ਕਿਰਿਆ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਿਰਿਆ : ਜਿਹੜਾ ਸ਼ਬਦ ਕਿਸੇ ਕਾਰਜ ਦੀ ਸਥਿਤੀ ਜਾਂ ਕਿਸੇ ਘਟਨਾ ਦੇ ਕ੍ਰਮ ਨੂੰ ਸੂਚਿਤ ਕਰੇ, ਉਸ ਨੂੰ ਕਿਰਿਆ ਸ਼੍ਰੇਣੀ ਦਾ ਸ਼ਬਦ ਕਿਹਾ ਜਾਂਦਾ ਹੈ। ਵਾਕ ਬਣਤਰ ਦੀ ਦ੍ਰਿਸ਼ਟੀ ਤੋਂ ਉਹਨਾਂ ਸ਼ਬਦਾਂ ਨੂੰ ਕਿਰਿਆ ਸ਼੍ਰੇਣੀ ਦੇ ਸ਼ਬਦ ਕਿਹਾ ਜਾਂਦਾ ਹੈ, ਜਿਹੜੇ ਕਿਸੇ ਵਾਕ ਦੇ ਵਿਧੇਅ ਵਜੋਂ ਵਿਚਰਨ ਦੇ ਸਮਰੱਥ ਹੋਣ।

 

     ਪੰਜਾਬੀ ਦੇ ਕਿਰਿਆ ਸ਼ਬਦਾਂ ਦੀ ਰੂਪ ਬਣਤਰ ਬੜੀ ਗੁੰਝਲਦਾਰ ਹੈ। ਇਸ ਦੇ ਅਨੇਕਾਂ ਰੂਪ ਮਿਲਦੇ ਹਨ। ਇੱਕ ਮਿਸਾਲ ਵਜੋਂ ਕਿਰਿਆ ਸ਼ਬਦ ‘ਲਿਖ’ ਦੇ ਕੁਝ ਕੁ ਰੂਪ ਇਹ ਹਨ : ਲਿਖਦਾ, ਲਿਖਦੇ, ਲਿਖਦੀ, ਲਿਖਦੀਆਂ, ਲਿਖਣਾ, ਲਿਖਿਆ, ਲਿਖੇ, ਲਿਖੀ, ਲਿਖੀਆਂ, ਲਿਖਵਾਇਆ, ਲਿਖਵਾਏ, ਲਿਖਵਾਈ, ਲਿਖਵਾਈਆਂ, ਲਿਖਾਂ, ਲਿਖੋ, ਲਿਖਣ... ਆਦਿ। ਕਿਰਿਆ ਸ਼ਬਦ ਦੇ ਜਿਸ ਰੂਪ ਨਾਲ ਕੋਈ ਵੀ ਵਧੇਤਰ ਨਾ ਲੱਗਾ ਹੋਇਆ ਹੋਵੇ, ਉਹ ਕਿਰਿਆ ਦਾ ਮੂਲ ਰੂਪ ਅਰਥਾਤ ਧਾਤੂ ਅਖਵਾਉਂਦਾ ਹੈ। ਉਪਰ ਦਰਜ ਕਿਰਿਆ ਸ਼ਬਦ ‘ਲਿਖ’ ਧਾਤੂ ਨਾਲ ਰੂਪਾਂਤਰੀ ਪਿਛੇਤਰਾਂ ਦੀ ਵਰਤੋਂ ਕਰ ਕੇ ਬਣਦੇ ਹਨ। ਕਿਰਿਆ ਦਾ ਧਾਤੂ ਨਾਲ ਵਰਤੇ ਜਾਣ ਵਾਲੇ ਰੂਪਾਂਤਰੀ ਪਿਛੇਤਰ ਵਚਨ, ਲਿੰਗ, ਪੁਰਖ, ਕਾਲ, ਪੱਖ ਆਦਿ ਵਿਆਕਰਨਿਕ ਸ਼੍ਰੇਣੀਆਂ ਦੀ ਸੂਚਨਾ ਦਿੰਦੇ ਹਨ।

     ਵਿਆਕਰਨਿਕ ਸ਼੍ਰੇਣੀਆਂ ਅਨੁਸਾਰ ਕਿਰਿਆ ਸ਼ਬਦਾਂ ਦੀ ਰੂਪ ਬਦਲੀ ਦੇ ਪੱਖ ਤੋਂ ਪੰਜਾਬੀ ਦੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ : ਅਕਾਲਕੀ ਅਤੇ ਕਾਲਕੀ।

     ਅਕਾਲਕੀ ਕਿਰਿਆ ਸ਼ਬਦ ਉਹ ਹਨ, ਜਿਨ੍ਹਾਂ ਦਾ ਰੂਪ ਕਿਸੇ ਵੀ ਵਿਆਕਰਨਿਕ ਸ਼੍ਰੇਣੀ (ਵਚਨ, ਲਿੰਗ, ਕਾਲ, ਪੁਰਖ, ਪੱਖ ਆਦਿ) ਲਈ ਨਹੀਂ ਬਦਲਦਾ। ਇਸ ਵਰਗ ਵਿੱਚ ਕਿਰਿਆਵਾਂ ਦੇ ਧਾਤੂ ਰੂਪ ਅਤੇ ਉਹਨਾਂ ਦੇ ਉਹ ਰੂਪ ਆਉਂਦੇ ਹਨ, ਜਿਨ੍ਹਾਂ ਨਾਲ ਪਿਛੇਤਰ (-ਇਆਂ, -ਣੋ/ਨੋ, -ਣ/-ਨ-ਨਿ) ਦੀ ਵਰਤੋਂ ਕੀਤੀ ਗਈ ਹੋਵੇ। ਧਾਤੂ ਰੂਪ ਤੋਂ ਇਲਾਵਾ ਹੋਰ ਅਕਾਲਕੀ ਕਿਰਿਆ ਵਾਲੇ ਰੂਪ ਉਪਵਾਕ, ਵਾਕ ਬਣਤਰ ਵਿੱਚ ਪਰਾਧੀਨ ਉਪਵਾਕ ਦਾ ਅੰਗ ਹੁੰਦੇ ਹਨ। ਮਿਸਾਲ ਵਜੋਂ ਕਿਰਿਆ ਧਾਤੂ ‘ਪੜ੍ਹ’ ਦੀ ਅਕਾਲਕੀ ਵਰਤੋਂ ਦਾ ਵਾਕ- ਵਿਉਂਤਕ ਨਮੂਨਾ (1) ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਦੇ ਆਧਾਰ ਉੱਤੇ ਬਾਰਾਂ ਵਾਕ ਅਜਿਹੇ ਬਣਦੇ ਹਨ, ਜਿਨ੍ਹਾਂ ਵਿੱਚ ਕਰਤਾ ਅਤੇ ਕਰਮ ਨਾਂਵ ਕਿਸੇ ਇੱਕੋ ਵਚਨ ਦੇ ਸੂਚਕ ਵੀ ਹੋ ਸਕਦੇ ਹਨ ਅਤੇ ਵੱਖ-ਵੱਖ ਵਚਨਾਂ ਦੇ ਵੀ। ਇਸ ਨੁਕਤੇ ਦੇ ਸਪਸ਼ਟੀਕਰਨ ਲਈ, ਮਿਸਾਲ ਦੇ ਤੌਰ ਉੱਤੇ, ਪਹਿਲੇ (ਉੱਤਮ) ਪੁਰਖ ਨੂੰ ਕਰਤਾ ਵਜੋਂ ਲਿਆਂ ਚਾਰ ਵਾਕ (1, (ੳ), (ਅ), (ੲ) ਅਤੇ (ਸ)) ਬਣਦੇ ਹਨ।

