ ਨਹੀਂ ਚਲਦੀਆਂ। ਇਸ ਲਈ ਸੱਚੇ ਪਰਮਾਤਮਾ ਵਿਚ ਚਿੱਤ ਲਗਾਉਣਾ ਚਾਹੀਦਾ ਹੈ, ਉਸ ਦੇ ਭਾਣੇ ਵਿਚ ਚਲਣਾ ਚਾਹੀਦਾ ਹੈ। ਫਲਸਰੂਪ ਮਨ ਨੂੰ ਨਿਰਮਲ ਰਖਣ ਦੀ ਬਹੁਤ ਲੋੜ ਹੈ, ਕਿਉਂਕਿ ਨਿਰਮਲਤਾ ਨਾਲ ਹੀ ਗੁਰੂ ਦਾ ਸੰਪਰਕ ਜਾਂ ਮਾਰਗ ਪ੍ਰਾਪਤ ਹੁੰਦਾ ਹੈ — ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ (ਗੁ.ਗ੍ਰੰ.919)।

            ਮਨ ਦੀ ਨਿਰਮਲਤਾ ਦੀ ਅਵਸਥਾ ਹੀ ਸਨਮੁਖਤਾ ਦੀ ਅਵਸਥਾ ਹੈ। ਸਨਮੁਖਤਾ ਵਿਚ ਗੁਰੂ ਦੀ ਪ੍ਰਾਪਤੀ ਹੈ। ਸਤਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਅਸੰਭਵ ਹੈ। ਸਤਿਗੁਰੂ ਦਾ ਸ਼ਬਦ ਅਤਿ ਉੱਤਮ ਵਸਤੂ ਹੈ। ਉਸੇ ਵਿਚ ਸਦਾ ਲੀਨ ਰਹਿਣਾ ਚਾਹੀਦਾ ਹੈ — ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ (ਗੁ.ਗ੍ਰੰ.920)।

            ਮਾਤਾ ਦੇ ਉਦਰ ਦੀ ਸਥਿਤੀ ਅਤੇ ਹੋਰਨਾਂ ਕਸ਼ਟਾਂ ਤੋਂ ਮੁਕਤ ਕਰਨ ਵਾਲੇ ਸਤਿਗੁਰੂ ਨੂੰ ਸਦਾ ਮਨ ਵਿਚ ਵਸਾਉਣਾ ਚਾਹੀਦਾ ਹੈ। ਹਰੀ ਦਾ ਨਾਮ ਹੀ ਭਗਤ ਦੀ ਰਾਸ ਹੈ। ਜੋ ਸ਼ਰੀਰ ਪਰਮ ਤੱਤ੍ਵ ਨਾਲ ਪ੍ਰੇਮ-ਸੰਬੰਧ ਸਥਾਪਿਤ ਕਰਦਾ ਹੈ, ਉਹੀ ਪ੍ਰਵਾਨ ਹੁੰਦਾ ਹੈ। ਸਤਿਗੁਰੂ ਦੀ ਪ੍ਰਾਪਤੀ ਨਾਲ ਦਿਬ-ਦ੍ਰਿਸ਼ਟੀ ਮਿਲਦੀ ਹੈ। ਕੰਨਾਂ ਦੀ ਪਵਿੱਤਰਤਾ ਅੰਮ੍ਰਿਤ ਤੁਲ ਨਾਮ ਸੁਣਨ ਨਾਲ ਹੁੰਦੀ ਹੈ ਕਿਉਂਕਿ ਪਰਮਾਤਮਾ ਨੇ ਇਨ੍ਹਾਂ ਦੀ ਸਥਿਤੀ ਇਸੇ ਲਈ ਕੀਤੀ ਹੈ। ਸਤਿਗੁਰੂ ਦੀ ਕ੍ਰਿਪਾ ਨਾਲ ਦਸਮ ਦੁਆਰ ਖੁਲ੍ਹਦਾ ਹੈ।

