ਗੁਲਾਬ ਸਿੰਘ, ਪੰਡਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਲਾਬ ਸਿੰਘ , ਪੰਡਤ: ਇਕ ਨਿਰਮਲਾ ਵਿਦਵਾਨ ਸੀ। ਇਸਦਾ ਅਗੇਤਰ ‘ਪੰਡਤ` ਇਸਦੀ ਜਾਤ ਬਾਰੇ ਨਾ ਦੱਸ ਕੇ ਇਸਦੀ ਵਿਦਵਤਾ ਨੂੰ ਪ੍ਰਗਟਾਉਦਾ ਹੈ। ਇਸਦਾ ਜਨਮ 1789 ਬਿਕਰਮੀ/1732 ਈ. ਨੂੰ ਅਜੋਕੇ ਪਾਕਿਸਤਾਨ ਦੇ ਲਾਹੌਰ ਜ਼ਿਲੇ ਦੇ ਪਿੰਡ ਸੇਖਮ ਵਿਖੇ ਇਕ ਕਿਸਾਨ ਪਰਵਾਰ ਵਿਚ ਹੋਇਆ ਸੀ। ਪੰਡਤ ਮਾਨ ਸਿੰਘ ਨਿਰਮਲਾ ਨੇ ਇਸਨੂੰ ਸੰਸਕ੍ਰਿਤ ਦੀ ਪੜ੍ਹਾਈ ਸ਼ੁਰੂ ਕਰਾਈ ਜਿਸ ਬਾਰੇ ਇਸਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਉਸਦਾ ਰਿਣੀ ਹੋਣ ਦਾ ਜ਼ਿਕਰ ਕੀਤਾ ਹੈ। ਛੋਟੀ ਉਮਰ ਵਿਚ, ਇਸਨੇ ਆਪਣੇ ਪਿੰਡ ਵਿਚ ਇਕ ਸਾਧੂ ਕੋਲੋਂ ਗੁਰਮੁਖੀ ਸਿੱਖੀ ਅਤੇ ਉਸਦੇ ਨਾਲ ਹੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਠਨ ਪਾਠਨ ਕਰਦਾ ਸੀ। ਪਰੰਤੂ ਇਹ ਇਸ ਦੀਆਂ ਇੱਛਾਵਾਂ ਦਾ ਅੰਤ ਨਹੀਂ ਸੀ। ਆਪਣੇ ਗੁਰੂ ਕੋਲੋਂ ਵੈਰਾਗ਼ੀ ਦਾ ਚੋਗਾ ਲੈ ਕੇ, ਇਹ ਗੁਪਤ ਰੂਪ ਵਿਚ ਘਰੋਂ ਨਿਕਲ ਗਿਆ ਅਤੇ ਸੰਸਕ੍ਰਿਤ ਪੜ੍ਹਨ ਲਈ ਵਾਰਾਣਸੀ ਪਹੁੰਚ ਗਿਆ। ਜਦੋਂ ਇਸਦੇ ਅਧਿਆਪਕ ਨੂੰ ਇਹ ਪਤਾ ਚੱਲਿਆ ਕਿ ਉਹ ਬ੍ਰਾਹਮਣ ਨਹੀਂ ਹੈ, ਬਲਕਿ ਜੱਟ ਹੈ, ਉਸਨੇ ਇਸਨੂੰ ਗੁਰੂਕੁਲ ਵਿਚੋਂ ਬਾਹਰ ਕੱਢ ਦਿੱਤਾ ਅਤੇ ਝਾੜ ਪਾਈ ਕਿ ਉੱਚੀ ਜਾਤ ਦਾ ਨਾ ਹੋਣ ਕਾਰਨ , ਇਸਨੂੰ ਸੰਸਕ੍ਰਿਤ ਸਿੱਖਣ ਅਤੇ ਵੈਦਿਕ ਸਿੱਖਿਆ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਪਰੰਤੂ ਅਧਿਆਪਕ ਦੇ ਪਰਵਾਰ ਲਈ ਗੁਲਾਬ ਸਿੰਘ ਘਰ ਦੇ ਨੌਕਰ ਵਾਂਗ ਹੋਣ ਕਾਰਨ ਇਸ ਦੀ ਭਾਲ ਕਰਨ ਲਈ ਅਤੇ ਇਸ ਨੂੰ ਘਰ ਵਾਪਸ ਲਿਆਉਣ ਲਈ ਰਾਜ਼ੀ ਕਰ ਲਿਆ ਗਿਆ। ਗੁਲਾਬ ਸਿੰਘ ਨਿਆਸਰਾ ਹਾਲਤ ਵਿਚ ਗੰਗਾ-ਕਿਨਾਰੇ ਬੈਠਾ ਮਿਲ ਗਿਆ। ਪਾਠਸ਼ਾਲਾ ਵਿਚ ਵਾਪਸ ਆਉਣ ‘ਤੇ ਗੁਲਾਬ ਸਿੰਘ ਨੇ ਬਹੁਤ ਤਨਦੇਹੀ ਨਾਲ ਅਤੇ ਧੀਰਜ ਨਾਲ ਕੰਮ ਕੀਤਾ; ਸੰਸਕ੍ਰਿਤ ਦੇ ਲੰਮੇ ਸੂਤਰਾਂ ਨੂੰ ਆਪਣੀ ਜਾਤਿ ਬੰਦਸ਼ਾਂ ਸੰਬੰਧੀ ਰੋਕਾਂ ਨੂੰ ਤੋੜਦੇ ਹੋਏ ਜ਼ੁਬਾਨੀ ਯਾਦ ਕੀਤਾ। ਇਸ ਤਰ੍ਹਾਂ ਇਸਨੇ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਵਿਚ ਹੈਰਾਨੀਜਨਕ ਉੱਤਮ ਦਰਜੇ ਦੀ ਮੁਹਾਰਤ ਹਾਸਲ ਕਰ ਲਈ ਅਤੇ ਪ੍ਰਸਿੱਧ ਵਿਦਵਾਨ ਅਤੇ ਲੇਖਕ ਬਣ ਗਿਆ।

     ਗੁਲਾਬ ਸਿੰਘ ਦੀਆਂ ਸਾਰੀਆਂ ਕਿਰਤਾਂ ਬ੍ਰਜ ਭਾਸ਼ਾ ਵਿਚ ਗੁਰਮੁਖੀ ਲਿਪੀ ਵਿਚ ਲਿਖੀਆਂ ਹੋਈਆਂ ਹਨ। ਇਸਦਾ ਅਧਿਆਤਮ ਰਾਮਾਇਣ ਅਤੇ ਪ੍ਰਬੋਧਚੰਦ੍ਰ ਨਾਟਕ ਅਸਲ ਵਿਚ ਪੁਰਾਤਨ ਸੰਸਕ੍ਰਿਤ ਮੂਲ ਪੁਸਤਕਾਂ ਦਾ ਤਰਜਮਾ ਹਨ। ਭਾਵਰਸਾਂਮ੍ਰਿਤ ਅਤੇ ਮੋਖਪੰਥ ਇਸ ਦੀਆਂ ਮੌਲਿਕ ਰਚਨਾਵਾਂ ਹਨ। ਇਹਨਾਂ ਤੋਂ ਇਲਾਵਾ, ਕੁਝ ਹੋਰ ਛੋਟੀਆਂ ਕਿਰਤਾਂ ਜਿਵੇਂ ਸਵਪਨ ਅਧਿਆਇ, ਕਰਮ ਵਿਪਾਕ ਅਤੇ ਰਾਮ ਰਿਦਾ ਹਨ। ਬਾਅਦ ਵਾਲਾ ਅਧਿਆਤਮ ਰਾਮਾਇਣ ਦਾ ਹੀ ਇਕ ਹਿੱਸਾ ਹੈ, ਪਰੰਤੂ ਇਹ ਵੱਖ-ਵੱਖ ਲਿਖੇ ਖਰੜਿਆਂ ਵਿਚ ਵੱਖ-ਵੱਖ ਉਤਾਰਾ ਕਰਨ ਵਾਲਿਆਂ ਵੱਲੋਂ ਲਿਖਿਆ ਪ੍ਰਾਪਤ ਹੁੰਦਾ ਹੈ। ਪੰਡਤਾਂ ਨੇ ਇਸਦੀ ਕਾਮਯਾਬੀ ਤੋਂ ਈਰਖ਼ਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਨ ਸਿੰਘ ਕੋਲੋਂ ਉਸਦੇ ਖਰੜੇ ਪ੍ਰਾਪਤ ਕਰਕੇ ਦਰਿਆ ਵਿਚ ਸੁੱਟ ਦਿੱਤੇ। ਚਾਰ ਪ੍ਰਮੁਖ ਸੰਗ੍ਰਹਿ ਜੋ ਅੱਜ ਹੋਂਦ ਵਿਚ ਹਨ, ਉਸ ਸਮੇਂ ਗੁਰੂ ਦੀ ਸਪੁਰਦਗੀ ਵਿਚ ਨਹੀਂ ਸਨ। ਗੁਲਾਬ ਸਿੰਘ ਨੇ ਇਸ ਘਟਨਾ ਨੂੰ ਜਾਣਕੇ ਵੀ ਆਪਣੇ ਆਪ ਨੂੰ ਸ਼ਾਂਤ ਰੱਖਿਆ, ਪਰ ਇਸ ਤੋਂ ਬਾਅਦ ਇਸਨੇ ਕੁਝ ਵੀ ਹੋਰ ਨਹੀਂ ਲਿਖਿਆ।

     ਪੰਡਤ ਗੁਲਾਬ ਸਿੰਘ ਦੀਆਂ ਰਚਨਾਵਾਂ ਛਪਣ ਤੋਂ ਪਹਿਲਾਂ ਲਗ-ਪਗ ਇਕ ਸਦੀ ਤਕ ਖਰੜੇ ਦੇ ਰੂਪ ਵਿਚ ਹੀ ਪਈਆਂ ਰਹੀਆਂ ਸਨ। ਇਹਨਾਂ ਵਿਚੋਂ ਭਾਵਰਸਾਂਮ੍ਰਿਤ ਵਿਚ ਤਰਕਵਾਦ ਅਤੇ ਨਿਰਲੇਪਤਾ ਬਾਰੇ ਸਿੱਖਿਆਵਾਂ ਦਰਜ ਹਨ। ਇਸ ਗ੍ਰੰਥ ਦਾ ਅਰੰਭ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਨਾਲ ਹੁੰਦਾ ਹੈ; ਇਸ ਦੇ ਨਾਲ ਹੀ ਆਪਣੇ ਗੁਰੂ (ਅਧਿਆਤਮਿਕ) ਮਾਨ ਸਿੰਘ ਦੇ ਸਤਿਕਾਰ ਵਿਚ ਕੁਝ ਕਾਵਿ ਬੰਦ ਹਨ। ਅਰਦਾਸ , ਨਾਮ , ਪ੍ਰਭੂ ਪਿਆਰ , ਚੰਗਿਆਈਆਂ, ਨਿਰਲੇਪ ਰਹਿਣਾ, ਚੰਗੇ ਕਰਮ, ਅੱਛੀ ਸੰਗਤ , ਸੇਵਾ , ਵੀਰਤਾ ਅਤੇ ਧਰਮ ਆਦਿ ਪ੍ਰਮੁਖ ਵਿਸ਼ਿਆਂ ਦੀ ਵਿਸਤਾਰਪੂਰਬਕ ਵਿਆਖਿਆ ਕੀਤੀ ਗਈ ਹੈ ਭਾਵੇਂ ਲੇਖਕ ਪੂਰੀ ਤਰ੍ਹਾਂ ਵੇਦਾਂਤਿਕ ਗਿਆਨ ਵਿਚ ਦ੍ਰਿੜ ਹੈ, ਪਰੰਤੂ ਉਸ ਲਈ ਅੰਤਿਮ ਕਸਵੱਟੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਹੀ ਸਨ। ਇਹ ਗ੍ਰੰਥ, ਬ੍ਰਜ ਕਾਵਿ ਵਿਚ, ਬਹੁਤੀ ਸੰਸਕ੍ਰਿਤ ਸ਼ਬਦਾਵਲੀ ਦੇ ਨਾਲ ਤੱਤਸਮ ਰੂਪ ਵਿਚ, 1834 ਬਿਕਰਮੀ/ 1777 ਈ. ਨੂੰ ਸੰਪੂਰਨ ਹੋਇਆ ਅਤੇ 1959 ਬਿਕਰਮੀ/ 1902 ਈ. ਨੂੰ ਪ੍ਰਕਾਸ਼ਿਤ ਹੋਇਆ ਸੀ। ਲੇਖਕ ਸਾਹਿਤਿਕ ਰਚਨਾ ਦੇ ਅੰਤ ਵਿਚ ਅੰਕਿਤ ਕਰਦਾ ਹੈ: “ਇਹ ਪੁਸਤਕ ਉਸ ਦਿਨ ਸੰਪੂਰਨ ਹੋਈ ਜਿਸ ਦਿਨ ਐਤਵਾਰ ਸੀ। ਉਹ ਪੂਰਨਮਾਸੀ ਦੀ ਰਾਤ ਸੀ। ਅਸਮਾਨ ‘ਤੇ ਬਦਲ ਛਾਏ ਹੋਏ ਸਨ। ਠੰਡੀ ਹਵਾ ਚੱਲ ਰਹੀ ਸੀ। ਬੂੰਦਾ-ਬਾਂਦੀ ਹੋ ਰਹੀ ਸੀ।”

     ਮੋਖਪੰਥ ਜਿਸਨੂੰ ਮੋਖਪੰਥ ਪ੍ਰਕਾਸ਼ ਵੀ ਕਿਹਾ ਜਾਂਦਾ ਹੈ ਪੰਡਤ ਗੁਲਾਬ ਸਿੰਘ ਦਾ ਇਕ ਹੋਰ ਮਹੱਤਵਪੂਰਨ ਗ੍ਰੰਥ ਹੈ। ਮੋਖਪੰਥ ਦਾ ਸ਼ਾਬਦਿਕ ਅਰਥ ਹੈ ‘ਮੁਕਤੀ ਦਾ ਰਾਹ` ‘ਜ਼ਿੰਦਗੀ ਦੇ ਅੰਤਿਮ ਲਕਸ਼ ਨੂੰ ਪ੍ਰਾਪਤ ਕਰਨ ਦਾ ਮਾਰਗ`। ਇਹ ਦਾਰਸ਼ਨਿਕ ਰਚਨਾ ਹੈ ਜੋ ਭਾਰਤੀ ਦਰਸ਼ਨ ਦੀਆਂ ਮੁੱਖ ਧਾਰਾਵਾਂ ਦੇ ਸਿਧਾਂਤਾਂ ਨਾਲ ਸੰਬੰਧ ਰੱਖਦੀ ਹੈ, ਜਿਸ ਵਿਚ ਯੋਗ , ਨਯਾਯ, ਮੀਮਾਂਸਾ ਅਤੇ ਵੇਦਾਂਤ ਆਦਿ ਸ਼ਾਮਲ ਹਨ। ਇਸ ਗ੍ਰੰਥ ਦੇ ਅੰਤ ਵਿਚ ਕੁਝ ਸਵੈ-ਜੀਵਨੀਪਰਕ ਹਵਾਲੇ ਦਿੱਤੇ ਗਏ ਹਨ, ਜਿਹਨਾਂ ਵਿਚ ਕਵੀ ਆਪਣੇ ਮਾਤਾ-ਪਿਤਾ ਅਤੇ ਜਨਮ ਅਸਥਾਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ। ਆਪਣੇ ਵਿਸ਼ਵਾਸ ਸੰਬੰਧੀ ਇਹ ਕਹਿੰਦਾ ਹੈ, “ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਾਗਿਰਦ ਹਾਂ।”