     1. ਮੈਂ/ਅਸੀਂ, ਤੂੰ/ਤੁਸੀਂ, ਉਸ/ਉਹਨਾਂ ਨੇ ਇਹ ਕਹਾਣੀ/ਕਹਾਣੀਆਂ ਪੜ੍ਹ ਲਈ/ਲਈਆਂ ਹੈ/ਹਨ।

           ੳ.     ਮੈਂ ਇਹ ਕਹਾਣੀ ਪੜ੍ਹ ਲਈ ਹੈ।

           ਅ.     ਮੈਂ ਇਹ ਕਹਾਣੀਆਂ ਪੜ੍ਹ ਲਈਆਂ ਹਨ।

           ੲ.     ਅਸੀਂ ਇਹ ਕਹਾਣੀ ਪੜ੍ਹ ਲਈ ਹੈ।

           ਸ.     ਅਸੀਂ ਇਹ ਕਹਾਣੀਆਂ ਪੜ੍ਹ ਲਈਆਂ ਹਨ।

     ਅਜਿਹੀ ਅਕਾਲਕੀ ਵਰਤੋਂ ਉਪਰ ਦਰਸਾਏ ਗਏ ਪਿਛੇਤਰਾਂ ਵਾਲੇ ਕਿਰਿਆ ਸ਼ਬਦਾਂ ਦੀ ਹੁੰਦੀ ਹੈ। ਇੱਕ ਮਿਸਾਲ ਵਜੋਂ ‘ਪੜ੍ਹ’ ਧਾਤੂ ਦਾ (-ਇਆਂ) ਪਿਛੇਤਰ ਵਾਲਾ ਰੂਪ ਲਿਆ ਜਾ ਸਕਦਾ ਹੈ। ਜੋ ਕਰਤਾ ਜਾਂ ਕਰਮ ਦੇ ਹਰ ਵਚਨ ਅਤੇ ਹਰ ਲਿੰਗ ਲਈ ਅਸਫਲ ਰਹਿੰਦਾ ਹੈ। ਵੇਖੋ ਵਾਕ-ਵਿਉਂਤ ਨਮੂਨਾ (2) :

     2. ਮੈਨੂੰ/ਸਾਨੂੰ, ਤੈਨੂੰ/ਤੁਹਾਨੂੰ, ਉਸ ਨੂੰ/ਉਹਨਾਂ ਨੂੰ ਇਹ ਕਿਤਾਬ/ਕਿਤਾਬਾਂ ਪੜ੍ਹਿਆਂ ਦੋ ਸਾਲ ਹੋ ਗਏ ਹਨ।

     ਕਾਲਕੀ ਕਿਰਿਆ ਰੂਪ ਉਹ ਹੁੰਦੇ ਹਨ ਜੋ ਘੱਟੋ-ਘੱਟ ਕਿਸੇ ਇੱਕ ਵਿਆਕਰਨਿਕ ਸ਼੍ਰੇਣੀ ਲਈ ਰੂਪ ਬਦਲੀ ਕਰਨ। ਅਕਾਲਕੀ ਪਿਛੇਤਰਾਂ ਵਾਲੇ ਰੂਪਾਂ ਤੋਂ ਇਲਾਵਾ ਕਿਰਿਆ ਦੇ ਬਾਕੀ ਸਾਰੇ ਰੂਪ ਕਾਲਕੀ ਹੁੰਦੇ ਹਨ, ਜੋ ਆਮ ਕਰ ਕੇ ਵਚਨ, ਲਿੰਗ, ਕਾਲ, ਪੁਰਖ ਆਦਿ ਵਿਆਕਰਨਿਕ ਸ਼੍ਰੇਣੀਆਂ ਦੇ ਬੋਧਕ ਹੁੰਦੇ ਹਨ। ਮਿਸਾਲ ਵਜੋਂ ‘ਲਿਖ’ ਧਾਤੂ ਦਾ ਰੂਪ ‘ਲਿਖਦਾ’ ਕਾਲਕੀ ਹੈ, ਕਿਉਂਕਿ ਇਸ ਦਾ ਪਿਛੇਤਰ (-ਦਾ), ਵਰਤਮਾਨ ਕਾਲ, ਇੱਕਵਚਨ ਅਤੇ ਪੁਲਿੰਗ ਦਾ ਸੂਚਕ ਹੈ, ਪਰ ਇਸ ਦੇ ਰੂਪ ‘ਲਿਖਦੇ’, ‘ਲਿਖਦੀ’, ‘ਲਿਖਦੀਆਂ’ ਵਰਤਮਾਨ ਕਾਲ ਦੇ ਨਾਲ ਕ੍ਰਮਵਾਰ ਬਹੁਵਚਨੀ ਪੁਲਿੰਗ, ਇੱਕਵਚਨੀ ਇਲਿੰਗ ਅਤੇ ਬਹੁਵਚਨੀ ਇਲਿੰਗ ਨੂੰ ਸੂਚਿਤ ਕਰਦੇ ਹਨ।

