ਗੁਰਮਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤਾ [ਨਾਂਪੁ] ਖ਼ਾਲਸਾ ਪੰਥ ਦੇ ਦੀਵਾਨ ਵਿੱਚ ਪਾਸ ਕੀਤਾ ਮਤਾ, ਸਮੂਹਿਕ ਤੌਰ ਤੇ ਵਿਚਾਰੀ ਗੱਲ , ਮਸ਼ਵਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਮਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤਾ. ਦੇਖੋ, ਗੁਰੁਮਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਮਤਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮਤਾ: ਗੁਰੂ ਦੀ ਹਜ਼ੂਰੀ ਵਿਚ ਸਿੱਖਾਂ ਦੀ ਸਭਾ ਵੱਲੋਂ ਕਿਸੇ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਮਸਲੇ ਸੰਬੰਧੀ ਪਾਸ ਕੀਤਾ ਮਤਾ , ਰਾਏ ਜਾਂ ਪ੍ਰਸਤਾਵ। ਅਠਾਰਵੀਂ ਸਦੀ ਦੇ ਤਬਾਹਕੁੰਨ ਹਾਲਤਾਂ ਵਿਚ ਕੌਮੀ ਇਕਮੁੱਠਤਾ ਅਤੇ ਹੋਂਦ ਨਾਲ ਜੁੜੇ ਮਸਲਿਆਂ ਉੱਤੇ ਭਾਈਚਾਰਿਕ ਸਹਿਮਤੀ ਬਣਾਉਣ ਲਈ ਇਹ ਵਿਧੀ ਵਿਕਸਿਤ ਕੀਤੀ ਗਈ। ਉਸ ਸਮੇਂ ਦੇ ਭਿਆਨਕ ਹਾਲਤਾਂ ਵਿਚ ਦਰਪੇਸ਼ ਵੱਡੇ ਖ਼ਤਰਿਆਂ ਦਾ ਟਾਕਰਾ ਕਰਨ ਦੀ ਕਾਰਜ ਵਿਧੀ ਉਲੀਕਣ ਅਤੇ ਆਪਣੇ ਸਾਂਝੇ ਨਿਸ਼ਾਨੇ ਨਿਸ਼ਚਿਤ ਕਰਨ ਲਈ ਸਿੱਖ , ਵਸਾਖੀ ਅਤੇ ਦਿਵਾਲੀ ਦੇ ਦਿਹਾੜਿਆਂ `ਤੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਕੱਠੇ ਹੁੰਦੇ ਸਨ। ਲੰਮੀ ਸੋਚ-ਵਿਚਾਰ ਬਾਅਦ ਲਿਆ ਜਾਂਦਾ ਅੰਤਿਮ ਨਿਰਨਾ ਗੁਰਮਤਾ ਹੁੰਦਾ ਸੀ। ਇਹ ਖ਼ਾਲਸੇ ਦੀ ਸਾਂਝੀ ਰਾਇ ਦੀ ਪ੍ਰਤਿਨਿਧਤਾ ਕਰਦਾ ਸੀ ਅਤੇ ਗੁਰੂ ਵੱਲੋਂ ਪ੍ਰਵਾਨ ਕੀਤਾ ਮੰਨਿਆ ਜਾਂਦਾ ਸੀ, ਕਿਉਂਕਿ ਸਿੱਖਾਂ ਦਾ ਅਜਿਹਾ ਇਕੱਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਧੀਨ ਕਾਰਜ ਕਰਦਾ ਸੀ।

 

