ਸੌ ਸਾਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਖੀ. ਇਹ ਇੱਕ ਪ੍ਰਸਿੱਧ ਪੋਥੀ ਹੈ, ਜਿਸ ਦਾ ਅਸਲ ਨਾਉਂ “ਰਤਨਮਾਲ” ਹੈ. ਇਸ ਵਿੱਚ ਪਹਿਲਾਂ ਸੌ ਸਾਖੀਆਂ ਸਨ, ਪਰ ਹੁਣ ਵਧੀਕ ਦੇਖੀਆਂ ਜਾਂਦੀਆਂ ਹਨ1 ਅਰ ਕਲਮੀ ਪੋਥੀਆਂ ਦੇ ਆਪੋ ਵਿੱਚੀ ਪਾਠ ਨਹੀਂ ਮਿਲਦੇ. ਕ੍ਯੋਂਕਿ ਸਮੇਂ ਸਮੇਂ ਸਿਰ ਸ੍ਵਾਰਥੀ ਲੋਕਾਂ ਨੇ ਇਸ ਵਿੱਚ ਮਨ ਭਾਉਂਦੀ ਮਿਲਾਵਟ ਕੀਤੀ ਹੈ. ਕਿਤਨਿਆਂ ਦਾ ਨਿਰਮੂਲ ਖਿਆਲ ਹੈ ਕਿ ਇਹ ਸਾਖੀ ਕਲਗੀਧਰ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਸਾਧਾਰਣ ਵਿਦ੍ਯਾ ਅਤੇ ਸਮਝ ਵਾਲੇ ਸਿੱਖਾਂ ਦੀ ਕਲਮ ਤੋਂ ਲਿਖੀ ਗਈ ਹੈ.

          ਸਾਖੀ ਤੋਂ ਪਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਕਥਾਪ੍ਰਸੰਗ ਭਾਈ ਗੁਰੁਬਖਸ਼ ਸਿੰਘ ਜੀ (ਰਾਮਕੁਁਵਰ) ਨੂੰ ਸੁਣਾਏ, ਉਹੀ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ. ਭਾਈ ਸੰਤੋਖ ਸਿੰਘ ਜੀ ਨੇ ਭੀ ਗੁਰੁ ਪ੍ਰਤਾਪ ਸੂਰਯ ਦੀ ਕਥਾ ਇਸੇ ਆਧਾਰ ਤੇ ਲਿਖੀ ਹੈ, ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿੱਚ ਬਦਲਕੇ ਜਿਉਂ ਕੇ ਤਿਉਂ ਲਿਖ ਦਿੱਤੇ ਹਨ.

ਨਿਹੰਗ ਸਿੰਘ ਅਤੇ ਨਾਮਧਾਰੀ (ਕੂਕੇ) ਸਿੱਖ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ ਜੋ ਹਿੰਦੂ ਸਮਾਜ ਵਿੱਚ ਭਵਿ੄਴ਤ ਪੁਰਾਣ ਨੂੰ ਦਿੱਤਾ ਜਾਂਦਾ ਹੈ, ਅਰ ਆਪਣੀ ਆਪਣੀ ਬੁੱਧਿ ਅਨੁਸਾਰ ਪਹੇਲੀ ਵਾਂਗ ਕਹੇਗਏ ਵਾਕਾਂ ਦੇ ਅਨੇਕ ਅਰਥ ਲਾਕੇ ਦਿਲ ਪਰਚਾਇਆ ਕਰਦੇ ਹਨ.

ਸੌ ਸਾਖੀ ਦੀ ਕਵਿਤਾ ਪਿੰਗਲ ਦੇ ਨਿਯਮ ਤੋਂ ਬਾਹਰ ਹੈ, ਜੈਸੇ—

“ਗੁਰੁ ਹਰਿ ਰਾਇ ਸਹਾਇ ਕਰ ਕ੍ਰਿਸਨ

ਸੇਵੀਏ ਗੁਰੂ ਤੇਗ ਬਹਾਦੁਰ ਧੀਰ।

ਗੁਰੁ ਗੋਬਿੰਦ ਸਿੰਘ ਅਰਿ ਮ੍ਰਿਗ ਤੁਰਕਨ ਕੋ ਸੁਠ ਬੀਰ ॥”2

ਗੁਰੂ ਸਾਹਿਬ ਦੀ ਰਚੀ, ਅਥਵਾ ਲਿਖਾਈ ਇਹ ਪੋਥੀ ਹੈ, ਜਾਂ ਨਹੀਂ, ਇਹ ਗੱਲ ਇਸ ਦੇ ਸੰਮਤਾਂ ਤੋਂ ਸਾਫ ਹੋ ਜਾਂਦੀ ਹੈ, ਜੈਸੇ—“ਸੰਮਤ ਬਿਕ੍ਰਮ ਸਤ੍ਰਾ ਸੈ ਏਕਾਸੀ ਮਾਸ ਤ੍ਰੈ ਜੇਠ.” ਫੇਰ ਲਿਖਿਆ ਹੈ—

“ਸੰਮਤ ਬਿਕ੍ਰਮ ਭੂਪਤੀ ਸਤਾਰਾਂ ਸਤ ਨੌ ਏਕ.”

ਮਾਹਿ ਵੈਸਾਖੀ ਵਾਰ ਗੁਰੁ ਮਲਕੀ ਦੁਤਿਯਾ ਭੇਕ.”

ਇਸ ਵਿੱਚ ਇਤਿਹਾਸ ਵਿਰੁੱਧ ਬਹੁਤ ਬਾਤਾਂ ਹਨ, ਜੈਸੇ—

(ੳ) “ਪਾਂਡਵਾਂ ਵੇਲੇ ਸੈਯਦਾਂ ਦੀ ਉਤਪੱਤੀ ਹੋਈ.” (ਸਾਖੀ ੧)

(ਅ) “ਖੱਲ ਵਿੱਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ.” (ਸਾਖੀ ੧੩)

(ੲ) ਈਸਾ ਮੂਸਾ ਦੀ ਹਾਸੋਹੀਣੀ ਉਤਪੱਤੀ ਅਤੇ ਵ੍ਯੁਤਪੱਤੀ, ਤਥਾ ਇੱਕੇ ਸਮੇ ਦੋਹਾਂ ਦਾ ਪੈਦਾ ਹੋਣਾ ਆਦਿ. (ਸਾਖੀ ੧੪)

(ਸ) ਹਰੀਚੰਦ ਦੀ ਕਥਾ ਵਿਚਿਤ੍ਰ ਨਾਟਕ ਦੇ ਵਿਰੁੱਧ ਲਿਖੀ ਹੈ. (ਸਾਖੀ ੨੦)

(ਹ) ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿੱਚ ਲਵਾਂਗੇ. (ਸਾਖੀ ੩੭)

(ਕ)     ਗਾਯਤ੍ਰੀ ਦੇ ਸਰਾਫ (ਸ਼ਾਪ) ਨਾਲ ਦਸ਼ਮੇਸ਼ ਨੂੰ ਇੱਕ ਵਰ੍ਹਾ ਵਿਪਦਾ ਭੋਗਣੀ ਪਈ. ਅਫਲਾਤੂਨ ਅਤੇ ਸਿਕੰਦਰ ਹਿੰਦੁਸਤਾਨ ਇਕੱਠੇ ਆਏ. (ਸਾਖੀ ੪੧)

