ਸਰਬੱਤ ਦਾ ਭਲਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਬੱਤ ਦਾ ਭਲਾ : ਦਾ ਸ਼ਬਦੀ ਅਰਥ ਹੈ ਸਭ ਦਾ ਭਲਾ ਕਰਨਾ ਜਾਂ ਸੋਚਣਾ। ਇਹੀ ਹਰ ਸਿੱਖ ਸਮਾਗਮ ਸਮੇਂ ਕੀਤੀ ਜਾਂਦੀ ਅਰਦਾਸ ਦੀ ਆਖਰੀ ਤੁਕ ਹੈ। ਪੂਰੀ ਤੁਕ ਇਸ ਪ੍ਰਕਾਰ ਹੈ: ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਅਰਥ ਇਥੇ ਕੋਈ ਇਕ ਸੰਪਰਦਾਇ ਜਾਂ ਕੌਮ ਨਹੀਂ ਹੈ ਸਗੋਂ ਸਮੁੱਚੀ ਮਨੁੱਖਤਾ ਹੈ। ਸਰਬੱਤ ਦਾ ਭਲਾ ਦਾ ਅਰਥ ਕੇਵਲ ਹਰ ਇਕ ਲਈ ਸ਼ੁਭ ਲੋਚਣ ਦਾ ਪ੍ਰਗਟਾਵਾ ਹੀ ਨਹੀਂ ਹੈ ਬਲਕਿ ਸਿੱਖ ਪਰੰਪਰਾ ਵਿਚ ਇਹ ਇਕ ਜੀਉਂਦਾ ਜਾਗਦਾ ਸੰਕਲਪ ਹੈ ਜਿਹੜਾ ਗੁਰੂ ਸਾਹਿਬ ਦੀ ਅਧਿਆਤਮਿਕ ਦ੍ਰਿਸ਼ਟੀ ਦਾ ਕੇਂਦਰ ਹੈ। ਗੁਰੂ ਗ੍ਰੰਥ ਸਾਹਿਬ ਵਿਚ (ਪੰਨਾ 611) ਇਕ ਤੁਕ ਹੈ, ਏਕੁ ਪਿਤਾ ਏਕਸ ਕੇ ਹਮ ਬਾਰਿਕ- ਇਕ ਪਰਮਾਤਮਾ ਸਾਡੇ ਸਾਰਿਆਂ ਦਾ ਪਿਤਾ ਹੈ ਅਤੇ ਉਸ ਇਕ ਦੇ ਹੀ ਅਸੀਂ ਸਾਰੇ ਬੱਚੇ ਹਾਂ। ਇਕ ਪਰਮ ਸੰਪੂਰਨ ਅਤੇ ਅਨੰਤ ਰਚਨਹਾਰ ਪਰਮਾਤਮਾ ਵਿਚ ਵਿਸ਼ਵਾਸ ਸਿੱਖ ਧਰਮ ਦਾ ਮੂਲ ਸਿੱਧਾਂਤ ਹੈ। ਪਰਮਾਤਮਾ ਸ੍ਰਿਸ਼ਟੀ ਸਾਜਣ ਵਾਲਾ ਹੈ ਅਤੇ ਸਮੁੱਚੀ ਦ੍ਰਿਸ਼ਟਮਾਨ ਸ੍ਰਿਸ਼ਟੀ ਦਾ ਅੰਤਿਮ ਆਧਾਰ ਹੈ। ਪਰਮਾਤਮਾ ਤੋਂ ਮਨੁੱਖ ਪੈਦਾ ਹੋਇਆ ਹੈ। ਸਿੱਖ ਧਰਮ ਅਨੁਸਾਰ ਮਨੁੱਖ ਪਰਮਾਤਮਾ ਦੀ ਸਿਰਜਨਾ ਹੈ ਅਤੇ ਮਨੁੱਖ ਅੰਦਰ ਉਸ ਪਰਮਾਤਮਾ ਦੀ ਲੋਅ ਹੈ। ਇਸ ਮਨੁੱਖੀ ਸਰੀਰ ਅੰਦਰ ਜੋ ਬੇਦਾਗ ਆਤਮਾ ਹੈ, ਉਸ ਪਰਮਾਤਮਾ ਦੀ ਰੋਸ਼ਨੀ ਦੀ ਇਕ ਚੰਗਿਆੜੀ ਹੈ। ਮਨੁੱਖਾਂ ਵਿਚ ਜਨਮ, ਜਾਤ , ਰੰਗ ਦੇਸ ਜਾਂ ਧਰਮ ਦੇ ਆਧਾਰ ਤੇ ਭਿੰਨ ਭੇਦ ਅਤੇ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਸਾਰੇ ਮਨੁੱਖ ਪਰਮਾਤਮਾ ਦੇ ਆਪਣੇ ਸਾਜੇ ਹੋਏ ਹਨ॥ ਫਕੜ ਜਾਤੀ ਫਕੜੁ ਨਾਉ॥ ਸਭਨ ਜੀਆ ਇਕਾ ਛਾਉ॥(ਗੁ.ਗ੍ਰੰ. 83)॥ “ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ" ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ਕਿ ਸਾਰੀ ਮਨੁੱਖ ਨਸਲ ਨੂੰ ਇਕ ਮੰਨੋ। ਮਨੁੱਖਤਾ ਦੀ ਏਕਤਾ ਦਾ ਸਿਧਾਂਤ ਸਿੱਖੀ ਦੇ ਵਿਸ਼ਵ-ਸਿਧਾਂਤ ਦੀ ਦ੍ਰਿਸ਼ਟੀ ਤੋਂ ਇਕ ਪ੍ਰਮੁਖ ਸਿਧਾਂਤ ਹੈ। ਮਨੁੱਖਤਾ ਦੀ ਸਾਂਝ ਵਿਚੋਂ ਹੀ ਸਿੱਖ ਅੰਦਰ ਇਹ ਇੱਛਾ ਪੈਦਾ ਹੁੰਦੀ ਹੈ ਕਿ ਉਹ ਦੂਸਰਿਆਂ ਦੇ ਕੰਮ ਆਵੇ। ਮਨੁੱਖ ਅੰਦਰ ਧਾਰਮਿਕ ਵਿਸ਼ਵਾਸ ਓਨੀ ਦੇਰ ਪੈਦਾ ਨਹੀਂ ਹੋ ਸਕਦਾ ਜਿੰਨੀ ਦੇਰ ਮਨੁੱਖ ਦੂਸਰਿਆਂ ਦੀ ਸੇਵਾ ਵਿਚ ਅਤੇ ਭਲਾਈ ਵਿਚ ਜੁਟ ਨਹੀਂ ਜਾਂਦਾ।
ਸਿੱਖ ਧਰਮ ਅੰਦਰ ਸੰਸਾਰ ਵਿਚ ਕ੍ਰਿਆਸ਼ੀਲ ਜੀਵਨ ਜਿਉਂਣ ਦਾ ਆਦੇਸ਼ ਹੈ। ਇਹ ਕ੍ਰਿਆਸ਼ੀਲਤਾ ਨੈਤਿਕਤਾ-ਆਧਾਰਿਤ ਹੋਣੀ ਚਾਹੀਦੀ ਹੈ। ਸਿੱਖ ਧਰਮ ਅਨੁਸਾਰ ਧਾਰਮਿਕ ਆਦਮੀ ਨੂੰ ਦੁਨੀਆਂ ਪ੍ਰਤੀ ਹਮੇਸ਼ਾ ਵਚਨਬੱਧ ਰੂਪ ਵਿਚ ਕ੍ਰਿਆਸ਼ੀਲ ਬਣੇ ਰਹਿਣਾ ਚਾਹੀਦਾ ਹੈ। ਸਿੱਖ ਜੀਵਨ ਜਾਚ ਵਿਚ ਅਧਿਆਤਮਿਕ ਜਤਨ ਦਾ ਟੀਚਾ ਅਕ੍ਰਿਆਤਮਿਕ ਚੇਤਨਾ ਦਾ ਅਨੁਭਵ ਪ੍ਰਾਪਤ ਨਹੀਂ ਹੈ ਸਗੋਂ ਇਹ ਹੋਂਦ ਦੀ ਵਿਚਾਰਸ਼ੀਲਤਾ ਭਾਵਨਾਤਮਿਕਤਾ ਅਤੇ ਕ੍ਰਿਆਸ਼ੀਲਤਾ ਦੀ ਪ੍ਰਾਪਤੀ ਦੀ ਅਵਸਥਾ ਹੈ ਜਿਸਦਾ ਪ੍ਰਮੁੱਖ ਲੱਛਣ ਸਾਰੇ ਜੀਵਾਂ ਦਾ ਕ੍ਰਿਆਤਮਿਕ ਹੋ ਕੇ ਭਲਾ ਸੋਚਣਾ, ਹਰ ਵਸਤੂ ਦਾ ਤੱਤ ਸਾਰ ਸਮਝਣਾ ਅਤੇ ਉਸ ਦੇ ਸਾਥੀ ਅਨੰਦ ਅਤੇ ਸਹਜ ਦੀ ਪ੍ਰਾਪਤੀ ਕਰਨਾ ਹੈ। ਜਪੁਜੀ ਵਿਚ ਸੱਚ ਦੀ ਗੱਲ ਕਰਦੇ ਹੋਏ ਗੁਰੂ ਨਾਨਕ ਦੇਵ ਕਹਿੰਦੇ ਹਨ ਕਿ ਇਹ ਵਿਅਕਤੀ ਦੁਆਰਾ ਅਨੇਕ ਪੱਖੀ ਸੰਜਮ ਵਿਚੋਂ ਲੰਘ ਕੇ ਪ੍ਰਾਪਤ ਕਰਨਾ ਹੁੰਦਾ ਹੈ। ਇਸ ਵਿਚ ਵਿਅਕਤੀ ਦੁਆਰਾ ਮਨ ਨੂੰ ਆਤਮ ਗਿਆਨ ਦੀ ਪ੍ਰਾਪਤੀ ਵਲ ਹੀ ਨਹੀਂ ਲਾਇਆ ਜਾਂਦਾ, ਇਹ ਗਿਆਨ ਰਾਹੀਂ ਬੌਧਿਕਤਾ ਦੀ ਪ੍ਰਾਪਤੀ ਵੀ ਨਹੀਂ ਹੈ, ਅਨੁਭੂਤੀ ਦੀ ਭਾਵਨਾਤਮਿਕਤਾ ਅਤੇ ਰੱਬੀ ਹੁਕਮ ਨਾਲ ਸਾਂਝ ਪੈਦਾ ਕਰਨਾ ਵੀ ਨਹੀਂ ਹੈ ਸਗੋਂ ਆਮ ਲੋਕਾਈ ਦੀ ਭਲਾਈ ਨੂੰ ਹੁਲਾਰਾ ਦੇਣ ਲਈ ਲਗਾਤਾਰ ਯਤਨ ਕਰਨਾ ਇਸ ਦਾ ਮੁਖ ਅੰਗ ਹੈ। ਆਦਤਨ ਲੋਕ-ਭਲਾਈ ਕਰਨਾ ਅਧਿਆਤਮਿਕ ਸਿਖਰ ਤੇ ਪਹੁੰਚਣਾ ਹੈ। ਦੂਸਰਿਆਂ ਦੀ ਭਲਾਈ ਕਰਨ ਜਾਂ ਲਗਾਤਾਰ ਸੋਚਣ ਨਾਲ ਹੀ ਭਗਤੀ ਦੀ ਪ੍ਰਕਿਰਿਆ ਨੂੰ ਸੰਪੂਰਨਤਾ ਦਿੱਤੀ ਜਾਂਦੀ ਹੈ। ਦੂਸਰਿਆਂ ਲਈ ਚੰਗੇ ਕੰਮ ਕੀਤੇ ਬਿਨਾਂ ਭਗਤੀ ਅਧੂਰੀ ਰਹਿੰਦੀ ਹੈ- ਵਿਣੁ ਗੁਣ ਕੀਤੇ ਭਗਤਿ ਨ ਹੋਇ (ਗੁ.ਗ੍ਰੰ.4)।
ਵਿਦਿਆ ਦਾ ਮਨੋਰਥ ਇਹ ਹੈ ਕਿ ਇਹ ਦੂਸਰਿਆਂ ਦੀ ਸੇਵਾ ਕਰਨ ਲਈ ਮਨੁੱਖ ਨੂੰ ਮਜਬੂਰ ਕਰੇ- ਵਿਦਿਆ ਵੀਚਾਰੀ ਤਾਂ ਪਰਉਪਕਾਰੀ (ਗੁ.