ਰਹਿਤਨਾਮੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਹਿਤਨਾਮੇ : ਰਹਿਤਨਾਮਾ ਦੋ ਸ਼ਬਦਾਂ ਰਹਿਤ+ਨਾਮਾ ਦੇ ਸੁਮੇਲ ਤੋਂ ਬਣਿਆ ਹੈ। ਰਹਿਤ ਤੋਂ ਭਾਵ ਰਹਿਣੀ- ਬਹਿਣੀ ਅਤੇ ਨਾਮਾ ਤੋਂ ਭਾਵ ਉਹ ਲਿਖਤ ਜਿਸ ਵਿੱਚ ਇਸ ਦੀ ਵਿਆਖਿਆ ਹੋਵੇ। ਸੋ ਰਹਿਤਨਾਮੇ ਤੋਂ ਇਹ ਭਾਵ ਬਣਿਆ ਕਿ ਉਹ ਲਿਖਤ ਜਿਸ ਵਿੱਚ ਰਹਿਣੀ- ਸਹਿਣੀ ਤੇ ਜ਼ਿੰਦਗੀ ਗੁਜ਼ਾਰਨ ਦਾ ਸਲੀਕਾ ਦੱਸਿਆ ਗਿਆ ਹੋਵੇ। ਹਰ ਇੱਕ ਧਰਮ ਵਿੱਚ ਉਸ ਦੇ ਪੈਰੋਕਾਰਾਂ ਲਈ ਜੀਵਨ ਦੇ ਚੱਜ ਆਚਾਰ ਦੇ ਕੁਝ ਅਸੂਲ ਮਿਥੇ ਹੋਏ ਹਨ। ਇਹਨਾਂ ਅਸੂਲਾਂ ਨੂੰ ਤਿਆਗਣ ਜਾਂ ਇਹਨਾਂ ਦੀ ਉਲੰਘਣਾ ਕਰਨ ਨੂੰ ਮਨਮਤਿ ਸਮਝਿਆ ਜਾਂਦਾ ਹੈ। ਇਸਲਾਮ ਵਿੱਚ ਅਜਿਹੇ ਅਸੂਲਾਂ ਨੂੰ ਸ਼ਰੀਅਤ ਕਿਹਾ ਗਿਆ ਹੈ ਜਦ ਕਿ ਹਿੰਦੂ ਧਰਮ ਵਿੱਚ ਸਿਮਰਿਤੀਆਂ ਵਿੱਚ ਅਜਿਹੇ ਨਿਯਮ ਹਨ। ਸਿੱਖ ਧਰਮ ਵਿੱਚ ਵੀ ਗੁਰਸਿੱਖਾਂ ਨੂੰ ਜੀਵਨ ਗੁਜ਼ਾਰਨ ਦੀ ਜਾਚ ਦੱਸੀ ਗਈ ਹੈ। ਜਿਹੜੀ ਚੀਜ਼ ਦੀ ਆਗਿਆ ਹੈ, ਉਹ ਰਹਿਤ ਹੈ ਅਤੇ ਜਿਹੜੀ ਚੀਜ਼ ਦੀ ਮਨਾਹੀ ਹੈ, ਉਹ ਕੁਰਹਿਤ ਹੈ ਅਤੇ ਜਿਨ੍ਹਾਂ ਲਿਖਤਾਂ ਵਿੱਚ ਇਹ ਅਸੂਲ ਸਮਝਾਏ ਗਏ ਹਨ, ਉਹ ਰਹਿਤਨਾਮੇ ਹਨ।

     ਰਹਿਤਨਾਮਿਆਂ ਦਾ ਅਰੰਭ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੋਇਆ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਇੱਕ ਆਦਰਸ਼ਕ ਸਿੱਖ ਦੀ ਜੋ ਰਹੁ-ਰੀਤ ਹੋਣੀ ਚਾਹੀਦੀ ਹੈ, ਉਸ ਵੱਲ ਸਾਫ਼ ਇਸ਼ਾਰੇ ਕੀਤੇ ਗਏ ਹਨ ਪਰ ਜਿਨ੍ਹਾਂ ਲਿਖਤਾਂ ਨੂੰ ਰਹਿਤਨਾਮਿਆਂ ਦਾ ਬਕਾਇਦਾ ਨਾਂ ਦਿੱਤਾ ਗਿਆ ਹੈ, ਉਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਜਾਂ ਉਹਨਾਂ ਤੋਂ ਪਿੱਛੋਂ ਵੱਖ-ਵੱਖ ਲੇਖਕਾਂ ਵੱਲੋਂ ਲਿਖੇ ਗਏ। ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਵੇਲੇ ਆਪਣੇ ਸਿੱਖਾਂ ਲਈ ਇੱਕ ਸੰਜਮ ਜਾਂ ਅਨੁਸ਼ਾਸਨ ਕਾਇਮ ਕੀਤਾ ਸੀ ਜਿਸ ਅਧੀਨ ਰਹਿਤਨਾਮੇ ਲਿਖਣੇ ਜ਼ਰੂਰੀ ਹੋ ਗਏ ਸਨ। ਰਹਿਤਨਾਮੇ ਬੇਸ਼ੱਕ ਲੇਖਕਾਂ ਵੱਲੋਂ ਲਿਖੇ ਗਏ ਪਰ ਬੁਨਿਆਦੀ ਅਸੂਲ ਉਹੋ ਹੀ ਹਨ ਜੋ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਿਰਜਣ ਵਕਤ ਨਿਸ਼ਚਿਤ ਕੀਤੇ। ਖ਼ਾਲਸਈ ਰਹਿਤ ਦੋ ਤਰ੍ਹਾਂ ਦੀ ਮੰਨੀ ਗਈ ਹੈ-ਅੰਦਰਲੀ ਤੇ ਬਾਹਰਲੀ। ਅੰਦਰਲੀ ਰਹਿਤ ਤੋਂ ਭਾਵ ਮਾਨਸਿਕ ਹੈ, ਜਿਸ ਵਿੱਚ ਵਿਚਾਰਧਾਰਾ ਅਤੇ ਹੋਰ ਧਾਰਮਿਕ ਮਾਨਤਾਵਾਂ ਪ੍ਰਮੁਖ ਹਨ ਜਦ ਕਿ ਬਾਹਰਲੀ ਰਹਿਤ ਤੋਂ ਭਾਵ ਪਹਿਨ- ਪਹਿਰਾਵਾ, ਖਾਣ-ਪੀਣ ਅਤੇ ਸਮਾਜਿਕ ਵਰਤਾਰਾ ਹੈ। ਅੰਦਰਲੀ ਰਹਿਤ ਦੀ ਜੇ ਹੋਰ ਵਿਆਖਿਆ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਰਹਿਣੀ-ਬਹਿਣੀ ਲਈ ਬੁਨਿਆਦੀ ਗੁਰ ਲਿਖ ਦਿੱਤੇ ਹਨ ਤਾਂ ਕਿ ਗੁਰਸਿੱਖ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਾਰਮਿਕ ਅਤੇ ਸਮਾਜਿਕ ਕਰਮ ਨਿਭਾਅ ਸਕਣ। ਗੁਰਮਤਿ ਦੇ ਤਿੰਨ ਸੁਨਹਿਰੀ ਅਸੂਲ ਹਨ-ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਕਈ ਪੁਰਾਣੇ ਧਰਮਾਂ ਵਿੱਚ ਇਹ ਸੁਮੇਲ ਨਹੀਂ ਸੀ। ਮਿਸਾਲ ਲਈ ਜੋ ਲੋਕ ਭਗਤੀ ਦੀ ਰੁਚੀ ਰੱਖਦੇ ਸਨ, ਉਹ ਸੰਸਾਰ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸਨ। ਸੰਨਿਆਸੀ, ਵਿਰਾਗੀ, ਸਿੱਧ, ਜੋਗੀ ਸਭ ਇਸ ਕਿਸਮ ਦੇ ਲੋਕ ਸਨ। ਗੁਰੂ ਨਾਨਕ ਦੇਵ ਨੇ ਆਪਣੀ ਰਹਿਤ ਮਰਯਾਦਾ ਵਿੱਚ ਨਾਮ ਸਿਮਰਨ ਦੇ ਨਾਲ-ਨਾਲ ਸਮਾਜ ਵਿੱਚ ਰਹਿ ਕੇ ਕਿਰਤ ਕਮਾਈ ਕਰਨ ਨੂੰ ਲਾਜ਼ਮੀ ਕਰ ਦਿੱਤਾ। ਮਨੁੱਖੀ ਸੱਭਿਅਤਾ ਦੀ ਤਰੱਕੀ ਲਈ ਦੋਹਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਦੋਹਾਂ ਵਿੱਚੋਂ ਇੱਕ ਦੀ ਘਾਟ ਉਲਾਰ ਪੈਦਾ ਕਰਦੀ ਹੈ। ਬਾਹਰਲੀ ਰਹਿਤ ਵਿੱਚ ਖਾਣ-ਪੀਣ, ਪਹਿਨਣ, ਬੋਲ- ਚਾਲ ਅਤੇ ਆਮ ਵਰਤੋਂ ਵਿਹਾਰ ਆ ਜਾਂਦੇ ਹਨ। ਸਿੱਖ ਰਹਿਤ ਵਿੱਚ ਇਹ ਗੱਲਾਂ ਸ਼ਾਮਲ ਹਨ-ਅੰਮ੍ਰਿਤ ਛਕ ਕੇ ਪੰਜ ਕਕਾਰਾਂ ਦਾ ਧਾਰਨੀ ਹੋਣਾ, ਦਸਤਾਰ ਸਜਾਉਣੀ, ਇਸ਼ਨਾਨ ਉਪਰੰਤ ਰੋਜ਼ਾਨਾ ਗੁਰਬਾਣੀ ਪਾਠ, ਦਸਵੰਧ ਦੇਣਾ, ਸੇਵਾ ਕਰਨੀ, ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੀ ਆਗਿਆ ਵਿੱਚ ਰਹਿਣਾ ਅਤੇ ਹਰ ਕੰਮ ਗੁਰਮਤਿ ਮਰਯਾਦਾ ਅਨੁਸਾਰ ਕਰਨਾ। ਕੇਸਾਂ (ਰੋਮਾਂ) ਦੀ ਬੇਅਦਬੀ, ਤਮਾਕੂ ਦੀ ਵਰਤੋਂ, ਕੁੱਠਾ (ਮੁਸਲਮਾਨੀ ਤਰੀਕੇ ਨਾਲ ਵੱਢਿਆ ਗਿਆ ਮਾਸ) ਖਾਣਾ, ਪਰ-ਨਾਰੀ ਜਾਂ ਪਰ-ਪੁਰਸ਼ ਦਾ ਸਾਥ, ਮੀਣੇ, ਧੀਰਮੱਲੀਏ, ਰਾਮਰਾਈਏ, ਕੁੜੀਮਾਰ, ਨਾੜੀਮਾਰ ਤੇ ਪਤਿਤ ਨਾਲ ਵਰਤੋਂ ਵਿਹਾਰ, ਟੋਪ ਜਾਂ ਟੋਪੀ ਪਹਿਨਣਾ, ਚੋਰੀ-ਯਾਰੀ, ਜੂਆ ਆਦਿ ਕੁਕਰਮ, ਨਸ਼ਿਆਂ ਦਾ ਸੇਵਨ, ਮੂਰਤੀ ਪੂਜਾ ਅਤੇ ਮੜ੍ਹੀਆਂ ਮਸਾਣਾਂ ਨੂੰ ਮੰਨਣਾ, ਸ਼ਗਨ ਅਤੇ ਅਪਸ਼ਗਨ ਤੇ ਦਿਨ ਵਾਰ ਵਿਚਾਰਨੇ, ਛੂਤ-ਛਾਤ ਕਰਨੀ ਅਤੇ ਹੋਰ ਬ੍ਰਾਹਮਣੀ ਰੀਤਾਂ ਦੀ ਪਾਲਣਾ ਆਦਿ ਕੁਰਹਿਤਾਂ ਹਨ। ਜੋ ਵਿਅਕਤੀ ਕੁਰਹਿਤ ਕਰੇ ਉਸ ਨੂੰ ਪਤਿਤ ਅਤੇ ਤਨਖ਼ਾਹੀਆ ਕਿਹਾ ਜਾਂਦਾ ਹੈ। ਕੁਰਹਿਤੀਏ, ਪਤਿਤ ਜਾਂ ਤਨਖ਼ਾਹੀਏ ਨੂੰ ਮੁੜ ਸਿੱਖ ਧਰਮ ਵਿੱਚ ਸ਼ਾਮਲ ਕਰਨ ਦਾ ਇੱਕ ਵੱਖਰਾ ਵਿਧੀ ਵਿਧਾਨ ਹੈ।

     ਰਹਿਤਨਾਮਿਆਂ ਸੰਬੰਧੀ ਚਰਚਾ ਕਾਫ਼ੀ ਪੁਰਾਣੀ ਹੈ। ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਨੇ ਗੁਰ ਤੀਰਥ ਸੰਗ੍ਰਹਿ (1884) ਵਿੱਚ ਕੁੱਲ 21 ਰਹਿਤਨਾਮਿਆਂ ਦੀ ਦੱਸ ਪਾਈ। ਇਸ ਤੋਂ ਬਾਅਦ ਭਾਈ ਭਗਵਾਨ ਸਿੰਘ ਰਹਿਤਨਾਮੀਏ ਹੋਏ ਹਨ, ਜਿਨ੍ਹਾਂ 37 ਰਹਿਤਨਾਮਿਆਂ ਦਾ ਸੰਕਲਨ ਕਰ ਕੇ ਛਾਪਿਆ ਜਿਸ ਵਿੱਚ ਉਸ ਵੇਲੇ ਤੱਕ ਦੇ ਪ੍ਰਸਿੱਧ ਸਿੱਖ ਗ੍ਰੰਥਾਂ ਵਿੱਚੋਂ ਰਹਿਤ-ਮਰਯਾਦਾ ਨਾਲ ਸੰਬੰਧਿਤ ਭਾਗ ਦਿੱਤੇ ਗਏ ਹਨ। ਇਸ ਤੋਂ ਪਿੱਛੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਪੁਸਤਕ ਗੁਰਮਤਿ ਸੁਧਾਕਰ (1898) ਵਿੱਚ 28 ਰਹਿਤਨਾਮਿਆਂ ਵਿੱਚੋਂ ਚੋਣਵੇਂ ਅੰਸ਼ ਲੈ ਕੇ ਦਿੱਤੇ। ਇਹਨਾਂ ਅੰਸ਼ਾਂ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਅੱਗੋਂ ਦੋ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲੇ ਹਿੱਸੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਗੁਰੂ ਦੀ ਆਪਣੀ ਕਲਮ ਤੋਂ ਲਿਖੀਆਂ ਹੋਈਆਂ ਬਾਣੀਆਂ, ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿੱਤ, ਸਵੱਈਏ ਅਤੇ ਭਾਈ ਨੰਦ ਲਾਲ ਦੀਆਂ ਲਿਖਤਾਂ। ਦੂਜੇ ਵਰਗ ਵਿੱਚ ਜਨਮ- ਸਾਖੀਆਂ, ਸਰਬ ਲੋਹ ਗ੍ਰੰਥ, ਤਨਖਾਹਨਾਮਾ, ਰਹਿਤਨਾਮਾ ਚੌਪਾ ਸਿੰਘ, ਰਹਿਤਨਾਮਾ ਦੇਸਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦਯਾ ਸਿੰਘ ਅਤੇ ਪ੍ਰੇਮ ਸੁਮਾਰਗ ਗ੍ਰੰਥ ਆਦਿ। ਫਿਰ 1908 ਵਿੱਚ ਬਾਬੂ ਤੇਜਾ ਸਿੰਘ ਨੇ ਖਾਲਸਾ ਰਹਿਤ ਪ੍ਰਕਾਸ਼ ਪੁਸਤਕ ਵਿੱਚ ਰਹਿਤਨਾਮਿਆਂ ਬਾਰੇ ਅਗਲੇਰੀ ਚਰਚਾ ਛੇੜੀ। ਇਸ ਤੋਂ ਪਿੱਛੋਂ 1914 ਵਿੱਚ ਲਿਖੀ ਖਾਲਸਾ ਧਰਮ ਸ਼ਾਸਤ੍ਰ ਪੁਸਤਕ ਵਿੱਚ ਭਾਈ ਅਵਤਾਰ ਸਿੰਘ ਵਹੀਰੀਏ ਦੇ ਰਹਿਤ ਮਰਯਾਦਾ ਸੰਬੰਧੀ ਵਿਚਾਰ ਮਿਲਦੇ ਹਨ। ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ (1920) ਤੋਂ ਪਿੱਛੋਂ, ਸਮੂਹ ਪੰਥ ਨੇ ਕਾਫ਼ੀ ਸੋਚ ਵਿਚਾਰ ਤੋਂ ਬਾਅਦ, ਰਹਿਤ ਮਰਯਾਦਾ ਬਾਰੇ ਇੱਕ ਕਿਤਾਬਚਾ ਤਿਆਰ ਕੀਤਾ ਜੋ ਅੱਜ ਸਭ ਲਈ ਮੰਨਣਯੋਗ ਅਤੇ ਆਮ ਪ੍ਰਚਲਿਤ ਹੈ।

ਪਿਆਰਾ ਸਿੰਘ ਪਦਮ ਨੇ 1974 ਵਿੱਚ ਰਹਿਤਨਾਮੇ ਪੁਸਤਕ ਦੀ ਸੰਪਾਦਨਾ ਕੀਤੀ ਜਿਸ ਵਿੱਚ ਉਸ ਨੇ 14 ਰਹਿਤਨਾਮਿਆਂ ਦਾ ਮੂਲ ਪਾਠ ਦਿੱਤਾ ਹੈ ਅਤੇ ਨਾਲ ਹੀ ਅਰੰਭ ਵਿੱਚ ਇਹਨਾਂ ਦੇ ਇਤਿਹਾਸ, ਲੇਖਕਾਂ ਅਤੇ ਹੋਰ ਮੁਲਵਾਨ ਗੱਲਾਂ ਬਾਰੇ ਲੰਮੀ ਚੌੜੀ ਭੂਮਿਕਾ ਵੀ ਲਿਖੀ ਹੈ। ਜਿਹੜੇ ਜਿਹੜੇ ਰਹਿਤਨਾਮੇ ਇਸ ਪੁਸਤਕ ਵਿੱਚ ਦਰਜ ਕੀਤੇ ਗਏ ਹਨ, ਉਹਨਾਂ ਵਿੱਚ ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ, ਭਾਈ ਦਯਾ ਸਿੰਘ, ਭਾਈ ਚੌਪਾ ਸਿੰਘ, ਭਾਈ ਦੇਸਾ ਸਿੰਘ, ਭਾਈ ਸਾਹਿਬ ਸਿੰਘ, ਕਵੀਰਾਜ ਸੰਤ ਨਿਹਾਲ ਸਿੰਘ ਅਤੇ ਬਾਬਾ ਸੁਮੇਰ ਸਿੰਘ ਆਦਿ ਦੇ ਰਹਿਤਨਾਮੇ ਸ਼ਾਮਲ ਹਨ। ਰਹਿਤਨਾਮਿਆਂ ਬਾਰੇ ਹੀ ਇੱਕ ਹੋਰ ਪੁਸਤਕ ਸ਼ਮਸ਼ੇਰ ਸਿੰਘ ਅਸ਼ੋਕ ਦੀ ਸੰਪਾਦਿਤ ਕੀਤੀ ਹੋਈ ਮਿਲਦੀ ਹੈ ਜਿਸ ਵਿੱਚ ਕੇਵਲ ਅੱਠ ਰਹਿਤਨਾਮੇ ਹੀ ਦਰਜ ਹਨ। ਪਦਮ ਵਾਲੀ ਪੁਸਤਕ ਨਾਲੋਂ ਇਸ ਵਿੱਚ ਭਾਈ ਦਰਬਾਰਾ ਸਿੰਘ ਦਾ ਹੀ ਇੱਕ ਰਹਿਤਨਾਮਾ ਵੱਧ ਹੈ, ਬਾਕੀ ਸਾਰੇ ਉਹੋ ਹੀ ਹਨ। ਇਹਨਾਂ ਪੁਸਤਕਾਂ ਵਿਚਲੇ ਵੇਰਵਿਆਂ ਤੋਂ ਸਾਬਤ ਹੁੰਦਾ ਹੈ ਕਿ ਰਹਿਤਨਾਮਿਆਂ ਦੀ ਕੋਈ ਪੱਕੀ ਗਿਣਤੀ ਨਹੀਂ। ਜਿਨ੍ਹਾਂ ਗ੍ਰੰਥਾਂ ਵਿੱਚ ਰਹਿਤ ਮਰਯਾਦਾ ਬਾਰੇ ਗੱਲਾਂ ਕੀਤੀਆਂ ਗਈਆਂ ਹੁੰਦੀਆਂ ਹਨ, ਉਹਨਾਂ ਨੂੰ ਆਮ ਕਰ ਕੇ ਰਹਿਤਨਾਮਿਆਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਰਿਹਾ ਹੈ। ਪਰ ਭਾਈ ਕਾਨ੍ਹ ਸਿੰਘ ਦਾ ਇਹ ਪੱਕਾ ਵਿਚਾਰ ਹੈ ਕਿ ਰਹਿਤਨਾਮਾ ਲੇਖਕਾਂ ਦੀਆਂ ਕੇਵਲ ਉਹੋ ਗੱਲਾਂ ਹੀ ਪ੍ਰਵਾਨ ਕਰਨ ਯੋਗ ਹਨ ਜੋ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਬਾਣੀ ਨਾਲ ਮੇਲ ਖਾਂਦੀਆਂ ਹਨ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰਹਿਤਨਾਮੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹਿਤਨਾਮੇ: ਇਹ ਦੋ ਸ਼ਬਦਾਂ—ਰਹਿਤ ਅਤੇ ਨਾਮਾ—ਦਾ ਸੰਯੁਕਤ ਰੂਪ ਹੈ। ‘ਰਹਿਤ ’ ਦਾ ਅਰਥ ਹੈ ਰਹਿਣੀ, ਅਮਲ। ‘ਨਾਮਾ’ ਫ਼ਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ ਲਿਖਿਤ ਜੋ ਭਾਵੇਂ ਚਿਠੀ ਰੂਪ ਵਿਚ ਹੋਵੇ ਜਾਂ ਪੁਸਤਕ ਰੂਪ ਵਿਚ। ਇਸ ਤਰ੍ਹਾਂ ‘ਰਹਿਤਨਾਮਾ’ ਤੋਂ ਭਾਵ ਹੈ ਉਹ ਰਚਨਾ ਜਿਸ ਵਿਚ ਸਿੱਖ ਧਰਮ ਦੀ ਮਰਯਾਦਾ ਨੂੰ ਚਿਤਰਿਆ ਗਿਆ ਹੋਵੇ। ਸਿੱਖ ਜਗਤ ਵਿਚ ਰਹਿਤਨਾਮਿਆਂ ਦਾ ਉਤਨਾ ਹੀ ਮਹੱਤਵ ਅਤੇ ਪ੍ਰਭਾਵ ਹੈ, ਜਿਤਨਾ ਹਿੰਦੂ ਧਰਮ ਵਿਚ ਸਮ੍ਰਿਤੀਆਂ ਦੀ ਅਹਿਮੀਅਤ ਹੈ। ਮਹਾਨਕੋਸ਼ਕਾਰ ਅਨੁਸਾਰ—ਰਹਿਤਨਾਮਾ ਉਹ ਪੁਸਤਕ ਹੈ ਜਿਸ ਵਿਚ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਰੀਤੀ ਦਸੀ ਗਈ ਹੋਵੇ। ਸਿੱਖਾਂ ਲਈ ਵਿਧੀ- ਨਿਸ਼ੇਧ ਕਰਮਾਂ ਦਾ ਜਿਸ ਵਿਚ ਵਰਣਨ ਹੋਵੇ।

ਆਮ ਤੌਰ ’ਤੇ ‘ਰਹਿਤ’ ਦੋ ਪ੍ਰਕਾਰ ਦੀ ਮੰਨੀ ਗਈ ਹੈ। ਇਕ ਅੰਦਰਲੀ ਰਹਿਤ, ਇਸ ਨੂੰ ਮਾਨਸਿਕ ਰਹਿਤ ਵੀ ਕਿਹਾ ਜਾ ਸਕਦਾ ਹੈ। ਇਸ ਪ੍ਰਕਾਰ ਰਹਿਤ ਦਾ ਸਰੋਤ ਅਧਿਕਤਰ ਗੁਰਬਾਣੀ ਹੈ। ਦੂਜੀ ਬਾਹਰਲੀ ਰਹਿਤ, ਜਿਸ ਦਾ ਸੰਬੰਧ ਮਨੁੱਖ ਦੇ ਸ਼ਰੀਰ ਨਾਲ ਹੈ ਜਾਂ ਉਸ ਦੇ ਸਮਾਜਿਕ ਵਿਵਹਾਰ ਅਤੇ ਚਲਨ ਨਾਲ ਹੈ। ਇਸ ਵਿਚ ਧਾਰਮਿਕ ਅਨੁਸ਼ਠਾਨ ਅਥਵਾ ਵਿਧੀ-ਵਿਧਾਨ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਰਹਿਤਨਾਮਿਆਂ ਵਿਚਲੇ ਕੱਥ ਦਾ ਸੰਬੰਧ ਅਧਿਕਤਰ ਬਾਹਰਲੀ ਰਹਿਤ ਨਾਲ ਹੈ।

