ਪ੍ਰੇਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਮ [ਨਾਂਪੁ] ਵੇਖੋ ਪ੍ਰੀਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰੇਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਮ. ਸੰ. प्रेमन्. ਸੰਗ੍ਯਾ—ਪਿਆਰ ਦਾ ਭਾਵ. ਸਨੇਹ. “ਪ੍ਰੇਮ ਕੇ ਸਰ ਲਾਗੇ ਤਨ ਭੀਤਰਿ.” (ਸੋਰ ਮ: ੪) “ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ.” (ਅਕਾਲ) ੨ ਵਾਯੁ. ਪਵਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰੇਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰੇਮ: ਸੰਸਕ੍ਰਿਤ ਪਿਛੋਕੜ ਵਾਲਾ ਇਹ ਸ਼ਬਦ ਭਾਵ- ਵਾਚਕ ਸੰਗਿਆ ਹੈ। ਇਸ ਦਾ ਅਰਥ ਹੈ ਪਿਆਰ , ਅਨੁਰਾਗ, ਮੁਹੱਬਤ ਆਦਿ। ਕਈ ਵਿਦਵਾਨ ਇਸ ਦਾ ਅਰਥ ‘ਅਨੰਤ ਤ੍ਰਿਪਤੀ ਪ੍ਰਦਾਨ ਕਰਨ ਵਾਲਾ’ ਵੀ ਕਰਦੇ ਹਨ। ਗੁਰਬਾਣੀ ਵਿਚ ਪ੍ਰੇਮ ਦੀ ਵਰਤੋਂ ਬਹੁਤ ਖੁਲ੍ਹ ਕੇ ਹੋਈ ਹੈ ਕਿਉਂਕਿ ਜਿਸ ਭਗਤੀ ਦਾ ਪ੍ਰਤਿਪਾਦਨ ਗੁਰਬਾਣੀ ਵਿਚ ਹੋਇਆ ਹੈ, ਉਹ ਪ੍ਰੇਮ-ਰੂਪਾ ਹੈ। ਸੋਰਠ ਰਾਗ ਵਿਚ ਗੁਰੂ ਰਾਮਦਾਸ ਜੀ ਨੇ ਕਿਹਾ ਹੈ— ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ (ਗੁ.ਗ੍ਰੰ.607)।

‘ਪ੍ਰੇਮ’ ਸ਼ਬਦ ਚੂੰਕਿ ਬਹੁਤ ਵਿਆਪਕ ਸ਼ਬਦ ਹੈ, ਇਸ ਵਾਸਤੇ ਪੂਰਬੀ ਅਤੇ ਪੱਛਮੀ ਵਿਦਵਾਨਾਂ ਨੇ ਇਸ ਬਾਰੇ ਕਈ ਪ੍ਰਕਾਰ ਦੀਆਂ ਵਖ ਵਖ ਵਿਆਖਿਆਵਾਂ ਪੇਸ਼ ਕੀਤੀਆਂ ਹਨ। ਫਲਸਰੂਪ ਪ੍ਰੇਮ ਸਥੂਲ ਇੰਦ੍ਰੀਆਂ ਤੋਂ ਉੱਚਾ ਉਠ ਕੇ ਸੂਖਮ ਅਤੇ ਸ੍ਰੇਸ਼ਠ ਭਾਵਨਾਵਾਂ ਦਾ ਵਿਅੰਜਕ ਹੋ ਗਿਆ ਹੈ। ਪ੍ਰੇਮ, ਅਸਲ ਵਿਚ, ਮਨੁੱਖ ਦੀ ਉਹ ਅਨੁਕੂਲ ਮਨੋਵ੍ਰਿੱਤੀ ਹੈ ਜੋ ਵਖ ਵਖ ਵਿਅਕਤੀਆਂ ਵਿਚਾਲੇ ਗੁਣਾਂ ਦੀ ਸਾਂਝ ਕਾਰਣ ਪੈਦਾ ਹੁੰਦੀ ਹੈ।