ਗ੍ਰ. 356)। ਸਿੱਖ ਧਰਮ ਅਨੁਸਾਰ ਮਨੁੱਖ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਅਤੇ ਇਸ ਦੀਆਂ ਮੁਸ਼ਕਲਾਂ ਉਦੋਂ ਹੱਲ ਹੋਣਗੀਆਂ ਜਦੋਂ ਇਹ ਵਾਪਸ ਪਰਮਾਤਮਾ ਵਿਚ ਲੀਨ ਹੋ ਜਾਏਗਾ। ਮਨੁੱਖ ਦੇ ਪਰਮਾਤਮਾ ਨਾਲ ਮਿਲਣ ਦੇ ਰਸਤੇ ਵਿਚ ਰੁਕਾਵਟ ਹੈ ਹਉਮੈ , ਇਸ ਦਾ ਸੀਮਿਤ ਹੰਕਾਰ , ਇਸ ਦੀਆਂ ਘਟੀਆ ਭਾਵਨਾਵਾਂ ਅਤੇ ਰੁਚੀਆਂ ਦੀ ਛਾਂ ਸਮੇਤ ਇਸਦੀ ਦੋਫਾੜੂ ਸੋਚ। ਦੈਵੀ ਮੁਕਤੀ ਜਾਂ ਪਰਮਾਤਮਾ ਨਾਲ ਇਕ ਹੋਣ ਦਾ ਵਿਚਾਰ ਜਿਹੜਾ ਕਿ ਸਿੱਖ ਅਧਿਆਤਮਿਕ ਯਤਨਾਂ ਦਾ ਉਦੇਸ਼ ਹੈ- ਹਉਮੈ ਨੂੰ ਛੱਡ ਕੇ ਭਾਵ ਖਤਮ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਉਮੈ ਦੇ ਬੰਧਨਾਂ ਤੋਂ ਛੁਟਕਾਰਾ ਨਕਾਰਾਤਮਿਕ ਤੌਰ ਤੇ ਕੇਵਲ ਆਪਣੇ ਸਵੈ ਦੇ ਮੋਹ ਨੂੰ ਕਾਬੂ ਕਰਕੇ ਅਤੇ ਸਾਕਾਰਾਤਮਿਕ ਅਤੇ ਵਧ ਫਲਦਾਇਕ ਤੌਰ ‘ਤੇ ਵਿਅਕਤੀਗਤ ਪ੍ਰੇਮ ਪਿਆਰ ਨੂੰ ਸਾਰੀ ਕਾਇਨਾਤ ਤਕ ਫੈਲਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਦੂਸਰਿਆਂ ਦੀ ਭਲਾਈ ਵਿਚ ਰੁੱਝੇ ਰਹਿਣਾ ਸਿੱਖ ਅਧਿਆਤਮਿਕ ਅਤੇ ਨੈਤਿਕ ਆਦਰਸ਼ ਦਾ ਇਕ ਮਹੱਤਵਪੂਰਨ ਅਤੇ ਜ਼ਰੂਰੀ ਤੱਤ ਹੈ। ਇਹ ਇਕ ਚੇਤੰਨ ਅਤੇ ਇਕਸਾਰਤਾ ਵਾਲੀ ਪਹੁੰਚ ਵਿਧੀ ਹੈ ਜੋ ਕਲੇਸ਼, ਘਾਟ ਜਾਂ ਦੁੱਖ ਦੇ ਵਾਤਾਵਰਨ ਲਈ ਤਤਕਾਲੀ ਉੱਤਰ ਨ ਹੋ ਕੇ ਸਗੋਂ ਕਾਰਜ ਕਰਨ ਲਈ ਸੋਚ ਸਮਝ ਕੇ ਚੁਣਿਆ ਹੋਇਆ ਸਿਧਾਂਤ ਹੈ। ਇਹ ਕੇਵਲ ਇਕ ਉਦਾਰਤਾ ਦਾ ਕਾਰਜ ਹੀ ਨਹੀਂ ਹੈ ਸਗੋਂ ਕੁਦਰਤੀ ਸੁਭਾਅ ਹੁੰਦਾ ਹੈ। ਇਕ ਸਿੱਖ ਹਮੇਸ਼ਾਂ ਸਾਰੀ ਲੋਕਾਈ ਦੀ ਭਲਾਈ ਲਈ ਅਰਦਾਸ ਕਰਦਾ ਹੈ। ਮਨੁੱਖੀ ਭਾਈਚਾਰੇ ਅਤੇ ਮਨੁੱਖਾਂ ਦਾ ਪਰਮਾਤਮਾ ਦੀ ਵਿਰਾਸਤ ਦਾ ਇਕੋ ਜਿਹਾ ਹਕਦਾਰ ਹੋਣ ਦੇ ਵਿਸ਼ਵਾਸ ਤੇ ਆਧਾਰਿਤ ਸਰਬੱਤ ਦੇ ਭਲੇ ਦਾ ਇਹ ਸਿਧਾਂਤ ਸਾਰੀ ਸਿੱਖ ਪਰੰਪਰਾ ਵਿਚ ਵਿੱਦਮਾਨ ਹੈ। ਸੇਵਾ, ਹਲੀਮੀ, ਆਮ ਲੋਕ ਭਲਾਈ ਦੇ ਕੰਮਾਂ ਵਿਚ, ਅਤੇ ਗੁਰੂ ਕੇ ਲੰਗਰ ਵਿਚ ਜਿੱਥੇ ਸਾਰੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਹਨ ਅਤੇ ਜਿੱਥੇ ਜਾਤ, ਧਰਮ ਅਤੇ ਇਲਾਕੇ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇਹ ਸਿਧਾਂਤ ਪਰਤੱਖ ਵੇਖਿਆ ਜਾਂਦਾ ਹੈ।