ਰਹਿਤਨਾਮਾ ਇਕ ਨਹੀਂ , ਅਨੇਕ ਹਨ ਅਤੇ ਇਨ੍ਹਾਂ ਦੀ ਗਿਣਤੀ ਸਦਾ ਵਧਦੀ ਰਹੀ ਹੈ। ‘ਗੁਰਮਤ ਮਾਰਤੰਡ ’ ਵਿਚ ਭਾਈ ਕਾਹਨ ਸਿੰਘ ਨੇ 28 ਰਹਿਤਨਾਮਿਆਂ ਦਾ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਨੂੰ ਅਗੋਂ ਦੋ ਮੁੱਖ ਭਾਗਾਂ ਵਿਚ ਵੰਡਦੇ ਹੋਇਆਂ ਹੇਠ ਲਿਖੇ ਅਨੁਸਾਰ ਵਿਵਰਣ ਦਿੱਤਾ ਹੈ :

(ੳ)  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ , (2) ਦਸਮੇਸ਼ ਜੀ ਦੀ ਸ੍ਰੀ ਮੁਖਵਾਕ ਬਾਣੀ, ਜੋ ਖ਼ਾਲਸਾ ਧਰਮ ਦੇ ਨਿਯਮਾਂ ਦੀ ਪ੍ਰਤਿਪਾਦਨ ਕਰਦੀ ਹੈ। (3) ਭਾਈ ਗੁਰਦਾਸ ਜੀ ਦੀ ਬਾਣੀ, (4) ਭਾਈ ਨੰਦ ਲਾਲ ਜੀ ਦੀ ਬਾਣੀ।

(ਅ)       ਅੱਗੇ ਲਿਖੇ ਗ੍ਰੰਥ ਭੀ ਰਹਿਤਨਾਮਿਆਂ ਵਿਚ ਸ਼ੁਮਾਰ ਕੀਤੇ ਜਾਂਦੇ ਹਨ—(1) ਜਨਮਸਾਖੀ ਗੁਰੂ ਨਾਨਕ ਦੇਵ ਜੀ, (2) ਗਿਆਨ ਰਤਨਾਵਲੀ , (3) ਭਗਤ ਰਤਨਾਵਲੀ , (4) ਸਰਬ ਲੋਹ ਵਿਚ ਜੋ ਸਿੱਖ ਧਰਮ ਸੰਬੰਧੀ ਵਾਕ ਹਨ, (5) ਤਨਖ਼ਾਹਨਾਮਾ , (6) ਚੋਪਾ ਸਿੰਘ ਦਾ ਰਹਿਤਨਾਮਾ, (7) ਪ੍ਰਹਿਲਾਦ ਸਿੰਘ ਦਾ ਰਹਿਤਨਾਮਾ, (8) ਪ੍ਰੇਮ ਸੁਮਾਰਗ, (9) ਪ੍ਰਸ਼ਨੋਤਰ ਭਾਈ ਨੰਦ ਲਾਲ ਦਾ, (10) ਦੇਸਾ ਸਿੰਘ ਦਾ ਰਹਿਤਨਾਮਾ, (11) ਦਯਾ ਸਿੰਘ ਜੀ ਦਾ ਰਹਿਤਨਾਮਾ, (12) ਗੁਰੂ ਸੋਭਾ , (13) ਸਾਧੁ ਸੰਗਤਿ ਕੀ ਪ੍ਰਾਰਥਨਾ , (14) ਰਤਨ ਮਾਲ (ਸੌ ਸਾਖੀ), (15) ਵਾਜਿਬੁਲ ਅਰਜ਼, (16) ਮਹਿਮਾ ਪ੍ਰਕਾਸ਼ , (17) ਗੁਰ-ਵਿਲਾਸ ਪਾਤਸ਼ਾਹੀ ੬, (18) ਗੁਰੂ ਬਿਲਾਸ ਪਾਤਸ਼ਾਹੀ ੧੦, (19) ਮੁਕਤਨਾਮਾ, (20) ਗੁਰੂ ਨਾਨਕ ਪ੍ਰਕਾਸ਼ , (21) ਗੁਰ ਪ੍ਰਤਾਪ ਸੂਰਯ, (22) ਪੰਥ ਪ੍ਰਕਾਸ਼ , (23) ਗੁਰ ਪਦ ਪ੍ਰੇਮ ਪ੍ਰਕਾਸ਼ , (24) ਵਿਮਲ ਬਿਬੇਕ ਵਾਰਿਧਿ, ਖ਼ਾਲਸਾ ਸ਼ਤਕ।

ਭਾਈ ਸਾਹਿਬ ਦੀ ਸਥਾਪਨਾ ਹੈ ਕਿ ਜੋ ਵਾਕ ‘ੳ’ ਵਿਚ ਦਿੱਤੇ ਚਾਰ ਰਹਿਤਨਾਮਿਆਂ ਤੋਂ ਵਿਰੁੱਧ ਨਹੀਂ, ਅੰਗੀਕਾਰ ਕਰਨ-ਯੋਗ ਹੈ।

