ਨਾਮ-ਸਾਧਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮ-ਸਾਧਨਾ: ਇਸ ਸਾਧਨਾ ਵਿਚ ਨਾਮ ਦੀ ਆਰਾਧਨਾ ਹੁੰਦੀ ਹੈ ਅਤੇ ਉਸੇ ਰਾਹੀਂ ਅਧਿਆਤਮਿਕ ਕਰਤੱਵ ਦੀ ਪਾਲਨਾ ਕੀਤੀ ਜਾਏ।

‘ਨਾਮ’ ਤੋਂ ਭਾਵ ਹੈ ਉਹ ਸੰਗਿਆ ਜਿਸ ਰਾਹੀਂ ਕਿਸੇ ਵਸਤੂ , ਸਥਾਨ ਜਾਂ ਵਿਅਕਤੀ ਦਾ ਪਰਿਚਯ ਪ੍ਰਾਪਤ ਹੋਏ। ਸਾਧਾਰਣ ਅਰਥ ਵਿਚ ਇਸ ਦੀ ਵਰਤੋਂ ਕਿਸੇ ਵਸਤੂ ਆਦਿ ਦੇ ਗੁਣ , ਸੁਭਾ ਅਤੇ ਸਰੂਪ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਇਸੇ ਬਿਰਤੀ ਅਧੀਨ ਪਰਮਾਤਮਾ ਦੇ ਕਈ ਨਾਮ ਰਖੇ ਗਏ ਹਨ, ਜਿਨ੍ਹਾਂ ਵਿਚ ਸਰਵਾਤਮਾ ਸਰੂਪ ਪਰਮਾਤਮਾ ਦੇ ਵਿਰਾਟ ਵਿਅਕਤਿਤਵ ਦੀ ਧਾਰਣਾ ਕਿਸੇ ਨ ਕਿਸੇ ਮਾਤ੍ਰਾ ਵਿਚ ਬਣੀ ਰਹਿੰਦੀ ਹੈ। ਪਰ ਇਹ ਨਾਮ ਜਿਗਿਆਸੂ, ਸਾਧਕ ਅਥਵਾ ਚਿੰਤਕ ਦੇ ਹਿਰਦੇ ਦੀਆਂ ਭਾਵਨਾਵਾਂ ਦੇ ਪ੍ਰਤੀਕ ਵਜੋਂ ਪ੍ਰਚਲਿਤ ਹੋਏ ਹਨ। ਪਰਮਾਤਮਾ ਲਈ ਕੋਈ ਵਿਸ਼ੇਸ਼ ਨਾਮ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨਹੀਂ ਰਖਦਾ। ਪਰਮਾਤਮਾ ਅੰਤਰਯਾਮੀ ਹੈ, ਉਹ ਹਰ ਇਕ ਦੇ ਹਿਰਦੇ ਦੀਆਂ ਗੱਲਾਂ ਜਾਣਦਾ ਹੈ। ਇਸ ਲਈ ਉਸ ਨੂੰ ਕਿਸੇ ਭਾਸ਼ਾ ਦੇ ਸ਼ਬਦ ਜਾਂ ਪ੍ਰਤੀਕ ਦੁਆਰਾ ਸਮਝਣ ਅਥਵਾ ਸਮਝਾਉਣ ਦੀ ਲੋੜ ਨਹੀਂ। ਇਸੇ ਲਈ ਸਿੱਖ ਧਰਮ-ਸਾਧਨਾ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਕੋਈ ਨਿਸ਼ਚਿਤ ਨਾਮ ਨਹੀਂ ਦਸਿਆ ਕਿਉਂਕਿ ਪਰਮਾਤਮਾ ਦੇ ਹੁਣ ਤਕ ਰਖੇ ਗਏ ਨਾਂਵਾਂ ਦੀ ਗਿਣਤੀ ਦਾ ਅੰਤ ਪਾ ਸਕਣਾ ਵੀ ਸੰਭਵ ਨਹੀਂ— ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਜਾਹੀ ਤੇਰੇ ਗੁਣ ਕੇਤੇ (ਗੁ.ਗ੍ਰੰ.358)। ਸਪੱਸ਼ਟ ਹੈ ਕਿ ਪਰਮਾਤਮਾ ਨੂੰ ਕਿਸੇ ਖ਼ਾਸ ਨਾਂ ਰਾਹੀਂ ਬੰਨ੍ਹਿਆ ਜਾਂ ਦਰਸਾਇਆ ਨਹੀਂ ਜਾ ਸਕਦਾ। ਇਹ ਨਾਂ ਕੇਵਲ ਸਾਧਕ ਦੀਆਂ ਇਸ਼ਟ-ਭਾਵਨਾਵਾਂ ਅਥਵਾ ਅਨੁਭੂਤੀਆਂ ਦੇ ਪ੍ਰਤੀਕ ਹਨ। ਭਾਵਨਾਵਾਂ ਦੇ ਅਨੰਤ ਹੋਣ ਕਰਕੇ ਨਾਮ ਵੀ ਅਨੰਤ ਹਨ। ਪਰਮਾਤਮਾ ਦਾ ਅਸਲ ਨਾਮ ਤਾਂ ਉਹ ਹੈ ਜਿਸ ਦੁਆਰਾ ਉਸ ਦੀ ਹੋਂਦ ਦਾ ਬੋਧ ਹੁੰਦਾ ਹੈ। ਅਜਿਹਾ ਨਾਂ ਜੇ ਕੋਈ ਹੈ ਤਾਂ ਉਹ ਹੈ ‘ਸਤਿ’— ਤੇਰਾ ਸਚੁ ਨਾਮੁ ਪਰਮੇਸਰਾ (ਗੁ.ਗ੍ਰੰ.1168)। ਜੀਭ ਦੁਆਰਾ ਕਹੇ ਜਾਣ ਵਾਲੇ ਬਾਕੀ ਸਾਰੇ ਨਾਂ ਬਨਾਵਟੀ ਹਨ। ਗੁਰੂ ਅਰਜਨ ਦੇਵ ਜੀ ਅਨੁਸਾਰ — ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿਨਾਮੁ ਤੇਰਾ ਪਰਾ ਪੂਰਬਲਾ (ਗੁ.ਗ੍ਰੰ.1083)। ਇਹ ਨਾਂ ਇਸ਼ਟ- ਭਾਵਨਾਵਾਂ ਦੀਆਂ ਸੰਪ੍ਰਦਾਇਕ ਰੁਚੀਆਂ ਤੋਂ ਮੁਕਤ ਅਤੇ ਸਾਰੀਆਂ ਆਸਤਿਕ ਪਰੰਪਰਾਵਾਂ ਦੁਆਰਾ ਸਵੀਕ੍ਰਿਤ ਹੈ। ਇਹ ਨਾਂ ਅਨੁਭੂਤੀਆਂ ਦੇ ਘੇਰੇ ਵਿਚ ਵੀ ਨਹੀਂ ਆਉਂਦਾ ਕਿਉਂਕਿ ਪਰਮਾਤਮਾ ਸੰਬੰਧੀ ਅਨੁਭੂਤੀਆਂ ਦਾ ਜਨਮ ਉਸ ਦੀ ਹੋਂਦ ਨੂੰ ਮੰਨਣ ਤੋਂ ਬਾਦ ਹੁੰਦਾ ਹੈ।