            ਗੁਰੂ ਅਮਰਦਾਸ ਜੀ ਨੇ ‘ਆਨੰਦ’ ਦੇ ਸਰੂਪ ਨੂੰ ਵੀ ਵਿਸਤਾਰ ਸਹਿਤ ਚਿਤਰਿਤ ਕੀਤਾ ਹੈ। ਆਨੰਦ ਦਾ ਗਿਆਨ ਗੁਰੂ ਦੁਆਰਾ ਹੁੰਦਾ ਹੈ। ਇਸ ਨਾਲ ਪਾਪ , ਕਲੇਸ਼ ਅਤੇ ਮੋਹ ਦਾ ਨਾਸ਼ ਹੁੰਦਾ ਹੈ ਅਤੇ ਸ਼ਬਦ ਨਾਲ ਪਿਆਰ ਪੈਂਦਾ ਹੈ, ਤਦੋਂ ਆਨੰਦ ਦੀ ਅਵਸਥਾ ਉਤਪੰਨ ਹੁੰਦੀ ਹੈ। ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ ‘ਅਨੰਦ’ ਇਹ ਹੈ — ਆਨੰਦ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ਕਰਿ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨੁ ਸਾਰਿਆ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ਕਹੈ ਨਾਨਕੁ ਏਹੁ ਆਨੰਦੁ ਹੈ ਆਨੰਦੁ ਗੁਰ ਤੇ ਜਾਣਿਆ (ਗੁ.ਗ੍ਰੰ. 917)।

            ਇਸ ਆਨੰਦ ਦੀ ਪ੍ਰਾਪਤੀ ਸਤਿਗੁਰੂ ਦੇ ਪ੍ਰਸਾਦ ਜਾਂ ਕ੍ਰਿਪਾ ਰੂਪ ਵਿਚ ਹੁੰਦੀ ਹੈ। ਲੋਕੀਂ ਆਨੰਦ-ਪ੍ਰਾਪਤੀ ਲਈ ਭਾਵੇਂ ਹਜ਼ਾਰਾਂ ਭਰਮਾਂ ਵਿਚ ਫਸੇ ਰਹਿਣ, ਪਰ ਵਾਸਤਵਿਕ ਆਨੰਦ ‘ਨਾਮ’ ਵਿਚ ਲੀਨਤਾ ਦੁਆਰਾ ਪ੍ਰਾਪਤ ਹੁੰਦਾ ਹੈ — ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ਪਾਵੈ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ਇਕਿ ਭਰਮਿ ਭੂਲੇ ਫਿਰਹਿ ਦਹਿ ਦਿਸਿ ਇਕਿ ਨਾਮਿ ਲਾਗਿ ਸਵਾਰਿਆ (ਗੁ.ਗ੍ਰੰ. 917-18)।

            ਅਜਿਹੇ ਨਾਮ ਵਿਚ ਲੀਨਤਾ ਧੁਰ ਦਰਗਾਹ ਦੀ ਦਾਤ ਹੈ — ਧੁਰਿ ਕਰਮਿ ਪਾਇਆ ਤੁਧੁ ਤਿਨ ਕਉ ਸਿ ਨਾਮਿ ਹਰਿ ਕੈ ਲਾਗੈ (ਗੁ.ਗ੍ਰੰ.917); ਏਹੁ ਤਿਨਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ (ਗੁ.ਗ੍ਰੰ.919)।

            ਅਨਿਰਵਚਨੀ ਸਤਿ, ਪਰਮ-ਤੱਤ੍ਵ ਸਤਿਗੁਰੂ ਦੀ ਅਕਥ ਕਹਾਣੀ ਸਦਾ ਗਾਉਣੀ ਚਾਹੀਦੀ ਹੈ। ਉਹੀ ਸੱਚੀ ਬਾਣੀ ਹੈ, ਹੋਰ ਸਭ ਬਾਣੀਆਂ ਕੱਚੀਆਂ ਹਨ। ਆਨੰਦ ਦੀ ਪ੍ਰਾਪਤੀ ਕੇਵਲ ਸੱਚੀ ਬਾਣੀ ਦੇ ਗਾਉਣ ਨਾਲ ਹੁੰਦੀ ਹੈ। ਉਹੀ ਬਾਣੀਆਂ-ਸਿਰ-ਬਾਣੀ ਹੈ। ਕਿਉਂਕਿ ਉਸ ਦੁਆਰਾ —ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗ ਪਾਣੀ (ਗੁ.ਗ੍ਰੰ.920)।