ਸਰਬੱਤ ਦੇ ਭਲੇ ਵਿਚੋਂ ਜੋ ਕਦਰਾਂ ਕੀਮਤਾਂ ਉਭਰ ਕੇ ਸਪਸ਼ਟ ਰੂਪ ਵਿਚ ਸਾਮ੍ਹਣੇ ਆਈਆਂ ਹਨ ਉਹ ਸਿੱਖ ਪਰੰਪਰਾ ਅਤੇ ਸੰਵੇਦਨਸ਼ੀਲਤਾ ਦਾ ਇਕ ਪ੍ਰਭਾਵਸ਼ਾਲੀ ਤੱਤ ਹੈ। ਉਦੋਂ ਜਦੋਂ ਇਹ ਜਬਰ ਦੇ ਵਿਰੁੱਧ ਲੜਨ ਲਈ ਇਕ ਜੁਝਾਰੂ ਸ਼ਕਤੀ ਵੀ ਬਣ ਗਏ ਸਨ ਤਦ ਵੀ ਸਿੱਖਾਂ ਨੇ ਇਹ ਸਿਧਾਂਤ ਨਹੀਂ ਛੱਡਿਆ ਸੀ। ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲਾਂ ਖਿਲਾਫ਼ ਕਈ ਜੰਗਾਂ ਲੜਨ ਵਾਲੇ ਗੁਰੂ ਗੋਬਿੰਦ ਸਿੰਘ ਨੇ ਵਿਸ਼ੇਸ਼ ਤੌਰ ਤੇ ਆਪਣੇ ਸਿੱਖਾਂ ਵਿਚੋਂ ਇਕ ਮਹਾਨ ਸਿੱਖ ਭਾਈ ਕਨ੍ਹਈਆ ਦੀ ਸੇਵਾ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਸਿੱਖ ਮੁਸਲਮਾਨ ਜਾਂ ਸਿੱਖ ਦੇ ਵਿਤਕਰੇ ਦੇ ਬਿਨਾਂ ਜੰਗ ਦੇ ਮੈਦਾਨ ਵਿਚ ਸਭ ਨੂੰ ਪਾਣੀ ਪਿਲਾ ਰਿਹਾ ਸੀ। ਕਾਜ਼ੀ ਨੂਰ ਮੁਹੰਮਦ 1764 ਵਿਚ ਅਹਮਦ ਸ਼ਾਹ ਦੁੱਰਾਨੀ ਨਾਲ ਸਤਵੇਂ ਹਮਲੇ ਵੇਲੇ ਉਸਦੇ ਨਾਲ ਸੀ। ਉਸਨੇ ਜੰਗਨਾਮਾ ਸਿਰਲੇਖ ਵਾਲੀ ਮਸਨਵੀ ਵਿਚ ਆਪਣੀਆਂ ਜਿੱਤਾਂ ਦਾ ਬੜੀ ਪ੍ਰਸੰਸਾ ਨਾਲ ਜ਼ਿਕਰ ਕੀਤਾ ਹੈ। ਉਸ ਵਿਚ ਸਿੱਖਾਂ ਪ੍ਰਤੀ ਇਹ ਮਾੜੀ ਭਾਸ਼ਾ ਵਰਤਦਾ ਹੈ ਪਰੰਤੂ ਫਿਰ ਵੀ ਉਹਨਾਂ ਦੀ ਸ਼ਲਾਘਾ ਕਰਦਾ ਹੋਇਆ ਲਿਖਦਾ ਹੈ ਕਿ ਇਹ ਭੱਜੇ ਜਾਂਦੇ ਦੁਸ਼ਮਨਾਂ ਦਾ ਪਿੱਛਾ ਨਹੀਂ ਕਰਦੇ, ਜਿਸਨੇ ਹਥਿਆਰ ਸੁੱਟ ਦਿੱਤੇ ਹੋਣ ਉਸ ਦਾ ਨੁਕਸਾਨ ਨਹੀਂ ਕਰਦੇ ਅਤੇ ਨਾ ਹੀ ਇਸਤਰੀ ਨੂੰ ਲੁੱਟਦੇ ਹਨ। ਇਕ ਹੋਰ ਮੁਸਲਮਾਨ ਗੁਲਾਮ ਮੁਹਯ ਉਦ-ਦੀਨ ਜਿਸ ਨੇ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਜੰਗਾਂ ਵਿਚ ਹਿੱਸਾ ਲਿਆ ਸੀ ਆਪਣੀ ਰਚਨਾ ਫਤੁਹਾਤ ਨਾਮਹ-ਇ-ਸਮਦੀ ਵਿਚ ਲਿਖਿਆ ਹੈ ਕਿ ਸਿੱਖ ਕਿਸੇ ਵੀ ਇਸਤਰੀ ਨੂੰ ਆਪਣੀ ਮਾਤਾ ਤੋਂ ਇਲਾਵਾ ਹੋਰ ਕਿਸੇ ਰੂਪ ਵਿਚ ਨਹੀਂ ਦੇਖਦੇ।
ਸਿੱਖ ਧਰਮ ਵਿਚ ਸਮੂਹਿਕ ਨੈਤਿਕਤਾ ਅਤੇ ਵਿਅਕਤੀਗਤ ਨੈਤਿਕਤਾ ਇਕ ਦੂਜੇ ਨਾਲ ਇਕਸੁਰ ਹਨ ਅਤੇ ਇਹ ਇਕ ਦੂਜੇ ਤੋਂ ਵੱਖ ਨਹੀਂ ਹਨ। ਇਸ ਲਈ ਸਰਬੱਤ ਦਾ ਭਲਾ ਓਨਾ ਹੀ ਇਕ ਸਾਂਝਾ ਮਨੁੱਖੀ ਉਦੇਸ਼ ਹੈ ਜਿੰਨਾ ਇਹ ਇਕ ਨਿੱਜੀ ਆਦਰਸ਼ ਵੀ ਹੈ। ਇਸ ਨਾਲ ਵਿਅਕਤੀਗਤ ਨੈਤਿਕਤਾ, ਅਧਿਆਤਮਿਕ ਪਰਪੱਕਤਾ ਅਤੇ ਨਾਲ ਹੀ ਨਾਲ ਇਕ ਚੰਗੇਰੇ ਸੰਸਾਰਿਕ ਪ੍ਰਬੰਧ ਦੀ ਉਸਾਰੀ ਦੀ ਪ੍ਰੇਰਨਾ ਪ੍ਰਾਪਤ ਹੋਣੀ ਚਾਹੀਦੀ ਹੈ। ਰੋਜ਼ਾਨਾ ਦੁਹਰਾਏ ਜਾਣ ਵਾਲੇ ਸਰਬੱਤ ਦਾ ਭਲਾ ਵਿਚ ਇਹ ਦੋਵੇਂ ਉਦੇਸ਼ ਵਿੱਦਮਾਨ ਹਨ। ਵਿਅਕਤੀਗਤ ਅਤੇ ਸਮੂਹ ਰੂਪ ਵਿਚ ਆਪਣੇ ਘਰਾਂ ਵਿਚ ਅਤੇ ਧਾਰਮਿਕ ਸਥਾਨਾਂ ਵਿਚ ਸੰਗਤ ਰੂਪ ਵਿਚ ਸਿੱਖ ਆਪਣੀ ਅੰਮ੍ਰਿਤ ਵੇਲੇ ਦੀ ਸ਼ਾਮ ਦੀ ਅਰਦਾਸ ਅਤੇ ਜਦੋਂ ਕਿਸੇ ਵੀ ਪਵਿੱਤਰ ਰਸਮ ਸਮੇਂ ਜਾਂ ਵਿਅਕਤੀਗਤ ਅਰਦਾਸ ਕੀਤੀ ਜਾਂਦੀ ਹੈ ਤਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸਦੇ ਆਖਰੀ ਸ਼ਬਦ ਹੁੰਦੇ ਹਨ। ਸਿੱਖ ਧਰਮ ਵਿਚ ਸਮੁੱਚੀ ਲੋਕਾਈ ਲਈ, ਇਸ ਅਰਦਾਸ ਨੂੰ ਇਕ ਸੰਸਥਾ ਦਾ ਰੂਪ ਪ੍ਰਦਾਨ ਕੀਤਾ ਗਿਆ ਹੈ। ਸਿੱਖਾਂ ਲਈ ਇਹ ਕੇਵਲ ਇਕ ਰਹੱਸਾਤਮਿਕ ਇੱਛਾ ਹੀ ਨਹੀਂ ਹੈ ਸਗੋਂ ਇਹ ਇਕ ਦ੍ਰਿੜ ਧਾਰਮਿਕ ਅਤੇ ਸਮਾਜਿਕ ਉਦੇਸ਼ ਵੀ ਹੈ। ਇਸ ਦੀ ਪ੍ਰਾਪਤੀ ਲਈ ਸਿੱਖ ਨੇ ਲਗਾਤਾਰ ਯਤਨਸ਼ੀਲ ਬਣੇ ਰਹਿਣਾ ਹੁੰਦਾ ਹੈ।
ਲੇਖਕ : ਕ.ਰ.ਸ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਰਬੱਤ ਦਾ ਭਲਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸਰਬੱਤ ਦਾ ਭਲਾ : ਸਰਬੱਤ ਦਾ ਭਲਾ ਸਿੱਖੀ ਦਾ ਉਦੇਸ਼ ਹੈ। ਅਰਦਾਸ ਵਿੱਚ ਰੋਜ਼ਾਨਾ ਸਰਬੱਤ ਦਾ ਭਲਾ ਮੰਗਦੇ ਹੋਏ ਕਿਹਾ ਜਾਂਦਾ ਹੈ ਕਿ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।” ਇਸ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਸਮੂਹ ਜੀਵਾਂ ਦਾ ਨਿਰਸ੍ਵਾਰਥ ਭਲਾ ਮੰਗਣਾ।
ਸਿੱਖ ਧਰਮ ਇਹ ਮੰਨਦਾ ਹੈ ਕਿ ਸਮੂਹ ਜੀਵਾਂ ਦਾ ਕਰਤਾ ਕੇਵਲ ਇੱਕ ਪਰਮਾਤਮਾ ਹੈ ਅਤੇ ਉਸ ਨੇ ਸਮੂਹ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਜੀਵਨ ਸ਼ਕਤੀ ਪ੍ਰਦਾਨ ਕੀਤੀ ਹੈ। ਜਦੋਂ ਪਰਮਾਤਮਾ ਦੁਆਰਾ ਬਖ਼ਸ਼ੀ ਹੋਈ ਜੀਵਨ ਸ਼ਕਤੀ ਵਿੱਚ ਵਿਘਨ ਪੈਂਦਾ ਹੈ ਤਾਂ ਜੀਵ ਨੂੰ ਦੁੱਖ ਪਹੁੰਚਦਾ ਹੈ। ਸਮੁੱਚੀ ਸ੍ਰਿਸ਼ਟੀ ਦੇ ਸਮੂਹ ਜੀਵ, ਜੀਵਨ ਸ਼ਕਤੀ ਵਿੱਚ ਪੈਣ ਵਾਲੇ ਵਿਘਨ ਤੋਂ ਮੁਕਤ ਰਹਿਣ, ਇਸ ਲਈ ਉਹਨਾਂ ਦਾ ਭਲਾ ਮੰਗਿਆ ਜਾਂਦਾ ਹੈ। ਪਰਮਾਤਮਾ ਸਮੂਹ ਜੀਵਾਂ ਦਾ ਕਰਤਾ ਹੋਣ ਕਰਕੇ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਹੈ ਇਸ ਕਰਕੇ ਸਮੂਹ ਜੀਵਾਂ ਦਾ ਭਲਾ ਉਸ ਤੋਂ ਮੰਗਿਆ ਜਾਂਦਾ ਹੈ:
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 815-16