     ਕਿਰਿਆ ਸ਼ਬਦਾਂ ਦੇ ਕਈ ਰੂਪ ਅਜਿਹੇ ਹਨ, ਜੋ ਵਾਕ-ਬਣਤਰ ਵਿੱਚ ਕਿਰਿਆ ਸ਼ਬਦ-ਸ਼੍ਰੇਣੀ ਦੇ ਕਾਰਜ ਤੋਂ ਇਲਾਵਾ ਕਿਸੇ ਹੋਰ ਸ਼ਬਦ-ਸ਼੍ਰੇਣੀ (ਨਾਂਵ, ਵਿਸ਼ੇਸ਼ਣ, ਕਿਰਿਆ-ਵਿਸ਼ੇਸ਼ਣ ਆਦਿ) ਦਾ ਕਾਰਜ ਨਿਭਾਉਂਦੇ ਹਨ। ਅਜਿਹੇ ਸ਼ਬਦਾਂ ਨੂੰ ਕਿਰਦੰਤ ਕਿਹਾ ਜਾਂਦਾ ਹੈ। ਮਿਸਾਲ ਵਜੋਂ ਵਰਤਮਾਨ ਕਿਰਦੰਤ ‘ਪੜ੍ਹਦਾ’, ‘ਲਿਖਦਾ’, ‘ਉੱਡਦਾ’, ‘ਜਾਂਦਾ’ ਆਦਿ ਦੀ ਵਰਤੋਂ ਵਿਸ਼ੇਸ਼ਣ ਵਜੋਂ ਕੀਤੀ ਜਾ ਸਕਦੀ ਹੈ। ਭੂਤ ਕਿਰਦੰਤ ‘ਪੜ੍ਹਿਆ’, ‘ਲਿਖਿਆ’, ‘ਉੱਡਿਆ’ ਆਦਿ ਦੀ ਵਿਸ਼ੇਸ਼ਣ ਵਜੋਂ ਵਰਤੇ ਜਾ ਸਕਦੇ ਹਨ ਅਤੇ ਕਾਰਜ-ਕਾਰਨ ਕਿਰਦੰਤ ‘ਪੜ੍ਹਿਆਂ’, ‘ਲਿਖਿਆਂ’, ‘ਉੱਡਿਆਂ’ ਆਦਿ ਨੂੰ ਕਿਰਿਆ-ਵਿਸ਼ੇਸ਼ਣ ਵਜੋਂ ਵਰਤਿਆ ਜਾ ਸਕਦਾ ਹੈ :

          3.      ਉਸ ਨੇ ‘ਉੱਡਦੇ` ਪੰਛੀ ਨੂੰ ਗੋਲੀ ਮਾਰੀ।                                     

(ਵਿਸ਼ੇਸ਼ਣ)

          4.      ਉਸ ਨੇ ਆਪਣਾ ‘ਲਿਖਿਆ` ਲੇਖ ਪੜ੍ਹਿਆ।

                                                                             (ਵਿਸ਼ੇਸ਼ਣ)

          5.      ਰੋਜ਼ ਅਖ਼ਬਾਰ ‘ਪੜ੍ਹਿਆਂ` ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ।     

(ਕਿਰਿਆ-ਵਿਸ਼ੇਸ਼ਣ)

     ਕਿਰਿਆ ਸ਼ਬਦ ਦੁਆਰਾ ਸੂਚਿਤ ਕਾਰਜ-ਸਥਿਤੀ ਜਾਂ ਘਟਨਾ-ਕ੍ਰਮ ਤੋਂ ਪ੍ਰਭਾਵਿਤ ਹੋਣ ਵਾਲੀ ਧਿਰ ਨੂੰ ਵਿਆਕਰਨਿਕ ਸ਼ਬਦਾਵਲੀ ਵਿੱਚ ਕਰਮ ਕਿਹਾ ਜਾਂਦਾ ਹੈ। ਕਰਮ ਦੀ ਹਾਜ਼ਰੀ ਜਾਂ ਗ਼ੈਰ-ਹਾਜ਼ਰੀ ਦੇ ਸੰਦਰਭ ਵਿੱਚ ਕਿਰਿਆ ਸ਼ਬਦਾਂ ਨੂੰ ਦੋ ਵੰਨਗੀਆਂ ਵਿੱਚ ਵੰਡਿਆ ਜਾਂਦਾ ਹੈ : ਅਕਰਮਕ ਅਤੇ ਸਕਰਮਕ।

     ਅਕਰਮਕ ਕਿਰਿਆ ਉਹ ਹੁੰਦੀ ਹੈ, ਜਿਸ ਦੀ ਵਰਤੋਂ ਲਈ ਕੇਵਲ ‘ਕਰਤਾ’ ਦੀ ਹੀ ਲੋੜ ਹੋਵੇ ਕਿਸੇ ਕਰਮ ਦੀ ਨਹੀਂ : ਹੱਸ, ਮਰ, ਸੜ, ਪੜ੍ਹ, ਦੌੜ ਆਦਿ।

                   6.       ਬੱਚੇ ਖੇਡ ਰਹੇ ਹਨ।

                    7.       ਕਾਲਾ ਘੋੜਾ ਦੌੜ ਗਿਆ।

     ਜਿਸ ਕਿਰਿਆ ਦੇ ਨਾਲ ਕਰਮ ਦਾ ਆਉਣਾ ਵੀ ਜ਼ਰੂਰੀ ਹੋਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ: ਖਾ, ਸਾੜ, ਚੁੱਕ ਆਦਿ।

                   8.       ਹਰਨਾਮ ਨੇ ਰੋਟੀ ਖਾਧੀ।

                   9.       ਅੱਗ ਨੇ ਲੱਕੜਾਂ ਦੇ ਢੇਰ ਨੂੰ ਸਾੜ ਦਿੱਤਾ।

     ਪੰਜਾਬੀ ਦੇ ਕਈ ਕਿਰਿਆ ਸ਼ਬਦ ਅਜਿਹੇ ਹਨ, ਜਿਨ੍ਹਾਂ ਦੀ ਵਰਤੋਂ ਅਕਰਮਕ ਅਤੇ ਸਕਰਮਕ ਦੋਹਾਂ ਰੂਪਾਂ ਵਿੱਚ ਕੀਤੀ ਜਾਂਦੀ ਮਿਲਦੀ ਹੈ : ਪੜ੍ਹ, ਖੇਡ ਆਦਿ।

                   10.      ਮੁੰਡੇ ‘ਖੇਡ` ਰਹੇ ਹਨ।                                              (ਅਕਰਮਕ)

                    11.     ਮੁੰਡੇ ਹਾਕੀ ਦੀ ਖੇਡ ‘ਖੇਡ` ਰਹੇ ਹਨ।                               (ਸਕਰਮਕ)