     ਇਹ ‘ਗ੍ਰੰਥ` ਪੰਜ ਭਾਗਾਂ ਵਿਚ ਵੰਡਿਆ ਗਿਆ ਹੈ, ਇਸ ਵਿਚ 1984 ਬੰਦ ਹਨ। ਇਹ ਅੰਮ੍ਰਿਤਸਰ ਵਿਚ 1835 ਬਿਕਰਮੀ/1778 ਈ. ਨੂੰ ਸੰਪੂਰਨ ਹੋਇਆ ਅਤੇ 1912 ਨੂੰ ਪ੍ਰਕਾਸ਼ਿਤ ਹੋਇਆ।

     ਅਧਿਆਤਮ ਰਾਮਾਇਣ ਸੰਸਕ੍ਰਿਤ ਦੀ ਇਕ ਰਚਨਾ ਦਾ ਬ੍ਰਜ ਭਾਸ਼ਾ ਵਿਚ ਖੁੱਲ੍ਹਾ ਤਰਜ਼ਮਾ ਹੈ ਜੋ 1839 ਬਿਕਰਮੀ/1782 ਈ. ਵਿਚ ਸੰਪੂਰਨ ਹੋਇਆ ਸੀ। ਸੰਸਕ੍ਰਿਤ ਮੂਲ ਗ੍ਰੰਥ ਦਾ ਸਿਰਲੇਖ ਵੀ ਉਹੀ ਹੈ ਅਤੇ ਇਹ ਬ੍ਰਹਮਾਂਡ ਪੁਰਾਣ ਦਾ ਇਕ ਹਿੱਸਾ ਹੈ। ਇਹ ਰਾਮ ਦੀ ਕਹਾਣੀ ਨੂੰ ਦਾਰਸ਼ਨਿਕ ਸੰਦਰਭ ਵਿਚ ਬਿਆਨ ਕਰਦਾ ਹੈ। ਇਹ ਗ੍ਰੰਥ 1880 ਵਿਚ ਪ੍ਰਕਾਸ਼ਿਤ ਹੋਇਆ। ਪੰਡਤ ਗੁਲਾਬ ਸਿੰਘ ਨੇ ਉਪਸੰਹਾਰ ਸ਼ਾਮਲ ਕਰਕੇ ਦਸਾਂ ਗੁਰੂਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

     ਪ੍ਰਬੋਧਚੰਦ੍ਰੋਦਯ ਜਾਂ ਪ੍ਰਬੋਧਚੰਦ੍ਰ ਨਾਟਕ ਦਾ ਵੀ ਸੰਸਕ੍ਰਿਤ ਮੂਲ ਪਾਠ ਤੋਂ ਬ੍ਰਜ ਕਾਵਿ ਵਿਚ ਦੁਬਾਰਾ ਅਨੁਵਾਦ ਸੀ। ਅਸਲ ਗ੍ਰੰਥ ਪੰਡਤ ਕ੍ਰਿਸ਼ਨ ਮਿਸ਼ਰ ਦੀ ਰਚਨਾ ਹੈ ਜਿਸਨੇ ਇਸਨੂੰ ਗਿਆਰ੍ਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਸੰਪੂਰਨ ਕੀਤਾ ਸੀ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸਨੇ ਇਹ ਨਾਟਕ ਆਪਣੇ ਪੁੱਤਰ ਨੂੰ ਹਿਦਾਇਤ ਦੇਣ ਲਈ ਲਿਖਿਆ ਸੀ। ਇਸ ਗ੍ਰੰਥ ਵਿਚ ਦੋਸ਼ ਅਤੇ ਗੁਣਾਂ ਦਾ ਮਾਨਵੀਕਰਨ ਕੀਤਾ ਗਿਆ ਹੈ। ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ ਨੂੰ ਵਿਵੇਕ, ਸਤ , ਸੰਤੋਖ , ਤਰਕ , ਸ਼ਰਧਾ ਅਤੇ ਭਗਤੀ ਨਾਲ ਲੜਦੇ ਦਿਖਾਇਆ ਗਿਆ ਹੈ। ਅੰਤ ਵਿਚ ਬਾਅਦ ਵਾਲੇ ਜੇਤੂ ਹੁੰਦੇ ਹਨ।

     ਪੰਡਤ ਗੁਲਾਬ ਸਿੰਘ ਦੇ ਨਾਂ ਨਾਲ ਜੁੜੀਆਂ ਹੋਰ ਸਿਰਜਨਾਵਾਂ ਵਿਚੋਂ ਸਵਪਨ ਅਧਿਆਇ ਜਾਂ ਸਵਪਨ ਬਿਰਤਾਂਤ ਅਤੇ ਕਰਮ ਵਿਪਾਕ ਹਨ। ਪਹਿਲਾ ਸੰਖੇਪ ਗ੍ਰੰਥ ਸੁਪਨਿਆਂ ਦੀ ਵਿਆਖਿਆ ਨਾਲ ਸੰਬੰਧਿਤ ਹੈ। ਇਸ ਦੀਆਂ ਕੇਵਲ ਦੋ ਕਾਪੀਆਂ ਹੀ ਖਰੜੇ ਦੇ ਰੂਪ ਵਿਚ ਅੱਜ ਤਕ ਸਾਮ੍ਹਣੇ ਆਈਆਂ ਹਨ। ਇਹਨਾਂ ਵਿਚ ਦਸ ਹੱਥ ਲਿਖਤ ਪੰਨੇ ਹਨ ਅਤੇ ਹਰ ਪੰਨੇ ਤੇ 9 ਪੰਕਤੀਆਂ ਹਨ। ਲਿਖਾਈ ਸਾਫ਼ ਅਤੇ ਸ਼ੁੱਧ ਹੈ, ਪਰੰਤੂ ਖਰੜੇ ਦੇ ਅੰਤਲੇ ਪੰਨੇ ਗਾਇਬ ਹੋਣ ਕਾਰਨ ਇਸ ਰਚਨਾ ਦੀ ਮਿਤੀ ਦਾ ਪੱਕਾ ਪਤਾ ਨਹੀਂ ਹੈ।

     ਕਰਮ ਵਿਪਾਕ ਇਕ ਮਿਥਿਹਾਸਿਕ ਕਾਵਿ ਬਿਰਤਾਂਤ ਹੈ ਜਿਸ ਵਿਚ ਸੂਰਯ, ਕਰਮ ਦੇ ਸਿਧਾਂਤ ਦੀ ਆਪਣੇ ਸਾਰਥੀ ਅਰੁਨ ਨੂੰ ਸਿੱਖਿਆ ਦਿੰਦਾ ਹੈ। ਰਾਮ ਗੀਤਾ, ਰਾਮ ਰਿਦਾ ਜਾਂ ਰਾਮ ਰਿਦੈ ਸਤੋਤ੍ਰ ਜਾਂ ਰਾਮ ਹ੍ਰਿ੍ਰਦੈ ਇਹ ਹੋਰ ਰਚਨਾ ਹੈ ਜਿਸ ਵਿਚ ਰਾਮ ਦੇ ਹਨੂਮਾਨ ਨੂੰ ਉਪਦੇਸ਼ ਦਰਜ ਹਨ। ਅਸਲ ਵਿਚ ਇਹ ਅਧਿਆਤਮ ਰਾਮਾਇਣ ਦਾ ਹੀ ਇਕ ਅਧਿਆਇ ਹੈ।


ਲੇਖਕ : ਗ.ਦੇ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.