ਪਿਆਰਾ ਸਿੰਘ ਪਦਮ ਨੇ ‘ਰਹਿਤਨਾਮੇ’ ਨਾਂ ਦੀ ਜੋ ਪੁਸਤਕ ਸੰਪਾਦਨ ਕੀਤੀ ਹੈ ਉਸ ਵਿਚ ਨਿਮਨਲਿਖਿਤ ਰਹਿਤਨਾਮੇ ਸ਼ਾਮਲ ਕੀਤੇ ਗਏ ਹਨ—(1) ਰਹਿਤਨਾਮਾ ਭਾਈ ਨੰਦ ਲਾਲ, (2) ਤਨਖ਼ਾਹਨਾਮਾ ਭਾਈ ਨੰਦ ਲਾਲ, (3) ਸਾਖੀ ਰਹਿਤ ਕੀ (ਭਾਈ ਨੰਦ ਲਾਲ), (4) ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, (5) ਰਹਿਤਨਾਮਾ ਭਾਈ ਦਯਾ ਸਿੰਘ, (6) ਰਹਿਤਨਾਮਾ ਭਾਈ ਚਉਪਾ ਸਿੰਘ ਛਿੱਬਰ, (7) ਰਹਿਤਨਾਮਾ ਪਰਮ ਸੁਮਾਰਗ (ਅਗਿਆਤ), (8) ਰਹਿਤ- ਨਾਮਾ ਭਾਈ ਦੇਸਾ ਸਿੰਘ, (9) ਰਹਿਤਨਾਮਾ ਭਾਈ ਸਾਹਿਬ ਸਿੰਘ , (10) ਮੁਕਤਨਾਮਾ ਭਾਈ ਸਾਹਿਬ ਸਿੰਘ, (11) ਰਹਿਤਨਾਮਾ ਸਹਿਜਧਾਰੀਆਂ ਕਾ (ਵਾਜਿਬੁਲਅਰਜ਼), (12) ‘ਸਰਬ ਲੋਹ’ ਵਿਚ ‘ਖ਼ਾਲਸਾ ਮਾਇਆ ’ (13) ‘ਖ਼ਾਲਸਾ ਉਸਤਤਿ’ (ਪੰ. ਨਿਹਾਲ ਸਿੰਘ ਲਾਹੌਰੀ), (14) ਖ਼ਾਲਸਾ ਪੰਚਾਸਿਕਾ (ਬਾਵਾ ਸੁਮੇਰ ਸਿੰਘ)।

ਸ਼ਮਸ਼ੇਰ ਸਿੰਘ ਅਸ਼ੋਕ ਨੇ ਰਹਿਤਨਾਮੇ ਸੰਪਾਦਨ ਕਰਨ ਵੇਲੇ ਕੇਵਲ 8 ਰਹਿਤਨਾਮੇ ਸ਼ਾਮਲ ਕੀਤੇ ਹਨ—(1) ਰਹਿਤਨਾਮਾ—ਭਾਈ ਚੌਪਾ ਸਿੰਘ, (2) ਸਾਖੀ ਰਹਿਤ ਕੀ ਪਾਠ ੧੦—ਭਾਈ ਨੰਦ ਲਾਲ ਜੀ, (3) ਤਨਖ਼ਾਹਨਾਮਾ —ਭਾਈ ਪ੍ਰਹਿਲਾਦ ਸਿੰਘ, (4) ਰਹਿਤਨਾਮਾ—ਭਾਈ ਪ੍ਰਹਿਲਾਦ ਸਿੰਘ, (5) ਰਹਿਤਨਾਮਾ—ਭਾਈ ਦਯਾ ਸਿੰਘ ਕਾ, (6) ਤਨਖ਼ਾਹ ਉਪਦੇਸ਼—ਭਾਈ ਦਯਾ ਸਿੰਘ, (7) ਰਹਿਤ ਪ੍ਰਕਾਸ਼—ਬਾਬਾ ਸੁਮੇਰ ਸਿੰਘ ਪਟਨਾ , (8) ਰਹਿਤਨਾਮਾ—ਕਵੀ ਦਰਬਾਰਾ ਸਿੰਘ।

‘ਬਿਬੇਕ ਵਾਰਧਿ’ ਨਾਂ ਦੇ ਸੰਗ੍ਰਹਿ ਵਿਚ ਪੰਡਿਤ ਭਗਵਾਨ ਸਿੰਘ ਨੇ 37 ਰਹਿਤਨਾਮਿਆਂ ਨੂੰ ਸ਼ਾਮਲ ਕੀਤਾ ਹੈ। ਕਈ ਵਿਦਵਾਨਾਂ ਨੇ ਰਹਿਤਨਾਮਿਆਂ ਦੀ ਗਿਣਤੀ 40 ਤਕ ਦਸੀ ਹੈ। ਸਚ ਤਾਂ ਇਹ ਹੈ ਕਿ ਰਹਿਤਨਾਮੇ ਲਿਖਣ ਦੀ ਇਕ ਨਿਰੰਤਰ ਪਰੰਪਰਾ ਚਲਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸੰਨ 1945 ਈ. ਵਿਚ ‘ਸਿੱਖ ਰਹਿਤ ਮਰਯਾਦਾ’ ਦਾ ਕਿਤਾਬਚਾ ਛਾਪਿਆ ਗਿਆ ਹੈ ਜਿਸ ਨੂੰ ਤਿਆਰ ਕਰਨ ਲਈ ਸਿੱਖ ਵਿਦਵਾਨਾਂ ਅਤੇ ਧਰਮ-ਸਾਧਕਾਂ ਦੀ ਕਮੇਟੀ ਬਣਾਈ ਗਈ ਸੀ