     ਜਿਸ ਕਿਰਿਆ ਸ਼ਬਦ ਤੋਂ ਇਹ ਸੰਕੇਤ ਮਿਲੇ ਕਿ ਕਿਰਿਆ ਦੁਆਰਾ ਸੂਚਤ ਕਾਰਜ ਕਰਤਾ ਆਪ ਕਰਨ ਦੀ ਥਾਂ ਕਿਸੇ ਹੋਰ ਕੋਲੋਂ ਕਰਵਾ ਰਿਹਾ ਹੈ, ਉਸ ਨੂੰ ਪ੍ਰੇਰਨਾਰਥਿਕ ਕਿਰਿਆ ਆਖਦੇ ਹਨ। ਪੰਜਾਬੀ ਦੇ ਲਈ ਕਿਰਿਆ ਸ਼ਬਦਾਂ ਦੇ ਦੋ-ਦੋ ਪ੍ਰੇਰਨਾਰਥਿਕ ਰੂਪ ਮਿਲਦੇ ਹਨ, ਜਿਵੇਂ ਕਰਨਾ ਤੋਂ ਕਰਾਉਣਾ ਅਤੇ ਕਰਵਾਉਣਾ, ਜੜਨਾ ਤੋਂ ਜੜਾਉਣਾ ਅਤੇ ਜੜਵਾਉਣਾ ਆਦਿ।

     ਪੰਜਾਬੀ ਵਾਕ-ਬਣਤਰ ਵਿੱਚ ਸ਼ਬਦ ਸ਼੍ਰੇਣੀ ਕਿਰਿਆ ਦੇ ਕਾਰਜ ਲਈ ਇੱਕ ਕਿਰਿਆ ਸ਼ਬਦ ਦੀ ਵਰਤੋਂ ਵੀ ਮਿਲਦੀ ਹੈ ਅਤੇ ਇੱਕ ਤੋਂ ਵੱਧ ਸ਼ਬਦਾਂ ਦੀ ਵੀ। ਕਿਰਿਆ ਸ਼੍ਰੇਣੀ ਦਾ ਕਾਰਜ ਕਰਨ ਵਾਲੇ ਸ਼ਬਦ ਜਾਂ ਸ਼ਬਦ ਸਮੂਹ ਨੂੰ ਕਿਰਿਆ ਵਾਕਾਂਸ਼ ਕਹਿੰਦੇ ਹਨ। ਪੰਜਾਬੀ ਦੇ ਕਿਰਿਆ ਵਾਕਾਂਸ਼ ਵਿੱਚ ਕਿਰਿਆ ਸ਼ਬਦਾਂ ਦੀ ਗਿਣਤੀ ਪੰਜ ਤੱਕ ਮਿਲਦੀ ਹੈ।

     12. ਪੰਜਾਬ ਵਿੱਚ ਕੁੜੀਆਂ ਨੂੰ ਜੰਮਦਿਆਂ ਹੀ ‘ਮਾਰ ਦਿੱਤਾ ਜਾਂਦਾ ਹੁੰਦਾ ਸੀ`।

     ਕਿਰਿਆ ਵਾਕਾਂਸ਼ ਵਿੱਚ ਤਿੰਨ ਪ੍ਰਕਾਰ ਦੇ ਕਿਰਿਆ ਸ਼ਬਦ ਹੁੰਦੇ ਹਨ : ਮੁੱਖ ਕਿਰਿਆ, ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ। ਕਿਰਿਆ ਵਾਕਾਂਸ਼ ਵਿੱਚ ਮੁੱਖ ਕਿਰਿਆ ਦਾ ਹੋਣਾ ਲਾਜ਼ਮੀ ਹੁੰਦਾ ਹੈ। ਵਾਕ (12) ਵਿੱਚ ‘ਮਾਰ’ ਮੁੱਖ ਕਿਰਿਆ ਹੈ, ‘ਦਿੱਤਾ, ਜਾਂਦਾ, ਹੁੰਦਾ’ ਸੰਚਾਲਕ ਕਿਰਿਆਵਾਂ ਹਨ ਅਤੇ ‘ਸੀ’ ਸਹਾਇਕ ਕਿਰਿਆ। ਵਿਸਤਾਰ ਲਈ ਵੇਖੋ ‘ਕਿਰਿਆ ਵਾਕਾਂਸ਼’ ਅਤੇ ‘ਸਹਾਇਕ ਕਿਰਿਆ’।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 31648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਿਰਿਆ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਿਰਿਆ: ਕਿਰਿਆ ਇਕ ਮੁੱਖ ਸ਼ਬਦ-ਸ਼ਰੇਣੀ ਹੈ। ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਦੀ ਗਿਣਤੀ ਦੀ ਲੰਮੀ ਚੌੜੀ ਲਿਸਟ ਹੈ ਇਸ ਲਈ ਇਸ ਨੂੰ ਖੁੱਲ੍ਹੀਆਂ ਜਾਂ ਅਸੀਮਤ ਸ਼ਬਦ-ਸ਼ਰੇਣੀਆਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ। ਇਸ ਸ਼ਰੇਣੀ ਦੀ ਸਥਾਪਤੀ ਅਰਥ, ਕਾਰਜ ਅਤੇ ਰੂਪ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਾਂ ਵਿਚ ਇਸ ਦੀ ਸਥਾਪਤੀ, ਅਰਥ ਦੇ ਅਧਾਰ ’ਤੇ ਕੀਤੀ ਜਾਂਦੀ ਹੈ ਅਤੇ ਇਸ ਸ਼ਰੇਣੀ ਦੇ ਸ਼ਬਦਾਂ ਨੂੰ ਗਤੀਵਿਧੀ ਜਾਂ ਹਿਲਜੁੱਲ ਦੀ ਸੂਚਨਾ ਦੇਣ ਵਾਲੇ ਸ਼ਬਦਾਂ ਦੇ ਤੌਰ ’ਤੇ ਸਵੀਕਾਰਿਆ ਜਾਂਦਾ ਹੈ, ਜਿਵੇਂ : ਨੱਚਣਾ, ਹੱਸਣਾ, ਕਰਨਾ, ਦੌੜਨਾ, ਖਾਣਾ, ਪੀਣਾ, ਭੱਜਣਾ ਆਦਿ ਵਿਚ ਗਤੀਵਿਧੀ ਦਾ ਪਤਾ ਚਲਦਾ ਹੈ ਪਰ ਇਸ ਤੋਂ ਉਲਟ ਕਈ ਕਿਰਿਆ ਸ਼ਬਦਾਂ ਤੋਂ ਗਤੀਵਿਧੀ ਦਾ ਪਤਾ ਨਹੀਂ ਚਲਦਾ ਹੈ ਜਿਵੇਂ : ਲੱਗਣਾ, ਦਿੱਸਣਾ, ਜਾਪਣਾ, ਸੌਣਾ, ਸੰਗਣਾ ਆਦਿ ਅਨੇਕਾਂ ਕਿਰਿਆ ਰੂਪਾਂ ਨੂੰ ਇਸ ਸੂਚੀ ਵਿਚ ਰੱਖਿਆ ਜਾ ਸਕਦਾ ਹੈ।