(ਖ)     ਸਿੱਖ ਫ਼ਾਰਸੀ ਅਰਬੀ ਨਾ ਪੜ੍ਹੇ. ਜਿਸ ਦੇ ਘਰ ਫ਼ਾਰਸੀ ਪੜ੍ਹੀ ਜਾਂਦੀ ਹੈ ਉਸ ਘਰ ਦਾ ਅੰਨ ਨਾ ਖਾਵੇ. ਬਾਮ੍ਹਣ ਸਿੱਖ ਤੋਂ ਸ਼੍ਰਾਧ ਕਰਾਵੇ, ਅਸਿੱਖ ਬਾਮ੍ਹਣ ਤੋਂ ਨਾ ਕਰਾਵੇ. (ਸਾਖੀ ੬੨)

(ਗ) ਦਸ਼ਮੇਸ਼ ਨੇ ਸ਼੍ਰਾੱਧ ਕੀਤਾ, ਧਰਮ ਸ਼ਾਂਤਿ ਕਰਾਈ, ਪੰਡਿਤ ਪਾਧਿਆਂ ਨੂੰ ਸੇਜਾ ਦਾਨ ਵਸਤ੍ਰ ਗਹਿਣੇ ਘੋੜੇ ਗਾਂਈਆਂ ਦਿੱਤੀਆਂ. (ਸਾਖੀ ੭੨)

(ਘ) ਫਲ, ਅੰਨ, ਘਾਹ , ਕਾਠ ਅਤੇ ਚੰਮ ਦਾ ਵਪਾਰ ਸਿੱਖ ਨਾ ਕਰੇ. (ਸਾਖੀ ੭੯)

(ਙ)     ਅਨਧ੍ਯਾ ਦੇ ਦਿਨ ਵਿਦ੍ਯਾ ਪੜ੍ਹਨ ਵਾਲਾ ਦਰਿਦ੍ਰੀ ਅਤੇ ਛੋਟੀ ਉਮਰ ਵਾਲਾ ਹੋਂਦਾ ਹੈ।

(ਸਾਖੀ ੮੪)

(ਚ) ਹੋਮ ਅਤੇ ਵਰਣਾਂ ਅਨੁਸਾਰ ਜਪ ਕਰਨ ਦਾ ਹਿੰਦੂ ਰੀਤਿ ਦਾ ਉਪਦੇਸ਼. (ਸਾਖੀ ੮੯)

(ਛ) ਸ਼ੂਦ੍ਰ ਦਾ ਪੱਖ ਕਰਨ ਵਾਲਾ ਬ੍ਰਾਹਮਣ ਪਾਪੀ ਹੈ. ਬਲਦ ਨੂੰ ਖੱਸੀ ਕਰਨਾ, ਖੱਚਰ ਪੈਦਾ ਕਰਨੀ ਪਾਪ ਹੈ. (ਸਾਖੀ ੯੧) *** ਇਤ੍ਯਾਦਿਕ.

ਸਰਦਾਰ ਸਰ ਅਤਰ ਸਿੰਘ ਰਈਸ ਭਦੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗ੍ਰੇਜ਼ੀ ਸਰਕਾਰ ਨੇ ਰੁਪਯੇ ਬਦਲੇ ਦਿੱਤਾ ਹੈ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ. ਇਸੇ ਲਈ ਉਸ ਵਿੱਚ ਇਹ ਵਾਕ ਹੈ—

