ਭਗਤ ਰਤਨਾਵਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਗਤ ਰਤਨਾਵਲੀ (ਰਚਨਾ): ਇਸ ਦਾ ਇਕ ਨਾਮਾਂਤਰ ‘ਸਿੱਖਾਂ ਦੀ ਭਗਤਮਾਲਾ ’ ਵੀ ਹੈ। ਭਾਈ ਮਨੀ ਸਿੰਘ ਦੇ ਨਾਂ ਨਾਲ ਸੰਬੰਧਿਤ ਇਹ ਅਠਾਰ੍ਹਵੀਂ ਸਦੀ ਵਿਚ ਰਚੇ ਗਏ ਸਾਖੀ ਸਾਹਿਤ ਦੀ ਪ੍ਰਮੁਖ ਰਚਨਾ ਹੈ। ਹੱਥ-ਲਿਖਿਤ ਪੋਥੀਆਂ ਤੋਂ ਇਲਾਵਾ ਇਸ ਦੇ ਭਾਈ ਵੀਰ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ, ਪ੍ਰੋ. ਧਰਮਚੰਦ ਆਦਿ ਵਿਦਵਾਨਾਂ ਦੁਆਰਾ ਸੰਪਾਦਿਤ ਸੰਸਕਰਣ ਵੀ ਉਪਲਬਧ ਹਨ। ਕਰਤ੍ਰਿਤਵ ਅਤੇ ਰਚਨਾ-ਕਾਲ ਬਾਰੇ ਤੱਥ-ਆਧਾਰਿਤ ਸਾਮਗ੍ਰੀ ਦੇ ਅਭਾਵ ਕਾਰਣ ਇਹ ਇਕ ਸੰਦਿਗਧ ਰਚਨਾ ਹੈ। ਫਲਸਰੂਪ ਇਸ ਦੇ ਕਰਤ੍ਰਿਤਵ ਅਤੇ ਰਚਨਾ-ਕਾਲ ਬਾਰੇ ਅਨੇਕ ਪ੍ਰਕਾਰ ਦੇ ਮਤ ਅਤੇ ਵਿਵਾਦ ਪ੍ਰਚਲਿਤ ਰਹੇ ਹਨ।
ਕੁਝ ਅੰਦਰਲੇ ਸੰਦਰਭਾਂ ਤੋਂ ਕਰਤ੍ਰਿਤਵ ਸੰਬੰਧੀ ਹੇਠਾਂ ਲਿਖੇ ਤੱਥ ਉਘੜਦੇ ਹਨ :
(1) ਜਿਗਿਆਸੂਆਂ ਦੁਆਰਾ ਪੁਛੇ ਜਾਣ ’ਤੇ ਭਾਈ ਮਨੀ ਸਿੰਘ ਭਾਈ ਗੁਰਦਾਸ ਦੁਆਰਾ ਲਿਖੀ ਯਾਰ੍ਹਵੀਂ ਵਾਰ ਵਿਚ ਅੰਕਿਤ ਸਿੱਖਾਂ ਦੀਆਂ ‘ਰਹਿਤਾਂ ਤੇ ਕਰਤੂਤਾਂ’ ਦਾ ਵਿਖਿਆਨ ਕਰਦੇ ਹਨ, ਤਾਂ ਜੋ ਸਮਕਾਲੀ ਸਿੱਖ ਉਨ੍ਹਾਂ ਦਾ ਅਨੁਕਰਣ ਕਰ ਸਕਣ ।
(2) ਭਾਈ ਮਨੀ ਸਿੰਘ ਉਹੀ ਕੁਝ ਦਸਦੇ ਹਨ ਜੋ ਉਨ੍ਹਾਂ ਨੇ ਦਸਮ ਗੁਰੂ ਤੋਂ ਸੁਣਿਆ ਸੀ , ਤਾਂ ਜੋ ਪੁੱਛਾਂ ਕਰਨ ਵਾਲੇ ਜਿਗਿਆਸੂਆਂ ਨੂੰ ਸਿੱਖੀ ਪ੍ਰਾਪਤ ਹੋ ਸਕੇ ।
(3) ਭਾਈ ਮਨੀ ਸਿੰਘ ਇਸ ਵਿਚ ਅਨੑਯ ਪੁਰਸ਼ ਦੇ ਰੂਪ ਵਿਚ ਦਰਸਾਏ ਗਏ ਹਨ।
ਸਪੱਸ਼ਟ ਹੈ ਕਿ ਭਾਈ ਗੁਰਦਾਸ ਦੀ ਯਾਰ੍ਹਵੀਂ ਵਾਰ ਦੇ ਵਿਵਰਣਾਂ ਦੇ ਆਧਾਰ’ਤੇ ਦਸਵੇਂ ਗੁਰੂ ਤੋਂ ਸੁਣੀਆਂ ਸਿੱਖਾਂ ਦੇ ਚਲਨ ਦੀਆਂ ਸਾਖੀਆਂ ਨੂੰ ਭਾਈ ਮਨੀ ਸਿੰਘ ਤੋਂ ਸੁਣ ਕੇ ਕਿਸੇ ਸਿਰਜਨਾਤਮਕ ਰੁਚੀਆਂ ਵਾਲੇ ਸ਼ਰਧਾਲੂ ਸਿੱਖ ਨੇ ਪ੍ਰਸਤੁਤ ਰੂਪ ਵਿਚ ਅੰਕਿਤ ਕੀਤਾ। ਇਥੇ ਭਾਈ ਮਨੀ ਸਿੰਘ ਅਨੑਯ ਪੁਰਸ਼ ਵਿਚ ਦਰਸਾਏ ਹੋਣ ਕਾਰਣ ਇਸ ਰਚਨਾ ਦੇ ਲੇਖਕ ਨਹੀਂ ਕਥਾ-ਵਾਚਕ ਜਾਂ ਵਿਆਖਿਆਤਾ ਹਨ ਅਤੇ ਇਸ ਨੂੰ ਲਿਖਿਤ ਰੂਪ ਦੇਣ ਵਾਲਾ ਕੋਈ ਹੋਰ ਹੈ, ਜਿਸ ਨੂੰ ਵਿਦਵਾਨਾਂ ਨੇ ਭਾਈ ਸੂਰਤ ਸਿੰਘ ਕਿਹਾ ਹੈ।
ਕਰਤ੍ਰਿਤਵ ਵਾਂਗ ਇਸ ਦਾ ਰਚਨਾ-ਕਾਲ ਵੀ ਸੰਦਿਗਧ ਹੈ ਕਿਉਂਕਿ ਇਸ ਵਿਚ ਕਿਤੇ ਵੀ ਕੋਈ ਅਜਿਹੀ ਅੰਦਰਲੀ ਗਵਾਹੀ ਉਪਲਬਧ ਨਹੀਂ, ਜਿਸ ਦੇ ਆਧਾਰ’ਤੇ ਇਸ ਦੇ ਰਚਨਾ-ਕਾਲ ਬਾਰੇ ਨਿਸਚਿਤ ਰੂਪ ਵਿਚ ਕੁਝ ਕਿਹਾ ਜਾ ਸਕੇ। ਫਿਰ ਵੀ ਆਮ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਿਚਲੀਆਂ ਸਾਖੀਆਂ ਦਾ ਭਾਈ ਮਨੀ ਸਿੰਘ ਦੁਆਰਾ ਮੌਖਿਕ ਉੱਚਾਰਣ 1707/1708 ਈ. ਵਿਚਾਲੇ ਹੋਇਆ ਹੋਵੇਗਾ ਅਤੇ ਭਾਈ ਸੂਰਤ ਸਿੰਘ ਦੁਆਰਾ ਇਨ੍ਹਾਂ ਨੂੰ ਲਿਖਿਤੀ ਰੂਪ ਕੁਝ ਵਰ੍ਹਿਆਂ ਮਗਰੋਂ ਅਤੇ 1737 ਈ. ਤੋਂ ਹਰ ਹਾਲਤ ਵਿਚ ਪਹਿਲਾਂ ਦਿੱਤਾ ਜਾ ਚੁਕਿਆ ਸੀ, ਕਿਉਂਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ , ਅੰਮ੍ਰਿਤਸਰ (ਅੰਕ 7398) ਵਿਚ ਬਾਬਾ ਕਲਾਧਾਰੀ ਦੀ ਸੇਵਾ ਵਿਚ ਰਹਿ ਕੇ ਲਿਖੀ ਗਈ ਇਸ ਰਚਨਾ ਦੀ ਇਕ ਪੋਥੀ ਉਪਲਬਧ ਸੀ ਅਤੇ ਬਾਬਾ ਕਲਾਧਾਰੀ ਦੀ ਮ੍ਰਿਤੂ 1737 ਈ. ਵਿਚ ਹੋਈ ਸੀ।
‘ਭਗਤ ਰਤਨਾਵਲੀ’ ਇਕ ਪ੍ਰਚਾਰਤਮਕ ਕ੍ਰਿਤੀ ਹੈ ਜਿਸ ਵਿਚ ‘ਸਿੱਖੀ’ ਦੇ ਸਰੂਪ ਦਾ ਵਿਸ਼ਲੇਸ਼ਣ ਭਾਈ ਗੁਰਦਾਸ ਦੀ ਯਾਰ੍ਹਵੀਂ ਵਾਰ ਦੇ ਸੰਦਰਭ ਵਿਚ ਕੀਤਾ ਗਿਆ ਹੈ। ਇਹ ਸਰੂਪ-ਵਿਸ਼ਲੇਸ਼ਣ ਕਿਸੇ ਸ਼ਾਸਤ੍ਰੀ ਢੰਗ ਨਾਲ ਨਹੀਂ, ਸਗੋਂ ਸਿੱਖਾਂ ਦੇ ਜੀਵਨ , ਉਨ੍ਹਾਂ ਦੀਆਂ ਜਿਗਿਆਸਾਵਾਂ, ਅਧਿਆਤਮਿਕ ਖੇਤਰ ਵਿਚ ਵਾਪਰਨ ਵਾਲੀਆਂ ਸਮਸਿਆਵਾ ਸੰਬੰਧੀ ਪੁੱਛਾਂ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ। ਇਹ ਗੱਲ ਇਸ ਰਚਨਾ ਦੇ ਮੁੱਖ ਮੰਤਵ ਤੋਂ ਹੀ ਸਪੱਸ਼ਟ ਹੋ ਜਾਂਦੀ ਹੈ, ਜਿਸ ਦਾ ਉੱਲੇਖ ਇਸ ਦੀ ਉਥਾਨਿਕਾ ਵਿਚ ਹੋਇਆ ਹੈ।
ਇਸ ਰਚਨਾ ਦੀਆਂ ਪਹਿਲੀਆਂ ਬਾਰ੍ਹਾਂ ਪਉੜੀਆਂ ਵਾਲੇ ਭਾਗ ਵਿਚ ਭਾਈ ਗੁਰਦਾਸ ਦੁਆਰਾ ਦਿੱਤੇ ਸਿੱਖ ਸਿੱਧਾਂਤਾਂ ਦਾ ਵਿਸ਼ਲੇਸ਼ਣ ਹੋਇਆ ਹੈ। ਇਸ ਲਈ ਉਸ ਵਿਚ ਲੇਖਕ ਦੀ ਮੌਲਿਕ ਪ੍ਰਤਿਭਾ ਨਿਖਰ ਨਹੀਂ ਸਕੀ, ਪਰ ਜਦੋਂ ਉਸ ਨੇ ਸਿੱਖਾਂ ਦੀ ਨਾਮਾਵਲੀ ਵਿਚ ਸਿੱਖਾਂ ਦੀਆਂ ਵਖ ਵਖ ਸਾਖੀਆਂ ਰਾਹੀਂ ਉਨ੍ਹਾਂ ਦੁਆਰਾ ਅਪਣਾਏ ਜਾਣ ਵਾਲੇ ਨਿਯਮਾਂ ਅਤੇ ਰਹਿਤਾਂ ਦਾ ਕਥਾ-ਪ੍ਰਸੰਗਾਂ ਜਾਂ ਗੋਸਟਾਂ ਦੁਆਰਾ ਚਿਤ੍ਰਣ ਕੀਤਾ ਹੈ, ਉਥੇ ਉਸ ਦੀ ਮੌਲਿਕਤਾ ਉਘੜੀ ਹੈ। ਉਨ੍ਹਾਂ ਸਾਖੀਆਂ ਤੋਂ ਸਿੱਖਾਂ ਦੀ ਰਹਿਣੀ ਦੇ ਅਨੇਕ ਤੱਥ ਸਾਹਮਣੇ ਆਉਂਦੇ ਹਨ, ਜਿਵੇਂ—ਧਰਮ ਦੀ ਕਿਰਤ ਕਰਨਾ, ਵੰਡ ਖਾਵਣਾ, ਨਾਮ ਜਪਣਾ, ਮਨ ਨੂੰ ਗ਼ਮ ਦੑਵੈਸ਼ ਤੋਂ ਸ਼ੁੱਧ ਕਰਨਾ, ਆਏ ਸਿੱਖ ਦੀ ਸੇਵਾ ਕਰਨਾ, ਭਾਉਭਗਤੀ ਅਤੇ ਪ੍ਰੇਮਭਗਤੀ ਕਰਨਾ, ਸ਼ਬਦ ਅਤੇ ਗੁਰੂ ਨੂੰ ਇਕ ਰੂਪ ਜਾਣਨਾ, ਸ਼੍ਰਵਣ , ਮਨਨ ਤੇ ਨਿਧਿਆਸਨ ਕਰਨਾ, ਸਾਧਾਂ ਦੀ ਟਹਿਲ ਸੇਵਾ ਕਰਨਾ, ਸੰਤਾਂ ਸਤਿਗੁਰਾਂ ਤੇ ਪਰਮੇਸ਼ਰ ਵਿਚ ਭੇਦ ਨ ਜਾਣਨਾ, ਧਰਮਸਾਲਾ ਦੋਵੇਂ ਵੇਲੇ ਤੁਰ ਕੇ ਜਾਣਾ, ਵਾਹਿਗੁਰੂ ਦਾ ਭਜਨ ਕਰਨਾ, ਸਾਧ- ਸੰਗਤ ਵਿਚ ਜਾਣਾ, ਸ਼ਬਦ-ਅਭਿਆਸ ਕਰਨਾ, ਗੁਰਬਾਣੀ ਦੀ ਕਥਾ ਕਰਨਾ ਅਤੇ ਸੁਣਨਾ, ਕੀਰਤਨ ਕਰਨਾ ਅਤੇ ਸੁਣਨਾ, ਸਿੱਖਾਂ ਦੀ ਸੇਵਾ ਕਰਨਾ ਤੇ ਗੁਰੂ ਦੁਆਰਾ ਸਿੱਖ ਦੀ ਪੈਜ ਰਖਣਾ, ਭਗਤੀ-ਯੋਗ ਕਰਨਾ, ਮਨ ਨੀਵਾਂ ਰਖਣਾ, ਪ੍ਰਭਾਤ ਵੇਲੇ ਉਠ ਕੇ ਇਸ਼ਨਾਨ ਕਰਕੇ ਸਾਧ-ਸੰਗਤਿ ਵਿਚ ਜਾਣਾ ਅਤੇ ਪ੍ਰੀਤ ਕਰਨੀ, ਗੁਰੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ, ਦੁਖਿਆਰਿਆਂ ਦੀ ਸਹਾਇਤਾ ਕਰਨੀ, ਜਗਤ ਨੂੰ ਸੁਪਨੇ ਸਮਾਨ ਸਮਝਣਾ, ਦੇਹ ਦੇ ਦੁਖਾਂ ਸੁਖਾਂ ਦਾ ਹਰਖ ਸੋਗ ਨਹੀਂ ਕਰਨਾ, ਬਾਣੀ ਨਾਲ ਹਿਤ ਕਰਨਾ, ਪਰਉਪਕਾਰ ਕਰਨਾ, ਗ੍ਰਿਹਸਥ ਵਿਚ ਰਹਿ ਕੇ ਭਗਤੀ ਕਰਨਾ, ਆਲਸ ਨ ਕਰਨਾ, ਉਦਮ ਕਰਨਾ, ਹਉਮੈ ਨੂੰ ਮਾਰਨਾ, ਮਨ ਦਾ ਹੰਕਾਰ ਤਿਆਗਣਾ, ਪ੍ਰਸਾਦ ਵਰਤਾ ਕੇ ਛਕਣਾ , ਮਠ ਮੜੀ ਕਬਰ ਟੋਭਰੀ ਨੂੰ ਨਹੀਂ ਸੇਵਣਾ, ਲੋੜਵੰਦੇ ਸਿੱਖ ਦੀ ਮਦਦ ਕਰਨਾ, ਪੁਰਬ ਮੰਨਾਉਣੇ, ਬਾਣੀ ਦੀਆਂ ਪੋਥੀਆਂ ਗੁਰੂ ਦੇ ਲੇਖੇ ਲਿਖ ਦੇਣਾ, ਕੜਾਹ ਪ੍ਰਸਾਦ ਕਰਕੇ ਵੰਡਣਾ , ਸਚ ਬੁਲਣਾ, ਦਿਲੋਂ ਸਚਿਆਰ ਰਹਿਣਾ, ਦਸਵੰਧ ਕਢਣਾ, ਪਿੰਡ ਵਿਚ ਧਰਮਸਾਲਾ ਬਣਾਉਣੀ, ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ, ਸਵੇਰੇ ਗ੍ਰੰਥ ਸਾਹਿਬ ਦਾ ਦਰਸ਼ਨ ਕਰਨਾ, ਆਪਣੇ ਪਾਪਾਂ ਦਾ ਧਿਆਨ ਰਖਣਾ ਅਤੇ ਵਿਚਾਰਨਾ, ਪੁੰਨ ਦਾਨ ਕਰਨਾ, ਰੁਤ ਅਨੁਸਾਰ ਸਿੱਖਾਂ ਨੂੰ ਬਸਤ੍ਰ ਦੇਣਾ, ਕਾਮ ਆਦਿਕ ਵਿਸ਼ਿਆਂ ਵਿਚ ਲੀਨ ਨ ਹੋਣਾ, ਗੁਰਮੁਖਾਂ ਦਾ ਕਰਮ ਕਰਨਾ ਅਤੇ ਮਨਮੁਖਾਂ ਨੂੰ ਤਿਆਗਣਾ, ਮਿਠਾ ਬੋਲਣਾ, ਗੁਰੂ ਵਿਚ ਨਿਸਚਾ ਰਖਣਾ, ਗੁਰੂ ਨਾਲ ਪ੍ਰੀਤ ਕਰਨਾ, ਪਰਾਈ ਨਿੰਦਿਆ ਨ ਕਰਨਾ, ਨਿਰਵੈਰ ਹੋਣਾ, ਅੰਮ੍ਰਿਤਸਰ ਦਾ ਦਰਸ਼ਨ ਅਤੇ ਇਸ਼ਨਾਨ ਕਰਨਾ, ਸੰਤੋਖਸਰ, ਬਿਬੇਕਸਰ ਅਤੇ ਰਾਮਸਰ ਵਿਚ ਇਸ਼ਨਾਨ ਕਰਨਾ, ਤਰਨਤਾਰਨ ਤੀਰਥ ਵਿਚ ਇਸ਼ਨਾਨ ਕਰਨਾ, ਲੂਣ ਖਾ ਕੇ ਬੁਰਾ ਨ ਚਿਤਵਣਾ, ਤ੍ਰਿਸਨਾ ਦਾ ਤਿਆਗ ਕਰਨਾ, ਸ਼ਗਨ ਤਿਥ ਵਾਰ ਗ੍ਰਹ ਨਛਤ੍ਰ ਵਿਚ ਵਿਸ਼ਵਾਸ ਨ ਕਰਨਾ, ਆਪਣੇ ਆਪ ਨੂੰ ਗਿਆਨੀ ਨ ਮੰਨਣਾ, ਮਾਇਆ ਵਿਚ ਲੀਨ ਨ ਹੋਣਾ, ਨਿੰਦਕਾਂ ਦੇ ਕਹਿਣ’ਤੇ ਨਾਮ ਦਾ ਤਿਆਗ ਨਹੀਂ ਕਰਨਾ, ਸਦਾ ਗ਼ਰੀਬੀ ਦਾ ਭਾਵ ਰਖਣਾ ਆਦਿ।
ਇਸ ਪੁਸਤਕ ਵਿਚ ਗੁਰਮੁਖਾਂ/ਗੁਰਸਿੱਖਾਂ ਨੇ ਜਿਸ ਸਾਧਨਾ-ਪੱਧਤੀ ‘ਭਗਤੀ’ ਨੂੰ ਅਪਨਾਉਣਾ ਹੈ, ਉਸ ਦੇ ਸਰੂਪ ਉਤੇ ਸਵਿਸਤਾਰ ਪ੍ਰਕਾਸ਼ ਪਾਇਆ ਗਿਆ ਹੈ ਅਤੇ ਨਾਲ ਨਾਲ ਦੂਜੀਆਂ ਸਾਧਨਾ-ਪੱਧਤੀਆਂ ਦਾ ਉੱਲੇਖ ਕਰਕੇ ਤੁਲਨਾਤਮਕ ਸੰਦਰਭ ਵਿਚ ਭਗਤੀ ਦਾ ਮਹੱਤਵ-ਸਥਾਪਨ ਹੋਇਆ ਹੈ। ਸਿੱਖ ਸਾਧਨਾ ਪੱਧਤੀ ‘ਭਗਤੀ’ ਦੇ ਸਰੂਪ ਵਿਸ਼ਲੇਸ਼ਣ ਦੇ ਨਾਲ ਨਾਲ ਇਸ ਰਚਨਾ ਵਿਚ ਇਸ਼ਟ ਦੇਵ ਦਾ ਰੂਪ ਵੀ ਸਪੱਸ਼ਟ ਕੀਤਾ ਗਿਆ ਹੈ। 19ਵੀਂ ਪਉੜੀ ਦੇ ਪ੍ਰਸੰਗ ਵਿਚ ਸਿੱਖਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਇਸ਼ਟ ਦੇ ਨਿਰਗੁਣ/ਸਗੁਣ ਸਰੂਪ ਸੰਬੰਧੀ ਪੁਛੇ ਜਾਣ’ਤੇ ਗੁਰੂ ਅਰਜਨ ਦੇਵ ਜੀ ਵਲੋਂ ਉਤਰ ਦਿਵਾਇਆ ਗਿਆ ਹੈ ਕਿ ਨਿਰਗੁਣ ਅਤੇ ਸਗੁਣ ਵਿਚ ਕੋਈ ਭੇਦ ਨਹੀਂ ਹੈ। ਇਹ ਦੋਵੇਂ ਅਸਲੋਂ ਇਕ ਹੀ ਹਨ, ਪਰ ਗੁਰੂ ਨਾਨਕ ਦੇਵ ਜੀ ਨਾਮ ਦੇ ਉਪਾਸਕ ਸਨ ।
ਇਸ ਰਚਨਾ ਵਿਚ ਸਿੱਖ ਸਾਧਨਾ ਦਾ ਪ੍ਰਮੁਖ ਤੀਰਥ ਅੰਮ੍ਰਿਤਸਰ ਦਸਿਆ ਗਿਆ ਹੈ। ਕਈਆਂ ਸਾਖੀਆਂ ਵਿਚ ਅੰਮ੍ਰਿਤਸਰ ਦੇ ਪੌਰਾਣਿਕ ਪਿਛੋਕੜ, ਮਹੱਤਵ ਅਤੇ ਉਸ ਦੇ ਦਰਸ਼ਨ ਇਸ਼ਨਾਨ ਤੋਂ ਹੋਣ ਵਾਲੀਆਂ ਅਦੁੱਤੀ ਪ੍ਰਾਪਤੀਆਂ ਦਾ ਉੱਲੇਖ ਵੀ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਸੰਤੋਖਸਰ, ਬਿਬੇਕਸਰ, ਰਾਮਸਰ ਦੀ ਮਹਾਨਤਾ ਉਤੇ ਪ੍ਰਕਾਸ਼ ਪਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਨੂੰ ਵੀ ਥਾਂ ਥਾਂ ਦਰਸਾਇਆ ਗਿਆ ਹੈ ਅਤੇ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਨਾ ਲਾਜ਼ਮੀ ਕਿਹਾ ਗਿਆ ਹੈ।
ਵਿਸ਼ੇ-ਵਸਤੂ ਦੇ ਵਿਸ਼ਲੇਸ਼ਣ ਤੋਂ ਭਲੀ-ਭਾਂਤ ਸਪੱਸ਼ਟ ਹੈ ਕਿ ਲੇਖਕ ਦਾ ਉਦੇਸ਼ ਸਿੱਖੀ ਦੀ ਰਹਿਤ ਮਰਯਾਦਾ ਨੂੰ ਸਪੱਸ਼ਟ ਕਰਨਾ ਸੀ। ਸਿੱਖ ਧਰਮ ਵਿਚ ਦੇਹ-ਧਾਰੀ ਗੁਰੂਆਂ ਤੋਂ ਬਾਦ ਜਿਗਿਆਸੂਆਂ ਦੇ ਮਨ ਵਿਚ ਪੈਦਾ ਹੋਣ ਵਾਲੇ ਸ਼ੰਕਿਆਂ ਜਾਂ ਨਿੱਤ ਦੀਆਂ ਅਧਿਆਤਮਿਕ ਸਮਸਿਆਵਾਂ ਦਾ ਹਲ ਲਭਣਾ ਬੜਾ ਜ਼ਰੂਰੀ ਸੀ। ਇਸੇ ਉਦੇਸ਼ ਤੋਂ ਪਹਿਲਾਂ ਸ਼ੰਕੇ/ਸਮਸਿਆਵਾਂ ਪੇਸ਼ ਕਰਕੇ ਦੇਹਧਾਰੀ ਗੁਰੂਆਂ ਤੋਂ ਹੀ ਉਨ੍ਹਾਂ ਦੇ ਉਤਰ ਦਿਵਾਏ ਗਏ ਹਨ ਤਾਂ ਜੋ ਉਹ ਪ੍ਰਮਾਣ-ਪੁਸ਼ਟ ਹੋ ਸਕਣ। ਇਸ ਦੇ ਨਾਲ ਹੀ ਦਸਵੇਂ ਗੁਰੂ ਤੋਂ ਬਾਦ ਗੁਰੂ-ਪਰੰਪਰਾ ਦੀ ਕੀ ਅਵਸਥਾ ਹੋਵੇਗੀ ਅਤੇ ਕਿਹੜਾ ਕੇਂਦਰੀ ਧਰਮ-ਧਾਮ ਹੋਵੇਗਾ, ਇਸ ਲਈ ਅੰਮ੍ਰਿਤਸਰ ਦੇ ਮਹੱਤਵ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਨੂੰ ਬੜੀ ਰੁਚੀ ਨਾਲ ਚਿਤਰਿਆ ਗਿਆ ਹੈ। ਇਨ੍ਹਾਂ ਸਾਖੀਆਂ ਦੇ ਅਧਿਐਨ ਅਤੇ ਪਠਨ-ਪਾਠਨ ਨਾਲ ਉਸ ਕਾਲ ਦੇ ਸਿੱਖਾਂ ਉਤੇ ਵਿਸ਼ੇਸ਼ ਪ੍ਰਭਾਵ ਪਿਆ ਹੋਵੇਗਾ, ਇਸ ਵਿਚ ਸੰਦੇਹ ਨਹੀਂ। ਸਮੁੱਚੇ ਤੌਰ’ਤੇ ਇਹ ਮਨੋਰਥ-ਸਿੱਧ ਰਚਨਾ ਕਹੀ ਜਾ ਸਕਦੀ ਹੈ।
ਇਸ ਰਚਨਾ ਦੀ ਮੂਲਾਧਾਰ ਭਾਈ ਗੁਰਦਾਸ ਦੀ ਯਾਰ੍ਹਵੀਂ ਵਾਰ ਵਿਚ ਕੁਲ 31 ਪਉੜੀਆਂ ਹਨ, ਜਿਨ੍ਹਾਂ ਵਿਚੋਂ ਪਹਿਲੀਆਂ 12 ਪਉੜੀਆਂ ਵਿਚ ਗੁਰੂ, ਸਤਿਗੁਰ, ਗੁਰਮੁਖ , ਗੁਰਸਿਖ, ਗੁਰਸਿਖੀ ਪ੍ਰੇਮ , ਏਕਤਾ, ਗੁਰੂ-ਸਿੱਖ ਸੰਧੀ ਆਦਿ ਪੱਖਾਂ ’ਤੇ ਭਾਈ ਗੁਰਦਾਸ ਨੇ ਪ੍ਰਕਾਸ਼ ਪਾਇਆ ਹੈ ਅਤੇ ਟੀਕਾਕਾਰ ਨੇ ਉਨ੍ਹਾਂ ਹੀ ਪੱਖਾਂ ਦਾ ਵਾਰਤਕ ਵਿਚ ਵਿਵਰਣ ਦੇ ਦਿੱਤਾ ਹੈ। ਇਸ ਪਿਛੋਂ 13ਵੀਂ ਤੋਂ 31ਵੀਂ ਪਉੜੀ ਤਕ ਪਹਿਲੇ ਤੋਂ ਛੇਵੇਂ ਗੁਰੂ ਤਕ ਦੇ ਸਿੱਖਾਂ ਦੀ ਨਾਮਾਵਲੀ ਪੇਸ਼ ਕੀਤੀ ਗਈ ਹੈ। ਪ੍ਰਸਤੁਤ ਰਚਨਾ ਦੇ ਲੇਖਕ ਨੇ ਨਾਮਾਵਲੀ ਵਿਚਲੇ ਹਰ ਇਕ ਸਿੱਖ ਦੇ ਨਾਂ ਨਾਲ ਸਾਖੀ ਦੀ ਯੋਜਨਾ ਕੀਤੀ ਹੈ, ਕਈ ਇਕ ਸਾਖੀਆਂ ਵਿਚ ਇਕ ਤੋਂ ਵਧ ਸਿੱਖ ਵੀ ਸ਼ਾਮਲ ਹਨ। ਇਨ੍ਹਾਂ ਸਾਖੀਆਂ ਵਿਚ ਚਿਤਰੇ ਸਿੱਖਾਂ ਦੇ ਜੀਵਨ ਦੇ ਕਿਸੇ ਪੱਖ ਜਾਂ ਮੁੱਖ ਘਟਨਾ ਨੂੰ ਕਿਤੇ ਵੀ ਚਿਤਰਿਆ ਨਹੀਂ ਗਿਆ, ਸਗੋਂ ਉਨ੍ਹਾਂ ਵਲੋਂ ਕਿਸੇ ਸ਼ੰਕੇ ਨੂੰ ਪ੍ਰਗਟਾ ਕੇ ਉਸ ਦਾ ਸਮਾਧਾਨ ਗੁਰੂ ਸਾਹਿਬ ਤੋਂ ਕਰਵਾਇਆ ਗਿਆ ਹੈ। ਇਹ ਪੁੱਛਾਂ ਲੇਖਕ ਦੀ ਆਪਣੀ ਰੁਚੀ ਅਨੁਸਾਰ ਹਨ। ਅਜਿਹਾ ਸਚਮੁਚ ਸਿੱਖਾਂ ਦੇ ਜੀਵਨ ਵਿਚ ਘਟਿਤ ਹੋਇਆ ਹੋਵੇਗਾ, ਇਸ ਦਾ ਪ੍ਰਮਾਣ ਹੁਣ ਉਪਲਬਧ ਨਹੀਂ, ਪਰ ਇਤਨਾ ਜ਼ਰੂਰ ਹੈ ਕਿ ਉਸ ਵੇਲੇ ਤਕ ਪ੍ਰਚਲਿਤ ਸਾਖੀਆਂ/ਵਾਰਤਾਵਾਂ ਨੂੰ ਇਸ ਰਚਨਾ ਵਿਚ ਸੰਭਾਲ ਲਿਆ ਗਿਆ ਹੈ। ਇਨ੍ਹਾਂ ਸਾਖੀਆਂ ਤੋਂ ਸਿਵਾ ਯਾਰ੍ਹਵੀਂ ਵਾਰ ਵਿਚ ਸੂਚਿਤ ਸਿੱਖਾਂ ਬਾਰੇ ਜਾਣਨ ਦਾ ਹੋਰ ਕੋਈ ਸਰੋਤ ਨਹੀਂ ਹੈ।
ਨਾਮਾਵਲੀ ਵਾਲੀਆਂ ਪਉੜੀਆਂ ਦਾ ਵਿਸ਼ਲੇਸ਼ਣ ਕਰਦਿਆਂ ਪਹਿਲੀ ਪਾਤਸ਼ਾਹੀ ਦੇ 14 ਸਿੱਖਾਂ ਦੀਆਂ ਸਾਖੀਆਂ, ਦੂਜੀ ਦੇ 11, ਤੀਜੀ ਦੇ 1, ਚੌਥੀ ਦੇ 6, ਪੰਜਵੀਂ ਦੇ 67 ਅਤੇ ਛੇਵੀਂ ਦੇ 23 ਸਿੱਖਾਂ ਦੀਆਂ ਸਾਖੀਆਂ ਦਰਜ ਹੋਈਆਂ ਹਨ। ਇਸ ਤਰ੍ਹਾਂ ਇਹ ਸਾਰੀਆਂ ਸਾਖੀਆਂ ਛੇ ਹਿੱਸਿਆਂ ਵਿਚ ਵੰਡੀਜ ਕੇ ਇਸ ਪੁਸਤਕ ਦਾ ਉਦੇਸ਼ ਪੂਰਾ ਕਰਦੀਆਂ ਹਨ। ਪਰ ਕੁਝ ਹੱਥ-ਲਿਖਿਤਾਂ ਵਿਚ ਭਾਈ ਗੁਰਦਾਸ ਦੀ ਵਾਰ ਤੋਂ ਹਟ ਕੇ ਅੰਤ ਤੇ ਦਸ ਸਾਖੀਆਂ ਹੋਰ ਵੀ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਖੀਆਂ ਵਿਚੋਂ ਇਕ ਦਾ ਸੰਬੰਧ ਸੱਤਵੀਂ ਪਾਤਸ਼ਾਹੀ ਨਾਲ, ਇਕ ਦਾ ਨੌਵੀਂ ਪਾਤਸ਼ਾਹੀ ਨਾਲ ਅਤੇ ਅੱਠ ਦਾ ਦਸਵੀਂ ਪਾਤਸ਼ਾਹੀ ਨਾਲ ਹੈ। ਅਸਲੋਂ ਇਹ ਵਾਧੂ ਅੰਸ਼ ਪ੍ਰਤੀਤ ਹੁੰਦਾ ਹੈ, ਜੋ ਯਾਰ੍ਹਵੀਂ ਵਾਰ ਦੇ ਟੀਕਾ ਕਰਨ ਦੇ ਮੂਲ ਉਦੇਸ਼ ਤੋਂ ਬਾਹਰ ਦੀ ਗੱਲ ਹੈ।
ਇਨ੍ਹਾਂ ਸਾਖੀਆਂ ਦਾ ਪੈਟਰਨ ਇਸ ਤਰ੍ਹਾਂ ਦਾ ਹੈ ਕਿ ਪਹਿਲਾਂ ਸਿੱਖ ਗੁਰੂ ਜੀ ਪਾਸ ਆਉਂਦੇ ਹਨ, ਅਰਦਾਸ/ ਬੇਨਤੀ ਦੇ ਰੂਪ ਵਿਚ ਆਪਣੀ ਜਿਗਿਆਸਾ ਰਖਦੇ ਹਨ ਅਤੇ ਗੁਰੂ ਜੀ ਵਲੋਂ ਉਤਰ ਦਿੱਤਾ ਜਾਂਦਾ ਹੈ। ਕਈ ਵਾਰ ਜ਼ਿਆਦਾ ਸਪੱਸ਼ਟਤਾ ਲਈ ਉਤਰ-ਪ੍ਰਤਿ-ਉਤਰ ਵੀ ਚਲਦੇ ਹਨ। ਜਿਥੇ ਜਿਗਿਆਸਾ ਸਾਧਾਰਣ ਹੈ ਅਤੇ ਕਿਸੇ ਤਰਕ , ਕਥਾ ਵਾਰਤਾ ਦੇ ਪ੍ਰਮਾਣ ਜਾਂ ਵਿਸ਼ਲੇਸ਼ਣ ਦੀ ਲੋੜ ਨਹੀਂ, ਉਥੇ ਸਾਖੀ ਸੰਖਿਪਤ ਅਤੇ ਸਿਧੀ ਹੈ, ਪਰ ਜਿਥੇ ਵਿਸਤਾਰ ਦੀ ਲੋੜ ਹੈ, ਉਥੇ ਕਥਾ-ਪ੍ਰਸੰਗ ਵਧਾਇਆ ਗਿਆ ਹੈ ਅਤੇ ਇਸੇ ਵਿਸਤਾਰ ਵਿਚ ਕਈ ਸਿੱਧਾਂਤਿਕ ਅਤੇ ਸਾਧਨਾਤਮਕ ਤੱਥਾਂ ਦਾ ਵਿਸ਼ਲੇਸ਼ਣ ਵੀ ਹੋ ਗਿਆ ਹੈ। ਕਿਤੇ ਕਿਤੇ ਟੂਕਾਂ ਦੇ ਕੇ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ ਹੈ। ਇਸ ਤਰ੍ਹਾਂ ਇਸ ਰਚਨਾ ਵਿਚ ਸਿੱਖ ਦੀ ਸ਼ੰਕਾ-ਨਿਵ੍ਰਿਤੀ ਲਈ ਗੁਰੂ ਸਾਹਿਬਾਨ ਪਾਸ ਸਾਖੀ ਅਤੇ ਬਾਣੀ ਦੋ ਮਹੱਤਵਪੂਰਣ ਜੁਗਤਾਂ ਹਨ। ਸ੍ਰੇਸ਼ਠ ਸਿੱਖਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਸਾਖੀਆਂ ਲੋਕ-ਬੁੱਧੀ ਨੂੰ ਅਪੀਲ ਕਰਦੀਆਂ ਹਨ ਅਤੇ ਸਿੱਖਾਂ ਦੀਆਂ ਕਰਨੀਆਂ ਨੂੰ ਲੋਕਾਂ ਤਕ ਪਹੁੰਚਾਉਣ ਕਾਰਣ ਸ਼ਰਧਾ ਦੀਆਂ ਅਧਿਕਾਰੀ ਹਨ। ਹਰ ਸਾਖੀ ਦਾ ਆਰੰਭ ਸਿੱਖ ਦੇ ਨਾਂ ਉਪਰੰਤ ਜਿਗਿਆਸਾ ਸੂਚਕ ਹੈ ਅਤੇ ਅੰਤ ਗੁਰੂ-ਉਪਦੇਸ਼ (ਸਿੱਖੀ ਮਰਯਾਦਾ) ਦੀ ਪਾਲਣਾ ਕਾਰਣ ਕਲਿਆਣਕਾਰੀ ਹੈ।