            ਇਸ ਪ੍ਰਸੰਗ ਵਿਚ ਗੁਰੂ ਅਮਰਦਾਸ ਜੀ ਨੇ ਆਨੰਦ ਨੂੰ ਅੰਮ੍ਰਿਤ ਦਾ ਪ੍ਰਯਾਯਵਾਚੀ ਮੰਨਿਆ ਹੈ ਅਤੇ ਇਸ ਅੰਮ੍ਰਿਤ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਦੁਆਰਾ ਹੀ ਦਸੀ ਹੈ — ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤ ਗੁਰ ਤੇ ਪਾਇਆ (ਗੁ.ਗ੍ਰੰ. 918)।

            ਆਨੰਦ-ਪ੍ਰਾਪਤ ਸਾਧਕਾਂ ਦੀ ਚਾਲ ਅਤੇ ਗਤਿ-ਵਿਧੀ ਦੂਜੇ ਮਨੁੱਖਾਂ ਤੋਂ ਭਿੰਨ ਹੋ ਜਾਂਦੀ ਹੈ ਅਤੇ ਸਦਾਚਾਰਿਕ ਪੱਖ ਤੋਂ ਉਹ ਬਹੁਤ ਉੱਚੇ ਉਠ ਜਾਂਦੇ ਹਨ — ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ (ਗੁ.ਗ੍ਰੰ. 918)।

            ਇਤਨਾ ਹੀ ਨਹੀਂ, ਆਨੰਦ ਨੂੰ ਪ੍ਰਾਪਤ ਕਰ ਚੁਕੇ ਵਿਅਕਤੀ ਆਪ ਪਵਿੱਤਰ ਹੋ ਕੇ ਆਪਣੇ ਸੰਬੰਧੀਆਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ।

            ਆਨੰਦ ਦੀ ਅਵਸਥਾ ਹੀ ‘ਸਹਿਜ’ ਦੀ ਅਵਸਥਾ ਹੈ। ਜਦ ਤਕ ਮਨ ਵਿਚ ਸ਼ੰਸਾ ਵਿਆਪਕ ਹੈ ਤਦ ਸਹਿਜ-ਭਾਵ ਉਤਪੰਨ ਨਹੀਂ ਹੋ ਸਕਦਾ। ਗੁਰੂ ਦੀ ਕ੍ਰਿਪਾ ਹੀ ਸ਼ੰਸਾ ਨਸ਼ਟ ਕਰਦੀ ਹੈ। ਇਹ ਸਹਿਜ ਵੀ ਆਨੰਦ ਦਾ ਪ੍ਰਯਾਯ ਹੈ — ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ (ਗੁ.ਗ੍ਰੰ. 919)।

            ਗੁਰੂ ਅਮਰਦਾਸ ਜੀ ਨੇ ਆਨੰਦ ਦਾ ਇਕ ਹੋਰ ਪ੍ਰਯਾਯ ‘ਹਰਿ-ਰਸ’ ਦਿੱਤਾ ਹੈ। ਇੰਦਰਿਆਵੀ ਰਸ ਨਾਲ ਤ੍ਰਿਪਤੀ ਨਹੀਂ ਹੁੰਦੀ ਹੈ, ਹਰਿ-ਰਸ ਨਾਲ ਹੀ ਪੂਰਣ ਤ੍ਰਿਪਤੀ ਹੋ ਸਕਦੀ ਹੈ ਅਤੇ ਇਸ ਦੀ ਪ੍ਰਾਪਤੀ ਗੁਰੂ ਦੀ ਬਖ਼ਸ਼ਿਸ਼ ਨਾਲ ਹੁੰਦੀ ਹੈ — ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਤ੍ਰਿਸਨਾ ਲਾਗੈ ਆਇ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ (ਗੁ.ਗ੍ਰੰ.921)।