“ਦੇਸ ਬੇਚਕਰ ਜਾਂਹਿ ਫਿਰੰਗੀ। ਗਾਜੇਂਗੇ ਤਬ ਮੋਰ ਭੁਜੰਗੀ.” (ਸਾਖੀ ੮੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੌ ਸਾਖੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌ ਸਾਖੀ : (ਸ਼ਾਬਦਿਕ ਅਰਥ ਵਿਚ 100 ਘਟਨਾਵਾਂ ਦੀ ਪੁਸਤਕ) ਗੁਰ ਰਤਨ ਮਾਲ (ਗੁਰੂ ਦੇ ਰਤਨਾਂ ਦੀ ਮਾਲਾ)ਦਾ ਪ੍ਰਚਲਿਤ ਨਾਂ ਹੈ। ਇਹ ਰਹੱਸਮਈ ਅਤੇ ਪੈਗੰਬਰੀ ਵਿਸ਼ੇ ਵਾਲਾ ਕਾਰਜ ਹੈ। ਜਿਥੋਂ ਤੱਕ ਇਸਦੀ ਪ੍ਰਮਾਣਿਕਤਾ ਦਾ ਸੰਬੰਧ ਹੈ, ਇਸਨੂੰ ਸੰਦੇਹਜਨਕ ਕਿਹਾ ਜਾਂਦਾ ਹੈ। ਇਸਦਾ ਲੇਖਕ ਕੋਈ ਸਾਹਿਬ ਸਿੰਘ ਆਪਣੇ ਆਪ ਨੂੰ ਸਿਰਫ ਲਿਖਾਰੀ ਦਸਦਾ ਹੈ ਜਿਸਨੇ ਭਾਈ ਗੁਰਬਖ਼ਸ਼ ਸਿੰਘ ਦੇ ਵਾਕ ਲਿਖੇ। ਭਾਈ ਗੁਰਬਖਸ਼ ਸਿੰਘ ਨੂੰ ਭਾਈ ਰਾਮ ਕੰਵਰ (1672-1761) ਵੀ ਕਿਹਾ ਜਾਂਦਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ (1666-1708) ਜੀ ਦੇ ਦਰਬਾਰ ਦਾ ਸਤਿਕਾਰਿਤ ਅਤੇ ਗਿਆਨਵਾਨ ਮੈਂਬਰ ਸੀ। ਇਹ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਬਿਰਤਾਂਤਾਂ ਵਾਲੀ ਹੈ। ਕਿਹਾ ਜਾਂਦਾ ਹੈ ਕਿ ਇਹ ਸਾਖੀਆਂ ਭਾਈ ਰਾਮ ਕੁੰਵਰ ਦੀ ਨਿੱਜੀ ਸੂਚਨਾ ਤੇ ਆਧਾਰਿਤ ਹਨ ਪਰ ਫਿਰ ਵੀ ਮੂਲ ਪਾਠ ਵਿਚ ਬਾਅਦ ਵਿਚ ਪਏ ਰਲੇ ਅਤੇ ਅਸ਼ੁੱਧੀਆਂ ਨੂੰ ਵੀ ਸਪਸ਼ਟ ਵਾਚਿਆ ਜਾ ਸਕਦਾ ਹੈ।ਮੌਜੂਦਾ ਰਚਨਾ ਦੀਆਂ ਹਥਲਿਖਤਾਂ ਦੇ ਮੂਲ ਪਾਠ ਵਿਚ ਭਿੰਨਤਾ ਹੈ। ਬਹੁਤੀਆਂ ਸਾਖੀਆਂ ਇਸਦੇ ਪ੍ਰਚਲਿਤ ਸਿਰਲੇਖ ਨਾਲ ਮੇਲ ਨਹੀਂ ਖਾਂਦੀਆਂ। ਪਾਠ ਵਿਚ ਉਪਲਬਧ ਦੋ ਤਾਰੀਖਾਂ ਦੇ ਆਧਾਰ ਤੇ 1724 ਜਾਂ 1734 ਵਿਚ ਲਿਖੀ ਹੋਈ ਮੰਨੀ ਜਾਂਦੀ ਸੌ ਸਾਖੀ ਥਾਨੇਸਰ ਦੇ ਬ੍ਰਾਹਮਣ ਪਰਵਾਰ ਤੋਂ 1815 ਵਿਚ ਮਿਲਣ ਤਕ ਅਗਿਆਤ ਹੀ ਰਹੀ। ਬ੍ਰਾਹਮਣ ਪਰਵਾਰ ਨੇ ਇਹ ਹਥਲਿਖਤ ਸਰਦਾਰ ਅਮਰ ਸਿੰਘ ਸਿੰਘਪੁਰੀਆ ਨੂੰ ਭੇਟ ਕੀਤੀ ਸੀ। ਅਮਰ ਸਿੰਘ ਨੇ ਲਿਖਾਰੀ ਨੱਥਾ ਸਿੰਘ ਬੂੜੀਆ ਹੱਥੋਂ ਇਸ ਦੀਆਂ ਕਾਪੀਆਂ ਤਿਆਰ ਕਰਵਾਈਆਂ। ਗੁਰੂ ਗੋਬਿੰਦ ਸਿੰਘ ਜੀ ਦੇ ਪੈਗੰਬਰੀ ਵਚਨਾਂ ਦੇ ਰੂਪ ਵਿਚ ਇਸ ਰਚਨਾ ਵਿਚ ਸਾਰੀਆਂ ਸਮਕਾਲੀ ਸ਼ਖਸੀਅਤਾਂ ਬਾਰੇ ਇਸ਼ਾਰੇ ਮਿਲਦੇ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ, ਰਾਣੀ ਸਦਾ ਕੌਰ ਅਤੇ ਰਣਜੀਤ ਸਿੰਘ ਦੀ ਮੁਸਲਿਮ ਪਤਨੀ ਮੋਰਾਂ ਆਦਿ। ਭਾਵੇਂ ਕਿ ਇਹ ਰਚਨਾ ਦੁਰਲੱਭ ਹੋ ਗਈ ਪਰ ਫਿਰ ਵੀ ਇਸ ਨੂੰ ਹਾਸਿਲ ਕਰਨ ਦੀ ਇੱਛਾ ਵਾਲੇ ਅਨੇਕ ਸਨ। ਪੰਜਾਬ ਉੱਤੇ ਅੰਗਰੇਜ਼ੀ ਰਾਜ ਦੇ ਕਾਬਜ਼ ਹੋਣ ਤੋਂ ਬਾਅਦ ਇਸ ਰਚਨਾ ਵਿਚ ਬਦਲਾਉ ਅਤੇ ਰਲੇ ਸਪਸ਼ਟ ਤੌਰ ਤੇ ਕੀਤੇ ਗਏ। ਮਹਾਰਾਜਾ ਦਲੀਪ ਸਿੰਘ ਅਧੀਨ ਸਿੱਖ ਰਾਜ ਦੇ ਪੁਨਰ-ਸਥਾਪਿਤ ਹੋਣ ਦੀ ਭਵਿੱਖਬਾਣੀ ਵੀ ਕੀਤੀ ਗਈ। ਇਸ ਭਵਿੱਖਬਾਣੀ ਨੇ ਅੰਗਰੇਜ਼ੀ ਸਰਕਾਰ ਵਿਚ ਤੌਖਲਾ ਪੈਦਾ ਕਰ ਦਿੱਤਾ। ਅੰਗਰੇਜ਼ਾਂ ਦੇ ਕਹਿਣ ਤੇ ਸਰ ਅੱਤਰ ਸਿੰਘ ਭਦੌੜ ਨੇ 1873 ਵਿਚ ਇਸ ਰਚਨਾ ਦਾ ਅਨੁਵਾਦ ਅੰਗਰੇਜ਼ੀ ਵਿਚ ਕਰਕੇ ਇਸ ਨੂੰ ਵਾਰਾਣਸੀ ਤੋਂ ਛਪਵਾਇਆ। 1890 ਤੋਂ ਬਾਅਦ ਇਸ ਰਚਨਾ ਦੇ ਬਹੁਤ ਸਾਰੇ ਛਪੇ ਹੋਏ ਪੰਜਾਬੀ ਸੰਸਕਰਨ ਸਾਮ੍ਹਣੇ ਆਏ।ਇਸ ਦੇ ਬਹੁਤ ਸਾਰੇ ਰੂਪਾਂਤਰਨ, ਵਿਸ਼ੇਸ਼ ਤੌਰ ਤੇ ਭਵਿੱਖਬਾਣੀਆਂ ਦੇ ਰੂਪ ਵਿਚ, ਵਿਸ਼ੇ ਅਤੇ ਵਿਸਤਾਰ ਵਿਚ ਭਿੰਨ ਸਨ। ਇਹ ਰਚਨਾ ਨਿਹੰਗਾਂ ਅਤੇ ਨਾਮਧਾਰੀਆਂ ਵਿਚ ਹੁਣ ਤਕ ਪ੍ਰਚਲਿਤ ਹੈ। ਨਿਹੰਗ ਆਸਵੰਦ ਹੋ ਕੇ ਖ਼ਾਲਸਾ ਰਾਜ ਦੀ ਪੁਨਰ-ਸਥਾਪਤੀ ਵੇਖਦੇ ਹਨ ਅਤੇ ਨਾਮਧਾਰੀ ਇਸ ਰਚਨਾ ਵਿਚ ਆਪਣੀ ਲਹਿਰ ਦੇ ਸੰਕੇਤ ਵੇਖਦੇ ਹਨ ਜੋ ਕਿ ਪ੍ਰਤੱਖ ਤੌਰ ਤੇ ਇਹਨਾਂ ਦੇ ਆਗੂ ਬਾਬਾ ਰਾਮ ਸਿੰਘ (1816-85) ਅਧੀਨ, ਅੰਗਰੇਜ਼ ਵਿਰੋਧੀ ਸਨ।