ਮੱਧ-ਯੁਗ ਦੇ ਸੰਤ-ਸਾਧਕਾਂ ਲਈ ਨਾਮ ਕਿਸੇ ਵਿਸ਼ੇਸ਼ ਸ਼ਬਦ ਤਕ ਸੀਮਿਤ ਨਹੀਂ, ਇਸ ਦਾ ਭਾਵਨਾ ਆਧਾਰਿਤ ਆਪਣਾ ਸੁਤੰਤਰ ਸਰੂਪ ਹੈ। ਇਸ ਨੂੰ ਪਰਮਾਤਮਾ ਦਾ ਸਮੁੱਚਾ ਅਭਿਵਿਅੰਜਨ ਕਿਹਾ ਜਾ ਸਕਦਾ ਹੈ। ਇਹ, ਅਸਲ ਵਿਚ, ਪਰਮਾਤਮਾ ਦਾ ਵਾਚਕ ਹੈ। ਸੰਸਾਰ ਵਿਚ ਜੋ ਬਣਿਆ ਹੈ, ਸਭ ਨਾਮ ਹੀ ਹੈ— ਜੇਤਾ ਕੀਤਾ ਤੇਤਾ ਨਾਉ ਵਿਣੁ ਨਾਵੈ ਨਾਹੀ ਕੋ ਥਾਉ (ਗੁ.ਗ੍ਰੰ.4)। ਇਹ ਨਾਮ ਪਰਮਾਤਮਾ ਦੇ ਗੁਣਾਂ , ਵਿਸ਼ੇਸ਼ਤਾਵਾਂ ਆਦਿ ਨੂੰ ਰੂਪਾਇਤ ਕਰਨ ਵਾਲਾ ਅਤੇ ਸ਼ਰਧਾਲੂਆਂ ਨੂੰ ਪਰਮਾਤਮਾ ਦਾ ਸਾਖਿਆਤ ਕਰਾਉਣ ਵਾਲਾ ਹੈ। ਜਿਸ ਤਰ੍ਹਾਂ ਵਾਚੑਯ ਅਤੇ ਵਾਚਕ ਵਿਚ ਕੋਈ ਅੰਤਰ ਨਹੀਂ ਹੈ, ਉਸੇ ਤਰ੍ਹਾਂ ਨਾਮੀ ਅਤੇ ਨਾਮ ਵਿਚ ਵੀ ਕੋਈ ਅੰਤਰ ਨਹੀਂ ਹੈ। ਦੋਹਾਂ ਦਾ ਅੰਸ਼ੀ-ਅੰਸ਼ ਸੰਬੰਧ ਹੈ। ਫਲਸਰੂਪ ਨਾਮੀ (ਪਰਮਾਤਮਾ) ਦੀਆਂ ਸਾਰੀਆਂ ਸ਼ਕਤੀਆਂ, ਸਮਰਥਤਾਵਾਂ ਆਦਿ ਦਾ ਆਰੋਪਣ ਨਾਮ ਵਿਚ ਵੇਖਿਆ ਜਾ ਸਕਦਾ ਹੈ। ਇਹ ਨਾਮੀ ਦੇ ਵਿਸਤ੍ਰਿਤ ਰੂਪ ਦਾ ਘਣੀਭੂਤ ਰੂਪ ਹੈ। ਅਸਲ ਵਿਚ, ਨਾਮ ਮੱਧ-ਯੁਗ ਤਕ ਪਹੁੰਚ ਕੇ ਆਪਣੇ ਧੁਨੑਯਾਤਮਕ ਅਰਥ ਵਿਚ ਉਭਰ ਕੇ ਸਾਹਮਣੇ ਆਇਆ ਹੈ। ਗੁਰਬਾਣੀ ਅਨੁਸਾਰ ਇਹ ਇਕ ਸਰਵ-ਵਿਆਪਕ ਸ਼ਕਤੀ ਹੈ ਜੋ ਸਰਵਤ੍ਰ ਭਰਪੂਰ ਹੈ। ਇਸ ਦੀ ਉਤਪੱਤੀ ਵੀ ਨਾਮੀ ਦੁਆਰਾ ਹੋਈ ਹੈ— ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ (ਗੁ.ਗ੍ਰੰ. 463)। ਨਾਮੀ ਵਾਂਗ ਸਾਰੀਆਂ ਜਾਗਤਿਕ ਸ਼ਕਤੀਆਂ ਨਾਮ ਦੇ ਅਧੀਨ ਹਨ—ਸਰਬ ਜੋਤਿ ਨਾਮੈ ਕੀ ਚੇਰਿ (ਗੁ.ਗ੍ਰੰ. 1187)। ਸਪੱਸ਼ਟ ਹੈ ਕਿ ਨਾਮੀ ਦੀ ਸਾਧਨਾ ਅਥਵਾ ਭਗਤੀ ਨਾਮ-ਸਾਧਨਾ ਰਾਹੀਂ ਸੰਪੰਨ ਹੁੰਦੀ ਹੈ। ਨਾਮ ਲੈਣ ਨਾਲ ਨਾਮੀ ਦੀ ਛੋਹ ਪ੍ਰਾਪਤ ਕੀਤੀ ਜਾ ਸਕਦੀ ਹੈ।

ਨਾਮ-ਸਾਧਨਾ ਮੱਧ-ਯੁਗ ਦੀ ਕੋਈ ਅਕਸਮਾਤ ਪ੍ਰਵ੍ਰਿੱਤੀ ਨਹੀਂ, ਇਸ ਦਾ ਆਪਣਾ ਇਤਿਹਾਸ ਹੈ। ਉਸ ਇਤਿਹਾਸ ਦੇ ਆਧਾਰ’ਤੇ ਉਸਰੀ ਇਹ ਇਕ ਯੁਗ-ਅਨੁਕੂਲ ਚੇਤਨਾ ਹੈ। ਇਸ ਦਾ ਉਦਭਵ ਸ਼ਬਦ-ਬ੍ਰਹਮ ਦੀ ਉਪਾਸਨਾ- ਵਿਧੀ ਵਿਚ ਵੇਖਿਆ ਜਾ ਸਕਦਾ ਹੈ।

            ਸ਼ਬਦ ਰੂਪ ਬ੍ਰਹਮ ਦੀ ਧਾਰਣਾ ਬਹੁਤ ਪ੍ਰਾਚੀਨ ਹੈ। ‘ਰਿਗਵੇਦ ’ (1/164/45) ਵਿਚ ਇਸ ਦਾ ਵਰਣਨ ਪਸ਼ੑਯੰਤੀ ਰੂਪ ਵਿਚ ਵੇਖਿਆ ਜਾ ਸਕਦਾ ਹੈ। ‘ਕਠ-ਉਪਨਿਸ਼ਦ’ (1/2/16) ਅਨੁਸਾਰ ਸ਼ਬਦ ਬ੍ਰਹਮ ਦੇ ਗਿਆਨ ਨਾਲ ਮਨੁੱਖ ਮਨ-ਇੱਛਿਤ ਕਾਮਨਾਵਾਂ ਨੂੰ ਪੂਰਾ ਕਰ ਸਕਦਾ ਹੈ। ‘ਮਾਂਡੂਕੑਯ-ਉਪਨਿਸ਼ਦ’ (ਮੰਤ੍ਰ 1) ਵਿਚ ਸ਼ਬਦ ਦੀ ਮਹਿਮਾ ਓਅੰਕਾਰ ਰੂਪ ਵਿਚ ਗਾਈ ਗਈ ਹੈ। ਅੱਖਰ ਹੀ ਸਭ ਕੁਝ ਹੈ। ਜੋ ਕਾਲ-ਅਤੀਤ ਹੈ, ਉਹ ਵੀ ਓਅੰਕਾਰ ਹੀ ਹੈ। ‘ਛਾਂਦੋ- ਗੑਯੋਪਨਿਸ਼ਦ’ (2/23/3) ਵਿਚ ਓਅੰਕਾਰ ਤੋਂ ਹੀ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਹੋਇਆ ਹੈ ਅਤੇ ਉਹੀ ਸਰਵਤ੍ਰ ਵਿਆਪਕ ਹੈ।