            ਇਸਤਰੀ ਅਤੇ ਪੁਰਸ਼ ਦੀ ਆਪਸੀ ਲਿੰਗ-ਖਿਚ ਨੂੰ ਮਨੋਵਿਗਿਆਨੀਆਂ ਨੇ ‘ਕਾਮ ’ ਦਾ ਨਾਂ ਦਿੱਤਾ ਹੈ ਅਤੇ ਭਾਰਤੀ ਕਾਵਿ-ਸ਼ਾਸਤ੍ਰੀਆਂ ਨੇ ‘ਰਤਿ’ ਕਿਹਾ ਹੈ। ਕਾਮ ਅਥਵਾ ਰਤਿ ਦੀ ਅੰਤਰ-ਚੇਤਨਾ ਨੂੰ ਪ੍ਰੇਮ ਦਾ ਨਾਂ ਦਿੱਤਾ ਜਾ ਸਕਦਾ ਹੈ। ਇਹ ਚੇਤਨਾ ਜਨਮ-ਜਾਤ ਹੈ, ਇਸ ਦਾ ਸਰੂਪ ਨਿਰਣਾ ਪਰਿਸਥਿਤੀਆਂ ਕਰਦੀਆਂ ਹਨ। ਕਾਮ ਦੀ ਪੂਰਤੀ (ਸਿੱਧੀ) ਅਥਵਾ ਤ੍ਰਿਪਤੀ ਨੂੰ ਜੀਵਨ ਦਾ ਅਨਿਵਾਰੀ ਤੱਤ੍ਵ ਮੰਨਿਆ ਗਿਆ ਹੈ। ਇਸ ਦਾ ਫਲ ਉਸ ਆਨੰਦ ਵਿਚ ਹੈ ਜੋ ਇਸਤਰੀ ਅਤੇ ਪੁਰਸ਼ ਦੇ ਸਮਾਗਮ ਤੋਂ ਪੈਦਾ ਹੁੰਦਾ ਹੈ। ਕਾਮ ਨੂੰ ਭਾਰਤੀ ਧਰਮ-ਸਾਧਕਾਂ ਨੇ ਧਰਮ ਨਾਲ ਜੋੜਿਆ ਹੈ ਅਤੇ ਚਾਰ ਪੁਰਸ਼ਾਰਥਾਂ (ਧਰਮ, ਅਰਥ, ਕਾਮ, ਮੋਕਸ਼) ਦੀ ਕਲਪਨਾ ਕੀਤੀ ਹੈ। ਇਸੇ ਬਿਰਤੀ ਨੇ ਧਰਮ ਵਿਚ ਲਿੰਗ- ਉਪਾਸਨਾ ਨੂੰ ਜਨਮ ਦਿੱਤਾ ਹੈ। ਕਾਮ-ਤ੍ਰਿਪਤੀ ਵਿਚ ਦੋ ਪਾਤਰਾਂ ਦੀ ਸਥਿਤੀ ਜ਼ਰੂਰੀ ਮੰਨੀ ਗਈ ਹੈ।

ਕਾਮ ਨੂੰ ਦਾਰਸ਼ਨਿਕ ਆਧਾਰ ਦੇਣ ਲਈ ‘ਸ਼ਤਪਥ-ਬ੍ਰਾਹਮਣ’ ਵਿਚ ਕਿਹਾ ਗਿਆ ਹੈ ਕਿ ਸੰਸਾਰ ਦੀ ਰਚਨਾ ਕਰਨ ਵਾਲਾ ਪ੍ਰਜਾਪਤੀ ਸ਼ੁਰੂ ਵਿਚ ਇਕ ਸੀ। ਇਕਲਿਆਂ ਉਸ ਦਾ ਜਦੋਂ ਮਨ ਨ ਲਗਿਆ ਤਾਂ ਉਸ ਨੇ ਕਿਸੇ ਹੋਰ ਦੀ, ਦੂਜੇ ਦੀ ਲੋੜ ਮਹਿਸੂਸ ਕੀਤੀ। ਫਲਸਰੂਪ ਉਸ ਨੇ ਆਪਣੇ ਆਪ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਉਹ ਇਸਤਰੀ ਅਤੇ ਪੁਰਸ਼ (ਪਤਨੀ ਅਤੇ ਪਤੀ) ਦੇ ਰੂਪ ਵਿਚ ਸਾਹਮਣੇ ਆਏ। ਇਸ ਤਰ੍ਹਾਂ ਪਤੀ ਪਤਨੀ ਇਕ ਦੂਜੇ ਦੇ ਹਿੱਸੇ ਹਨ ਅਤੇ ਪੂਰਣ ਆਨੰਦ ਮਾਣਨ ਲਈ ਇਨ੍ਹਾਂ ਦੋਹਾਂ ਟੁਕੜਿਆਂ ਦਾ ਸੁਮੇਲ ਜ਼ਰੂਰੀ ਹੈ। ਆਪਣੇ ਮੂਲ ਹਿੱਸੇ ਨੂੰ ਲਭਣ ਲਈ ਹੀ ਦੋਹਾਂ ਹਿੱਸਿਆਂ ਵਿਚ ਵਿਆਕੁਲਤਾ ਅਤੇ ਕ੍ਰਿਆਸ਼ੀਲਤਾ ਪੈਦਾ ਹੁੰਦੀ ਹੈ ਅਤੇ ਅੰਤ ਸੰਯੋਗ ਅਥਵਾ ਵਿਯੋਗ ਵਿਚ ਹੁੰਦਾ ਹੈ। ਭਾਰਤੀ ਸਭਿਆਚਾਰ ਨੇ ਇਸੇ ਲਈ ਇਸਤਰੀ ਨੂੰ ‘ਅਰਧਾਂਗਨੀ’ ਮੰਨਿਆ ਹੈ।