    ਖ਼ਾਲਸੇ ਜਾਂ ਨਾਮਧਾਰੀ ਸਿੱਖਾਂ ਦੀ ਰਾਜਨੀਤਿਕ ਅਭਿਲਾਸ਼ਾ ਨਾਲ ਸੰਬੰਧਿਤ ਭਵਿੱਖਬਾਣੀਆਂ ਹੀ ਸੌ ਸਾਖੀ ਦਾ ਪ੍ਰਮੁਖ ਉਦੇਸ਼ ਨਹੀਂ ਹੈ। ਕੇਵਲ 15 ਤੋਂ 20 ਸਾਖੀਆਂ ਹੀ ਅਜਿਹੀਆਂ ਭਵਿੱਖਬਾਣੀਆਂ ਨਾਲ ਸੰਬੰਧਿਤ ਹਨ। ਬਹੁਤੀਆਂ ਸਾਖੀਆਂ ਦਾ ਉਦੇਸ਼ ਉਪਦੇਸ਼ਾਤਮਿਕ ਹੈ ਜੋ ਕਿ ਭਾਈ ਮਨੀ ਸਿੰਘ ਦੀ ਭਗਤਮਾਲਾ, ਜਿਸਨੂੰ ਸਿੱਖਾਂ ਦੀ ਭਗਤਮਾਲਾ ਵੀ ਕਿਹਾ ਜਾਂਦਾ ਹੈ, ਦੀ ਵੰਨਗੀ ਨੂੰ ਧਾਰਨ ਕਰਦੀਆਂ ਹਨ। ਸਿੱਖਾਂ ਦੁਆਰਾ ਉਠਾਏ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਜੁਆਬ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਦੇ ਦਾਰਸ਼ਨਿਕ ਅਤੇ ਨੈਤਿਕ ਸਿਧਾਂਤਾਂ ਦਾ ਵਿਸਤਾਰ ਅਤੇ ਵਿਆਖਿਆ ਕਰਦੇ ਵਿਖਾਈ ਦਿੰਦੇ ਹਨ। ਆਮ ਤੌਰ ਤੇ ਗੁਰੂ ਜੀ ਆਪ ਹੀ ਪ੍ਰਸੰਗਿਕ ਸੁਆਲਾਂ ਨੂੰ ਸਪਸ਼ਟ ਕਰਨ ਲਈ ਪਰਿਸਥਿਤੀ ਪੈਦਾ ਕਰਦੇ ਅਤੇ ਇਸ ਨੂੰ ਸਪਸ਼ਟ ਕਰਨ ਲਈ ਮਿਥਿਹਾਸਿਕ ਅਤੇ ਪ੍ਰਤੀਕਾਤਮਿਕ ਕਹਾਣੀਆਂ ਦਾ ਸਹਾਰਾ ਲੈਂਦੇ ਹਨ। ਕੁਝ ਸਾਖੀਆਂ ਤੋਂ ਉਹਨਾਂ ਯੁੱਧਾਂ ਦਾ ਪਤਾ ਲਗਦਾ ਹੈ ਜੋ ਕਿ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਲੜੇ। ਜਦ ਕਿ ਕੁਝ ਹੋਰ ਸਾਖੀਆਂ ਉਹਨਾਂ ਦੁਆਰਾ ਭਰਤੀ ਕੀਤੇ ਕਵੀਆਂ ਅਤੇ ਵਿਦਵਾਨਾਂ ਵਿਚਕਾਰ ਸ੍ਰੇਸ਼ਟ ਵਿਚਾਰ-ਚਰਚਾ ਦਾ ਲੇਖਾ ਜੋਖਾ ਪੇਸ਼ ਕਰਦੀਆਂ ਹਨ। ਰਹਿਤਨਾਮਿਆਂ ਦੀ ਵੰਨਗੀ ਵਿਚ ਸਿੱਖ ਰਹਿਤ ਮਰਿਯਾਦਾ ਨੂੰ ਪੇਸ਼ ਕਰਦੇ ਦੋ ਅਧਿਆਇ ਕਾਵਿ ਵਿਚ ਮਿਲਦੇ ਹਨ। ਦੁਨਿਆਵੀ ਸੂਝ ਅਤੇ ਜੁਗਤ ਤੇ ਆਧਾਰਿਤ ਵਿਚਾਰ-ਚਰਚਾ ਇਕ ਹੋਰ ਅਧਿਆਇ ਵਿਚ ਮਿਲਦੀ ਹੈ। ਰਚਨਾ ਦਾ ਇਤਿਹਾਸਿਕ ਮਹੱਤਵ ਵੀ ਹੈ, ਪਰ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਪਵੇਗੀ ਕਿਉਂਕਿ ਇਸ ਵਿਚ ਬਹੁਤ ਸਾਰੇ ਕਾਲ-ਦੋਸ਼, ਗਲਤ ਬਿਆਨ ਅਤੇ ਰਲੇ ਹੋਣ ਦੇ ਨਾਲ ਨਾਲ ਵੱਖ ਵੱਖ ਲਿਖਾਰੀਆਂ ਨੇ ਇਸਦੇ ਮੂਲ ਪਾਠ ਨੂੰ ਉਕਸਾਊ ਮੋੜ ਦਿੱਤੇ ਹਨ।

    ਸਾਹਿਤਿਕ ਪੱਖ ਤੋਂ ਸੌ ਸਾਖੀ ਰਲਿਆ ਮਿਲਿਆ ਮਸਾਲਾ ਹੈ। ਇਹ ਅੰਸ਼ਿਕ ਵਾਰਤਿਕ ਅਤੇ ਅੰਸ਼ਿਕ ਕਾਵਿ ਹੈ। ਵਾਰਤਿਕ ਲਈ ਆਮ ਤੌਰ ਤੇ ਪੰਜਾਬੀ ਅਤੇ ਕਾਵਿ ਲਈ ਹਿੰਦੀ ਇਸਤੇਮਾਲ ਕੀਤੀ ਗਈ ਹੈ। ਇਸਦੀ ਹਿਕਾਇਤੀ ਸ਼ੈਲੀ ਅਤੇ ਚੜ੍ਹਦੀ ਕਲਾ ਨਾਲ ਜੁੜ ਕੇ ਭਵਿੱਖ ਦੀ ਪੇਸ਼ਕਾਰੀ ਕਰਨ ਵਾਲੇ ਉਤਮ ਪੁਰਖ ਵਿਚ ਬਿਰਤਾਂਤਾਂ ਦੀ ਭਰਪੂਰ ਵਰਤੋਂ ਇਸਨੂੰ ਰੋਚਿਕ ਬਣਾਉਂਦੀ ਹੈ ਪਰੰਤੂ ਕੁਝ ਥਾਵਾਂ ਤੇ ਇਸਦਾ ਮੁਹਾਵਰਾ ਬਹੁਤ ਹੀ ਪੀਡਾ ਅਤੇ ਅਸਪਸ਼ਟ ਹੈ। ਦੂਜੇ ਪਾਸੇ ਇਹ ਧੁੰਦਲਾਪਨ ਵੱਖ-ਵੱਖ ਪਰਿਭਾਸ਼ਾਵਾਂ ਨੂੰ ਜਨਮ ਦਿੰਦਾ ਹੈ, ਜੋ ਕਿ ਇਸਦੇ ਸੰਦੇਸ਼ ਨੂੰ ਉੱਚਾ ਚੁਕਦਾ ਹੈ। ਇੰਝ ਲਗਦਾ ਹੈ ਕਿ ਸੌ ਸਾਖੀ ਇਕ ਵੱਡੇ ਗ੍ਰੰਥ ਪੰਜ ਸੌ ਸਾਖੀ ਦਾ ਹਿੱਸਾ ਸੀ ਜੋ ਕਿ ਹੁਣ ਮੌਜੂਦ ਨਹੀਂ ਹੈ। ਇਹ ਸਾਖੀਆਂ ਭਾਈ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕੁਝ ਪ੍ਰਸੰਗਾਂ ਦਾ ਆਧਾਰ ਬਣੀਆਂ ਹਨ।


ਲੇਖਕ : ਤ.ਸ. ਅਤੇ ਅਨੁ. ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੌ ਸਾਖੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੌ ਸਾਖੀ : ਇਹ ਇਕ ਪ੍ਰਸਿੱਧ ਪੋਥੀ ਹੈ। ਜਿਸਦੇ ਦੋ ਨਾਂ ਹਨ, ਇਕ ‘ਗੁਰ ਰਤਨ ਮਾਲਾ’ ਤੇ ਦੂਜਾ, ‘ਸੌ ਸਾਖੀ’। ‘ਗੁਰ ਰਤਨ ਮਾਲਾ’ ਇਸ ਦਾ ਮੂਲ ਨਾਂ ਹੈ ਅਤੇ ‘ਸੌ ਸਾਖੀ’ ਨਾਂ ਇਸ ਵਿਚ ਦਰਜਾ ਸੌ ਸਾਖੀਆਂ ਕਰਕੇ ਪਿਆ ਪ੍ਰਤੀਤ ਹੁੰਦਾ ਹੈ। ਇਸ ਦੇ ਕਈ ਪ੍ਰਕਾਰ ਦੇ ਹੱਥ ਲਿਖਤ ਨੁਸਖੇ ਮਿਲਦੇ ਹਨ ਜਿਨ੍ਹਾਂ ਵਿਚ ਪਾਠਾਂਤਰਾਂ ਤੋਂ ਛੁੱਟ ਸਾਖੀਆਂ ਦੀ ਗਿਣਤੀ ਵੀ ਵੱਧ ਘੱਟ ਹੈ। ਆਮ ਪ੍ਰਸਿੱਧ ਹੈ ਕਿ ਇਹ ਰਚਨਾ ਦਸਵੇਂ ਗੁਰੂ ਜੀ ਦੀ ਹੈ ਅਤੇ ਗੁਰੂ ਜੀ ਨੇ ਭਵਿੱਖ ਸਬੰਧੀ ਕਈ ਵਾਕ ਇਸ ਵਿਚ ਲਿਖੇ ਹਨ। ਸਿੰਘ ਸਭਾ ਲਹਿਰ ਤੋਂ ਪਹਿਲਾਂ ਇਸ ਪੋਥੀ ਦੀ ਬੜੀ ਮਹਾਨਤਾ ਸੀ ਅਤੇ ਭਵਿਸ਼ ਪੁਰਾਣ ਦੇ ਤੁਲ ਇਸਨੂੰ ਮਹੱਤਵ ਪ੍ਰਦਾਲ ਕੀਤਾ ਜਾਂਦਾ ਸੀ ਪਰ ਇਸ ਵਿਚ ਵਰਣਿਤ ਕਈ ਗੱਲਾਂ ਦਾ ਪੂਰਾ ਨਾ ਹੋਣਾ, ਇਤਿਹਾਸਕ ਤੱਥਾਂ ਸਬੰਧੀ ਗਲਤ ਬਿਆਨੀਆਂ ਜਿਵੇਂ ਕਿ (ੳ) “ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ ਹੋਈ” (ਸਾਖੀ 1); (ਅ) “ਖੱਲ ਵਿਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ” (ਸਾਖੀ 13); (ੲ) “ਈਸਾ ਦੀ ਉਤਪਤੀ ਮੂਸਾ ਤੋਂ ਪਹਿਲਾਂ ਹੋਈ” (ਸਾਖੀ 14); (ਸ) “ਹਰੀਚੰਦ ਦੀ ਕਥਾ ਵਿਚਿਤ੍ਰ ਨਾਟਕ ਦੇ ਵਿਰੁੱਧ ਲਿਖੀ ਹੈ” (ਸਾਖੀ 20) ਆਦਿ ਕਰਕੇ ਇਸ ਦਾ ਮਹੱਤਵ ਦਿਨੋ ਦਿਨ ਘੱਟਦਾ ਗਿਆ। ਹੁਣ ਨਿਹੰਗ ਸਿੰਘਾਂ ਅਤੇ ਨਾਮਧਾਰੀ ਸਿੱਖਾਂ ਤੋਂ ਬਿਨਾਂ ਹੋਰ ਲੋਕੀਂ ਇਸ ਵਿਚਲੀਆਂ ਕਹੀਆਂ ਗੱਲਾਂ ਨੂੰ ਮਹੱਤਵ ਨਹੀਂ ਦਿੰਦੇ। ਇਸ ਪੋਥੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਦਸਮ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ (ਰਾਮਕੁੰਵਰ) ਨੇ ਗੁਰੂ ਜੀ ਦੇ ਪਰਉਪਕਾਰ ਅਤੇ ਲੀਲਾ ਸਬੰਧੀ ਸਾਖੀਆਂ ਸਿੱਖਾਂ ਨੂੰ ਸੁਣਾਈਆਂ ਅਤੇ ਸਾਹਿਬ ਸਿੰਘ ਲਿਖਾਰੀ ਨੇ ਉਨ੍ਹਾਂ ਨੂੰ 1734 ਈ. (1791 ਬਿ.) ਵਿਚ ਕਲਮਬੰਦ ਕੀਤਾ। ਰਾਮਕੁੰਵਰ ਬਾਬਾ ਬੁੱਢਾ ਦੇ ਵੰਸ਼ ਵਿਚੋਂ ਸੀ ਅਤੇ ਗੁਰੂ ਗੋਬਿੰਦ ਸਿੰਘ ਪਾਸ ਆ ਕੇ ਇਸ ਨੇ ਅੰਮ੍ਰਿਤ ਛੱਕਿਆ ਸੀ। ਸਿੰਘ ਬਣਨ ਤੋਂ ਪਿੱਛੋਂ ਇਸ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ। ਇਹ ਗੁਰੂ ਜੀ ਦਾ ਅਤਿ ਨਿਕਟਵਰਤੀ ਸਿੱਖ ਸੀ ਅਤੇ ਉਨ੍ਹਾਂ ਦੀ ਸੰਗਤ ਵਿਚ ਰਹਿਕੇ ਧਰਮ ਦੇ ਮੂਲ ਤੱਤਾਂ ਨੂੰ ਪ੍ਰਸ਼ਨੋਤਰੀ ਰੂਪ ਵਿਚ ਜਾਨਣ ਦਾ ਯਤਨ ਕਰਦਾ ਸੀ। ਇਸ ਕਰਕੇ ਉਸ ਦੁਆਰਾ ਇਸ ਪੋਥੀ ਵਿਚ ਦਿੱਤਾ ਵਿਵਰਣ ਬੜਾ ਮਹੱਤਵਪੂਰਨ ਖਿਆਲ ਕੀਤਾ ਜਾਂਦਾ ਰਿਹਾ ਹੈ ਪਰ ਇਸ ਰਚਨਾ ਦੀ ਭਾਸ਼ਾ ਦਾ ਸਰੂਪ 125 ਸਾਲ ਤੋਂ ਵੱਧ ਪੁਰਾਣਾ ਨਹੀਂ ਹੈ ਅਤੇ ਨਾ ਹੀ ਕੋਈ ਹੱਥ ਲਿਖਤ ਪੋਥੀ ਅਜਿਹੀ ਮਿਲਦੀ ਹੈ ਜੋ ਰਾਮਕੁੰਵਰ ਦੇ ਸਮੇਂ ਦੇ ਨੇੜੇ ਦੀਆਂ ਸਿੱਖ ਰਾਜ ਦੀਆਂ ਕੁਝ ਕੁ ਘਟਨਾਵਾਂ ਦਾ ਸੰਕੇਤਕ ਉਲੇਖ ਕਰੇ। ਫਰੰਗੀਆਂ ਅਤੇ ਫਰਾਂਸੀਸੀਆਂ ਦੇ ਹਮਾਲੇ ਅਤੇ ਮਹਾਰਾਜਾ ਦਲੀਪ ਸਿੰਘ ਦੁਆਰਾ ਪੁਨਰ-ਰਾਜ ਦੀ ਸਥਾਪਨਾ ਆਦਿ ਸਬੰਧੀ ਪ੍ਰਸੰਗ ਇਸਦੇ ਵਾਸਤਵਿਕ ਸਰੂਪ ਨੂੰ ਸ਼ੱਕੀ ਬਣਾ ਦਿੰਦੇ ਹਨ। ਜਿਵੇਂ ਕਿ ‘ਦੇਸ਼ ਬੇਚ ਕਰ ਜਾਂਹਿ ਫਿਰੰਗੀ, ਗਾਜੇਂਗੇ ਤਬ ਮੋਰ ਭੁਜੰਗੀ’ (ਸਾਖੀ 85)।

          ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਪੋਥੀ ਸਿੱਖ ਰਾਜ ਦੀਆਂ ਸ਼ਾਮਾਂ ਵੇਲੇ ਇਸ ਉੱਦੇਸ਼ ਤੋਂ ਲਿਖੀ ਗਈ ਸੀ ਕਿ ਸਿੱਖ-ਰਾਜ ਨੂੰ ਮਹਾਰਾਜਾ ਦਲੀਪ ਸਿੰਘ ਅਧੀਨ ਫਿਰ ਤੋਂ ਕਾਇਮ ਕੀਤਾ ਜਾਵੇ ਅਤੇ ਇਸਦੀ ਪੂਰਤੀ ਲਈ ਸਿੱਖਾਂ ਵਿਚ ਉਤਸ਼ਾਹ ਭਰਨ ਲਈ ਸਾਰੇ ਕਥਾ-ਪ੍ਰਸੰਗ ਨੂੰ ਦੱਸਵੇਂ ਗੁਰੂ ਨਾਲ ਜੋੜ ਦਿੱਤਾ ਗਿਆ ਜਾਂ ਭਾਈ ਗੁਰਬਖਸ ਸਿੰਘ (ਰਾਮਕੁੰਵਰ) ਦੁਆਰਾ ਲਿਖਵਾਈ ਪੋਥੀ ਵਿਚ ਹੀ ਰਲੇ ਪਾਕੇ ਆਪਣੇ ਉਦੇਸ਼ ਅਨੁਸਾਰ ਬਣਾ ਲਿਆ ਗਿਆ।

          ਇਸ ਪੋਥੀ ਦੇ ਸ਼ੁਰੂ ਵਿਚ ਦਸਾਂ ਗੁਰੂਆਂ ਦਾ ਮੰਗਲ ਹੈ। ਫਿਰ ਇਸਦੇ ਲਿਖੇ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਇਸ ਪਿੱਛੋਂ ਹਰੇਕ ਸਾਖੀ ਸੁਤੰਤਰ ਰੂਪ ਵਿਚ ਚਲਦੀ ਹੈ। ਹਰੇਕ ਸਾਖੀ ਦੇ ਅੰਤ ਵਿਚ ਉਪਦੇਸ਼ ਦਿੱਤਾ ਮਿਲਦਾ ਹੈ। ਬਹੁਤ ਸਾਰੀਆਂ ਸਾਖੀਆਂ ਰਹਿਤਨਾਮੇ ਦੀ ਸ਼ੈਲੀ ਦੀਆਂ ਹਨ। ਇਸ ਪ੍ਰਸੰਗ ਵਿਚ ਪਰਉਪਕਾਰ, ਪਰਸੇਵਾ ਤੇ ਬਲ ਦਿੱਤਾ ਗਿਆ ਹੈ ਪਰ ਰਹਿਤਨਾਮੇਂ ਵਿਚ ਕਈ ਗੱਲਾਂ ਸਿੱਖਾਂ ਵਿਚ ਬ੍ਰਾਹਮਣੀ ਰੁਚੀਆਂ ਪੈਦਾ ਕਰਨ ਲਈ ਵੀ ਆ ਗਈਆਂ ਹਨ। ‘ਆਨੰਦ’ ਪਰੰਪਰਾ ਦੇ ਵਿਆਹ ਤੇ ਵੀ ਦੋ-ਤਿੰਨ ਥਾਵਾਂ ਤੇ ਬਲ ਦਿੱਤਾ ਗਿਆ ਹੈ। ਕੁਝ ਕੁ ਸਾਖੀਆਂ ਦਾ ਸਬੰਧ ਗੁਰੂ ਸਾਹਿਬ ਤੇ ਯੁੱਧਾਂ ਨਾਲ ਹੈ ਅਤੇ ਕੁਝ ਕੁ ਸਬੰਧ ਦੁਰਾਚਾਰੀ ਮਸੰਦਾਂ ਜਾਂ ਮਨਮਤੀਏ ਸਿੱਖਾਂ ਨੂੰ ਸੋਧਨ ਦੀਆਂ ਘਟਨਾਵਾਂ ਨਾਲ ਹੈ। ਕੁਝ ਸਾਖੀਆਂ ਦਾ ਸਬੰਧ ਆਨੰਦਪੁਰ ਛੱਡਣ ਤੋਂ ਬਾਅਦ ਦੀਆਂ ਘਟਨਾਵਾਂ ਨਾਲ ਵੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ, ਡੱਲੇ ਬੈਰਾੜ ਨਾਲ ਮੇਲ ਅਤੇ ਬੰਦੇ ਬਹਾਦਰ ਨੂੰ ਪੰਜਾਬ ਘੱਲ ਘੱਲਣ ਵਾਲੀਆਂ ਸਾਖੀਆਂ ਹਨ। ਸਾਹਿਬਜ਼ਾਦਿਆਂ ਦੀ ਪੈਦਾਇਸ਼, ਅੰਮ੍ਰਿਤ ਸੰਚਾਰ ਆਦਿ ਨਾਲ ਸਬੰਧਤ ਵੀ ਕੁਝ ਸਾਖੀਆਂ ਮਿਲਦੀਆਂ ਹਨ। ਇਸ ਪੋਥੀ ਵਿਚ ਕੁਝ ਸਾਖੀਆਂ ਦਰਸ਼ਨਾਂ ਲਈ ਬਾਹਰੋਂ ਆਏ ਸਿੱਖਾਂ ਨਾਲ ਵੀ ਸਬੰਧਤ ਹਨ। ਭੂਪ ਨਾਮਾਂ, ਕਲ ਨਾਮਾ, ਕਲਕੀ ਅਵਤਾਰ ਦਾ ਪ੍ਰਗਟ ਹੋਣਾ ਆਦਿ ਕੁਝ ਹੋਰ ਮਹੱਵਪੂਰਨ ਸਾਖੀਆਂ ਹਨ।