            ਹਰਿ-ਰਸ ਦੀ ਪ੍ਰਾਪਤੀ ਨਾਲ ਆਨੰਦਮਈ ਵਾਤਾਵਰਣ ਪਸਰ ਜਾਂਦਾ ਹੈ, ਪ੍ਰਭੂ ਦੇ ਆਗਮਨ ਕਰਕੇ ਖ਼ੁਸ਼ੀ ਦੇ ਸ਼ਾਦੀਆਨੇ ਵਜਣ ਲਗ ਜਾਂਦੇ ਹਨ। ਆਨੰਦ ਦੀ ਉਸ ਅਧਿਆਤਮਿਕ ਸਥਿਤੀ ਦਾ ਵਰਣਨ ਗੁਰੂ ਜੀ ਨੇ ਇਸ ਪ੍ਰਕਾਰ ਕੀਤਾ ਹੈ — ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਵਿਆਪਏ ਗੁਰਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ (ਗੁ.ਗ੍ਰੰ.921)।

            ਇਸ ਆਨੰਦ-ਸਰੂਪਾ ਬਾਣੀ ਨੂੰ ਸ਼੍ਰਵਣ ਕਰਨਾ ਵੀ ਬਹੁਤ ਮਹੱਤਵਪੂਰਣ ਹੈ, ਇਤਨਾ ਹੀ ਜਿਤਨਾ ਕਿ ਆਨੰਦ-ਪ੍ਰਾਪਤੀ ਦਾ ਮਹੱਤਵ ਹੈ। ‘ਆਨੰਦ’ ਅਤੇ ‘ਅਨੰਦੁ- ਬਾਣੀ’ ਦਾ ਮਹੱਤਵ ਇਸ ਰਚਨਾ ਦੇ ਅੰਤ ਵਿਚ ਇੰਜ ਚਿਤਰਿਆ ਗਿਆ ਹੈ — ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ਬਿਨਵੰਤਿ ਨਾਨਕੁ ਗੁਰਚਰਣ ਲਾਗੇ ਵਾਜੇ ਅਨਹਦ ਤੂਰੇ (ਗੁ.ਗ੍ਰੰ. 922)।

            ਸੰਖੇਪ ਵਿਚ ਗੁਰੂ ਅਮਰਦਾਸ ਜੀ ਦਾ ਆਨੰਦ ਸਿੱਧਾਂਤ ਹੀ ਸਿੱਖ ਆਨੰਦਵਾਦ ਹੈ ਜੋ ਭਾਵੇਂ ਪਰੰਪਰਾਗਤ ‘ਆਨੰਦਵਾਦੀ’ ਸਿੱਧਾਂਤ ਨਾਲ ਸੰਬੰਧਿਤ ਹੈ, ਪਰ ਇਸ ਵਿਚ ਕਈ ਨਵੇਂ ਪੱਖ ਵੀ ਪੇਸ਼ ਕੀਤੇ ਗਏ ਹਨ। ਇਹ ਆਨੰਦ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਦੇ ਕਈ ਪ੍ਰਯਾਯ ਹਨ — ਅੰਮ੍ਰਿਤ, ਹਰਿ-ਰਸ ਅਤੇ ਸਹਿਜ-ਅਵਸਥਾ। ਇਸ ਦੀ ਪ੍ਰਾਪਤੀ ਦਾ ਸਾਧਨ ਹੈ ਸ਼ਬਦ ਜਾਂ ਨਾਮ ਦੀ ਆਰਾਧਨਾ। ਸ਼ਬਦ ਹੀ ਗੁਰਬਾਣੀ ਹੈ। ਕੱਚੀ ਬਾਣੀ ਦਾ ਤਿਆਗ ਕਰਕੇ ਸੱਚੀ ਬਾਣੀ ਪੜ੍ਹਨ ਨਾਲ ਹਰਿ-ਰਸ ਦੀ ਪ੍ਰਾਪਤੀ ਹੁੰਦੀ ਹੈ। ਇਹੀ ਸਿੱਖ-ਧਰਮ ਦਾ ਆਨੰਦ ਹੈ ਅਤੇ ਇਸ ਨੂੰ ਪ੍ਰਾਪਤ ਕਰਕੇ ਜੀਵ ‘ਆਨੰਦੀ’ ਹੋ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.