ਇਸ ਰਚਨਾ ਦਾ ਸਮੁੱਚਾ ਪ੍ਰਭਾਵ ਸ਼ਰਧਾਮਈ ਹੈ। ਇਸ ਕਰਕੇ ਇਸ ਨੂੰ ਆਦਰਸ਼ਾਤਮਕ ਪ੍ਰਕਾਰ ਦੀ ਅਥਵਾ ਆਸ਼ੇ ਵਾਲੀ ਰਚਨਾ ਕਿਹਾ ਜਾ ਸਕਦਾ ਹੈ, ਕਿਉਂਕਿ ਸਾਰੇ ਕਥਾ-ਪ੍ਰਸੰਗ ਨਿਸ਼ਠਾ ਦੀ ਭਾਵ-ਭੂਮੀ ਉਤੇ ਉਸਰੇ ਹਨ, ਯਥਾਰਥਤਾ ਦੀ ਸਪੱਸ਼ਟ ਘਾਟ ਹੈ। ਲੇਖਕ ਦਾ ਮੰਤਵ ਸਿੱਖਾਂ ਦੇ ਜੀਵਨ ਦੇ ਅਧਿਆਤਮਿਕ ਪੱਖ ਨੂੰ ਚਿਤਰਨਾ ਹੈ। ਸਿੱਖੀ ਵਿਚ ਲੇਖਕ ਦੀ ਪੂਰੀ ਸ਼ਰਧਾ ਹੈ ਅਤੇ ਸਿੱਖਾਂ ਦੇ ਕਰਮ ਨੂੰ ਚਿਤ੍ਰਣ ਵੇਲੇ ਉਹ ਜਜ਼ਬਾਤੀ ਵੀ ਹੋ ਗਿਆ ਹੈ। ਗੱਲ ਨੂੰ ਸਪੱਸ਼ਟ ਕਰਨ ਲਈ ਤਰਕ ਦੀ ਭਾਵੇਂ ਵਰਤੋਂ ਕੀਤੀ ਗਈ ਹੈ, ਪਰ ਗੱਲ ਵਿਚਲੇ ਤੱਥ ਨੂੰ ਤਰਕ ਦੇ ਆਧਾਰ’ਤੇ ਪੇਸ਼ ਨਹੀਂ ਕੀਤਾ ਗਿਆ। ਇਹ ਅਸਲੋਂ ਸਿੱਖੀ ਨੂੰ ਦ੍ਰਿੜ੍ਹ ਕਰਾਉਣ ਲਈ ਲਿਖੀ ਗਈ ਪ੍ਰਚਾਰਾਤਮਕ ਰਚਨਾ ਹੈ।
ਭਾਸ਼ਾ ਦੇ ਪੱਖ ਤੋਂ ਪ੍ਰਸਤੁਤ ਰਚਨਾ ਪੰਜਾਬੀ ਵਾਰਤਕ ਦੀ ਇਕ ਮਹੱਤਵਪੂਰਣ ਕ੍ਰਿਤੀ ਹੈ। ਇਸ ਤੋਂ ਪਹਿਲਾਂ ਅਤੇ ਬਾਦ ਵਿਚ ਲਿਖੀਆਂ ਗਈਆਂ ਵਾਰਤਕ ਰਚਨਾਵਾਂ ਵਿਚੋਂ ਇਹ ਰਚਨਾ ਨ ਕੇਵਲ ਭਾਸ਼ਾ ਦੀ ਦ੍ਰਿਸ਼ਟੀ ਤੋਂ ਅਧਿਕ ਵਿਵਸਥਿਤ ਹੈ, ਸਗੋਂ ਇਸ ਦੀ ਭਾਸ਼ਾ ਬੜੀ ਪ੍ਰਭਾਵਸ਼ਾਲੀ ਅਤੇ ਪੰਜਾਬੀ ਅਨੁਰੂਪ ਹੈ। ਹਿੰਦਵੀ ਰੰਗ ਇਸ ਵਿਚ ਕਾਫ਼ੀ ਹਦ ਤਕ ਘਟਿਆ ਹੋਇਆ ਪ੍ਰਤੀਤ ਹੁੰਦਾ ਹੈ। ਇਸ ਦੀ ਰਚਨਾ ਚੂੰਕਿ ਸਿੱਖ ਮਰਯਾਦਾ ਦੀ ਸਥਾਪਨਾ ਲਈ ਹੋਈ ਹੈ। ਇਸ ਲਈ ਇਸ ਦਾ ਸਰੂਪ ਅਧਿਆਤਮੀ ਹੈ ਅਤੇ ਵਿਆਕਰਣ ਦੇ ਪੱਖ ਤੋਂ ਇਸ ਵਿਚ ਜਨਮਸਾਖੀ ਪਰੰਪਰਾ ਦੀਆਂ ਅਨੇਕ ਵਿਸ਼ੇਸ਼ਤਾਵਾਂ ਅਤੇ ਪੁਰਾਤਨ ਪੰਜਾਬੀ ਦੀਆਂ ਭਾਸ਼ਾਈ ਪ੍ਰਵ੍ਰਿੱਤੀਆਂ ਦੇ ਦਰਸ਼ਨ ਹੋ ਜਾਂਦੇ ਹਨ।
ਇਸ ਰਚਨਾ ਦਾ ਇਤਿਹਾਸਿਕ ਮਹੱਤਵ ਵੀ ਬਹੁਤ ਅਧਿਕ ਹੈ, ਕਿਉਂਕਿ ਇਸ ਰਾਹੀਂ ਸਾਨੂੰ ਗੁਰੂ ਸਾਹਿਬਾਂ ਦੇ ਨਿਕਟਵਰਤੀ ਸਿੱਖਾਂ ਬਾਰੇ ਜਾਣਕਾਰੀ ਮਿਲਦੀ ਹੈ। ਇਤਿਹਾਸ ਇਨ੍ਹਾਂ ਸਿੱਖਾਂ ਬਾਰੇ ਲਗਭਗ ਚੁਪ ਹੈ। ਭਾਈ ਗੁਰਦਾਸ ਦੀ 11ਵੀਂ ਵਾਰ ਵਿਚ ਕੇਵਲ ਨਾਂ ਦਿੱਤੇ ਹੋਏ ਹਨ, ਇਸ ਲਈ ਪੁਰਾਣੇ ਸ੍ਰੇਸ਼ਠ ਸਿੱਖਾਂ ਦੇ ਅਧਿਆਤਮਿਕ ਜੀਵਨ ਦੀਆਂ ਕੁਝ ਕੁ ਝਾਕੀਆਂ ਜਾਂ ਹੋਰ ਵਿਵਰਣ ਜੇ ਕਿਤੋਂ ਮਿਲ ਸਕਦਾ ਹੈ ਤਾਂ ਉਹ ਕੇਵਲ ਇਸੇ ਪੁਸਤਕ ਤੋਂ। ਇਸ ਦਾ ਦੂਜਾ ਮਹੱਤਵ ਇਹ ਹੈ ਕਿ ਇਸ ਵਿਚ ਉਸ ਕਾਲ ਦੀਆਂ ਰਾਜਨੈਤਿਕ, ਸਮਾਜਿਕ , ਆਰਥਿਕ ਅਤੇ ਧਾਰਮਿਕ ਪਰਿਸਥਿਤੀਆਂ ਦਾ ਬੜਾ ਗੰਭੀਰ ਚਿਤ੍ਰਣ ਹੋਇਆ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸੰਬੰਧੀ ਇਕ ਸਾਖੀ (ਅੰਕ 113 ਵਿਚ) ਜਾਣਕਾਰੀ ਉਪਲਬਧ ਕਰਦੀ ਹੈ—ਭਾਈ ਗੋਪੀ ਮਹਤਾ ਭਾਈ ਤੀਰਥਾ ਭਾਈ ਨਥਾ ਤੇ ਭਾਈ ਭਾਊ ਮੋਕਲ ਤੇ ਭਾਈ ਢਿਲੀ ਮੰਡਲ ਗੁਰਾਂ ਦੀ ਸਰਨ ਆਏ। ਓਨਾ ਅਰਦਾਸ ਕੀਤੀ ਜੀ ਸਚੇ ਪਾਤਸਾਹੁ ਗੁਰੂ ਕੀ ਬਾਣੀ ਨੂੰ ਸੁਣਿ ਕੇ ਤੇ ਮਨ ਵਿਚ ਭੈ ਪ੍ਰਾਪਤ ਹੁੰਦਾ ਹੈ। ਤੇ ਪ੍ਰਿਥੀਮਲ ਤੇ ਮਹਾਂਦੇਉ ਤੇ ਹੋਰ ਸੋਢੀਆਂ ਬਾਣੀ ਕਰਕੈ ਤੇ ਵਿਚ ਗੁਰੂ ਨਾਨਕ ਜੀ ਦਾ ਭੋਗ ਪਾਇਆ ਹੈ। ਓਨਾ ਦੀ ਬਾਣੀ ਨੂੰ ਸੁਣ ਕੇ ਤੇ ਮਨ ਵਿਚ ਅਭਿਮਾਨ ਤੇ ਚਤਰਾਈ ਵਧਦੀ ਹੈ। ਤਾ ਬਚਨ ਹੋਇਆ ਭਾਈ ਗੁਰਦਾਸ ਹੁਣ ਸਿਖ ਬਾਣੀਆਂ ਨੂੰ ਜਾਣਦੇ ਹੈਨ। ਤੇ ਆਗੇ ਜੋ ਹੋਵਨਗੇ ਸੋ ਤੋ ਪਛਾਣਦੇ ਨਹੀਂ। ਜੁ ਗੁਰੂ ਦੀ ਬਾਣੀ ਕਉਣ ਹੈ। ਤੇ ਬਾਹਰ ਦੀ ਬਾਣੀ ਕਉਣ ਹੈ। ਤਾ ਤੇ ਸਭ ਬਾਣੀਆਂ ਇਕਠੀਆਂ ਕਰਕੇ ਗ੍ਰੰਥ ਜੀ ਦੀ ਬੀੜ ਕੀਚੈ। ਤੇ ਅਖਰ ਭੀ ਗੁਰਮੁਖੀ ਸੁਗਮ ਕੀਚਨ। ਸਭ ਕਿਸੇ ਦੇ ਵਾਚਣ ਵਿਚ ਸੁਗਮ ਆਵਨਿ। ਤਾਂ ਕੋਠੇ ਵਿਚ ਸਭੇ ਬਾਣੀਆਂ ਇਕੱਠੀਆਂ ਕੀਤੀਆਂ। ਤੇ ਭਾਈ ਗੁਰਦਾਸ ਜੀ ਨੂੰ ਬਚਨ ਹੋਇਆ ਤੂੰ ਮੋਹਣ ਪਾਸ ਪੋਥੀਆਂ ਲਿਆਉ। ਤਾਂ ਭਾਈ ਗੁਰਦਾਸ ਕਹਿਆ ਮਹਾਰਾਜ ਓਹੁ ਮੈਨੂੰ ਨਹੀਂ ਦੇਵਦੇ। ਤੁਸੀ ਆਪ ਜਾਹੋਗੇ ਤਾਂ ਦੇਵਨਗੇ। ਤਾ ਸਾਹਿਬ ਆਪ ਗਏ। ਜੋ ਮੋਹਣ ਸੁਣਿਆ ਤਾਂ ਚੌਬਾਰਾ ਬੰਦ ਕਰ ਕੇ ਅੰਦਰ ਬੈਠ ਰਹਿਆ। ਤਾਂ ਸਾਹਿਬ ਚੌਬਾਰੇ ਦੇ ਹੇਠ ਬੈਠ ਰਾਗੁ ਪਾਇ ਕਰਿ ਸਬਦੁ ਅਲਾਪਿਆ—ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ।... ਜਾਂ ਚੌਥੀ ਪਉੜੀ ਗਾਵੀ ਤਾਂ ਪੋਥੀਆਂ ਲੈ ਕੇ ਸਭੇ ਆਇ ਚਰਨੀ ਲਾਗਾ। ਤਾਂ ਸਾਹਿਬ ਪੋਥੀਆਂ ਸਭ ਇਕਠੀਆਂ ਕਰ ਕੈ ਭਾਈ ਗੁਰਦਾਸ ਦੇ ਹਵਾਲੇ ਕੀਤੀਆਂ। ਗੁਰਮੁਖੀ ਅਖਰਾਂ ਵਿਚ ਗਿਰੰਥ ਜੀ ਲਿਖਿਆ।
ਇਸ ਤੋਂ ਬਾਦ ਭਗਤ ਬਾਣੀ ਦੇ ਸੰਕਲਨ ਵੇਲੇ ਭਗਤਾਂ ਦੇ ਖ਼ੁਦ ਆਉਣ ਦੀ ਗੱਲ ਕਹੀ ਗਈ ਹੈ। ਉਸ ਤੋਂ ਬਾਦ ਫਤੇਪੁਰ ਤੋਂ ਦਰਸ਼ਨ ਨੂੰ ਆਏ ਜਗਸੀ ਤੇ ਸੇਠਾ ਤਿਲੋਕਾ ਦੇ ਬੇਨਤੀ ਕਰਨ ਤੇ ਭਗਤ ਕਾਨਾ , ਭਗਤ ਛਜੂ , ਭਗਤ ਪੀਲੂ ਅਤੇ ਭਗਤ ਸ਼ਾਹ ਹੁਸੈਨ ਦੀਆਂ ਬਾਣੀਆਂ ਨੂੰ ਪਰਖਣ ਨਿਰਖਣ ਉਪਰੰਤ ਅਪ੍ਰਵਾਨ ਕਰ ਦੇਣ ਦਾ ਪ੍ਰਸੰਗ ਹੈ। ਫਿਰ ਸਿੰਗਲਾਦੀਪ ਤੋਂ ਪ੍ਰਾਣਸੰਗਲੀ ਮੰਗਵਾਣ ਅਤੇ ਅਪ੍ਰਵਾਨ ਕਰਨ ਦਾ ਉੱਲੇਖ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First