      ਕਾਰਜ ਦੇ ਪੱਖ ਤੋਂ ਕਿਰਿਆ ਸ਼ਰੇਣੀ ਦੇ ਸ਼ਬਦ ਵਿਧੇ ਦੇ ਹਿੱਸੇ ਵਜੋਂ ਵਿਚਰਦੇ ਹਨ। ਵਿਧੇ ਵਾਕ ਦਾ ਮੁੱਖ ਹਿੱਸਾ ਹੈ, ਇਸ ਵਿਚ ਘੱਟੋ ਘੱਟ ਇਕ ਕਿਰਿਆ ਰੂਪ ਵਿਚਰਦਾ ਹੈ, ਜਿਵੇਂ : ਉਹ ਗਿਆ। ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਕਿਰਿਆ ਰੂਪਾਂ ਦੇ ਰੂਪ ਅਤੇ ਕਾਰਜ ਅਨੁਸਾਰ ਵਾਕ ਦੀਆਂ ਬਾਕੀ ਇਕਾਈਆਂ ਨਿਰਭਰ ਕਰਦੀਆਂ ਹਨ। ਇਸ ਪੱਖ ਤੋਂ ਕਿਰਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਅਕਰਮਕ ਕਿਰਿਆ ਅਤੇ (ii) ਸਕਰਮਕ ਕਿਰਿਆ। ਜਿਸ ਕਿਰਿਆ ਰੂਪ ਨੂੰ ਕਰਮ ਦੀ ਲੋੜ ਨਾ ਹੋਵੇ ਉਸ ਕਿਰਿਆ ਨੂੰ ਅਕਰਮਕ ਕਿਰਿਆ ਆਖਿਆ ਜਾਂਦਾ ਹੈ, ਜਿਵੇਂ : ਬੱਚਾ ਰੋਂਦਾ ਹੈ, ਉਹ ਸੌਂ ਗਿਆ। ਜਿਸ ਕਿਰਿਆ ਰੂਪ ਨੂੰ ਕਰਮ ਦੀ ਲੋੜ ਹੋਵੇ ਉਸ ਕਿਰਿਆ ਨੂੰ ਸਕਰਮਕ ਕਿਰਿਆ ਆਖਿਆ ਜਾਂਦਾ ਹੈ। ਸਕਰਮਕ ਕਿਰਿਆ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਇਕਹਿਰੀ ਸਕਰਮਕ ਕਿਰਿਆ (ii) ਦੋਹਰੀ ਸਕਰਮਕ ਕਿਰਿਆ (iii) ਮਿਸ਼ਰਤ ਸਕਰਮਕ ਕਿਰਿਆ। ਉਸ ਕਿਰਿਆ ਨੂੰ ਇਕਹਿਰੀ ਸਕਰਮਕ ਕਿਰਿਆ ਆਖਿਆ ਜਾਂਦਾ ਹੈ ਜਿਸ ਨੂੰ ਇਕੋ ਕਰਮ ਦੀ ਲੋੜ ਹੋਵੇ, ਜਿਵੇਂ : ਉਹ ਚਾਹ ਪੀਂਦਾ ਹੈ, ਉਹ ਸਕੂਲ ਜਾਂਦਾ ਹੈ। ਦੋਹਰੀ ਸਕਰਮਕ ਕਿਰਿਆ ਲਈ ਪਰਧਾਨ ਅਤੇ ਅਪਰਧਾਨ ਦੋ ਕਰਮਾਂ ਦੀ ਲੋੜ ਹੁੰਦੀ ਹੈ, ਜਿਵੇਂ : ਉਸ ਨੇ ਮੁੰਡੇ ਨੂੰ ਸਕੂਲ ਭੇਜਿਆ, ਮਾਂ ਨੇ ਬੱਚੇ ਨੂੰ ਦੁੱਧ ਪਿਆਇਆ। ਮਿਸ਼ਰਤ ਸਕਰਮਕ ਕਿਰਿਆ ਲਈ ਇਕ ਕਰਮ ਅਤੇ ਕਿਰਿਆ ਵਿਸ਼ੇਸ਼ਣ ਦੀ ਲੋੜ ਹੁੰਦੀ ਹੈ ਜਿਵੇਂ : ਉਸ ਨੇ ਮੇਜ਼ ਉਤੇ ਪੁਸਤਕ ਰੱਖੀ। ਇਸ ਤੋਂ ਇਲਾਵਾ ਪਰੇਰਨਾਰਥਕ ਕਿਰਿਆ ਨੂੰ ਵੀ ਇਸੇ ਵੰਡ ਵਿਚ ਰੱਖਿਆ ਜਾਂਦਾ ਹੈ। ਇਸ ਕਿਰਿਆ ਤੋਂ ਕੰਮ ਦੇ ਕਰਵਾਏ ਜਾਣ ਦਾ ਪਤਾ ਚਲਦਾ ਹੈ, ਜਿਵੇਂ : ਬੱਚੇ ਨੇ ਸਕੂਲ ਦਾ ਕੰਮ ਆਪਣੀ ਮਾਂ ਤੋਂ ਕਰਵਾਇਆ