ਪ੍ਰਸ਼ਨ-ਉਪਨਿਸ਼ਦ ਦੇ ਪੰਜਵੇਂ ਪ੍ਰਸ਼ਨ ਵਿਚ ਸਤੑਯਕਾਮ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਇਆਂ ਪਿੱਪਲਾਦ ਮੁਨੀ ਨੇ ਓਅੰਕਾਰ ਦਾ ਪਰ ਅਤੇ ਅਪਰ ਬ੍ਰਹਮ ਦੇ ਪ੍ਰਤੀਕ ਰੂਪ ਵਿਚ ਵਿਸਤਾਰ ਨਾਲ ਵਰਣਨ ਕੀਤਾ ਹੈ। ਇਸ ਦੇ ਚੌਥੇ ਪ੍ਰਸ਼ਨ ਵਿਚ ਇਹ ਵੀ ਦਸਿਆ ਗਿਆ ਹੈ ਕਿ ਛਾਇਆਹੀਨ, ਅਸ਼ਰੀਰੀ, ਸ਼ੁਭ ਅੱਖਰ ਨੂੰ ਜੋ ਪੁਰਸ਼ ਜਾਣਦਾ ਹੈ ਉਹ ਉਸ ਪਰ-ਅੱਖਰ ਨੂੰ ਹੀ ਪ੍ਰਾਪਤ ਹੋ ਕੇ ਸਵੑਰਗ ਅਤੇ ਸਰਵਰੂਪ ਹੋ ਜਾਂਦਾ ਹੈ। ‘ਯੋਗਸੂਤ੍ਰ’ ਦੇ ਸਮਾਧਿਪਾਦ (1/27) ਵਿਚ ਪ੍ਰਣਵ (ਓਅੰਕਾਰ) ਨੂੰ ਬ੍ਰਹਮ ਦਾ ਵਾਚਕ ਮੰਨਿਆ ਗਿਆ ਹੈ— ‘ਤਸੑਯ ਵਾਚਕ: ਪ੍ਰਣਵ :’। ‘ਬ੍ਰਹਮਸੂਤ੍ਰ’ ਦੇ ਸ਼ੰਕਰਾਚਾਰਯ ਦੁਆਰਾ ਕੀਤੇ ਭਾਸ਼ੑਯ (1/3/28) ਵਿਚ ਸ਼ਬਦ ਤੋਂ ਸੰਸਾਰ ਦੀ ਉਤਪੱਤੀ ਮੰਨੀ ਗਈ ਹੈ।

ਪੁਰਾਣ-ਸਾਹਿਤ ਵਿਚ ਵੀ ਕਿਤੇ ਕਿਤੇ ਸ਼ਬਦ- ਬ੍ਰਹਮ ਦਾ ਉੱਲੇਖ ਮਿਲ ਜਾਂਦਾ ਹੈ। ਨਾਥ-ਪੰਥ ਵਿਚ ਸ਼ਬਦ ਦੇ ਮਹੱਤਵ ਦੀ ਸਥਾਪਨਾ ਕੀਤੀ ਗਈ ਹੈ। ਗੋਰਖਨਾਥ ਅਨੁਸਾਰ ਸ਼ਬਦ ਹੀ ਸਭ ਕੁਝ ਹੈ; ਇਹੀ ਤਾਲਾ ਹੈ, ਇਹੀ ਕੁੰਜੀ ਹੈ ਅਤੇ ਇਸ ਤੋਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਤੋਂ ਹੀ ਸ਼ਬਦ ਦਾ ਪਰਿਚਯ ਮਿਲਦਾ ਹੈ ਅਤੇ ਸ਼ਬਦ ਦਾ ਅੰਤ ਵੀ ਸ਼ਬਦ ਵਿਚ ਹੁੰਦਾ ਹੈ। (ਗੋਰਖਬਾਣੀ, ਪੰਨਾ 8)। ਤੰਤ੍ਰ-ਗ੍ਰੰਥਾਂ ਵਿਚ ਪ੍ਰਣਵਵਾਦ ਦੀ ਵਿਆਖਿਆ ਨਾਦ ਅਤੇ ਬਿੰਦੂ ਦੇ ਨਾਂ ਨਾਲ ਹੋਈ ਹੈ।

ਭਾਰਤ ਦੇ ਵਿਭਿੰਨ ਸ਼ਾਸਤ੍ਰਾਂ ਅਥਵਾ ਦਾਰਸ਼ਨਿਕ ਸੰਪ੍ਰਦਾਵਾਂ ਵਿਚ ਸ਼ਬਦ-ਪ੍ਰਮਾਣ ਦੀ ਸਤਿਅਤਾ ਵਿਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ। ਜੈਨ ਅਤੇ ਬੌਧ ਮਤਾਂ ਵਿਚ ਵੇਦ ਨੂੰ ਪ੍ਰਮਾਣ-ਵਾਕ ਨ ਮੰਨਣ ਦੇ ਬਾਵਜੂਦ ਸ਼ਬਦ- ਪ੍ਰਮਾਣ ਦੀ ਨਿਖੇਧੀ ਨਹੀਂ ਕੀਤੀ ਗਈ। ਜੈਨ-ਮਤ ਦੇ ਆਗਮਾਂ ਅਤੇ ਬੌਧ-ਵਚਨਾਂ ਨੂੰ ਪ੍ਰਮਾਣ-ਸਿੱਧ ਮੰਨਿਆ ਜਾਂਦਾ ਹੈ। ਨਿਆਇ-ਦਰਸ਼ਨ ਵਿਚ ਸ਼ਬਦ ਅੰਤਿਮ ਪ੍ਰਮਾਣ ਹੈ। ਆਪੑਤ (ਵਿਸ਼ਵਾਸਯੋਗ) ਪੁਰਸ਼ ਦਾ ਉਪਦੇਸ਼ ਹੀ ਸ਼ਬਦ ਹੈ। ਸਾਂਖੑਯ-ਦਰਸ਼ਨ ਵਾਲੇ ਆਪੑਤ-ਵਚਨ ਨੂੰ ਸ਼ਬਦ ਕਹਿੰਦੇ ਹਨ। ਮੀਮਾਂਸਾ ਦਰਸ਼ਨ ਵਿਚ ਸ਼ਬਦ-ਪ੍ਰਮਾਣ ਨੂੰ ਪੂਰਾ ਮਹੱਤਵ ਦਿੱਤਾ ਗਿਆ ਹੈ।

ਪ੍ਰਸੰਗ-ਵਸ ਇਥੇ ਸ਼ਬਦਾਦ੍ਵੈਤ ਸਿੱਧਾਂਤ ਦਾ ਉੱਲੇਖ ਵੀ ਕੀਤਾ ਜਾ ਸਕਦਾ ਹੈ। ਇਸ ਦਾ ਬੀਜ ਰੂਪ ਭਾਵੇਂ ਪਸ਼ੑਯੰਤੀ ਰੂਪ ਵਿਚ ਰਿਗ-ਵੇਦ (1/164/65) ਵਿਚ ਮਿਲਦਾ ਹੈ, ਪਰ ਇਸ ਦਾ ਸ਼ਾਸਤ੍ਰੀ ਸਰੂਪ ਪਾਣਿਨੀ ਦੇ ਵਿਆਕਰਣ ਦੇ ਪਾਤੰਜਲ-ਮਹਾਭਾਸ਼ੑਯ ਅਤੇ ਵਿਕਸਿਤ ਰੂਪ ਭਰਤ੍ਰਿ-ਹਰਿ ਦੇ ‘ਵਾਕੑਯਪਦੀਯ’ ਵਿਚ ਉਪਲਬਧ ਹੈ। ਉਸ ਅਨੁਸਾਰ ਸ਼ਬਦਾਦ੍ਵੈਤ ਦਾ ਤਾਤਪਰਜ ਹੈ ਵਿਸਫੋਟ ਰੂਪ ਸ਼ਬਦ ਹੀ ਇਕ-ਮਾਤ੍ਰ ਸਤਿ ਪਦਾਰਥ ਹੈ। ਇਹ ਸਾਰਾ ਜਗਤ ਇਸੇ ਵਿਸਫੋਟ ਦਾ ਹੀ ਕੇਵਲ ਰੂਪਾਂਤਰਣ ਹੈ। ‘ਵਾਕ ’ ਅਥਵਾ ‘ਸ਼ਬਦ’ ਚਾਰ ਪ੍ਰਕਾਰ ਦਾ ਹੁੰਦਾ ਹੈ— ਪਰਾ, ਪਸ਼ੑਯੰਤੀ, ਮਧੑਯਮਾ ਅਤੇ ਵੈਖਰੀ। ਇਨ੍ਹਾਂ ਵਿਚੋਂ ‘ਪਸ਼ੑਯੰਤੀ’ ਸ਼ਬਦ ਪਰਮਾਤਮਾ-ਸਰੂਪੀ ਹੈ। ਇਹ ਅਖੰਡ , ਅਭਿੰਨ, ਅਦ੍ਵੈਤ-ਤੱਤ੍ਵ ਹੈ।