     ਗੁਰਮਤੇ ਦੀ ਉਤਪਤੀ ਦੇ ਸਰੋਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਪਏ ਹਨ ਅਤੇ ਇਸਦੇ ਪ੍ਰਮਾਣ ਉਹਨਾਂ ਦੇ ਸਮੇਂ ਤੋਂ ਪਹਿਲਾਂ ਵੀ ਮੌਜੂਦ ਸਨ। 1699 ਵਿਚ, ਖ਼ਾਲਸੇ ਦੀ ਸਿਰਜਨਾ ਦੇ ਮੌਕੇ ਇਕੱਠ ਵਿਚ ਸ਼ਾਮਲ ਸਭ ਸਿੱਖਾਂ ਨੂੰ ਗੁਰੂ ਜੀ ਨੇ ਆਦੇਸ਼ ਦਿੱਤਾ ਸੀ ਕਿ ਉਹ ਸਭ ਬਰਾਬਰ ਹਨ ਅਤੇ ਆਪ ਖੁਦ (ਗੁਰੂ) ਵੀ ਉਹਨਾਂ ਵਿਚੋਂ ਇਕ ਹਨ। ਉਹਨਾਂ ਦੀ ਪੁਰਾਣੀ ਜਾਤ ਅਤੇ ਰੁਤਬੇ ਦੀਆਂ ਵੰਡੀਆਂ ਖ਼ਤਮ ਹੋ ਗਈਆਂ ਹਨ। 1708 ਵਿਚ, ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਉਹਨਾਂ ਐਲਾਨ ਕੀਤਾ ਕਿ ਜਦੋਂ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕੱਠੇ ਹੋਣਗੇ ਤਾਂ ਗੁਰੂ ਉੱਥੇ ਆਪਣੇ ਆਪ ਹਾਜ਼ਰ ਹੋਣਗੇ ਅਤੇ ਉੱਥੇ ਲਿਆ ਗਿਆ ਫ਼ੈਸਲਾ ਖ਼ਾਲਸੇ ਦੀ ਸਯੁੰਕਤ ਇੱਛਾ ਹੋਵੇਗੀ।

     ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ ਘੱਟੋ-ਘੱਟ ਦੋ ਅਜਿਹੇ ਮੌਕੇ ਆਏ ਹਨ ਜਦੋਂ ਉਹਨਾਂ ਸ਼ਾਇਦ ਆਪਣੇ ਫ਼ੈਸਲੇ ਦੇ ਉਲਟ ਖ਼ਾਲਸੇ ਦੀ ‘ਆਮ ਇੱਛਾ` ਨੂੰ ਪ੍ਰਵਾਨ ਕੀਤਾ ਹੈ। ਇਹਨਾਂ ਵਿਚੋਂ ਇਕ ਮੌਕਾ ਅਨੰਦਪੁਰ (1705) ਨੂੰ ਛੱਡਣ ਦਾ ਸੀ। ਕਿਲ੍ਹੇ ਦੀ ਘੇਰਾਬੰਦੀ ਹੋਣ ਕਾਰਨ ਭੋਜਨ ਅਤੇ ਅਸਲੇ ਦੀ ਥੁੜ੍ਹ ਤੋਂ ਤੰਗ ਆਏ ਸਿੱਖਾਂ ਨੇ ਕਿਲ੍ਹੇ ਵਿਚੋਂ ਸੁਰੱਖਿਅਤ ਨਿਕਲਣ ਲਈ ਦੁਸ਼ਮਣ ਵੱਲੋਂ ਦਿੱਤੇ ਰਸਤੇ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਲਿਆ ਸੀ। ਗੁਰੂ ਜੀ ਦੁਸ਼ਮਣਾਂ ਵੱਲੋਂ ਦਿੱਤੇ ਭਰੋਸੇ ਨਾਲ ਸਹਿਮਤ ਨਹੀਂ ਸਨ ਫਿਰ ਵੀ ਉਹਨਾਂ ਦੀ ਹਾਜ਼ਰੀ ਵਿਚ ਪ੍ਰਗਟ ਕੀਤੀ ਗਈ ਖ਼ਾਲਸੇ ਦੀ ਇੱਛਾ ਅੱਗੇ ਉਹ ਝੁਕੇ ਸਨ। ਅਨੰਦਪੁਰ ਛੱਡਣ ਤੋਂ ਪਿੱਛੋਂ ਚਮਕੌਰ ਦੀ ਲੜਾਈ ਵਿਚ ਗੁਰੂ ਜੀ ਦੇ ਨਾਲ ਆਏ ਬਹੁਤੇ ਸਿੱਖ ਅਤੇ ਗੁਰੂ ਜੀ ਦੇ ਦੋ ਸਾਹਿਬਜ਼ਾਦੇ ਦੁਸ਼ਮਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਚੁੱਕੇ ਸਨ। ਕੁਝ ਕੁ ਬਚੇ ਸਿੱਖਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਸਲਾਹ ਦਿੱਤੀ ਜਿਸ ਨਾਲ ਗੁਰੂ ਜੀ ਸਹਿਮਤ ਨਹੀਂ ਸਨ। ਉਹਨਾਂ ਫਿਰ ਇਕੱਠੇ ਹੋ ਕੇ ਗੁਰੂ ਜੀ ਨੂੰ ਉੱਥੋਂ ਨਿਕਲਣ ਲਈ ਖ਼ਾਲਸੇ ਦਾ ਆਦੇਸ਼ ਸੁਣਾਇਆ। ਇਹ ਤੱਤਫਟ ਰੂਪ ਵਿਚ ਬਣਾਇਆ ਗੁਰਮਤਾ ਸੀ। ਗੁਰੂ ਜੀ ਕੋਲ ਇਸਨੂੰ ਸਵੀਕਾਰ ਕਰਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਸੀ।