        ਕਿਰਿਆ ਨੂੰ ਸ਼ਬਦ-ਸ਼ਰੇਣੀ ਦੇ ਤੌਰ ’ਤੇ ਸਥਾਪਤ ਕਰਨ ਦੇ ਇਹ ਦੋਵੇਂ ਅਧਾਰ ਤਸੱਲੀਬਖਸ਼ ਨਹੀਂ ਹਨ, ਇਸ ਲਈ ਕਿਰਿਆ ਦੀ ਸਥਾਪਤੀ ਲਈ ਰੂਪ ਨੂੰ ਵੀ ਅਧਾਰ ਬਣਾਇਆ ਜਾਂਦਾ ਹੈ। ਰੂਪ ਦੇ ਪੱਖ ਤੋਂ ਪੰਜਾਬੀ ਕਿਰਿਆ ਸ਼ਬਦ ਰੂਪਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ, ਜਿਵੇਂ : (i) ਅਕਾਲਕੀ ਕਿਰਿਆ ਅਤੇ (ii) ਕਾਲਕੀ ਕਿਰਿਆ। ਜਿਨ੍ਹਾਂ ਕਿਰਿਆ ਰੂਪਾਂ ਦਾ ਲਿੰਗ, ਪੁਰਖ, ਵਾਚ, ਵਚਨ, ਕਾਲ, ਆਸਪੈਕਟ ਦੇ ਪੱਖ ਤੋਂ ਰੂਪ ਨਾ ਬਦਲੇ ਉਨ੍ਹਾ ਨੂੰ ਅਕਾਲਕੀ ਕਿਰਿਆ ਆਖਿਆ ਜਾਂਦਾ ਹੈ। ਅਕਾਲਕੀ ਕਿਰਿਆ ਜਾਂ ਤਾਂ ਧਾਤੂ ਰੂਪ ਵਿਚ ਵਿਚਰਦੀ ਹੈ ਜਾਂ ਕਿਰਿਆ ਧਾਤੂ ਨਾਲ (-ਦਿਆਂ,   -ਇਆਂ, -ਕੇ, -ਨੋ, -ਅਣੋ, -ਣੋ) ਆਦਿ ਅੰਤਕ ਲਗਦੇ ਹਨ ਜਿਵੇਂ : ਕਰ+ਦਿਆਂਕਰਦਿਆਂ, ਕਰ+ਕੇਕਰਕੇ ਆਦਿ। ਦੂਜੇ ਪਾਸੇ ਉਨ੍ਹਾਂ ਕਿਰਿਆਂ ਰੂਪਾਂ ਨੂੰ ਕਾਲਕੀ ਆਖਿਆ ਜਾਂਦਾ ਹੈ ਜਿਨ੍ਹਾਂ ਦਾ ਰੂਪ, ਲਿੰਗ, ਵਚਨ, ਪੁਰਖ, ਕਾਲ, ਵਾਚ, ਆਸਪੈਕਟ ਆਦਿ ਦੇ ਪੱਖ ਤੋਂ ਰੂਪਾਂਤਰਤ ਹੁੰਦੇ ਹੋਣ, ਜਿਵੇਂ : ਪੀ-ਪੀਣਾ, ਪੀਣੀ, ਪੀਂਦੀ, ਪੀਤਾ ਆਦਿ।

        ਬਣਤਰ ਦੇ ਅਧਾਰ ’ਤੇ ਕਿਰਿਆ ਸ਼ਬਦ ਰੂਪਾਂ ਦੇ ਵਿਚਰਨ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਇਕ ਸ਼ਬਦੀ ਕਿਰਿਆ ਅਤੇ (ii) ਦੋ ਸ਼ਬਦੀ ਕਿਰਿਆ। ਇਕ ਸ਼ਬਦੀ ਕਿਰਿਆ ਉਸ ਨੂੰ ਆਖਿਆ ਜਾਂਦਾ ਹੈ ਜੋ ਇਕੋ ਸ਼ਾਬਦਿਕ ਰੂਪ ਤੋਂ ਸਾਕਾਰ ਹੁੰਦੀ ਹੋਵੇ, ਜਿਵੇਂ : ਉਹ ਜਾਂਦਾ ਹੈ, ਉਹ ਖੇਡਦਾ ਹੈ। ਦੋ ਸ਼ਬਦੀ ਕਿਰਿਆ ਰੂਪਾਂ ਨੂੰ ਅਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਦੋਹਰੀ ਕਿਰਿਆ ਅਤੇ (ii) ਸੰਯੁਕਤ ਕਿਰਿਆ। ਦੋਹਰੀ ਕਿਰਿਆ ਵਿਚ ਦੋ ਕਿਰਿਆ ਰੂਪ ਮਿਲ ਕੇ ਇਕ ਕਿਰਿਆਂ ਵਜੋਂ ਕਾਰਜ ਕਰਦੇ ਹਨ; ਇਸ ਦੀ ਬਣਤਰ ਵਿਚ ਦੋ ਧਾਤੂ ਰੂਪੀ ਕਿਰਿਆ ਸ਼ਬਦ ਮਿਲ ਕੇ ਵਿਚਰਦੇ ਹਨ ਜਾਂ ਰੂਪਾਂਤਰੀ ਰੂਪ ਵਿਚ ਜਿਵੇਂ : ਮੈਂ ਕਈ ਕੰਮ ਕਰ ਕਰ ਛੱਡੇ ਹਨ, ਤੂੰ ਕੋਈ ਕੰਮ ਕਰ ਕੁਰ ਲੈਂਦਾ। ਸੰਯੁਕਤ ਕਿਰਿਆ ਵਿਚ ਇਕ ਨਾਂਵ ਅਤੇ ਕਿਰਿਆ ਰੂਪ ਦੋਵੇਂ ਇਕ ਕਾਰਜ ਕਰਦੇ ਹਨ, ਜਿਵੇਂ : ਦਾਨ (ਨਾਂਵ)+ਦਿੱਤਾ (ਕਿਰਿਆ)‘ਦਾਨ ਦਿੱਤਾ’ ਸੰਯੁਕਤ ਕਿਰਿਆ ਹੈ। ਇਸ ਤੋਂ ਇਲਾਵਾ ‘ਹੈ ਅਤੇ ਸੀ’ (ਵੇਖੋ ਸਹਾਇਕ ਕਿਰਿਆ) ਕਿਰਿਆ ਰੂਪ ਜਦੋਂ ਹੋਰਨਾਂ ਕਿਰਿਆ ਰੂਪਾਂ ਦੇ ਨਾਲ ਵਿਚਰਦੇ ਹਨ ਤਾਂ ਇਹ ਸਹਾਇਕ ਕਿਰਿਆ ਵਜੋਂ ਵਿਚਰਦੇ ਹਨ ਪਰ ਜਦੋਂ ਇਹ ਰੂਪ ਇਕੱਲੇ ਵਿਚਰਦੇ ਹਨ ਤਾਂ ਇਨ੍ਹਾਂ ਨੂੰ ਮੁੱਖ ਕਿਰਿਆ ਜਾਂ ਸਬੰਧ ਜੋੜੂ ਕਿਰਿਆ ਕਿਹਾ ਜਾਂਦਾ ਹੈ ਜਿਵੇਂ : ‘ਉਹ ਪਿੰਡ ਵਿਚ ਹੈ’, ‘ਉਹ ਕੁੜੀ ਨਰਸ ਹੈ’।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 31619, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਕਿਰਿਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਿਆ [ਨਾਂਇ] ਕਰਨ ਦਾ ਭਾਵ, ਹੋਣ ਦਾ ਭਾਵ, ਕੰਮ , ਕਾਰਵਾਈ , ਕਾਰਜ; ਮਰਨ ਮਗਰੋਂ ਇੱਕ ਰਸਮ; (ਭਾਵਿ) ਸ਼ਬਦ-ਸ਼੍ਰੇਣੀਆਂ ਦਾ ਇੱਕ ਭੇਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਰਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਿਆ. ਸੰ. ਕ੍ਰਿਯਾ. ਸੰਗ੍ਯਾ—ਕਰਮ. ਕੰਮ । ੨ ਆਚਾਰ । ੩ ਸ਼੍ਰਾੱਧ ਆਦਿਕ ਕਰਮ. “ਪਿੰਡ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮ: ੧) ੪ ਦੇਖੋ, ਕ੍ਰਿਯਾ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਰਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਿਰਿਆ (ਸੰ.। ਸੰਸਕ੍ਰਿਤ ਕ੍ਰਿਯਾ) ੧. ਕੰਮ , ਕਾਰਜ , ਫੇਅਲ। ਜੋ ਕੁਛ ਕੀਤਾ ਜਾਏ ਸੋ ਕ੍ਰਿਯਾ, ਕਰਮ। ਯਥਾ-‘ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ’।