ਪੱਛਮੀ ਵਿਦਵਾਨਾਂ ਦੀ ਧਾਰਣਾ ਵੀ ਕੁਝ ਇਸੇ ਪ੍ਰਕਾਰ ਦੀ ਹੈ। ਪਲੈਟੋ ਦੀ ਸਥਾਪਨਾ ਹੈ ਕਿ ਮਰਦ ਅਤੇ ਇਸਤਰੀ ਸ਼ੁਰੂ ਵਿਚ ਜੁੜਵੇਂ ਸਨ। ਜੁੜਵੀਂ ਅਵਸਥਾ ਵਿਚ ਇਹ ਬਹੁਤ ਸ਼ਕਤੀਸ਼ਾਲੀ ਸਨ। ਜ਼ਿਉਸ ਨੇ ਉਨ੍ਹਾਂ ਦੀ ਸ਼ਕਤੀ ਨੂੰ ਘਟਾਉਣ ਲਈ ਦੋ ਹਿੱਸਿਆਂ ਵਿਚ ਵੰਡ ਦਿੱਤਾ ਤੇ ਇਸ ਤਰ੍ਹਾਂ ਇਹ ਇਕ ਦੂਜੇ ਦੇ ਹਿੱਸੇ ਅਥਵਾ ਅਰਧ-ਅੰਗ ਬਣ ਗਏ। ਹਰ ਮਰਦ ਅਤੇ ਹਰ ਇਸਤਰੀ ਆਪਣੇ ਮੂਲ ਅਰਧ-ਅੰਗ ਨੂੰ ਲਭਣ ਲਈ ਪ੍ਰਯਤਨਸ਼ੀਲ ਹਨ। ਮੂਲ ਦੀ ਪਛਾਣ ਜਾਂ ਗੁਣਾਂ ਦੀ ਸਮਾਨ ਉਪਲਬਧੀ ਕਰਕੇ ਹੀ ਇਹ ਇਕ ਦੂਜੇ ਦੇ ਪ੍ਰੇਮ ਵਿਚ ਫਸਦੇ ਹਨ।

ਮਨੋਵਿਗਿਆਨੀਆਂ ਨੇ ਮਨੁੱਖ ਦਾ ਸਾਰਾ ਜੀਵਨ ਕਾਮ-ਵਾਸਨਾ ਨਾਲ ਰੰਗਿਆ ਹੋਇਆ ਮੰਨਿਆ ਹੈ। ਈਸ਼ਵਰੀ ਪ੍ਰੇਮ ਨੂੰ ਉਨ੍ਹਾਂ ਨੇ ਕਾਮ ਦਾ ਉਦਾਤੀਕਰਣ ਕਿਹਾ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਕੀਹ ਦਾਰਸ਼ਨਿਕ ਅਤੇ ਕੀਹ ਮਨੋਵਿਗਿਆਨੀ, ਕਾਮ ਨੂੰ ਮਨੁੱਖ ਦੀ ਪੂਰਣਤਾ ਦਾ ਇਕ ਵਿਵਹਾਰਿਕ ਪ੍ਰਗਟਾਵਾ ਮੰਨਦੇ ਹਨ। ਇਸ ਦਾ ਜਨਮ ਸ਼ਰੀਰ ਦੀ ਉਤਪੱਤੀ ਦੇ ਨਾਲ ਹੀ ਹੋ ਜਾਂਦਾ ਹੈ ਅਤੇ ਇਸ ਦੀ ਸਿੱਧੀ ਆਪਣੇ ਆਪ ਹੀ ਸਮੇਂ ਦੇ ਆਉਣ ਉਤੇ ਹੋ ਜਾਂਦੀ ਹੈ, ਕਿਸੇ ਪ੍ਰਕਾਰ ਦੀ ਉਚੇਚੀ ਸਿਖਿਆ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਸਾਰਾ ਸੰਸਾਰ ਕਾਮ-ਮਈ ਹੈ। ਇਹੀ ਕਰਤਾ ਹੈ ਅਤੇ ਇਹੀ ਕ੍ਰਿਆ ਹੈ।