     ਗੁਰਮਤਾ ਇਕ ਪੂਰਨ ਸਥਾਪਿਤ ਲੋਕਤੰਤਰਿਕ ਸੰਸਥਾ ਵਜੋਂ ਅਠਾਰਵੀਂ ਸਦੀ ਦੇ ਅੱਧ ਵਿਚ ਉੱਭਰਿਆ ਹੈ। ਯੂਰੋਪੀਅਨ ਯਾਤਰੀ ਜਾਰਜ ਫੋਰਸਟਰ (ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ) ਅਤੇ ਜਾੱਨ ਮੈਲਕਾਮ (ਸਕੈੱਚ ਆਫ਼ ਦ ਸਿਖਸ) ਦੋਵੇਂ , ਪਹਿਲਾ 1783 ਅਤੇ ਪਿਛਲਾ 1805 ਵਿਚ ਪੰਜਾਬ ਆਏ ਸਨ। ਉਹਨਾਂ ਨੇ ਗੁਰਮਤੇ ਦੀ ਕਾਰਜਪ੍ਰਣਾਲੀ ਬਾਰੇ ਸਪਸ਼ਟ ਵੇਰਵੇ ਦਿੱਤੇ ਹਨ। ਉਹਨਾਂ ਦੇ ਵੇਰਵਿਆਂ ਮੁਤਾਬਿਕ ਸਾਲ ਵਿਚ ਦੋ ਵਾਰ ਵਸਾਖੀ ਅਤੇ ਦਿਵਾਲੀ ਨੂੰ ਸ੍ਰੀ ਅਕਾਲ ਤਖ਼ਤ ‘ਤੇ ਰਾਜਨੀਤਿਕ ਹਾਲਤਾਂ ਦਾ ਜਾਇਜਾ ਲੈਣ , ਸਾਂਝੇ ਖ਼ਤਰੇ ਦਾ ਟਾਕਰਾ ਕਰਨ ਵਾਸਤੇ ਵਿਉਤਾਂ ਬਣਾਉਣ ਤੇ ਸਾਧਨ ਜੁਟਾਉਣ, ਲੜਾਈ ਵਿਚ ਅਗਵਾਈ ਕਰਨ ਵਾਲੇ ਵਿਅਕਤੀ ਦੀ ਚੋਣ ਕਰਨ ਆਦਿ ਬਾਰੇ ਵਿਚਾਰ ਕਰਨ ਲਈ ਸਿੱਖ ਇਕੱਠੇ ਹੁੰਦੇ ਸਨ। ਇਸ ਦੀ ਵਿਧੀ ਲੋਕਤੰਤਰਿਕ ਹੁੰਦੀ ਸੀ। ਜਿਹੜੇ ਇਸ ਸਰਬੱਤ ਖ਼ਾਲਸੇ ਦੇ ਇਕੱਠ ਵਿਚ ਸ਼ਾਮਲ ਹੁੰਦੇ ਸਨ ਉਹਨਾਂ ਸਭ ਸਿੱਖਾਂ ਨੂੰ ਆਪਣੀ ਰਾਇ ਪ੍ਰਗਟ ਕਰਨ ਦਾ ਬਰਾਬਰ ਮੌਕਾ ਮਿਲਦਾ ਸੀ। ‘ਸਭ ਨਿੱਜੀ ਦੁਸ਼ਮਣੀਆਂ ਖ਼ਤਮ ਹੋ ਜਾਂਦੀਆਂ’ ਅਤੇ ਹਰ ਕੋਈ “ਆਪਣੀਆਂ ਵਿਅਕਤੀਗਤ ਖਾਹਸ਼ਾਂ ਨੂੰ ਸਾਰਿਆਂ ਦੇ ਹਿਤਾਂ ਲਈ ਕੁਰਬਾਨ ਕਰ ਦਿੰਦਾ ਸੀ। ਉਹ ਆਪਣੇ ਧਾਰਮਿਕ ਹਿਤਾਂ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰੀ ਰੱਖਣ ਤੋਂ ਸਿਵਾਏ ਹੋਰ ਕੁਝ ਨਹੀਂ ਮੰਗਦੇ ਸਨ। ਗੁਰਮਤੇ ਦੇ ਪਾਸ ਹੋਣ ਤੋਂ ਪਹਿਲਾਂ ਹੁੰਦੀ ਬਹਿਸ ਵਿਚ ਇਸਦੇ ਪੱਖ ਵਿਚ ਬੋਲਦੇ ਜਾਂ ਵਿਰੋਧ ਵਿਚ ਪਰ ਇਸਦੇ ਪਾਸ ਹੋ ਜਾਣ ਤੋਂ ਪਿੱਛੋਂ ਇਸਦੀ ਪਾਲਣਾ ਕਰਨ ਨੂੰ ਉਹ ਆਪਣਾ ਧਾਰਮਿਕ ਫ਼ਰਜ਼ ਸਮਝਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਹਾਜ਼ਰੀ ਵਿਚ ਇਕੱਠ ਜੁੜਦਾ ਸੀ। ਗੁਰੂ ਤੋਂ ਆਗਿਆ ਲੈਣ ਲਈ ਅਰੰਭਕ ਅਰਦਾਸ ਹੁੰਦੀ ਸੀ, ਪਵਿੱਤਰ ਕੜਾਹ ਪ੍ਰਸਾਦ ਵਰਤਾਇਆ ਜਾਂਦਾ ਸੀ ਅਤੇ ਵਿਚਾਰਨ ਲਈ ਤਜਵੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਸਨ। ਜਾੱਨ ਮੈਲਕਾਮ ਅੱਗੇ ਲਿਖਦਾ ਹੈ ਕਿ ਫਿਰ ਅਰਦਾਸ ਕੀਤੀ ਜਾਂਦੀ ਸੀ ਜਿਹੜੇ ਹਾਜ਼ਰ ਹੁੰਦੇ ਸਭ ਗੁਰੂ ਗ੍ਰੰਥ ਸਾਹਿਬ ਅੱਗੇ ਪ੍ਰਣ ਕਰਦੇ ਕਿ ਉਹਨਾਂ ਨੂੰ ਅੰਦਰੂਨੀ ਲੜਾਈ ਝਗੜੇ ਖ਼ਤਮ ਕਰਨ ਲਈ ਸੁਮੱਤ ਬਖ਼ਸ਼ੇ। ਇਸ ਮੌਕੇ ਦਾ ਧਾਰਮਿਕ ਉਤਸ਼ਾਹ ਅਤੇ ਕੌਮ ਭਗਤੀ ਦਾ ਜੋਸ਼ ਸਭ ਝਗੜਿਆਂ ਨੂੰ ਖ਼ਤਮ ਕਰਨ ਦੇ ਕੰਮ ਆਉਂਦਾ ਸੀ। ਤਜਵੀਜ਼ਾਂ ਨੂੰ ਵਿਚਾਰਨ ਉਪਰੰਤ ਸਹਿਮਤੀ ਨਾਲ ਗੁਰਮਤਾ ਬਣਦਾ ਸੀ ਅਤੇ ਸਹਿਮਤੀ ਲਈ ਮੋਹਰ ਵਜੋਂ ਸਮੁੱਚੇ ਇਕੱਠ ਵਿਚੋਂ ਸਾਂਝੇ ਤੌਰ ‘ਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗੂੰਜਦਾ ਸੀ।