          ਇਸ ਪੋਥੀ ਦੀ ਪ੍ਰਮਾਣਿਕਤਾ ਅਨਿਸ਼ਚਿਤ ਹੋਣ ਕਰਕੇ ਇਸ ਦੀ ਭਾਸ਼ਾ ਦਾ ਸਾਹਿਤਕ ਮਹੱਤਵ ਨਹੀਂ ਦੱਸਿਆ ਜਾ ਸਕਦਾ। ਉਂਜ ਇਸ ਦੀ ਭਾਸ਼ਾ ਪੰਜਾਬੀ ਹੈ ਪਰ ਸਾਧ ਭਾਖਾ ਦੀ ਰੰਗਣ ਵੀ ਆਮ ਮਿਲਦੀ ਹੈ। ਇਸ ਵਿਚ ਗੱਦ ਅਤੇ ਪੱਦ ਦੋਹਾਂ ਦਾ ਮਿਲਿਆ-ਜੁਲਿਆ ਰੂਪ ਮਿਲਦਾ ਹੈ। ਕਵਿਤਾ ਪਿੰਗਲ ਦੇ ਨਿਯਮ ਤੋਂ ਬਾਹਰ ਹੈ ਜਿਵੇਂ ਕਿ :

          “ਗੁਰੁ ਹਰਿ ਰਾਇ ਸਹਾਇ ਕਰ ਕ੍ਰਿਸਨ

          ਸੇਵੀਏ ਗੁਰੂ ਤੇਗ ਬਹਾਦੁਰ ਧੀਰ।

          ਗੁਰੂ ਗੋਬਿੰਦ ਸਿੰਘ ਆਰਿ ਮ੍ਰਿਗ ਤੁਰਕਨ ਕੋ, ਸੁਠਬੀਰ।”

ਕਥਾ ਪ੍ਰਸੰਗ ਵਿਚ ਕਈ ਵਾਰ ਪਦ ਅੰਸ਼ ਅਤੇ ਗੁਰਬਾਣੀ ਦੀਆਂ ਟੂਕਾਂ ਵੀ ਦਿੱਤੀਆਂ ਮਿਲਦੀਆਂ ਹਨ। ਭਾਸ਼ਾ ਸਰਲ ਅਤੇ ਸਾਧਾਰਨ ਪੱਧਰ ਦੀ ਹੈ।

          ਹ. ਪੁ.––ਮ. ਕੋ. 234.


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੌ ਸਾਖੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੌ  ਸਾਖੀ  : ਇਹ ਇਕ ਪ੍ਰਸਿੱਧ ਧਾਰਮਿਕ ਪੋਥੀ ਹੈ ਜਿਸ ਨੂੰ 'ਗੁਰ ਰਤਨ ਮਾਲਾ' ਵੀ ਕਹਿੰਦੇ ਹਨ। ਇਸ ਪੋਥੀ ਦਾ ਮੂਲ ਨਾਂ ਹੀ 'ਗੁਰ ਰਤਨ ਮਾਲਾ' ਹੈ ਪਰ ਇਸ ਵਿਚ ਦਰਜ ਸੌ ਸਾਖੀਆਂ ਕਾਰਨ ਇਸ ਦਾ ਨਾਂ ਸੌ ਸਾਖੀ ਗਿਆ। ਇਸ ਵਿਚ ਭਵਿਖਬਾਣੀ ਵੀ ਦਰਜ ਹੈ। ਇਸ ਪੋਥੀ ਦੀ ਮਾਨਤਾ ਸਿੰਘ ਸਭਾ ਲਹਿਰ ਤੋਂ ਪਹਿਲਾਂ ਬਹੁਤ ਸੀ ਅਤੇ ਇਸ ਨੂੰ ਭਵਿਸ਼-ਪੁਰਾਣ ਦੇ ਬਰਾਬਰ ਦਾ ਮਹੱਤਵ ਦਿੱਤਾ ਜਾਂਦਾ ਸੀ। ਇਸ ਪੋਥੀ ਵਿਚ ਵਰਣਨ ਕੀਤੀਆਂ ਕਈ ਗੱਲਾਂ ਦਾ ਪੂਰਾ ਨਾ ਹੋਣਾ, ਇਤਿਹਾਸਕ ਤੱਥਾਂ ਸਬੰਧੀ ਗ਼ਲਤ ਬਿਆਨ ਜਿਵੇਂ – ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ ਹੋਈ (ਸਾਖੀ 1) ;  ਖੱਲ ਵਿਚੋਂ ਪ੍ਰਗਟ ਹੋਣ ਕਰਕੇ ਖ਼ਾਲਸਾ ਨਾਉਂ ਹੋਇਆ (ਸਾਖੀ 13);  ਈਸਾ ਦੀ ਉਤਪਤੀ ਮੂਸਾ ਤੋਂ ਪਹਿਲਾਂ ਹੋਈ (ਸਾਖੀ 14); ਹਰੀ ਚੰਦ ਦੀ ਕਥਾ ਬਚਿੱਤਰ ਨਾਟਕ ਦੇ ਵਿਰੁੱਧ ਲਿਖੀ ਹੈ (ਸਾਖੀ 20) ਆਦਿ, ਕਾਰਨ ਇਸ ਦੀ ਮਾਨਤਾ ਘੱਟ ਗਈ ਹੈ। ਨਿਹੰਗ ਸਿੰਘਾਂ ਅਤੇ ਨਾਮਧਾਰੀ ਸਿੰਘਾਂ ਤੋਂ ਇਲਾਵਾ ਹੋਰ ਲੋਕ ਇਸ ਵਿਚਲੀਆਂ ਸਾਖੀਆਂ ਨੂੰ ਵਿਸ਼ੇਸ਼ ਮਾਨਤਾ ਨਹੀਂ ਦਿੰਦੇ। ਇਸ ਪੋਥੀ ਦੇ ਅਧਿਐਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ (ਰਾਮ ਕੁਇਰ) ਨੇ ਗੁਰੂ ਸਾਹਿਬ ਦੇ ਉੱਚੇ ਜੀਵਨ ਚਰਿੱਤਰ, ਪਰਉਪਕਾਰ ਅਤੇ ਲੀਲਾ ਸਬੰਧੀ ਸਾਖੀਆਂ ਸਿੱਖਾਂ ਨੂੰ ਸੁਣਾਈਆਂ ਅਤੇ ਸਾਹਿਬ ਸਿੰਘ ਨੇ ਇਨ੍ਹਾਂ ਨੂੰ 1734 ਈ. ਵਿਚ ਕਲਮਬੰਦ ਕੀਤਾ। ਇਸ ਰਚਨਾ ਦੀ ਭਾਸ਼ਾ ਦਾ ਸਰੂਪ ਲਗਭਗ 125 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਪੁਸਤਕ ਦੀ ਸਾਖੀ 85 ਵਿਚ ਦਰਜ 'ਦੇਸ ਬੇਚ ਕਰ ਜਾਂਹਿ ਫਿਰੰਗੀ, ਗਾਜੇਂਗੇ ਤਬ ਮੋਰ ਭੁਜੰਗੀ',   'ਫਿਰੰਗੀ ਅਤੇ ਫ਼ਰਾਂਸੀਸੀ ਲੋਕਾਂ ਦੇ ਹਵਾਲੇ ਅਤੇ ਮਹਾਰਾਜਾ ਦਲੀਪ  ਸਿੰਘ ਦੁਆਰਾ ਪੁਨਰ ਰਾਜ ਦੀ ਸਥਾਪਨਾ ਆਦਿ ਇਸ ਦੇ ਵਾਸਤਵਿਕ ਸਰੂਪ ਉੱਤੇ ਸ਼ੱਕ ਪੈਦਾ ਕਰਦੇ ਹਨ।