ਕਾਮ ਦੇ ਆਮ ਤੌਰ ’ਤੇ ਦੋ ਰੂਪ ਮੰਨੇ ਗਏ ਹਨ, ਇਕ ਵਾਸਨਾ ਅਤੇ ਦੂਜਾ ਪ੍ਰੇਮ। ਕਾਮ ਦੀ ਨੀਵੀਂ ਬਿਰਤੀ ਵਾਸਨਾ ਹੈ ਅਤੇ ਪਰਮਾਰਥਿਕ ਜਾਂ ਸਾਤਵਿਕ ਬਿਰਤੀ ਪ੍ਰੇਮ ਹੈ। ਵਾਸਨਾ ਦਾ ਆਧਾਰ ਨਿਜ ਸੁਖ ਹੈ, ਪਰ ਪ੍ਰੇਮ ਦਾ ਮੂਲ ਪਰ-ਸੁਖ ਵਿਚ ਵੇਖਿਆ ਜਾਂਦਾ ਹੈ। ਪ੍ਰੇਮ ਨੂੰ ਕਾਮਨਾ- ਰਹਿਤ , ਸੁਆਰਥਹੀਨ ਵੀ ਕਿਹਾ ਗਿਆ ਹੈ। ਪ੍ਰੋ. ਪੂਰਨ ਸਿੰਘ ਨੇ ‘ਖੁਲ੍ਹੇ ਲੇਖ’ ਵਿਚ ਕਿਹਾ ਹੈ ਕਿ ‘ਸੁਆਰਥ ਦੀ ਭਾਵਨਾ ਅੰਦਰ ਵਸਦਾ ਹੈਵਾਨ ਹੈ ਅਤੇ ਜਦੋਂ ਇਸ ਹੈਵਾਨ ਦੀ ਮੌਤ ਹੋ ਜਾਂਦੀ ਹੈ ਤਦੋਂ ਦੇਹ ਹਰਮੰਦਿਰ ਬਣ ਜਾਂਦੀ ਹੈ ਅਤੇ ਉਸ ਵਿਚ ਨਿਰੋਲ ਪ੍ਰੇਮ ਵਸਣ ਲਗਦਾ ਹੈ।’ ਵਾਸਨਾ ਵਿਚ ਜੋ ਸੁਖ ਅਥਵਾ ਆਨੰਦ ਦੀ ਪ੍ਰਾਪਤੀ ਦਾ ਦਾਅਵਾ ਕੀਤਾ ਜਾਂਦਾ ਹੈ, ਉਹ ਅਸਲ ਵਿਚ, ਸੁਖ ਦਾ ਭਰਮ ਹੈ। ਇਸ ਸੁਖ ਨੂੰ ਤਾਂ ਕੁੱਤੇ ਦੁਆਰਾ ਚਬਾਈ ਹੱਡੀ ਵਾਲਾ ਆਨੰਦ ਕਿਹਾ ਜਾ ਸਕਦਾ ਹੈ। ਸਚ ਤਾਂ ਇਹ ਹੈ ਕਿ ਪ੍ਰੇਮ ਕੋਈ ਲੈਣ-ਦੇਣ ਦਾ ਸੌਦਾ ਨਹੀਂ ਹੈ। ਇਹ ਭੋਗ ਅਤੇ ਵਿਲਾਸ ਵੀ ਨਹੀਂ ਹੈ। ਇਹ ਤਾਂ ਦੋ ਨੂੰ ਇਕ ਕਰਨ ਦੀ ਕਾਰਵਾਈ ਹੈ। ਅਜਿਹਾ ਸ਼ੁੱਧ ਪ੍ਰੇਮ ਹੀ ‘ਪ੍ਰੇਮ-ਭਗਤੀ ’ ਦਾ ਮੁੱਢ ਬੰਨ੍ਹਦਾ ਹੈ। ਵਿਕਾਸ ਕਰਨ’ਤੇ ਮਨੁੱਖ ਦੀ ਆਤਮਾ ਕਿਸੇ ਲੌਕਿਕ ਵਿਸ਼ੇ ਵਿਚ ਸੁਖ ਦੀ ਖੋਜ ਕਰਨ ਦੀ ਥਾਂ ਪਰਮਾਤਮਾ ਨਾਲ ਸੰਬੰਧ ਸਥਾਪਿਤ ਕਰਕੇ ਉਸ ਦੀ ਪ੍ਰਾਪਤੀ ਲਈ ਪ੍ਰਯਤਨ ਕਰਦੀ ਹੈ।

ਪ੍ਰੇਮ ਸੰਬੰਧੀ ਇਨ੍ਹਾਂ ਨੁਕਤਿਆਂ ਨੂੰ ਧਿਆਨ ਵਿਚ ਰਖਿਆਂ ਕਿਹਾ ਜਾ ਸਕਦਾ ਹੈ ਕਿ ਪ੍ਰੇਮ ਦਾ ਮੁੱਖ ਆਸ਼ਾ ਹੈ ਆਤਮਾ ਨੂੰ ਤ੍ਰਿਪਤ ਕਰਨਾ। ਇਸ ਦੇ ਅਭਾਵ ਵਿਚ ਜੀਵਨ ਜੜ ਹੈ, ਬਿਲਕੁਲ ਨੀਰਸ ਹੈ। ਪ੍ਰੇਮ ਇਕ-ਰਸ ਅਤੇ ਸਥਿਰ ਹੋਣਾ ਚਾਹੀਦਾ ਹੈ, ਇਸ ਵਿਚ ਦੁਖ-ਸੁਖ ਕਰਕੇ ਅੰਤਰ ਨਹੀਂ ਪੈਣਾ ਚਾਹੀਦਾ। ਅਖੰਡ ਭਾਵਨਾ ਹੀ ਇਸ ਦੀ ਵਿਸ਼ੇਸ਼ਤਾ ਹੈ। ਪ੍ਰੇਮ ਸ਼ੁੱਧ, ਨਿੱਤ ਅਤੇ ਸਰਸ ਹੈ। ਇਹ ਸਮੇਂ, ਸਥਾਨ ਅਤੇ ਕਾਲ ਦੀਆਂ ਸੀਮਾਵਾਂ ਤੋਂ ਉੱਚਾ ਹੈ। ਇਸ ਨੂੰ ਉਰਦੂ ਫ਼ਾਰਸੀ ਦੇ ਲੇਖਕਾਂ ਨੇ ਅੱਗ ਨਾਲ ਉਪਮਾ ਦਿੱਤੀ ਹੈ। ਇਹ ਅੱਗ ਨਿਰੀ ਸਾੜਦੀ ਹੀ ਨਹੀਂ, ਖ਼ੁਦ ਸੜਦੀ ਵੀ ਹੈ। ਇਹ ਜਿਸ ਨੂੰ ਲਗ ਜਾਵੇ, ਉਸ ਵਿਅਕਤੀ ਦੇ ਸਾਰੇ ਅੰਦਰਲੇ ਦੁਰਗੁਣ ਨਸ਼ਟ ਹੋ ਜਾਂਦੇ ਹਨ, ਉਹ ਦੇ ਵਿਅਕਤਿਤਵ ਵਿਚ ਨਿਖਾਰ ਆ ਜਾਂਦਾ ਹੈ। ਵਾਰਿਸਸ਼ਾਹ ਨੇ ਇਸ ਨੂੰ ‘ਪੀਰ ਫ਼ਕੀਰ ਦਾ ਮਰਤਬਾ’ ਕਿਹਾ ਹੈ, ਇਹ ਅੰਗੂਰ ਦੀ ਬੇਲ ਹੈ ਜਿਸ ਨੂੰ ਕਦੇ ਵੀ ਜੜ ਤੋਂ ਪੁਟਣਾ ਉਚਿਤ ਨਹੀਂ ਹੈ। ਇਸ਼ਕ ਅਥਵਾ ਪ੍ਰੇਮ ਨੂੰ ਅਕਲ ਤੋਂ ਵਿਛੁੰਨਾ ਕਿਹਾ ਗਿਆ ਹੈ।

ਪ੍ਰੇਮ ਦੀ ਭਾਵਨਾ ਦੇ ਪ੍ਰਗਟਾਵੇ ਲਈ ਦੋ ਦੀ ਹੋਂਦ ਜ਼ਰੂਰੀ ਹੈ। ਇਨ੍ਹਾਂ ਵਿਚੋਂ ਇਕ ਆਸ਼੍ਰਯ-ਆਲੰਬਨ ਅਤੇ ਦੂਜਾ ਵਿਸ਼ੇ-ਆਲੰਬਨ ਹੁੰਦਾ ਹੈ। ਇਹ ਦੋ ਪ੍ਰੇਮੀ-ਪ੍ਰੇਮਿਕਾ ਹੁੰਦੇ ਹਨ, ਇਹ ਭਗਤ-ਭਗਵਾਨ ਵੇਲੇ ਆਤਮਾ-ਪਰਮਾਤਮਾ ਵਿਚ ਬਦਲ ਜਾਂਦੇ ਹਨ। ਪ੍ਰੇਮ ਦੇ ਭਾਵੇਂ ਕਈ ਭੇਦ ਕਲਪੇ ਗਏ ਹਨ, ਪਰ ਇਸ ਦੀ ਸਿੱਧੀ ਕੇਵਲ ਪਤੀ-ਪਤਨੀ, ਨਾਇਕ- ਨਾਇਕਾ, ਭਗਤ-ਭਗਵਾਨ ਦੇ ਸੰਬੰਧਾਂ ਰਾਹੀਂ ਹੁੰਦੀ ਹੈ। ਇਹ ਪ੍ਰੇਮ-ਸੰਬੰਧ ਹੋਰਾਂ ਨਾਲੋਂ ਵਖਰਾ ਹੈ ਕਿਉਂਕਿ ਕੇਵਲ ਇਸ ਪ੍ਰੇਮ ਵੇਲੇ ਹੀ ਦੋਹਾਂ ਪਾਤਰਾਂ ਦੀ ਸਥਿਤੀ ਇਕ ਦੂਜੇ ਵਿਚ ਸਮਾ ਜਾਣ ਦੀ ਹੋ ਜਾਂਦੀ ਹੈ। ਇਸ ਵਿਚ ਦੋ ਵਿਅਕਤਿਤਵਾਂ ਦਾ ਏਕੀਕਰਣ ਹੋ ਜਾਂਦਾ ਹੈ। ਇਹ ਸ਼ਰੀਰਾਂ ਦਾ ਮੇਲ ਨਹੀਂ, ਵਿਅਕਤਿਤਵਾਂ ਅਥਵਾ ਆਤਮਾਵਾਂ ਦਾ ਮੇਲ ਹੈ। ਚੂੰਕਿ ਕਾਵਿ ਦਾ ਮਨੁੱਖ ਦੇ ਜੀਵਨ ਨਾਲ ਬਹੁਤ ਡੂੰਘਾ ਸੰਬੰਧ ਹੈ ਅਤੇ ਪ੍ਰੇਮ ਤੇ ਜੀਵਨ ਦਾ ਵੀ ਆਪਸੀ ਨਿਘਾ ਸੰਬੰਧ ਹੈ, ਇਸ ਲਈ ਪ੍ਰੇਮ ਕਾਵਿ ਦਾ ਇਕ ਮਹੱਤਵਪੂਰਣ ਅਤੇ ਸਥਾਈ ਵਿਸ਼ਾ ਹੈ। ਜੇ ਇਸ ਨੂੰ ਕਾਵਿ ਵਿਚੋਂ ਕਢ ਦਿੱਤਾ ਜਾਵੇ ਤਾਂ ਕਾਵਿ ਪ੍ਰਾਣਹੀਨ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਕਾਵਿ ਵਿਚ ਪ੍ਰੇਮ ਆਦਿ ਅਤੇ ਪੁਰਾਤਨ ਵਿਸ਼ਾ ਹੁੰਦੇ ਹੋਇਆਂ ਵੀ ਸਦਾ ਨਵਾਂ ਹੈ। ਇਸ ਵਿਚ ਮਨੁੱਖ ਹਿਰਦੇ ਦੀਆਂ ਸਾਰੀਆਂ ਭਾਵਨਾਵਾਂ ਅਤੇ ਸੰਸਾਰਿਕ ਪ੍ਰਪੰਚ ਦੇ ਸਾਰੇ ਤੱਤ੍ਵ ਕਿਸੇ ਨ ਕਿਸੇ ਰੂਪ ਵਿਚ ਸ਼ਾਮਲ ਹੋ ਜਾਂਦੇ ਹਨ।

