ਨਾਨਕ-ਪੰਥੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਨਕ-ਪੰਥੀ: ਇਸ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਤਿਪਾਦਿਤ ਧਰਮ , ਅਰਥਾਤ ‘ਨਾਨਕ-ਪੰਥ’ ਵਿਚ ਵਿਸ਼ਵਾਸ ਰਖਣ ਵਾਲਾ ਵਿਅਕਤੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਨੂੰ ‘ਨਾਨਕ ਪੰਥੀ ’ ਨਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ। ਇਹ ਸ਼ਬਦ ਕਦ ਤੋਂ ਵਰਤਿਆ ਜਾਣ ਲਗਿਆ, ਇਸ ਬਾਰੇ ਕੋਈ ਸਪੱਸ਼ਟ ਤੱਥ ਉਪਲਬਧ ਨਹੀਂ ਹੈ, ਪਰ ਅਨੁਮਾਨ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜਿਥੇ ਵੀ ਗਏ ਅਤੇ ਆਪਣਾ ਉਪਦੇਸ਼ ਦੇਣ ਉਪਰੰਤ ਧਰਮਸ਼ਾਲਾ ਸਥਾਪਿਤ ਕੀਤੀ, ਉਥੇ ਮਿਲ ਬੈਠਣ ਵਾਲੇ ਜਿਗਿਆਸੂ ‘ਨਾਨਕਪੰਥੀ’ ਕਰਕੇ ਜਾਣੇ ਜਾਣ ਲਗੇ। ਉਸ ਤੋਂ ਬਾਦ ਉਦਾਸੀ ਸਾਧਾਂ ਨੇ ਗੁਰੂ-ਧਾਮਾਂ ਦੀ ਨਿਸ਼ਾਨਦੇਹੀ ਕਰਕੇ ਜੋ ਸੰਗਤਾਂ ਜਾਂ ਸਮਾਰਕ ਕਾਇਮ ਕੀਤੇ, ਉਹ ਕਾਲਾਂਤਰ ਵਿਚ ਨਾਨਕ-ਪੰਥ ਦੇ ਡੇਰਿਆਂ ਜਾਂ ਆਸ਼੍ਰਮਾਂ ਵਜੋਂ ਪ੍ਰਸਿੱਧ ਹੋਏ ਅਤੇ ਉਥੇ ਇਕੱਠੇ ਹੋਣ ਵਾਲੇ ਜਿਗਿਆਸੂ ‘ਨਾਨਕ-ਪੰਥੀ’ ਅਖਵਾਏ। ਇਨ੍ਹਾਂ ਨੂੰ ‘ਨਾਨਕਸ਼ਾਹੀ’ ਵੀ ਕਿਹਾ ਜਾਂਦਾ ਹੈ। ਇਸ ਸ਼ਬਦ ਨੂੰ ਲਿਖਿਤ ਰੂਪ ਵਿਚ ਸਭ ਤੋਂ ਪਹਿਲਾਂ 17ਵੀਂ ਸਦੀ ਵਿਚ ਹੋਏ ਜ਼ੁਲਫ਼ਿਕਾਰ ਅਰਦਿਸਤਾਨੀ ਨੇ ਫ਼ਾਰਸੀ ਵਿਚ ਆਪਣੀ ਪੁਸਤਕ ‘ਦਬਿਸਤਾਨ-ਏ-ਮਜ਼ਾਹਿਬ’ ਵਿਚ ਵਰਤਿਆ। ਤੁਲਨਾਤਮਕ ਧਰਮ ਅਧਿਐਨ ਦੀ ਇਸ ਪੁਸਤਕ ਵਿਚ ਇਕ ਪੂਰਾ ਅਧਿਆਇ ਹੀ ਨਾਨਕ-ਪੰਥੀਆਂ ਸੰਬੰਧੀ ਅੰਕਿਤ ਹੈ।
ਅਸਲ ਵਿਚ, ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਾਰੇ ਗੁਰੂ-ਅਨੁਯਾਈ ਨਾਨਕਪੰਥੀ ਹੀ ਅਖਵਾਉਂਦੇ ਸਨ। ਇਹ ਨਾਂ ਪੰਜਾਬ ਤੋਂ ਬਾਹਰ ਅਧਿਕ ਪ੍ਰਚਲਿਤ ਹੋਇਆ ਕਿਉਂਕਿ ਉਥੇ ਹੋਰਨਾਂ ਧਰਮ-ਸਾਧਕਾਂ ਤੋਂ ਨਿਖੇੜਨ ਲਈ ਇਸ ਦੇ ਵਰਤੇ ਜਾਣ ਦੀ ਲੋੜ ਪਈ। ਪਰ ਪੰਜਾਬ ਵਿਚ ਗੁਰੂ ਸਾਹਿਬਾਨ ਦੇ ਅਨੁਯਾਈਆਂ ਨੂੰ ਆਮ ਤੌਰ ’ਤੇ ‘ਸਿੱਖ ’ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਿਰਜਨਾ ਤੋਂ ਬਾਦ ਸਿੱਖਾਂ ਲਈ ਕੇਸ ਰਖਣ ਦੀ ਇਕ ਨਵੀਂ ਪ੍ਰਣਾਲੀ ਨੇ ਜਨਮ ਲਿਆ। ਸਿੰਘ ਸਜਣ ਦੀ ਪ੍ਰਕ੍ਰਿਆ ਚੂੰਕਿ ਹੌਲੀ ਹੌਲੀ ਸਹਿਜ ਢੰਗ ਨਾਲ ਸ਼ੁਰੂ ਹੋਈ, ਇਸ ਲਈ ਜੋ ਸਿੰਘ ਨ ਬਣ ਸਕੇ , ਜਾਂ ਅਜੇ ਬਣਨ ਲਈ ਉਹ ਮਨ ਨ ਬਣਾ ਸਕੇ, ਉਨ੍ਹਾਂ ਲਈ ‘ਸਹਿਜਧਾਰੀ’ ਸ਼ਬਦ ਅਤੇ ਜੋ ਸਿੰਘ ਸਜ ਗਏ, ਉਨ੍ਹਾਂ ਲਈ ‘ਕੇਸਧਾਰੀ’ ਸ਼ਬਦ ਵਰਤੇ ਜਾਣ ਲਗੇ। ਇਨ੍ਹਾਂ ਦੋਹਾਂ ਨੂੰ ਕਈ ਇਤਿਹਾਸਕਾਰਾਂ ਨੇ ਕ੍ਰਮਵਾਰ ‘ਖੁਲਾਸਾ’ ਅਤੇ ‘ਖ਼ਾਲਸਾ ’ ਸ਼ਬਦ ਵਰਤੇ ਹਨ।
ਪੰਜਾਬ ਤੋਂ ਬਾਹਰ ਉਦਾਸੀ ਸਾਧਾਂ ਨੇ ਬੜੇ ਵਿਸਤਾਰ ਅਤੇ ਦ੍ਰਿੜ੍ਹਤਾ ਨਾਲ ਗੁਰੂ ਨਾਨਕ ਮਤ ਦਾ ਪ੍ਰਚਾਰ ਕੀਤਾ ਜਿਸ ਦੇ ਫਲਸਰੂਪ ਲਗਭਗ ਹਰ ਪ੍ਰਾਂਤ ਵਿਚ ਨਾਨਕ-ਪੰਥੀ ਮਿਲ ਜਾਂਦੇ ਹਨ, ਖ਼ਾਸ ਕਰਕੇ ਆਸਾਮ, ਬੰਗਾਲ, ਬਿਹਾਰ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼। ਉਦਾਸੀ ਖ਼ੁਦ ਵੀ ਆਪਣੇ ਆਪ ਨੂੰ ਨਾਨਕਪੰਥੀ ਅਖਵਾਉਂਦੇ ਹਨ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਦ ਸਿੰਧ ਪ੍ਰਾਂਤ ਦੇ ਬਹੁਤੇ ਨਾਨਕਪੰਥੀ ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਵਿਚ ਆ ਵਸੇ ਹਨ। ਦਿੱਲੀ ਵਿਚ ਪੂਸਾ ਰੋਡ ਉਤੇ ਦਾਦਾ ਚੇਲਾ ਰਾਮ ਦੁਆਰਾ ਸਥਾਪਿਤ ਕੀਤਾ ‘ਨਿਜਥਾਉਂ’ ਸਿੰਧੀ ਨਾਨਕਪੰਥੀਆਂ ਦਾ ਪ੍ਰਮੁਖ ਕੇਂਦਰ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਸੁਪ੍ਰਸਿੱਧ ਪ੍ਰਸਾਦੀ ਹਾਥੀ ਅਸਾਮ ਦੇ ਇਕ ਨਾਨਕਪੰਥੀ ਰਾਜਾ ਰਤਨ ਰਾਇ ਦੁਆਰਾ ਭੇਂਟ ਕੀਤਾ ਗਿਆ ਸੀ। ਪੰਜਾਬ ਅਤੇ ਸਰਹਦੀ ਸੂਬੇ ਤੋਂ ਉਜੜੇ ਕਈ ਸਿੱਖ ਪਰਿਵਾਰ ਜੋ ਦਿਲੀਓਂ ਅਗੇ ਨਿਕਲ ਕੇ ਹੋਰਨਾਂ ਦੂਰ- ਦੁਰਾਡੇ ਪ੍ਰਾਂਤਾਂ ਵਿਚ ਜਾ ਵਸੇ, ਉਹ ਵੀ ਉਧਰੋਂ ਦੇ ਮੂਲ ਵਾਸੀਆਂ ਦੁਆਰਾ ਨਾਨਕਪੰਥੀ ਹੀ ਅਖਵਾਉਣ ਲਗੇ, ਭਾਵੇਂ ਉਹ ਕੇਸਧਾਰੀ ਹੀ ਕਿਉਂ ਨ ਹੋਣ। ਇਸ ਤਰ੍ਹਾਂ ਸਥੂਲ ਤੌਰ’ਤੇ ਹਰ ਸਿੱਖ ਨਾਨਕ-ਪੰਥੀ ਅਖਵਾ ਸਕਦਾ ਹੈ, ਪਰ ਸੂਖਮ ਰੂਪ ਵਿਚ ਮੁੱਖ ਧਾਰਾ ਤੋਂ ਦੁਰ ਰਹਿੰਦੇ ਸਿੱਖ ਇਲਾਕਾਈ ਨਿਖੇੜ ਵਜੋਂ ਨਾਨਕਪੰਥੀ ਕਹੇ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First