          ਇਸ ਪੋਥੀ ਦੇ ਆਰੰਭ ਵਿਚ ਦਸਾਂ ਗੁਰੂਆਂ ਦਾ ਮੰਗਲ ਗਾਨ ਹੈ। ਅੱਗੇ ਹਰੇਕ ਸਾਖੀ ਸੁਤੰਤਰ ਰੂਪ ਵਿਚ ਹੈ ਅਤੇ ਅੰਤ ਵਿਚ ਉਪਦੇਸ਼ ਦਿੱਤਾ ਮਿਲਦਾ ਹੈ। ਬਹੁਤੀਆਂ ਸਾਖੀਆਂ ਰਹਿਤਨਾਮੇ ਦੀ ਸ਼ੈਲੀ ਦੀਆਂ ਹਨ। ਇਸ ਪ੍ਰਸੰਗ ਵਿਚ ਪਰਉਪਕਾਰ, ਦੂਜਿਆਂ ਦੀ ਨਿਰਸੁਆਰਥ ਸੇਵਾ ਆਦਿ ਉਤੇ ਬਹੁਤਾ ਜ਼ੋਰ ਦਿੱਤਾ ਗਿਆ ਹੈ। ਰਹਿਤਨਾਮੇ ਵਿਚੋਂ ਕਈ ਅਜਿਹੀਆਂ ਗੱਲਾਂ ਦਾ ਸਿੱਖਾਂ ਉੱਪਰ ਉਲਟ ਪ੍ਰਭਾਵ ਵੀ ਪਿਆ ਹੈ ਜੋ ਬ੍ਰਾਹਮਣ ਰੁਚੀਆਂ ਪੈਦਾ ਕਰਨ ਦਾ ਸੰਕੇਤ ਹਨ।

           ਕੁਝ ਸਾਖੀਆਂ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਕੀਤੇ ਯੁੱਧਾਂ ਨਾਲ ਹੈ। ਕੁਝ ਸਾਖੀਆਂ ਦੁਰਾਚਾਰੀ ਮਸੰਦਾਂ ਅਤੇ ਮਨਮੁਖ ਸਿੰਘਾਂ ਨਾਲ ਸਬੰਧਤ ਹਨ। ਆਨੰਦਪੁਰ ਛੱਡਣ ਤੋਂ ਬਾਅਦ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਕਈ ਸਾਖੀਆਂ ਵਿਚ ਹੈ। ਸਾਹਿਬਜ਼ਾਦਿਆਂ ਦੇ ਜਨਮ, ਉਨ੍ਹਾਂ ਦੀ ਸ਼ਹੀਦੀ, ਡੱਲੇ ਬਰਾੜ ਨਾਲ ਮੇਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ, ਅੰਮ੍ਰਿਤ ਸੰਚਾਰ ਆਦਿ ਘਟਨਾਵਾਂ ਵੀ ਸਾਖੀਆਂ ਦੇ ਰੂਪ ਵਿਚ ਦਰਜ ਹਨ। ਬਾਹਰੋਂ ਆਏ ਸਿੱਖਾਂ ਦੇ ਗੁਰੂ ਦਰਸ਼ਨ ਸਬੰਧੀ ਸਾਖੀਆਂ ਵੀ ਹਨ। ਭੂਪ ਨਾਮਾ, ਕਲ ਨਾਮਾ, ਕਲਕੀ ਅਵਤਾਰ ਦਾ ਪ੍ਰਗਟ ਹੋਣਾ ਆਦਿ ਮਹੱਤਵਪੂਰਨ ਸਾਖੀਆਂ ਹਨ।

        ਇਸ ਧਾਰਮਿਕ ਪੋਥੀ ਦੀ ਪ੍ਰਮਾਣਿਕਤਾ ਅਨਿਸ਼ਚਿਤ ਹੋਣ ਕਾਰਨ ਇਸ ਦੀ ਭਾਸ਼ਾ ਦਾ ਸਹਿਤਕ ਮਹੱਤਵ ਪਤਾ ਨਹੀਂ ਲਗਦਾ। ਇਸ ਦੀ ਭਾਸ਼ਾ ਪੰਜਾਬੀ ਹੈ ਪਰ ਸਾਧ ਭਾਸ਼ਾ ਦਾ ਵੀ ਮੇਲ ਹੈ। ਗਦ ਅਤੇ ਪਦ ਦੋਹਾਂ ਦੀ ਵਰਤੋਂ ਮਿਲਦੀ ਹੈ ਪਰੰਤੂ ਕਵਿਤਾ ਪਿੰਗਲ ਨਿਯਮ ਤੋਂ ਬਾਹਰ ਹੈ ਜਿਵੇ -

           ਗੁਰੂ ਹਰਿ ਰਾਇ ਸਹਾਇ ਕਰ ਕ੍ਰਿਸ਼ਨ

          ਸੇਵੀਏ ਗੁਰੂ ਤੇਗ ਬਹਾਦੁਰ ਧੀਰ।

          ਗੁਰ ਗੋਬਿੰਦ ਸਿੰਘ ਅਰਿ ਮ੍ਰਿਗ ਤੁਰਕਨ ਕੋ, ਸੁਠ ਬੀਰ।

                      ਕਥਾ ਪ੍ਰਸੰਗ ਵਿਚ ਪਦ ਅੰਸ਼ ਅਤੇ ਗੁਰਬਾਣੀ ਦੀਆਂ ਤੁਕਾਂ ਮਿਲਦੀਆਂ ਹਨ। ਭਾਸ਼ਾ ਸਰਲ ਅਤੇ ਸਾਧਾਰਨ ਪੱਧਰ ਦੀ ਹੈ।  


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-02-29-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 234.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.