ਅਧਿਆਤਮਿਕ ਪ੍ਰੇਮ ਕਿਹੋ ਜਿਹਾ ਹੋਵੇ ? ਇਸ ਦਾ ਉੱਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਸਹਿਜ ਹੀ ਮਿਲ ਜਾਂਦਾ ਹੈ ਕਿ ਪਰਮਾਤਮਾ ਨਾਲ ਪ੍ਰੇਮ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਜਿਵੇਂ ਜਲ ਅਤੇ ਕਮਲ ਦਾ ਹੁੰਦਾ ਹੈ, ਜਾਂ ਜਿਵੇਂ ਜਲ ਅਤੇ ਮੱਛਲੀ ਦਾ ਹੁੰਦਾ ਹੈ, ਜਾਂ ਚਾਤ੍ਰਕ ਦਾ ਬਦਲ ਨਾਲ ਹੁੰਦਾ ਹੈ, ਜਾਂ ਜਿਵੇਂ ਜਲ ਅਤੇ ਦੁੱਧ ਦਾ ਹੁੰਦਾ ਹੈ। ਸਚ ਤਾਂ ਇਹ ਹੈ ਕਿ ਪਰਮਾਤਮਾ ਨਾਲ ਪ੍ਰੇਮ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਜਿਵੇਂ ਚਕਵੀ ਅਤੇ ਸੂਰਜ ਦਾ ਹੁੰਦਾ ਹੈ। ਚਕਵੀ ਇਕ ਛਿਣ ਲਈ ਵੀ ਸੌਂਦੀ ਨਹੀਂ ਅਤੇ ਆਪਣੇ ਤੋਂ ਬਹੁਤ ਦੂਰ ਵਸਣ ਵਾਲੇ ਸੂਰਜ ਨੂੰ ਬਿਲਕੁਲ ਨਿਕਟ ਸਮਝਦੀ ਹੈ। (ਗੁ.ਗ੍ਰੰ.59-60)।

ਪ੍ਰੇਮ ਦਾ ਅਨੁਭਵ ਦੋ ਰੂਪਾਂ ਵਿਚ ਹੁੰਦਾ ਹੈ—ਇਕ ਵਿਯੋਗ ਪੱਖ ਅਤੇ ਦੂਜਾ ਸੰਯੋਗ ਪੱਖ। ਅਧਿਆਤਮਿਕ ਕਾਵਿ ਵਿਚ ਜੀਵਾਤਮਾ ਵਿਛੋੜੇ ਦਾ ਦੁਖ ਨ ਸਹਿ ਕੇ ਸੰਯੋਗ ਸੁਖ ਪ੍ਰਾਪਤ ਕਰਨ ਲਈ ਪ੍ਰਯਤਨਸ਼ੀਲ ਹੁੰਦੀ ਹੈ। ਇਸ ਲਈ ਗੁਰਬਾਣੀ ਵਿਚ ਸਭ ਤੋਂ ਅਧਿਕ ਵਰਣਨ ਵਿਯੋਗ ਅਵਸਥਾ ਦਾ ਹੈ। ਸੰਯੋਗ ਸੁਖ ਤੋਂ ਬਾਦ ਤਾਂ ਕਹਿਣ ਲਈ ਕੁਝ ਰਹਿੰਦਾ ਹੀ ਨਹੀਂ, ਸਭ ਕੁਝ ਬ੍ਰਹਮਮਈ ਹੋ ਜਾਂਦਾ ਹੈ। ਵੇਖੋ ‘ਪ੍ਰੇਮ- ਭਗਤੀ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪ੍ਰੇਮ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰੇਮ  : ਵੇਖੋ ‘ਅਫਲਾਤੂਨੀ ਪਿਆਰ’