੨. ਪ੍ਰਾਣੀ ਦੇ ਨਮਿਤ ਜੋ ਕਰਮ ਕੀਤੇ ਜਾਣ। ਯਥਾ-‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ’।

ਦੇਖੋ, ‘ਕ੍ਰਿਆ ਕੁੰਟਿ’ ‘ਕਿਰਿਆਚਾਰ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਿਰਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਿਆ, (ਸੰਸਕ੍ਰਿਤ √कृ=ਕਰਨਾ) \ ਪੁਲਿੰਗ : ੧. ਕੰਮ, ਕਰਮ; ੨. ਇੱਕ ਰਸਮ ਜੋ ਪ੍ਰਾਣੀ ਦੇ ਸਸਕਾਰ ਦੇ ਚਾਰ ਦਿਨ ਪਿਛੋਂ ਕੀਤੀ ਜਾਂਦੀ ਹੈ, ਚੌਥਾ; ੩. (ਵਿਆਕਰਨ) : ਉਹ ਸ਼ਬਦ ਜੋ ਬਗ਼ੈਰ ਮਿਲਾਏ ਹੋਰ ਸ਼ਬਦਾਂ ਦੇ ਅਰਥ ਦੇਣ ਦੀ ਸਮਰਥਾ ਰਖੇ, ਪਰ ਉਹਦੇ ਵਿੱਚ ਸਮਾਂ ਪਾਇਆ ਜਾਵੇ

–ਕਿਰਿਆ ਅਕਰਮਕ, ਇਸਤਰੀ ਲਿੰਗ : ਅਜਿਹੀ ਕਿਰਿਆ ਜਿਸ ਵਿੱਚ ਕਰਮ ਦੀ ਲੋੜ ਨਾ ਹੋਵੇ ਅਤੇ ਜਿਸ ਦਾ ਫਲ ਕੇਵਲ ਕਰਤਾ ਤੇ ਮੁੱਕ ਜਾਵੇ ਜਿਵੇਂ––ਪਰਤਾਪ ਗਿਆ

–ਕਿਰਿਆ ਅਪੂਰਨ, ਇਸਤਰੀ ਲਿੰਗ : ਅਜਿਹੀ ਕਿਰਿਆ ਜਿਸ ਵਿੱਚ ਕਰਮ ਦੀ ਥਾਂ ਪੂਰਕ ਦੀ ਲੋੜ ਹੋਵੇ, ਇਹ ਆਪਣੇ ਆਪ ਵਿੱਚ ਪੂਰੀ ਨਹੀਂ ਹੁੰਦੀ ਜਿਵੇਂ–ਹੋਣਾ, ਹੋ ਜਾਣਾ, ਬਣ ਜਾਣਾ, ਬਣਨਾ ਆਦਿ

–ਕਿਰਿਆ ਸਕਰਮਕ, ਇਸਤਰੀ ਲਿੰਗ  ਅਜਿਹੀ ਕਿਰਿਆ ਜਿਸ ਵਿੱਚ ਕਰਮ ਦੀ ਲੋੜ ਹੋਵੇ ਅਤੇ ਕਰਤਾ ਦਾ ਫਲ ਕਰਮ ਤਕ ਅਪੜੇ ਜਿਵੇਂ–ਜੁਗਿੰਦਰ ਨੇ ਤ੍ਰਿਲੋਕੀ ਨੂੰ ਮਾਰਿਆ

–ਕਿਰਿਆ ਸਮਾਸੀ, ਇਸਤਰੀ ਲਿੰਗ : ਅਜਿਹੀ ਕਿਰਿਆ ਜੋ ਦੋ ਜਾਂ ਵਧ ਸ਼ਬਦਾਂ ਤੋਂ ਮਿਲ ਕੇ ਬਣੀ ਹੋਵੇ ਜਿਵੇਂ––ਬਾਤ ਚੀਤ ਕਰਨਾ

–ਕਿਰਿਆ ਕਰਮ, ਪੁਲਿੰਗ : ਇੱਕ ਰਸਮ ਜੋ ਸਸਕਾਰ ਦੇ ਚੌਥੇ ਦਿਨ ਪਿਛੋਂ ਕੀਤੀ ਜਾਂਦੀ ਹੈ, ਚੌਥਾ, ਦਸਵਾਂ, ਬਾਰ੍ਹਾਂ ਤੇ ਤੇਰ੍ਹਵਾਂ ਆਦਿ

–ਕਿਰਿਆ ਪੂਰਨ, ਇਸਤਰੀ ਲਿੰਗ : ਅਜਿਹੀ ਕਿਰਿਆ ਜੋ ਆਪਣੇ ਆਪ ਵਿੱਚ ਪੂਰੀ ਹੋਵੇ, ਸੰਪੂਰਨ ਕਿਰਿਆ ਜਿਵੇਂ––ਰਾਮ ਨੇ ਰੋਟੀ ਖਾ ਲਈ