     ਕੁਝ ਇਤਿਹਾਸਿਕ ਗੁਰਮਤਿਆਂ ਵਿਚੋਂ ਮਿਸਾਲ ਦੇ ਤੌਰ ‘ਤੇ 1726 ਨੂੰ ਅੰਮ੍ਰਿਤਸਰ ਵਿਖੇ ਹੋਏ ਸਰਬੱਤ ਖ਼ਾਲਸੇ ਵਿਚ ਸਿੱਖਾਂ ਵੱਲੋਂ ਆਪਸੀ ਸਹਿਮਤੀ ਨਾਲ ਵਾਂ ਪਿੰਡ ਦੇ ਤਾਰਾ ਸਿੰਘ ਅਤੇ ਉਸ ਦੇ ਸਾਥੀਆਂ ਦੇ ਕਤਲਾਂ ਦਾ ਬਦਲਾ ਲੈਣ ਲਈ ਅਤੇ ਸਰਕਾਰ ਦੇ ਕੰਮਾਂ ਵਿਚ ਰੁਕਾਵਟ ਪਾਉਣ ਲਈ ਪਾਸ ਕੀਤੇ ਗੁਰਮਤਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਹਨਾਂ ਨੇ ਖ਼ਜ਼ਾਨਿਆਂ, ਅਸਲਾਖ਼ਾਨਿਆਂ, ਦੰਡ ਖ਼ਾਨਿਆਂ ਅਤੇ ਉਹਨਾਂ ਦੀ ਜਸੂਸੀ ਕਰਨ ਵਾਲੇ ਅਫ਼ਸਰਾਂ ਉੱਤੇ ਹਮਲੇ ਕੀਤੇ। ਲਾਹੌਰ ਦੀ ਹਕੂਮਤ ਨੇ 1733 ਵਿਚ ਇਕ ਜਗੀਰ ਅਤੇ ਨਵਾਬੀ ਦਾ ਖ਼ਿਤਾਬ ਦੇਣ ਦੀ ਪੇਸ਼ਕਸ਼ ਕੀਤੀ ਤਾਂ ਸਿੱਖਾਂ ਨੇ ਇਕਮਤ ਹੋ ਕੇ ਇਸ ਸਨਮਾਨ ਲਈ ਕਪੂਰ ਸਿੰਘ ਨੂੰ ਚੁਣਿਆ ਸੀ। ਉਦੋਂ ਭਾਵੇਂ ਕੋਈ ਰਸਮੀ ਗੁਰਮਤਾ ਪਾਸ ਨਹੀਂ ਕੀਤਾ ਗਿਆ ਸੀ ਪਰ ਉਸੇ ਭਾਵਨਾ ਅਤੇ ਵਿਧੀ ਨਾਲ ਦੀਵਾਨ ਵਿਚ ਸਰਬਸੰਮਤੀ ਹੋ ਗਈ ਸੀ। ਸਿੱਖਾਂ ਦੀ ਵੱਡੀ ਪੱਧਰ ਤੇ ਨਸਲਕੁਸ਼ੀ ਕਰਨ ਵਾਲੇ ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਨ ਦੀ ਮੌਤ ਪਿੱਛੋਂ ਸਿੱਖ ਮੁਖੀਆਂ ਦਾ ਇਕ ਇਕੱਠ 1745 ਦੀ ਦਿਵਾਲੀ (14 ਅਕਤੂਬਰ) ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਸ ਵਿਚ ਸਥਿਤੀ ਦਾ ਜਾਇਜ਼ਾ ਲੈ ਕੇ ਅਤੇ ਗੁਰਮਤਾ ਪਾਸ ਕਰਕੇ ਸਿੱਖਾਂ ਦੇ 25 ਜਥੇ ਬਣਾਏ ਗਏ ਅਤੇ ਉਹਨਾਂ ਨੂੰ ਮੁਗ਼ਲਾਂ ਦੇ ਵੱਡੇ ਟਿਕਾਣਿਆਂ ‘ਤੇ ਹਮਲੇ ਕਰਨ ਦੀ ਜ਼ੁੰਮੇਵਾਰੀ ਸੌਂਪੀ ਗਈ। 1747 ਦੀ ਵਸਾਖੀ (30 ਮਾਰਚ) ਦੇ ਦਿਹਾੜੇ ‘ਤੇ ਹੋਏ ਸਰਬਤ ਖ਼ਾਲਸੇ ਵਿਚ ਅੰਮ੍ਰਿਤਸਰ ਵਿਖੇ ਰਾਮ ਰੌਣੀ ਵਜੋਂ ਜਾਣੇ ਜਾਂਦੇ ਕਿਲ੍ਹੇ ਦੇ ਨਿਰਮਾਣ ਲਈ ਗੁਰਮਤਾ ਕੀਤਾ ਗਿਆ।

     1748 ਦੀ ਵਸਾਖੀ (29 ਮਾਰਚ) ਨੂੰ ਸਿੱਖਾਂ ਨੇ ਗੁਰਮਤਾ ਪਾਸ ਕਰਕੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਇਸਦਾ ਲੀਡਰ ਚੁਣ ਲਿਆ ਗਿਆ। ਹੁਣ ਮਾਨਤਾ ਪ੍ਰਾਪਤ ਜਥਿਆਂ ਦੀ ਗਿਣਤੀ 11 (ਇਸ ਤੋਂ ਪਹਿਲਾਂ ਇਹ ਗਿਣਤੀ 65 ਤਕ ਪਹੁੰਚ ਗਈ ਸੀ) ਰੱਖਣ ਲਈ ਫ਼ੈਸਲਾ ਕੀਤਾ ਗਿਆ ਸੀ। ਇਹਨਾਂ ਜਥਿਆਂ ਦਾ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਹੇਠ ਹਰ ਇਕ ਜਥੇ ਲਈ ਵੱਖਰੀ ਫ਼ਾਇਲ (ਮਿਸਲ) ਵਿਚ ਰੱਖਿਆ ਗਿਆ। 1753 ਨੂੰ ਪਾਸ ਹੋਏ ਗੁਰਮਤੇ ਵਿਚ ਸਿੱਖ ਸ਼ਾਸਕ ਜਥਿਆਂ ਨੇ ਬਕਾਇਦਾ ਰਾਖੀ ਪ੍ਰਬੰਧ ਦੀ ਸ਼ੁਰੂਆਤ ਕੀਤੀ। ਇਕੱਲੇ-ਇਕੱਲੇ ਆਗੂਆਂ ਉੱਤੇ ਸਰਬੱਤ ਖ਼ਾਲਸੇ ਦੀ ਸਰਬਉੱਚਤਾ ਨੂੰ ਮਾਨਤਾ ਦੇਣ ਲਈ 1765 ਵਿਚ, ਇਕ ਗੁਰਮਤਾ ਪਾਸ ਕੀਤਾ ਗਿਆ ਸੀ। ਇਸੇ ਸਾਲ ਇਕ ਹੋਰ ਗੁਰਮਤੇ ਰਾਹੀਂ ਇਕ ਸਿੱਕਾ ਜਾਰੀ ਕੀਤਾ ਗਿਆ ਸੀ, ਜਿਸ ਉੱਤੇ, ‘ਦੇਗ- ਓ-ਤੇਗ-ਓ-ਫਤਹਿ-ਓ-ਨੁਸਰਤ ਬੇ ਦਿਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ’, (ਖ਼ੁਸ਼ਹਾਲੀ ਬਲ ਅਤੇ ਨਿਸਚਿਤ ਰੂਪ ਵਿਚ ਪ੍ਰਾਪਤ ਜਿੱਤ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ) ਅਤੇ ਇਸਦੇ ਦੂਸਰੇ ਪਾਸੇ ‘ਲਾਹੌਰ ਦੇ ਸਰਕਾਰੀ ਤਖ਼ਤ ਤੋਂ ਸੰਮਤ 1822 (1765) ਨੂੰ ਜਾਰੀ’ ਕੀਤਾ ਉਕਰਿਆ ਹੋਇਆ ਸੀ।