ਅਫ਼ਲਾਤੂਨੀ ਪਿਆਰ : ਪ੍ਰਾਚੀਨ ਯੂਨਾਨੀ ਦਾਰਸ਼ਨਿਕ ਪ੍ਰੇਮ ਨੂੰ ਪਰਮਾਤਮਾ ਦੇ ਮਿਲਣ ਦਾ ਸਾਧਨ ਮੰਨਦੇ ਹਨ। ਅਫ਼ਲਾਤੂਨ (Plato, ਲਗਭਗ 427–348 ਪੂ. ਈ.) ਨੇ ਇਸ ਵਿਚਾਰ ਨੂੰ ਬੌਧਿਕ ਰੂਪ ਦਿੱਤਾ। ਅਫ਼ਲਾਤੂਨ ਅਨੁਸਾਰ ਸ਼ਰੀਰਿਕ ਪਿਆਰ ਘਟੀਆ ਤੇ ਅਸਥਾਈ ਹੈ, ਆਤਮਿਕ ਪਿਆਰ ਸੁੱਚਾ ਤੇ ਸ੍ਰੇਸ਼ਠ ਹੈ। ਅਫ਼ਲਾਤੂਨ ਦੀਆਂ ਗੋਸ਼ਟੀਆਂ (dialogues) ਦੇ ਵਿਚਾਰ ਸੰਗ੍ਰਹਿ (Symposium) ਭਾਗ ਵਿਚ ਪਵਿੱਤਰ ਅਤੇ ਅਪਵਿੱਤਰ ਪ੍ਰੇਮ ਦੀ ਇਕ ਲੰਮੀ ਵਾਤਰਾ ਰਾਹੀਂ ਵਿਆਖਿਆ ਕੀਤੀ ਗਈ ਹੈ। ਪਵਿੱਤਰ ਪ੍ਰੇਮ ਆਤਮਾ ਦੇ ਪ੍ਰੇਮ ਹੈ ਅਤੇ ਅਪਵਿੱਤਰ ਪ੍ਰੇਮ ਸ਼ਰੀਰ ਦਾ ਪ੍ਰੇਮ ਹੈ ਜਿਹੜਾ ਕੇਵਲ ਉਤਪਤੀ ਦਾ ਸਾਧਨ ਹੈ। ਇਸੇ ਵਾਰਤਾ ਵਿਚ ਫ਼ੇਡਰਸ (Phaedrus) ਦਲੀਲ ਦਿੰਦਾ ਹੈ ਕਿ ਪ੍ਰੇਮ ਸਨਾਤਨ ਤੇ ਸ੍ਰੇਸ਼ਠ ਦੇਣ ਹੈ ਜਿਹੜਾ ਵੀਵਿਤ ਅਤੇ ਅਜੀਵਿਤ ਦੋਹਾਂ ਲਹੀ ਕਲਿਆਣਕਾਰੀ ਹੁੰਦਾ ਹੈ। ਸੰਸਾਰੀ ਪਿਆਰ ਨਸ਼ਵਰ ਹੈ ਜਿਹੜਾ ਆਤਮਾ ਨੂੰ ਭ੍ਰਸ਼ਟ ਕਰਦਾ ਹੈ, ਸੰਸਾਰੀ ਪ੍ਰੇਮੀਆਂ ਦੇ ਵਿਵਹਾਰ ਨੇ ਪ੍ਰੇਮ ਨੂੰ ਕਲੰਕਿਤ ਕੀਤਾ ਹੈ। ਸੱਚਾ ਪ੍ਰੇਮ ਆਤਮਾ ਤੇ ਇਸ ਦੀ ਸੁੰਦਰਤਾ ਦੀ ਸੱਚੀ ਪੂਜਾ ਹੈ ਜਿਹੜੀ ਵਿਸ਼ਵ–ਵਿਆਪੀ ਭਲਾਈ ਦੀ ਸੂਚਕ ਹੈ। ਡਾਇਉਟਮਾ (Diotima) ਇਸੇ ਵਿਚਾਰ ਨੂੰ ਅੱਗੇ ਤੋਰਦਾ ਹੋਇਆ ਕਹਿੰਦਾ ਹੈ ਕਿ ਪ੍ਰੇਮੀ ਮੁੰਡਪੁਣੇ ਦੇ ਸ਼ਰੀਰਿਕ ਪਿਆਰ ਦੀ ਅਵਸਥਾ ਨੂੰ ਪਾਰ ਕਰਨ ਉਪਰੰਤ ਜਦ ਆਤਮਿਕ ਪਿਆਰ ਨੂੰ ਮਾਣਨ ਲੱਗਦਾ ਹੈ ਉਸ ਨੂੰ ਆਤਮਾ ਤੇ ਪਰਮਾਤਮਾ ਦੇ ਸੰਬੰਧ ਦਾ ਗਿਆਨ ਹੋ ਜਾਂਦਾ ਹੈ। ਪ੍ਰੇਮ ਮੰਦਰ ਦਾ ਇਹੀ ਰਾਹ ਹੈ ਕਿ ਵਿਅਕਤੀਗਤ ਸੁੰਦਰਤਾ ਨੂੰ ਪੋੜੀ ਬਣਾ ਕੇ ਸਰਵ ਵਿਆਪੀ ਤੇ ਸਰਵ ਸ੍ਰੇਸ਼ਠ ਸੁੰਦਰਤਾ ਦੀ ਪ੍ਰਾਪਤੀ ਦਾ ਯਤਨ ਕੀਤਾ ਜਾਵੇ। ਪਿਆਰ ਦੀਆਂ ਦੋ ਦੇਵੀਆਂ (Venus) ਹਨ, ਇਕ ਸੁਰਗੀ ਦੇਵੀ (Venus Coelestic) ਅਤੇ ਦੂਜੀ ਅਸ਼ਲੀਲ ਜਾਂ ਅਸ਼ਿਸ਼ਟ (Venus Naturalis), ਇਕੋ ਸਮੇਂ ਦੋਹਾਂ ਨਾਲ ਇਕੱਠਿਆਂ ਪਿਆਰ ਨਹੀਂ ਕੀਤਾ ਜਾ ਸਕਦਾ। ਪਹਿਲੀ ਨਾਲ ਪਿਆਰ ਅਮਰ ਹੈ ਅਤੇ ਉਜਵਲ ਹੈ ਦੂਜੀ ਨਾਲ ਪਿਆਰ ਘੜੀ ਦਾ ਸੁਆਦ ਹੈ ਅਤੇ ਨਾਸ਼ਵਾਨ ਹੈ।

          ਅੰਗ੍ਰੇਜ਼ੀ ਸਾਹਿੱਤ ਵਿਚ ਅਫ਼ਲਾਤੂਨੀ ਪਿਆਰ ਨੂੰ ਮਹਾਕਵੀ ਸਪੈਂਸਰ (Spenser) ਨੇ ਆਪਣੀ ਮਹਾਨ ਕਿਰਤ ਫ਼ੇਅਰੀ ਕੁਈਨ (Fairy Queen) ਦਾ ਆਧਾਰ ਬਣਾਇਆ। ਸ਼ੈਲੇ (Shelley) ਨੇ ਆਪਣੀਆਂ ਕਵਿਤਾਵਾਂ, ਵਿਸ਼ੇਸ਼ਕਰ ਕੁਈਨ ਮੈਬ (Queen Mab) ਅਤੇ ਬੌਧਿਕ ਸੁੰਦਰਤਾ ਦੀ ਆਰਾਧਨਾ (Hymn to Intellectual Beauty) ਵਿਚ ਅਫ਼ਲਾਤੂਨੀ ਪਿਆਰ ਦਾ ਪ੍ਰਚਾਰ ਕੀਤਾ। ਅਮਰੀਕਨ ਲੇਖਕ ਐਮਰਸਨ (Emerson) ਨੇ ਆਪਣੇ ਲੇਖ ‘ਲਵ’ (Love) ਵਿਚ ਇਹੀ ਵਿਚਾਰ ਦਿੱਤੇ ਹਨ। ਪੰਜਾਬੀ ਵਿਚ ਗ਼ੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਆਪਣੀਆਂ ਕਹਾਣੀਆਂ ਵਿਚ ਅਫ਼ਲਾਤੂਨੀ ਪਿਆਰ ਨੂੰ ਸ਼੍ਰੇਸ਼ਠ ਮੰਨਿਆ ਹੈ। ਅਫ਼ਲਾਤੂਨ ਅਤੇ ਐਮਰਸਨ ਤੋਂ ਪ੍ਰਭਾਵਿਤ ਗ਼ੁਰਬਖ਼ਸ਼ ਸਿੰਘ ਦਾ ਸਹਿਜ ਫ਼ਲਸਫ਼ਾ ਇਕ ਦੇ ਪਿਆਰ ਤੋਂ ਵਿਸ਼ਵ ਵਿਆਪੀ ਪਿਆਰ ਦੀ ਸੰਭਾਵਨਾ ਦਾ ਸੂਚਕ ਹੈ। ਗ਼ੁਰਬਖ਼ਸ਼ ਸਿੰਘ ਲਈ ਪਿਆਰ ਹੀ ਦੁਨੀਆ ਦੇ ਸਭ ਰੋਗਾਂ ਦਾ ਦਾਰੂ ਹੈ, ਪਰ ਸ਼ਰਤ ਇਹ ਹੈ ਕਿ ਇਹ ਪਿਆਰ ਕੇਵਲ ਜਿਸਮਾਨੀ ਪਿਆਰ ਨਾ ਹੋਵੇ। ਐਮਰਸਨ ਦਾ ਇਹ ਵਿਚਾਰ ਹੈ ਕਿ ਪਿਆਰ ਸ਼੍ਰੇਸ਼ਠ ਆਤਮਾਵਾਂ ਦੀ ਆਪਸੀ ਪਹਿਚਾਣ ਹੈ, ਗ਼ੁਰਬਖ਼ਸ਼ ਸਿੰਘ ਦੇ ਪOਸਿੱਧ ਵਿਚਾਰ ‘ਪਿਆਰ ਕਬਜ਼ਾ ਨਹੀਂ ਪਹਿਚਾਣ’ ਵਿਚ ਮਿਲਦਾ ਹੈ।


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.