–ਕਿਰਿਆ ਪ੍ਰੇਰਕ, ਇਸਤਰੀ ਲਿੰਗ : ਅਜੇਹੀ ਕਿਰਿਆ ਜਿਸ ਨੂੰ ਕਰਤਾ ‘ਆਪ ਨਾ ਕਰ ਕੇ ਕਿਸੇ ਦੂਜੇ ਕੋਲੋਂ ਕਰਵਾਉਂਦਾ ਹੈ ਜਿਵੇਂ––ਮੋਹਨ ਨੇ ਸੋਹਨ ਤੋਂ ਗੀਤਾ ਪੜ੍ਹਵਾਈ

–ਕਿਰਿਆ ਫਲ, ਪੁਲਿੰਗ : ਨਤੀਜਾ, ਕੰਮ ਦਾ ਸਿੱਟਾ

–ਕਿਰਿਆ ਭਾਵਵਾਚਕ (ਭਾਵਵਾਚੀ) ਦਾ, ਇਸਤਰੀ ਲਿੰਗ : ਅਜਿਹੀ ਕਿਰਿਆ ਜਿਸ ਵਿੱਚ ਵਾਕ ਦਾ ਉਦੇਸ਼ ਕਰਤਾ ਜਾਂ ਕਰਮ ਦੀ ਥਾਂ ਭਾਵ ਹੋਵੇ

–ਕਿਰਿਆ ਵਿਸ਼ੇਸ਼ਣ, ਪੁਲਿੰਗ : ਅਜਿਹਾ ਅੱਵਿਆ ਜੋ ਕਿਸੇ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਜਾਂ ਕਿਰਿਆ ਦੀ ਵਿਸ਼ੇਸ਼ਤਾ ਕਰਦਾ ਹੈ ਜਿਵੇਂ––ਜਲਦੀ, ਜਲਦੀ, ਹੁਣੇ, ਬਹੁਤ ਜ਼ਿਆਦਾ, ਅਤੀ ਅਧਿਕ, ਹੁਣੇ ਹੁਣੇ ਆਦਿ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-13-01-09-18, ਹਵਾਲੇ/ਟਿੱਪਣੀਆਂ:

ਕਿਰਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਿਆ, (ਲਹਿੰਦੀ) \ (ਫ਼ਾਰਸੀ : ਕਾਰੇਜ਼, ਸੰਸਕ੍ਰਿਤ : कर्ष) \ ਇਸਤਰੀ ਲਿੰਗ : ਸੂਆ, ਨਹਿਰ, ਖਾਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-06-21-28, ਹਵਾਲੇ/ਟਿੱਪਣੀਆਂ:

ਕਿਰਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਰਿਆ, (ਸੰਸਕ੍ਰਿਤ : क्रिया) \ ਇਸਤਰੀ ਲਿੰਗ  : ੧. ਕਿਰਤ, ਕੰਮ, ਕਾਰਵਾਈ, ਕਰਤੂਤ; ੨. ਮਰਨ ਪਿਛੋਂ ਤੇਰ੍ਹਵੇਂ ਆਦਿ ਦੀ ਰਸਮ; ੩. ਵਿਆਕਰਣ ਵਿੱਚ ਸ਼ਬਦ ਦੇ ਇੱਕ ਭੇਦ ਦਾ ਨਾਂ, ਕਿਰਿਆ, ਫੇਹਲ (Verb)

–ਕਿਰਿਆ ਸ਼ਕਤੀ, ਇਸਤਰੀ ਲਿੰਗ : ਰੱਬ ਤੋਂ ਪੈਦਾ ਹੋਈ ਉਹ ਸ਼ਕਤੀ ਜਿਸ ਤੋਂ ਸੰਸਾਰ ਦੀ ਉਤਪਤੀ ਮੰਨੀ ਗਈ ਹੈ। ਸਾਂਖ ਦਰਸ਼ਨ ਵਿੱਚ ਇਸ ਨੂੰ ਪ੍ਰਕਿਰਤੀ ਅਤੇ ਵੇਦਾਂ ਵਿੱਚ ਮਾਇਆ ਕਹਿੰਦੇ ਹਨ

–ਕਿਰਿਆ ਸੋਧਣਾ, ਮੁਹਾਵਰਾ : ਸਰੀਰਕ ਸ਼ੁੱਧੀ ਕਰਨਾ, ਨਹਾਉਣਾ ਧੋਣਾ ਜਾਂ ਜੰਗਲ ਜਾਣਾ

–ਕਿਰਿਆ ਕਰਮ, ਪੁਲਿੰਗ : ਕਿਸੇ ਦੇ ਮਰਨ ਪਿਛੋਂ ਕੀਤੇ ਗਏ ਧਾਰਮਕ ਸੰਸਕਾਰ

–ਕਿਰਿਆ ਪ੍ਰਤੀ ਕ੍ਰਿਰਿਆ, ਪਦਾਰਥ ਵਿਗਿਆਨ / ਇਸਤਰੀ ਲਿੰਗ : ਅਮਲ ਅਤੇ ਉਸ ਅਮਲ ਦਾ ਉਲਟ ਅਸਰ, ਕਰਮ ਪ੍ਰਤੀ ਕਰਮ, ਅਮਲ ਤੇ ਰੱਦੇ-ਅਮਲ, Action and Reaction

–ਕਿਰਿਆ ਫਲ,  ਪੁਲਿੰਗ : ੧. ਕੰਮ ਦਾ ਫਲ; ੨. ਵੇਦਾਂਤ ਦਰਸ਼ਨ ਅਨੁਸਾਰ ਕਰਮ ਦੇ ਚਾਰ ਫਲ ਜਾਂ ਪਰਿਣਾਮ; ੩. ਯੱਗ ਆਦਿ ਤੋਂ ਹੋਣ ਵਾਲਾ ਫਲ ਜਾਂ ਪੁੰਨ

–ਕਿਰਿਆਵਾਦ,  ਪੁਲਿੰਗ : ਉਹ ਸਿਧਾਂਤ ਜਾਂ ਮਸਲਾ ਜੋ ਕਿਰਿਆ ਜਾਂ ਅਮਲ ਬਾਰੇ ਜ਼ੋਰ ਦਿੰਦਾ ਹੋਵੇ, ਕ੍ਰਿਯਾਵਾਦ

–ਕਿਰਿਆ ਵਿਸ਼ੇਸ਼ਣ, ਪੁਲਿੰਗ : ਵਿਆਕਰਣ ਵਿੱਚ ਉਹ ਸ਼ਬਦ ਜੋ ਕਿਰਿਆ ਜਾਂ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦਰਸਾਏ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-06-21-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.