ਰਹਿਤਨਾਮੇ ਲਿਖਣ ਦੀ ਪਰੰਪਰਾ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਹੋਇਆ ਅਤੇ ਇਨ੍ਹਾਂ ਨੂੰ ਲਿਖਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀ ਸਿੱਖ ਸਨ ਜਿਨ੍ਹਾਂ ਨੂੰ ਸਿੱਖ ਮਰਯਾਦਾ ਦਾ ਠੀਕ ਠੀਕ ਪਤਾ ਸੀ। ਗੁਰੂ ਸਾਹਿਬਾਨ ਦੇ ਜੀਵਨ-ਕਾਲ ਵਿਚ ਜਦੋਂ ਵੀ ਕੋਈ ਧਰਮ-ਮਰਯਾਦਾ ਦੀ ਸਮਸਿਆ ਉਪਸਥਿਤ ਹੋ ਜਾਂਦੀ, ਉਸ ਦਾ ਸਮਾਧਾਨ ਗੁਰੂ ਸਾਹਿਬਾਨ ਤੋਂ ਹੀ ਹੋ ਜਾਂਦਾ। ਪਰ ਗੁਰੂ ਸਾਹਿਬਾਨ ਤੋਂ ਬਾਦ ਜਦੋਂ ਕੋਈ ਦੇਹ-ਧਾਰੀ ਪਥ- ਪ੍ਰਦਰਸ਼ਕ ਨ ਰਿਹਾ ਅਤੇ ਦਸਮ ਗੁਰੂ ਤੋਂ ਬਾਦ ਸਿੱਖਾਂ ਨੂੰ ਜਿਸ ਸੰਕਟ ਵਿਚੋਂ ਲੰਘਣਾ ਪਿਆ, ਉਸ ਨਾਲ ਸਿੱਖ ਅਨੁਯਾਈਆਂ ਵਿਚ ਕਈ ਵਿਕ੍ਰਿਤ ਰੁਚੀਆਂ ਪ੍ਰਚਲਿਤ ਹੋ ਗਈਆਂ ਜਿਨ੍ਹਾਂ ਦੇ ਸਮਾਧਾਨ ਲਈ ਉਸ ਵੇਲੇ ਦੇ ਮੁਖੀ ਸਿੱਖਾਂ ਨੇ ਮਰਯਾਦਾ ਨੂੰ ਕਾਇਮ ਰਖਣ ਲਈ ਜੋ ਯਤਨ ਕੀਤੇ ਉਨ੍ਹਾਂ ਵਿਚੋਂ ਰਹਿਤਨਾਮੇ ਲਿਖਣ ਦਾ ਉਦਮ ਵਿਸ਼ੇਸ਼ ਮਹੱਤਵ ਰਖਦਾ ਹੈ।

ਇਸ ਪ੍ਰਕਾਰ ਦੀਆਂ ਰਚਨਾਵਾਂ ਵਿਚ ਲੇਖਕ ਗੁਰੂ ਜੀ ਵਲੋਂ ਉਪਦੇਸ਼ ਰੂਪ ਵਿਚ ਮਰਯਾਦਾ ਜਾਂ ਰਹਿਤ ਦੀ ਗੱਲ ਅਖਵਾ ਕੇ ਉਸ ਦੀ ਪਾਲਣਾ ਉਤੇ ਬਲ ਦਿੰਦਾ ਹੈ। ਮੁੱਢਲੇ ਰਹਿਤਨਾਮਾ-ਲੇਖਕਾਂ ਵਿਚੋਂ ਭਾਈ ਚੌਪਾ ਸਿੰਘ, ਭਾਈ ਨੰਦ ਲਾਲ ਅਤੇ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਅਧਿਕ ਪ੍ਰਸਿੱਧ ਹਨ ਅਤੇ ਇਨ੍ਹਾਂ ਨੂੰ ਅਧਿਕਤਰ ਛੰਦਬੱਧ ਰੂਪ ਵਿਚ ਲਿਖਿਆ ਜਾਂਦਾ ਸੀ। ਪੁਰਾਤਨ ਮੂਲ ਰਹਿਤਨਾਮੇ ਹੁਣ ਉਪਲਬਧ ਨਹੀਂ, ਹਾਂ ਉਨ੍ਹਾਂ ਲੀਹਾਂ’ਤੇ ਬਣਾਏ ਗਏ ਕਈ ਰਹਿਤਨਾਮੇ ਮਿਲ ਜਾਂਦੇ ਹਨ ਜੋ ਨ ਕੇਵਲ ਕਰਤ੍ਰਿਤਵ ਅਤੇ ਰਚਨਾ ­ਕਾਲ ਪੱਖੋਂ ਸੰਦਿਗਧ ਹਨ, ਸਗੋਂ ਵਿਸ਼ੇ-ਵਸਤੂ ਦੀ ਦ੍ਰਿਸ਼ਟੀ ਤੋਂ ਵੀ ਅਪ੍ਰਮਾਣਿਕ ਤੱਥਾਂ ਨਾਲ ਭਰਪੂਰ ਹਨ। ਕਾਲਾਂਤਰ ਵਿਚ ਵਾਰਤਕ ਰਹਿਤਨਾਮੇ ਲਿਖਣ ਦਾ ਸਿਲਸਿਲਾ ਵੀ ਚਲ ਪਿਆ। ਕਈ ਰਹਿਤਨਾਮੇ ਕਵਿਤਾ ਅਤੇ ਵਾਰਤਕ ਦੇ ਮਿਲਗੋਭਾ ਰੂਪ ਵਿਚ ਮਿਲਦੇ ਹਨ। ਪਰ ਇਨ੍ਹਾਂ ਰਹਿਤਨਾਮਿਆਂ ਦੀ ਸਾਹਿਤਿਕਤਾ ਦਾ ਪੱਧਰ ਬਹੁਤ ਉੱਚਾ ਨਹੀਂ। ਤੁਕਬੰਦੀ ਅਤੇ ਪਰਸਪਰ ਅਸੰਬੰਧਿਤ ਅਤੇ ਵਿਰੋਧੀ ਕਥਨ ਆਮ ਵੇਖੇ ਗਏ ਹਨ। ਇਨ੍ਹਾਂ ਵਿਚ ਕਾਲ- ਕ੍ਰਮ ਦੇ ਦੋਸ਼ਾਂ ਅਤੇ ਲੇਖਕਾਂ ਦੀ ਮਨਮਰਜ਼ੀ ਅਨੁਸਾਰੇ ਰਲਿਆਂ ਦੀ ਭਰਮਾਰ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.