‘ਪ੍ਰਣਵ’ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ‘ਯੋਗਸੂਤ੍ਰ’ ਦੇ ਇਕ ਵਿਆਖਿਆਕਾਰ ਨੇ ਦਸਿਆ ਹੈ ਕਿ ਭਗਤ ਜਿਸ ਦੀ ਉੱਤਮਤਾ ਸਹਿਤ ਉਸਤਤ ਕਰਦਾ ਹੈ, ਉਹ ‘ਪ੍ਰਣਵ’ ਹੈ। ਉਹੀ ‘ਓਅੰਕਾਰ’ ਹੈ। ਵਿਗਿਆਨਿਕ ਦ੍ਰਿਸ਼ਟੀ ਤੋਂ ਪ੍ਰਣਵ ਦੇ ਸਰੂਪ ਬਾਰੇ ਕਿਹਾ ਜਾ ਸਕਦਾ ਹੈ ਕਿ ਜਿਥੇ ਕੋਈ ਕਾਰਜ ਹੈ, ਉਥੇ ਥਰਥਰਾਹਟ ਜ਼ਰੂਰ ਹੋਵੇਗੀ ਅਤੇ ਜਿਥੇ ਥਰਥਰਾਹਟ ਹੋਵੇਗੀ, ਉਥੇ ਸ਼ਬਦ ਜ਼ਰੂਰ ਹੋਵੇਗਾ। ਸ੍ਰਿਸ਼ਟੀ ਦੇ ਆਦਿ ਕਾਰਣ ਰੂਪ ਕਾਰਜ ਦੀ ਧੁਨੀ ਹੀ ‘ਓਅੰਕਾਰ’ ਹੈ ਅਤੇ ਇਹੀ ‘ਪ੍ਰਣਵ’ ਹੈ। ਇਸ ਵਾਚਿਕ ਪ੍ਰਣਵ ਅਤੇ ਵਾਚੑਯ ਈਸ਼ਵਰ ਵਿਚ ਅਨਾਦਿ ਅਤੇ ਨਿੱਤ ਸੰਬੰਧ ਹੈ। ਇਸ ਵਾਚਿਕ ਪ੍ਰਣਵ ਦੇ ਮਾਨਸਿਕ ਜਾਪ ਦੀ ਪ੍ਰਪਕ ਅਵਸਥਾ ਤੋਂ ਬਾਦ ਯੋਗੀ ਕੇਵਲ ਧਿਆਨ ਰੂਪ ਧੁਨੀਆਤਮਕ ਪ੍ਰਣਵ ਦੀ ਭੂਮੀ ਵਿਚ ਪਹੁੰਚ ਜਾਂਦਾ ਹੈ। ਪ੍ਰਣਵ-ਸਾਧਨਾ ਦੇ ਸਰੂਪ ਨੂੰ ਇਕ ਰੂਪਕ ਦੁਆਰਾ ਸਪੱਸ਼ਟ ਕਰਦੇ ਹੋਇਆਂ ‘ਮੁੰਡਕ-ਉਪਨਿਸ਼ਦ’ (2/2/4) ਦੇ ਰਚੈਤਾ ਨੇ ਦਸਿਆ ਹੈ ਕਿ ਪ੍ਰਣਵ ਧਨੁਸ਼ ਹੈ, ਉਪਾਧੀਯੁਕਤ ਆਤਮਾ ਬਾਣ ਹੈ ਅਤੇ ਬ੍ਰਹਮ ਉਸ ਦਾ ਨਿਸ਼ਾਣਾ ਹੈ। ਨਿਸ਼ਾਣੇ ਉਤੇ ਬਾਣ ਬੜੀ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ। ਬਾਣ ਵਾਂਗ ਸਾਧਕ ਦੀ ਤਨਮਇਤਾ ਬਹੁਤ ਜ਼ਰੂਰੀ ਹੈ।

ਤੰਤ੍ਰ-ਗ੍ਰੰਥਾਂ ਵਿਚ ਪ੍ਰਣਵਵਾਦ ਜਾਂ ਸ਼ਬਦਵਾਦ ਦੀ ਸਥਾਪਨਾ ਨਾਦ ਅਤੇ ਬਿੰਦੂ ਰੂਪ ਵਿਚ ਹੋਈ ਹੈ। ਇਹੀ ਉਨ੍ਹਾਂ ਦਾ ਨਾਦ-ਯੋਗ ਹੈ। ਨਾਦ ਅਤੇ ਬਿੰਦੂ, ਅਸਲ ਵਿਚ, ਸਾਰੇ ਬ੍ਰਹਮੰਡ ਵਿਚ ਵਿਆਪਤ ਅਨਾਹਤ-ਨਾਦ ਜਾਂ ਅਨਹਦ-ਨਾਦ ਦਾ ਵਿਅਕਤੀ ਵਿਚ ਵਿਅਕਤ ਰੂਪ ਹੈ। ਇਹੀ ਨਾਦ, ਅਸਲ ਵਿਚ, ਉਪਾਧੀ-ਯੁਕਤ ਹੋਣ’ਤੇ ਸੱਤ ਸੁਰਾਂ ਵਿਚ ਵੰਡਿਆ ਜਾਂਦਾ ਹੈ, ਪਰ ਉਪਾਧੀ-ਰਹਿਤ ਹੋਣ’ਤੇ ਇਹ ‘ਪ੍ਰਣਵ’ ਜਾਂ ‘ਓਅੰਕਾਰ’ ਅਖਵਾਉਂਦਾ ਹੈ। ਇਹ ਸ਼ਬਦ ਵੀ ਹੈ। ਮਨ ਦੇ ਸ਼ੁੱਧ ਹੋਣ ਨਾਲ ਸੁਰਾਂ ਸੁਣਨੀਆਂ ਬੰਦ ਹੋ ਜਾਂਦੀਆਂ ਹਨ। ਜੀਵਾਤਮਾ ਆਪਣੇ ਮੂਲ ਸਰੂਪ ਵਿਚ ਸਥਿਰ ਹੋ ਜਾਂਦੀ ਹੈ, ਉਸ ਦਾ ਬਾਹਰਲੀ ਪ੍ਰਕ੍ਰਿਤੀ ਜਾਂ ਜਗਤ ਨਾਲ ਕੋਈ ਸਰੋਕਾਰ ਨਹੀਂ ਰਹਿੰਦਾ।

ਬੌਧ-ਮਤ ਦੀ ਇਕ ਸ਼ਾਖਾ ਜਿਸ ਨੇ ਮੰਤ੍ਰ ਦਾ ਅਧਿਕ ਪ੍ਰਯੋਗ ਕੀਤਾ, ਮੰਤ੍ਰਯਾਨ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸ ਦਾ ਆਰੰਭ ਸ਼ੂਨੑਯਵਾਦ ਦੇ ਸੂਖਮ ਵਿਵੇਚਨ ਨੂੰ ਲੈ ਕੇ ਹੋਇਆ ਸੀ। ਬੌਧ-ਮਤ ਦੀ ਅਸਾਧਾਰਣਤਾ ਕਾਰਣ ਉਸ ਦੇ ਸੂਖਮ ਦਾਰਸ਼ਨਿਕ ਵਿਚਾਰਾਂ ਨੂੰ ਲੋਕ ਸਮਝਣ ਵਿਚ ਅਸਮਰਥ ਸਨ। ਇਸ ਲਈ ਭਿਕੑਸ਼ੂਆਂ ਨੂੰ ਜਨਤਾ ਨੂੰ ਸਮਝਾਉਣ ਵਿਚ ਕਾਫ਼ੀ ਕਠਿਨਾਈਆਂ ਪੇਸ਼ ਆ ਰਹੀਆਂ ਸਨ। ਫਲਸਰੂਪ ਨਿਰਵਾਣ ਦਾ ਨਾਂ ‘ਸ਼ੂਨੑਯ’ ਰਖਿਆ ਗਿਆ। ਨਾਲ ਹੀ ਬੁੱਧ ਦੇ ਉਪਦੇਸ਼ਾਂ ਨੂੰ ਯਾਦ ਕਰਨ ਵਿਚ ਜਿਗਿਆਸੂਆਂ ਦੀ ਅਸਮਰਥਤਾ ਨੂੰ ਵੇਖਦੇ ਹੋਇਆਂ ਜਨਤਾ ਲਈ ਨਿੱਕੀਆਂ ਨਿੱਕੀਆਂ ਧਰਣੀਆਂ ਬਣਾਈਆਂ ਗਈਆਂ। ਬਾਦ ਵਿਚ ਤਾਂਤ੍ਰਿਕ ਪ੍ਰਭਾਵ ਕਾਰਣ ਇਹ ਧਰਣੀਆ ਅਰਥ -ਰਹਿਤ ਮੰਤ੍ਰਾਂ ਵਿਚ ਬਦਲ ਗਈਆਂ। ਫਿਰ ਮੰਤ੍ਰਾਂ ਦਾ ਘਣੀਭੂਤ ਰੂਪ ਅੱਖਰਾਂ ਵਿਚ ਹੋਇਆ ਅਤੇ ਬੀਜ-ਅੱਖਰ ਦੀ ਪਰੰਪਰਾ ਚਲੀ। ਪਰ ਇਸ ਪਰੰਪਰਾ ਦਾ ਵਿਕਾਸ ਮੱਧ- ਯੁਗ ਤਕ ਆ ਕੇ ਰੁਕ ਗਿਆ।

ਮੱਧ-ਯੁਗ ਦੇ ਸੰਤ-ਸਾਧਕਾਂ ਨੇ ਪਰੰਪਰਾਗਤ ਮੰਤ੍ਰ -ਸਾਧਨਾ, ਸ਼ਬਦ-ਸਾਧਨਾ ਆਦਿ ਨੂੰ ਇਨ-ਬਿਨ ਗ੍ਰਹਿਣ ਨ ਕਰਕੇ ਉਸ ਨੂੰ ਨਾਮ-ਸਾਧਨਾ ਵਿਚ ਰੂਪਾਂਤਰਿਤ ਕੀਤਾ ਹੈ। ਇਹ ਕਿਤੇ ਵੀ ਨਾਮ ਦੀ ਸਿੱਧਾਂਤਿਕ ਅਥਵਾ ਸ਼ਾਸਤ੍ਰੀ ਵਿਆਖਿਆ ਵਿਚ ਨਹੀਂ ਪਏ ਅਤੇ ਨ ਹੀ ਕ੍ਰਿਆ-ਯੋਗ ਜਾਂ ਤਾਂਤ੍ਰਿਕ ਸਾਧਨਾ ਦੀਆਂ ਮਾਨਤਾਵਾਂ ਨੂੰ ਸਵੀਕਾਰ ਕੀਤਾ ਹੈ। ਅਸਲ ਵਿਚ, ਸੰਤ-ਮਤ ਵਿਚ ਨਾਮ-ਸਾਧਨਾ ਮਨੋਵ੍ਰਿੱਤੀਆਂ ਨੂੰ ਈਸ਼ਵਰ ਵਲ ਮੋੜਨ ਦੀ ਪ੍ਰਕ੍ਰਿਆ ਹੈ, ਜਿਸ ਨਾਲ ਅੰਤਹਕਰਣ ਦੀ ਮੈਲ ਕਟਦੀ ਹੈ ਅਤੇ ਹੰਕਾਰ ਦਾ ਨਾਸ਼ ਹੁੰਦਾ ਹੈ।

ਨਾਮ-ਸਾਧਨਾ ਕਿਸੇ ਇਕ ਸ਼ਬਦ ਜਾਂ ਕਿਸੇ ਗੁਰੂ ਦੁਆਰਾ ਦਿੱਤੇ ਮੰਤ੍ਰ ਜਾਂ ਪਰਮਾਤਮਾ ਦੇ ਕਿਸੇ ਖ਼ਾਸ ਨਾਂ ਦੀ ਤੋਤਾ-ਰਟਨੀ ਨਹੀਂ ਹੈ, ਕਿਉਂਕਿ ਕੇਵਲ ਕਿਸੇ ਸ਼ਬਦ ਦੇ ਬਾਰ ਬਾਰ ਦੋਹਰਾਉਣ ਦਾ ਕੋਈ ਲਾਭ ਨਹੀਂ। ਲੋੜ ਤਾਂ ਉਸ ਸ਼ਬਦ ਦੀ ਵਾਸਤਵਿਕਤਾ ਨੂੰ ਪਛਾਣਨ ਦੀ ਹੈ। ਗੁਰਬਾਣੀ ਵਿਚ ਸਰਵਤ੍ਰ ਇਸੇ ਪਛਾਣ ਉਤੇ ਬਲ ਦਿੱਤਾ ਗਿਆ ਹੈ। ਇਸ ਪਛਾਣ ਨੂੰ ‘ਸ਼ਬਦ-ਸੁਰਤਿ-ਯੋਗ ’ ਦਾ ਨਾਂ ਵੀ ਦਿੱਤਾ ਜਾਂਦਾ ਹੈ। ਡਾ. ਪੀਤਾਂਬਰ ਦੱਤ ਬੜਥਵਾਲ ਨੇ ਆਪਣੀ ਪੁਸਤਕ ‘ਹਿੰਦੀ ਕਾਵੑਯ ਮੇਂ ਨਿਰਗੁਣ ਸੰਪ੍ਰਦਾਯ’ (ਪੰਨਾ 275) ਵਿਚ ਦਸਿਆ ਹੈ ਕਿ ਇਹ ਉਹ ਯੋਗ ਹੈ ਜਿਸ ਰਾਹੀਂ ਸੁਰਤਿ ਅਤੇ ਸ਼ਬਦ ਦਾ ਸੰਯੋਗ ਸਿੱਧ ਹੁੰਦਾ ਹੈ ਅਤੇ ਕਾਲ , ਦਿਸ਼ਾ ਅਤੇ ਕਾਰਜ-ਕਾਰਣ ਦੀਆਂ ਸੀਮਾਵਾਂ ਸ਼ਬਦ ਵਿਚ ਫਿਰ ਤੋਂ ਲੀਨ ਹੋ ਜਾਂਦੀਆਂ ਹਨ। ਇਹ ਸ਼ਬਦ ਪਹਿਲਾਂ ਪਰਮਾਤਮਾ ਦੇ ਨਾਮ ਰੂਪ ਵਿਚ ਮੂੰਹ ਤੋਂ ਨਿਕਲਦਾ ਹੈ ਅਤੇ ਆਖ਼ਿਰ ਵਿਚ ਖ਼ੁਦ ਸ਼ਬਦ ਰੂਪ ਬ੍ਰਹਮ ਹੋ ਜਾਂਦਾ ਹੈ।

‘ਸਿਧ-ਗੋਸਟਿ’ ਵਿਚ ਸਿੱਧਾਂ ਦੇ ਪੁਛਣ’ਤੇ ਕਿ ਉਸ ਸ਼ਬਦ ਦਾ ਨਿਵਾਸ ਕਿਥੇ ਹੈ ਜਿਸ ਦੁਆਰਾ ਸੰਸਾਰ ਤਰਿਆ ਜਾਂਦਾ ਹੈ। ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਸ਼ਬਦ ਸਾਰਿਆਂ ਸਥਾਨਾਂ ਤੇ ਨਿਰੰਤਰ ਵਸ ਰਿਹਾ ਹੈ, ਸਰਵਤ੍ਰ ਪਰਿਪੂਰਣ ਹੈ। ਅਲੱਖ ਅਤੇ ਸਰਵ-ਵਿਆਪਕ ਹੈ। ਪਵਨ ਦੇ ਵਾਸ ਵਾਂਗ ਸ਼ੂਨੑਯ-ਬ੍ਰਹਮ ਵਿਚ ਨਿਵਾਸ ਕਰਦਾ ਹੈ। ਸ਼ਬਦ ਨੂੰ ਘੜਨ ਦੀ ਟਕਸਾਲ ਦਾ ਸਰੂਪ ‘ਜਪੁਜੀ ’ ਦੀ ਅੰਤਿਮ ਪਉੜੀ ਵਿਚ ਸਪੱਸ਼ਟ ਕੀਤਾ ਗਿਆ ਹੈ। ਗੁਰਬਾਣੀ ਦੇ ਸ਼ਬਦ ਸੰਬੰਧੀ ਕਥਨਾਂ ਦਾ ਜੇ ਸਮੀਕਰਣ ਕੀਤਾ ਜਾਏ ਤਾਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਗੁਰੂ, ਪੀਰ , ਗਹਿਰ-ਗੰਭੀਰ ਹੈ। ਇਸ ਨਾਲ ਸਾਰੇ ਸੰਸਾਰਿਕ ਦੁਖ-ਸੁਖ ਮਿਟ ਜਾਂਦੇ ਹਨ, ਭਵਸਾਗਰ ਸਹਿਜ ਵਿਚ ਤਰਿਆ ਜਾ ਸਕਦਾ ਹੈ। ਇਸ ਤੋਂ ਬਿਨਾ ਮਨੁੱਖ ਬਾਵਲਾ ਹੋਇਆ ਫਿਰਦਾ ਹੈ।

ਸੰਤ-ਕਾਵਿ ਅਤੇ ਗੁਰਬਾਣੀ ਨੇ ਸ਼ਬਦ ਦੇ ਪਰੰਪਰਾਗਤ ਸੰਕਲਪ ਨੂੰ ਅਪਣਾਉਂਦੇ ਹੋਇਆਂ ਵੀ ਉਸ ਨੂੰ ਇਕ ਨਵਾਂ ਰੂਪ ਪ੍ਰਦਾਨ ਕੀਤਾ ਹੈ। ਇਨ੍ਹਾਂ ਸਾਧਕ- ਮਹਾਕਵੀਆਂ ਨੇ ਸ਼ਬਦ ਨੂੰ ਨਾਦ, ਅਨਹਦ-ਨਾਦ ਆਦਿ ਯੌਗਿਕ ਸੀਮਾਵਾਂ ਤੋਂ ਬਾਹਰ ਕਢ ਕੇ ਭਾਵਨਾ ਅਤੇ ਪ੍ਰੇਮ ਦੀ ਰਾਗਾਤਮਕ ਧਰਤੀ ਉਤੇ ਲਿਆ ਖੜਾ ਕੀਤਾ ਹੈ।

ਸੰਤ-ਕਾਵਿ ਅਤੇ ਗੁਰਬਾਣੀ ਵਿਚ ਪਰੰਪਰਾਗਤ ਮੰਤ੍ਰਯੋਗ ਅਤੇ ਲਯਯੋਗ ਦੀ ਸਮਾਈ ਪ੍ਰਕਾਰਾਂਤਰ ਨਾਲ ਸ਼ਬਦ-ਸੁਰਤਿ-ਯੋਗ ਵਿਚ ਹੋਈ ਪ੍ਰਤੀਤ ਹੁੰਦੀ ਹੈ। ਸ਼ਬਦ- ਸੁਰਤਿ, ਅਸਲ ਵਿਚ, ਸ਼ਬਦ ਵਿਚ ਜੁੜੀ ਹੋਈ ਬਿਰਤੀ ਹੈ। ਇਸ ਬਿਰਤੀ ਤੋਂ ਬਿਨਾ, ਗੁਰੂ ਨਾਨਕ ਦੇਵ ਜੀ ਅਨੁਸਾਰ, ਆਵਾਗਵਣ ਦਾ ਚੱਕਰ ਸਮਾਪਤ ਨਹੀਂ ਹੁੰਦਾ— ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ (ਗੁ.ਗ੍ਰੰ.1031)।

‘ਸ਼ਬਦ’ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ‘ਸਿਧ-ਗੋਸਟਿ’ ਵਿਚ ਕਿਹਾ ਹੈ ਕਿ ਸ਼ਬਦ ਨ ਕੇਵਲ ਬ੍ਰਹਮ ਦਾ ਹੀ ਵਾਚਕ ਹੈ, ਸਗੋਂ ਇਹ ਨਾਮ ਦਾ ਵੀ ਸੂਚਕ ਹੈ—ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੇ (ਗੁਗ੍ਰੰ.938)। ਇਸ ਤਰ੍ਹਾਂ ‘ਸ਼ਬਦ-ਸੁਰਤਿ- ਯੋਗ’ ਹੀ ‘ਨਾਮ-ਸਾਧਨਾ’ ਹੈ। ਇਥੇ ਇਹ ਗੱਲ ਸਮਝ ਲੈਣੀ ਬਹੁਤ ਜ਼ਰੂਰੀ ਹੈ ਕਿ ਇਹ ਸ਼ਬਦ-ਸੁਰਤਿ-ਯੋਗ ਕਿਸੇ ਪ੍ਰਕਾਰ ਦੀ ਹਠ-ਯੌਗਿਕ ਸਾਧਨਾ ਦੀ ਲੋੜ ਮਹਿਸੂਸ ਨਹੀਂ ਕਰਦਾ, ਸਹਿਜ-ਸੁਭਾਵਿਕ ਢੰਗ ਨਾਲ ਸੁਰਤਿ ਸ਼ਬਦ ਜਾਂ ਨਾਮ ਵਿਚ ਟਿਕ ਜਾਂਦੀ ਹੈ। ਯੋਗੀ ਦੀ ਸ਼ਬਦ-ਸਾਧਨਾ ਦਾ ਨਿਬੇੜਾ ਨਾਮ ਵਿਚ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਪਰੰਪਰਾ ਤੋਂ ਹਟ ਕੇ ਗੱਲ ਕੀਤੀ ਹੈ— ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਹੋਈ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖ ਹੋਈ (ਗੁ.ਗ੍ਰੰ.946)।

ਗੁਰਬਾਣੀ ਵਿਚ ਨਾਮ ਦੀ ਸਾਧਨਾ ਰਾਹੀਂ ਪਾਪਾਂ ਦੀ ਮੈਲ ਕਟੀਂਦੀ ਦਸੀ ਹੈ। ਨਾਮ-ਸਾਧਨਾ ਹੋਰ ਹਰ ਪ੍ਰਕਾਰ ਦੇ ਕਰਮਾਂ ਤੋਂ ਸ੍ਰੇਸ਼ਠ ਹੈ। ਇਸ ਨਾਲ ਅਧਿਆਤਮਿਕ ਭਵਿਸ਼ ਉਜਲਾ ਹੁੰਦਾ ਹੈ। ਇਹ ਮਨੁੱਖ ਲਈ ਲਾਜ਼ਮੀ ਹੈ, ਇਸ ਤੋਂ ਬਿਨਾ ਗਤਿ ਸੰਭਵ ਨਹੀਂ। ਸਮੁੱਚੇ ਤੌਰ ’ਤੇ, ਗੁਰਬਾਣੀ ਵਿਚ ਨਾਮ-ਸਾਧਨਾ ਬਾਰੇ ਹੇਠ ਲਿਖੇ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ :

(1)    ਨਾਮ, ਨ ਕਥਨ ਕੀਤੇ ਜਾ ਸਕਣ ਯੋਗ ਪਰਮਾਤਮਾ ਦਾ ਵਾਚਕ ਹੋਣ ਨਾਤੇ ਅਕਥਨੀ ਹੈ, ਇਸ ਦਾ ਭੇਦ ਪਾਉਣਾ ਸਰਲ ਨਹੀਂ ਹੈ।

(2)   ਕਲਿਯੁਗ ਵਿਚ ਨਾਮ ਸਰਵ-ਸ੍ਰੇਸ਼ਠ ਵਸਤੂ ਹੈ।

(3)   ਨਾਮ ਦੁਆਰਾ ਹੀ ਭਵਸਾਗਰ ਤਰਿਆ ਜਾ ਸਕਦਾ ਹੈ ਅਤੇ ਆਵਾਗਵਣ ਦਾ ਚੱਕਰ ਸਮਾਪਤ ਹੁੰਦਾ ਹੈ।

(4)   ਇਹ ਪ੍ਰਮਾਣਿਕਤਾ ਅਤੇ ਪ੍ਰਤਿਸ਼ਠਾ ਪ੍ਰਦਾਨ ਕਰਨ ਵਾਲਾ ਅਮਰ ਪਦਾਰਥ ਹੈ।

(5)   ਨਾਮ ਪਰਮਗਤਿ, ਸਹਿਜ-ਅਵਸਥਾ, ਚਿਰ- ਤ੍ਰਿਪਤੀ, ਬ੍ਰਹਮ-ਗਿਆਨ ਆਦਿ ਦੀ ਪ੍ਰਾਪਤੀ ਦਾ ਇਕ-ਮਾਤ੍ਰ ਸਾਧਨ ਹੈ।

(6)       ਨਾਮ ਦੁਖਾਂ ਅਤੇ ਪਾਪਾਂ ਦਾ ਨਾਸ਼ਕ ਹੈ।

ਉਪਰੋਕਤ ਤੱਥ ਮੱਧ-ਯੁਗ ਦੇ ਲਗਭਗ ਸਾਰੇ ਨਾਮ-ਸਾਧਕਾਂ ਦੀ ਬਾਣੀਆਂ ਵਿਚ ਮਿਲ ਜਾਂਦੇ ਹਨ। ਗੁਰਬਾਣੀ ਦੀ ਵਿਸ਼ਿਸ਼ਟਤਾ ਇਹ ਹੈ ਕਿ ਇਸ ਸਾਧਨਾ ਵਿਚ ਇਤਨੀ ਨਿਸ਼ਠਾ ਪ੍ਰਗਟ ਕੀਤੀ ਗਈ ਹੈ ਕਿ ਇਸ ਤੋਂ ਬਿਨਾ ਧਰਮ-ਸਾਧਨਾ ਦੀ ਕੋਈ ਗੱਲ ਤੁਰਦੀ ਹੀ ਨਹੀਂ। ਸਚ ਤਾਂ ਇਹ ਹੈ ਕਿ ਗੁਰਮਤਿ ਵਿਚ ਨਾਮ-ਸਾਧਨਾ ਰੀੜ੍ਹ ਦੀ ਹੱਡੀ ਵਾਂਗ ਕੇਂਦਰੀ ਮਹੱਤਵ ਵਾਲੀ ਹੈ। ਇਸ ਤੋਂ ਬਿਨਾ ਗੁਰਮਤਿ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।

ਨਾਮ-ਸਾਧਨਾ ਦੀ ਵਿਧੀ ਨੂੰ ਨਾਮ-ਸਿਮਰਨ ਕਿਹਾ ਜਾਂਦਾ ਹੈ। ਨਾਮ­-ਸਿਮਰਨ ਦਾ ਦੂਜਾ ਨਾਂ ‘ਜਪ ’ ਹੈ। ਇਸ ਵਿਧੀ ਦਾ ਪੁਰਾਤਨ ਰੂਪ ਰਿਗ-ਵੇਦ (3/37/3) ਵਿਚ ਮਿਲਦਾ ਹੈ ਜਿਥੇ ਇੰਦ੍ਰ ਦੇ ਬਹੁਤ ਸਾਰੇ ਨਾਂਵਾਂ ਨੂੰ ਸਾਰੀਆਂ ਉਸਤਤ ਅਤੇ ਪ੍ਰਸ਼ੰਸਾ ਰੂਪ ਬਾਣੀਆਂ ਨਾਲ ਸਾਰਥਕ ਕਰਨ ਦਾ ਆਦੇਸ਼ ਹੈ। ਸਮ੍ਰਿਤੀਆਂ ਵਿਚ ਇਸ ਨੂੰ ਤਿੰਨ ਤਰ੍ਹਾਂ ਦਾ ਮੰਨਿਆ ਗਿਆ ਹੈ— ਵਾਚਿਕ, ਉਪਾਂਸ਼ੂ ਅਤੇ ਮਾਨਸਕ (‘ਮਨੁ-ਸਮ੍ਰਿਤੀ’—2/85)। ਵਾਚਿਕ ਜਪ ਵਿਚ ਮੰਤ੍ਰਾਂ ਦਾ ਸਪੱਸ਼ਟ ਉੱਚਾਰਣ ਕੀਤਾ ਜਾਂਦਾ ਹੈ। ਉਪਾਂਸ਼ੂ-ਜਪ ਬੜੀ ਹੌਲੀ ਸੁਰ ਵਿਚ ਕੀਤਾ ਜਾਂਦਾ ਹੈ ਤਾਂ ਜੁ ਕੋਲ ਬੈਠਾ ਵਿਅਕਤੀ ਵੀ ਨ ਸੁਣ ਸਕੇ। ਮਾਨਸ-ਜਪ ਵਰਣਾਂ ਜਾਂ ਪਦਾਂ ਦੇ ਭੇਦ ਨਾਲ ਬੁੱਧੀ ਰਾਹੀਂ ਮੰਤ੍ਰ ਦਾ ਅਰਥ ਸਮਝਦੇ ਹੋਇਆਂ ਕੀਤਾ ਜਾਂਦਾ ਹੈ। ਇਸ ਵਿਚ ਜੀਭ ਨਹੀਂ ਹਿਲਦੀ। ਇਹ ਤਿੰਨੋ ਉਤਰੋਤਰ ਸ੍ਰੇਸ਼ਠ ਮੰਨੇ ਜਾਂਦੇ ਹਨ। ‘ਭਗਵਦ- ਗੀਤਾ’ ਵਿਚ ਜਪ-ਯੱਗ ਨੂੰ ਸ੍ਰੇਸ਼ਠ ਮੰਨਿਆ ਗਿਆ ਹੈ। ਪਾਤੰਜਲ ‘ਯੋਗ- ਸਤ੍ਰ ’ (1/27-28) ਵਿਚ ਜਪ-ਵਿਧੀ ਨੂੰ ਸਿੱਧਾਂਤਿਕਤਾ ਪ੍ਰਦਾਨ ਕਰਦਿਆਂ ਇਸ ਦੇ ਨਿਰੰਤਰ ਅਭਿਆਸ ਨੂੰ ਪ੍ਰਭੂ- ਪ੍ਰਾਪਤੀ ਲਈ ਉਪਯੋਗੀ ਮੰਨਿਆ ਹੈ। ਹਰ ਪ੍ਰਕਾਰ ਦੇ ਤੰਤ੍ਰ- ਮਤ ਵਾਲਿਆਂ ਨੇ ਇਸ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ।

ਨਾਮ-ਸਿਮਰਨ ਜਾਂ ਨਾਮ-ਜਪ ਦੇ ਉਤਰੋਤਰ ਵਿਕਾਸ ਦੇ ਆਧਾਰ’ਤੇ ਕਿਹਾ ਜਾ ਸਕਦਾ ਹੈ ਕਿ ਵੈਦਿਕ ਕਾਲ ਵਿਚ ਮੰਤ੍ਰਾਂ ਦਾ ਜਪ ਉਨ੍ਹਾਂ ਦੇ ਅਰਥ ਅਤੇ ਭਾਵਨਾ ਸਹਿਤ ਹੁੰਦਾ ਸੀ, ਪਰ ਪਤੰਜਲਿ ਨੇ ਭਾਵਨਾ ਉਤੇ ਅਧਿਕ ਬਲ ਦਿੱਤਾ ਹੈ ਅਤੇ ਤੰਤ੍ਰਾਂ ਦੇ ਯੁਗ ਵਿਚ ਅਰਥ ਤੋਂ ਸਾਰਾ ਮਹੱਤਵ ਹਟ ਕੇ ਕੇਵਲ ਭਾਵਨਾ ਅਤੇ ਸ਼ਰਧਾ ’ਤੇ ਆ ਗਿਆ ਹੈ। ਪੁਰਾਣ-ਸਾਹਿਤ ਵਿਚ ਨਾਮ-ਜਪ ਦੇ ਮਹੱਤਵ ਨੂੰ ਸੁਤੰਤਰ ਰੂਪ ਵਿਚ ਜਾਂ ਉਪਮਾਨ-ਵਿਧਾਨ ਅਤੇ ਕਥਾ- ਪ੍ਰਸੰਗਾਂ ਦੁਆਰਾ ਵਿਸਤਾਰ ਸਹਿਤ ਸਪੱਸ਼ਟ ਕੀਤਾ ਗਿਆ ਹੈ। ਸੰਖੇਪ ਵਿਚ ਮੱਧ-ਯੁਗ ਵਿਚ ਭਗਤੀ ਲਹਿਰ ਦੇ ਵਿਕਸਿਤ ਹੋਣ ਤੋਂ ਪਹਿਲਾਂ ਵਾਚਿਕ, ਉਪਾਂਸ਼ੂ ਅਤੇ ਮਾਨਸ ਅਥਵਾ ਵਾਚਿਕ, ਕਾਇਕ ਅਤੇ ਮਾਨਸਿਕ ਦੇ ਰੂਪ ਵਿਚ ਜਪ-ਵਿਧੀਆਂ ਪ੍ਰਚਲਿਤ ਸਨ। ਡਾ. ਪੀਤਾਂਬਰ ਦੱਤ ਬੜਥਵਾਲ ਨੇ ‘ਹਿੰਦੀ ਕਾਵੑਯ ਮੇਂ ਨਿਰਗੁਣ ਸੰਪ੍ਰਦਾਯ’ (ਪੰਨਾ 271) ਵਿਚ ਇਨ੍ਹਾਂ ਨੂੰ ਜਾਪ, ਅਜਪਾ-ਜਾਪ ਅਤੇ ਅਨਾਹਤ- ਜਾਪ ਨਾਂ ਦਿੱਤੇ ਹਨ।

ਸੰਤ ਕਾਵਿ ਵਿਚ ਜਪ, ਅਜਪਾ-ਜਪ, ਲਿਵ- ਜਪ ਉਤੇ ਬਲ ਦਿੱਤਾ ਗਿਆ ਹੈ। ਗੁਰਬਾਣੀ ਵਿਚ ਵੀ ਇਹੀ ਜਪ-ਵਿਧੀਆਂ ਪ੍ਰਵਾਨਿਤ ਹਨ। ‘ਜਪ’ ਵਿਧੀ ਨਾਮ ਦੇ ਉੱਚਾਰਣ ਨਾਲ ਜੀਭ ਹਿਲਦੀ ਅਤੇ ਮੂੰਹ ਵਿਚੋਂ ਆਵਾਜ਼ ਨਿਕਲਦੀ ਹੈ। ਇਹ ਨਾਮ-ਜਪ ਦੀ ਪਹਿਲੀ ਪੌੜੀ ਹੈ। ਇਸ ਵਿਚ ਬਾਹਰਲੇ ਸਾਧਨਾਂ ਜੀਭ, ਹੋਂਠ ਆਦਿ ਦੀ ਲੋੜ ਹੈ। ਸਹਿਜੇ-ਸਹਿਜੇ ਸਵਰ ਘਟਣ ਲਗ ਜਾਂਦਾ ਹੈ, ਹੋਂਠ ਬੰਦ ਹੋ ਜਾਂਦੇ ਹਨ। ਬਸ ਇਥੋਂ ਹੀ ਅਜਪਾ-ਜਪ ਦੀ ਭੂਮੀ ਤਿਆਰ ਹੁੰਦੀ ਹੈ। ਇਸ ਤੋਂ ਬਾਦ ਅਜਪਾ-ਜਪ ਦੀ ਵਿਧੀ ਦਾ ਆਰੰਭ ਹੁੰਦਾ ਹੈ। ਇਸ ਵਿਚ ਜੀਭ, ਹੋਂਠ, ਮਾਲਾ, ਉਂਗਲੀਆਂ ਦਾ ਆਧਾਰ ਸਮਾਪਤ ਹੋ ਜਾਂਦਾ ਹੈ। ਇਸ ਵਿਧੀ ਨਾਲ ਆਤਮਾ ਅੰਦਰ ਹੀ ਅੰਦਰ ਈਸ਼ਵਰੀ ਭਾਵਨਾ ਦੇ ਸਨਮੁਖ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਹੈ। ਫਿਰ ਸ਼ਬਦ ਉੱਚਾਰਣ ਦੀ ਲੋੜ ਹੀ ਨਹੀਂ ਰਹਿੰਦੀ।

ਲਿਵ-ਜਪ ’ ਤਿੰਨਾਂ ਜੱਪਾਂ ਵਿਚੋਂ ਸ੍ਰੇਸ਼ਠ ਹੈ। ਇਸ ਵਿਚ ਬਿਰਤੀ ਦੁਆਰਾ ਜਪ ਹੋਣ ਲਗਦਾ ਹੈ। ਰੋਮ-ਰੋਮ ਵਿਚੋਂ ਈਸ਼ਵਰੀ-ਗੁਣ-ਗਾਨ ਦੀ ਧੁਨੀ ਸੁਣਾਈ ਪੈਂਦੀ ਹੈ। ਜਦ ਇਹ ਦਸ਼ਾ ਸਥਿਰ ਹੋ ਜਾਂਦੀ ਹੈ ਤਾਂ ਅਨਾਹਤ ਸ਼ਬਦ ਸੁਣਾਈ ਦੇਣ ਲਗਦਾ ਹੈ। ਇਸ ਨੂੰ ‘ਧਿਆਨ ਦੀ ਅਵਸਥਾ’ ਕਿਹਾ ਜਾ ਸਕਦਾ ਹੈ। ਇਹੀ ਸ਼ਬਦ-ਸੁਰਤਿ ਦੀ ਸਥਿਤੀ ਹੈ।

ਨਾਮ-ਸਾਧਨਾ ਦੀ ਕਰਮ-ਸਥਲੀ ਸਤਿ-ਸੰਗਤ ਹੈ, ਉਥੇ ਜਾਣ ਨਾਲ ਹੀ ਇਹ ਸੰਪੰਨ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ—ਸਤਿਸੰਗਤਿ ਕੈਸੀ ਜਾਣੀਐ ਜਿਥੇ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ (ਗੁ.ਗ੍ਰੰ.72)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.