ਸਮੁੱਚੀ ਸ੍ਰਿਸ਼ਟੀ ਦੇ ਜੀਵਾਂ ਵਿੱਚੋਂ ਮਨੁੱਖ ਸਭ ਤੋਂ ਵਧੇਰੇ ਬੁੱਧੀਮਾਨ ਹੈ ਅਤੇ ਇਸੇ ਕਰਕੇ ਸ੍ਵਾਰਥੀ ਵੀ ਸਭ ਤੋਂ ਜ਼ਿਆਦਾ ਉਸੇ ਨੂੰ ਮੰਨਿਆ ਜਾਂਦਾ ਹੈ। ਮਨੁੱਖ ਸ੍ਰਿਸ਼ਟੀ ਦੇ ਸਮੂਹ ਸਬਲ ਅਤੇ ਦੁਰਬਲ ਜੀਵਾਂ ਤੇ ਆਪਣਾ ਅਧਿਕਾਰ ਰੱਖਦਾ ਹੈ। ਇਸੇ ਬਿਰਤੀ ਕਾਰਨ ਇੱਕ ਮਨੁੱਖ ਦੂਜੇ ਮਨੁੱਖਾਂ ਤੇ ਵੀ ਅਧਿਕਾਰ ਕਰਨਾ ਚਾਹੁੰਦਾ ਹੈ ਜਿਸ ਨਾਲ ਭੇਦ-ਭਾਵ, ਵਿਤਕਰੇ ਅਤੇ ਦਮਨ ਵਾਲੀਆਂ ਬਿਰਤੀਆਂ ਦਾ ਜਨਮ ਹੁੰਦਾ ਹੈ। ਇੱਕ ਮਨੁੱਖ ਦੂਜੇ ਮਨੁੱਖ ਨੂੰ ਪਿਛਾਂਹ ਕਰਕੇ ਆਪ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਜਿਸ ਕਾਰਨ ਇੱਕ ਮਨੁੱਖ ਦੂਜੇ ਮਨੁੱਖ ਨਾਲ, ਇੱਕ ਕੌਮ ਦੂਜੀ ਕੌਮ ਨਾਲ, ਇੱਕ ਖਿੱਤੇ ਦੇ ਲੋਕ ਦੂਜੇ ਖਿੱਤੇ ਦੇ ਲੋਕਾਂ ਨਾਲ ਟਕਰਾਓ ਦੀ ਸਥਿਤੀ ਵਿੱਚ ਵੇਖੇ ਜਾ ਸਕਦੇ ਹਨ। ਮਨੁੱਖ ਅਜਿਹੇ ਤਣਾਅਪੂਰਨ ਮਾਹੌਲ ਤੋਂ ਦੂਰ ਰਹਿਣ ਅਤੇ ਸ਼ਾਂਤੀ ਅਤੇ ਭਲਾਈ ਦੇ ਕਾਰਜ ਕਰਨ, ਇਸ ਕਰਕੇ ਸਮੂਹ ਮਨੁੱਖਾਂ ਨੂੰ ਭਲਾਈ-ਬੁਰਾਈ ਦੀ ਸਮਝ ਪੈਦਾ ਕਰਨ ਲਈ ਪ੍ਰਦਾਨ ਕੀਤੀ ਬੁੱਧੀ ਨੂੰ ਸਹੀ ਦਿਸ਼ਾ ਵੱਲ ਲਾਉਣਾ ਚਾਹੀਦਾ ਹੈ। ਅਜਿਹਾ ਕਰਨ ਲਈ ਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਉਹ ਸਮੂਹ ਜੀਵਾਂ ਨੂੰ ਸੁਮੱਤ ਬਖ਼ਸ਼ੇ ਅਤੇ ਉਹ ਸਮੁੱਚੀ ਮਾਨਵਤਾ ਨੂੰ ਇੱਕੋ ਜਿਹਾ ਮੰਨਦੇ ਹੋਏ ਮਨੁੱਖੀ ਭਲਾਈ ਦੇ ਮਾਰਗ ਤੇ ਚੱਲਣ। ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕੀਤਾ ਹੈ ਕਿ :
ਮਾਨਸ ਕੀ ਜਾਤਿ ਸਭੈ ਏਕੈ ਪਹਚਾਨਬੋ॥
ਸਿੱਖ ਧਰਮ ਸੰਗਤ ਪ੍ਰਧਾਨ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕਰਦਾ ਹੈ। ਸੰਗਤ ਦਾ ਜੋ ਰੂਪ ਗੁਰੂ ਸਾਹਿਬਾਨ ਨੇ ਸਿਰਜਿਆ ਉਹ ਗੁਣਮੁਖੀ ਸੰਗਤ ਵੱਲ ਸੰਕੇਤ ਕਰਦਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸੰਗਤ ਕਰਨ ਦਾ ਅਸਲ ਲਾਭ ਉਸ ਮਨੁੱਖ ਨੂੰ ਹੈ ਜੋ ਈਰਖਾ, ਦਵੈਸ਼ ਨੂੰ ਭੁੱਲ ਕੇ ਗੁਣਾਂ ਤੇ ਧਿਆਨ ਕੇਂਦਰਿਤ ਕਰਦਾ ਹੈ :
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 766
ਔਗੁਣਾਂ ਤੋਂ ਭਾਵ ਉਹਨਾਂ ਦੁਰ-ਭਾਵਨਾਵਾਂ ਤੋਂ ਹੈ, ਜੋ ਲੋਕ-ਭਲਾਈ ਅਤੇ ਪਰਉਪਕਾਰ ਦੇ ਮਾਰਗ ਵਿੱਚ ਰੁਕਾਵਟਾਂ ਖੜੀਆਂ ਕਰਕੇ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦਾ ਕੰਮ ਕਰਨ ਦੇ ਨਾਲ-ਨਾਲ ਪਰਮਾਤਮਾ ਤੋਂ ਦੂਰ ਕਰਦੀਆਂ ਹਨ। ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੁਰ-ਭਾਵਨਾਵਾਂ ਨੂੰ ਖ਼ਤਮ ਕਿਵੇਂ ਕੀਤਾ ਜਾਵੇ? ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਇਹਨਾਂ ਦੁਰ-ਭਾਵਨਾਵਾਂ ਦਾ ਕਾਰਨ ਦੱਸਦੇ ਹੋਏ ਕਹਿੰਦੇ ਹਨ ਕਿ ਅਗਿਆਨਤਾ ਮਨੁੱਖ ਅੰਦਰ ਦੁਰ-ਭਾਵਨਾਵਾਂ ਉਤਪੰਨ ਕਰਨ ਲਈ ਜ਼ੁੰਮੇਵਾਰ ਹੈ ਅਤੇ ਜੋ ਅਗਿਆਨੀ ਹੈ ਉਹੀ ਬੁੱਧੀਹੀਨ ਹੈ “ਅਗਿਆਨੀ ਮਤਿਹੀਣੁ ਹੈ।” ਇਸਦੇ ਨਾਲ ਹੀ ਗੁਰੂ ਸਾਹਿਬਾਨ ਇਹ ਵੀ ਦੱਸਦੇ ਹਨ ਕਿ ਇਹ ਅਗਿਆਨਤਾ ਪੈਦਾ ਕਿਵੇਂ ਹੁੰਦੀ ਹੈ? ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਹੰਕਾਰ ਕਾਰਨ ਮਨੁੱਖ ਵਿੱਚ ਅਗਿਆਨਤਾ ਪੈਦਾ ਹੁੰਦੀ ਹੈ (ਹਮ ਅਹੰਕਾਰੀ ਅਹੰਕਾਰ ਅਗਿਆਨ)। ਇੱਥੇ ਸਪਸ਼ਟ ਹੈ ਕਿ ਹਉਮੈਂ ਕਾਰਨ ਮਨੁੱਖ ਵਿੱਚ ਅਗਿਆਨਤਾ ਪੈਦਾ ਹੁੰਦੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਹਉਮੈਂ ਤੇ ਕਾਬੂ ਕਿਵੇਂ ਪਾਇਆ ਜਾਵੇ ਕਿਉਂਕਿ ਗੁਰਮਤਿ ਮਾਰਗ ਅਨੁਸਾਰ ਵਿਕਾਰ ਰੂਪੀ ਔਗੁਣ ਸ੍ਰਿਸ਼ਟੀ ਦਾ ਅੰਗ ਹਨ ਅਤੇ ਹਉਮੈਂ ਰਾਹੀਂ ਹੀ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ (ਹਉਮੈਂ ਵਿੱਚ ਜਗੁ ਉਪਜੈ ਪੁਰਖਾ)। ਗੁਰਬਾਣੀ ਦੱਸਦੀ ਹੈ ਕਿ ਇਹਨਾਂ ਵਿਕਾਰਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਪਰੰਤੂ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਕਹਿਣ ਦਾ ਭਾਵ ਇਹਨਾਂ ਔਗੁਣ ਰੂਪੀ ਵਿਕਾਰਾਂ ਦੀ ਸਹੀ ਦਿਸ਼ਾ ਨਿਰਧਾਰਿਤ ਕਰਕੇ ਇਹਨਾਂ ਨੂੰ ਗੁਣਾਂ ਵਿੱਚ ਬਦਲਿਆ ਜਾ ਸਕਦਾ ਹੈ। ਹੰਕਾਰ ਨੂੰ ਅਣਖ ਅਤੇ ਸ੍ਵੈਮਾਣ ਦੇ ਮਾਰਗ ਤੇ ਲਾ ਕੇ ਇਸਦੀ ਸਹੀ ਦਿਸ਼ਾ ਨਿਰਧਾਰਿਤ ਕੀਤੀ ਜਾ ਸਕਦੀ ਹੈ। ਅਣਖ ਅਤੇ ਸ੍ਵੈਮਾਣ ਦੀ ਪ੍ਰਾਪਤੀ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਹੋ ਸਕਦੀ ਹੈ (ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ)।
ਸਿੱਖ ਧਰਮ ਵਿੱਚ ਗੁਰੂ ਨੂੰ ਹੀ ਗਿਆਨ ਦਾ ਪ੍ਰਮੁਖ ਸ੍ਰੋਤ ਮੰਨਿਆ ਗਿਆ ਹੈ ਜੋ ਕਿ ਮਨੁੱਖ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਅਗਿਆਨਤਾ ਨੂੰ ਦੂਰ ਕਰਨ ਦੇ ਸਮਰੱਥ ਹੈ (ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ)। ਗਿਆਨਵਾਨ ਮਨੁੱਖ ਹੀ ਪਰਉਪਕਾਰ ਦੇ ਕੰਮ ਕਰ ਸਕਦਾ ਹੈ। ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਦੀ ਉਦਾਹਰਨ ਸਾਡੇ ਸਭ ਦੇ ਸਾਮ੍ਹਣੇ ਹੈ, ਜਿਨ੍ਹਾਂ ਨੇ ਗੁਰੂ ਦੇ ਮਾਰਗ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਆਪਣੇ-ਪਰਾਏ ਵਿੱਚ ਫ਼ਰਕ ਕੀਤੇ ਬਗ਼ੈਰ ਦੁਸ਼ਮਣ ਦੀਆਂ ਫ਼ੌਜਾਂ ਨੂੰ ਵੀ ਯੁੱਧ ਦੇ ਸਮੇਂ ਪਾਣੀ ਪਿਲਾਇਆ। ਭਾਈ ਘਨੱਈਆ ਜੀ ਦੇ ਇਸ ਕਾਰਜ ਤੋਂ ਖ਼ੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਪੱਟੀ ਕਰਨ ਦਾ ਵੀ ਆਦੇਸ਼ ਕੀਤਾ। ਏਸੇ ਤਰ੍ਹਾਂ ਮਿਸਲਾਂ ਦੇ ਸਮੇਂ ਵੀ ਵਿਸਾਖੀ ਦੇ ਮੌਕੇ ਅਕਾਲ ਤਖ਼ਤ ਤੇ ਸਿੱਖਾਂ ਦੇ ਇਕੱਠ ਵਿੱਚ ਕਸੂਰ ਦੇ ਕੁਝ ਬ੍ਰਾਹਮਣ ਆਏ ਜਿਨ੍ਹਾਂ ਨੇ ਉਸਮਾਨ ਖ਼ਾਂ ਅਫ਼ਗਾਨ ਵਿਰੁੱਧ ਸ਼ਿਕਾਇਤ ਕੀਤੀ ਕਿ ਉਹ ਨਾਲ ਆਏ ਇੱਕ ਬ੍ਰਾਹਮਣ ਦੀ ਪਤਨੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਹੈ। ਤਰੁਣਾ ਦਲ ਜਥੇਬੰਦੀ ਦਾ ਹਰੀ ਸਿੰਘ ਭੰਗੀ ਦੁਖੀ ਬ੍ਰਾਹਮਣਾਂ ਦੀ ਸਹਾਇਤਾ ਲਈ ਅੱਗੇ ਆਇਆ। ਉਸਨੇ ਚੜ੍ਹਤ ਸਿੰਘ ਦੀ ਸਹਾਇਤਾ ਨਾਲ ਕਸੂਰ ਤੇ ਹਮਲਾ ਕਰ ਦਿੱਤਾ ਅਤੇ ਉਸਮਾਨ ਖ਼ਾਂ ਸਮੇਤ ਉਸਦੇ ਪੰਜ ਸੌ ਸਾਥੀਆਂ ਨੂੰ ਮਾਰ ਦਿੱਤਾ। ਬ੍ਰਾਹਮਣ ਇਸਤਰੀ ਨੂੰ ਰਿਹਾਅ ਕਰਵਾ ਕੇ ਉਸਦੇ ਪਤੀ ਨੂੰ ਸੌਂਪ ਦਿੱਤਾ। ਭਾਵੇਂ ਇਸ ਲੜਾਈ ਵਿੱਚ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਪਰਉਪਕਾਰ ਅਤੇ ਸਰਬੱਤ ਦੇ ਭਲੇ ਦੇ ਮਾਰਗ ਤੇ ਚੱਲਣ ਨੂੰ ਤਰਜੀਹ ਦਿੱਤੀ।
ਸਰਬੱਤ ਦੇ ਭਲੇ ਦੇ ਸਿਧਾਂਤ ਵਿੱਚੋਂ ਹੀ ਦਇਆ, ਸੰਤੋਖ, ਧਰਮ, ਧੀਰਜ, ਨਿਮਰਤਾ ਆਦਿ ਗੁਣਾਂ ਦਾ ਵਿਕਾਸ ਹੁੰਦਾ ਹੈ। ਗੁਰੂ ਸਾਹਿਬਾਨ ਦੁਆਰਾ ਲੰਗਰ ਦੀ ਪ੍ਰਥਾ ਦਾ ਅਰੰਭ, ਹਸਪਤਾਲਾਂ, ਧਰਮਸ਼ਾਲਾਵਾਂ ਆਦਿ ਦਾ ਨਿਰਮਾਣ ਸਰਬੱਤ ਦੇ ਭਲੇ ਦੇ ਸੂਚਕ ਹਨ ਜਿੱਥੇ ਹਰ ਗ਼ਰੀਬ ਅਤੇ ਲੋੜਵੰਦ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਿੱਖ ਧਰਮ ਵਿੱਚ ਸਰਬੱਤ ਦੇ ਭਲੇ ਦਾ ਸਿਧਾਂਤ ਮਾਨਵਤਾ ਅਤੇ ਪ੍ਰੇਮ ਦੇ ਮਾਰਗ ਤੇ ਚੱਲਣ ਦਾ ਪ੍ਰਣ ਹੈ।
ਲੇਖਕ : ਪਰਮਵੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 5529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-19-12-09-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First