     ਅਹਮਦ ਸ਼ਾਹ ਦੁੱਰਾਨੀ ਦੇ ਭਾਰਤ ਉੱਤੇ ਸਤਵੇਂ ਹਮਲੇ (1764-65), ਦੌਰਾਨ ਉਸਨੂੰ ਸਿਰਹਿੰਦ (ਸਰਹਿੰਦ) ਤੋਂ ਲਾਹੌਰ ਤਕ ਚੁਨੌਤੀ ਦੇਣ ਲਈ ਸਿੱਖਾਂ ਨੇ ਗੁਰਮਤਾ ਤਿਆਰ ਕੀਤਾ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਰਤਨ ਸਿੰਘ ਭੰਗੂ ਇਸ ਦੇ ਵੇਰਵੇ ਦਿੰਦੇ ਹਨ:

     “ਸਿੰਘਨ ਸਭ ਮਿਲ ਲਾਯੋ ਦਿਵਾਨ।

     ਇਕ ਥਾ ਬਹਿ ਲੀਓ ਗੁਰਮਤਾ ਠਾਨ।

     ਅਬ ਖੜ ਲੜੋ ਸ਼ਾਹੁ ਕੇ ਸਾਥ।

     ਦੇਖ ਦਿਖਾਵੋ ਤਿਸ ਕੋ ਹਾਥ

     ਨਿਤਪ੍ਰਤਿ ਆਨ ਦੇਤ ਹਮ ਦੁੱਖ।

     ਬਿਨਾ ਲੜੈ ਕਬ ਪਾਈਐ ਸੁੱਖ

     ਜੋ ਬਚ ਰਹੂਗੁ ਸੋ ਦੁਖ ਨਾ ਪਾਊਗੁ।

     ਜੋ ਜੋ ਮਰੂਗੁ ਸ੍ਵਰਗ ਸਿਧਾਊਗੁ”

     1767 ਤਕ ਖ਼ਾਲਸੇ ਦੇ ਨਾਂ ‘ਤੇ ਮਿਸਲਾਂ ਨੇ ਜਿੱਤਾਂ ਪ੍ਰਾਪਤ ਕਰ ਲਈਆਂ ਸਨ, ਪਰੰਤੂ ਨਿੱਜੀ ਲਾਲਸਾ ਅਤੇ ਵੱਡਿਆਈ ਦੀ ਚਾਹਨਾ ਭਾਰੂ ਹੋ ਜਾਣ ਕਾਰਨ, ਸਿੱਖ ਭਾਈਚਾਰੇ ਦੀ ਸਾਂਝੀਵਾਲਤਾ ਵਿਚੋਂ ਆਪਸੀ ਸਹਿਯੋਗ ਦੀ ਭਾਵਨਾ ਸਹਿਜੇ-ਸਹਿਜੇ ਖ਼ਤਮ ਹੋ ਗਈ। ਸਿੱਖ ਰਾਜ ਦੇ ਦਿਨਾਂ ਵਿਚ ਗੁਰਮਤੇ ਦੀ ਸੰਸਥਾ ਨਿਰਾਰਥਿਕ ਬਣਾ ਕੇ ਤਿਆਗ ਦਿੱਤੀ ਗਈ। ਗੁਰਮਤੇ ਵਰਗਾ ਲੱਗਣ ਵਾਲਾ ਅਖੀਰਲਾ ਇਕੱਠ 1805 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਸਰਦਾਰਾਂ ਨੂੰ ਬੁਲਾ ਕੇ ਪਾਸ ਕੀਤਾ ਗੁਰਮਤਾ ਸੀ, ਜਿਸ ਵਿਚ ਪਿੱਛਾ ਕਰ ਰਹੀ ਲਾਰਡ ਲੇਕ ਦੀ ਅਗਵਾਈ ਵਾਲੀ ਬਰਤਾਨਵੀ ਫ਼ੌਜੀ ਟੁਕੜੀ ਨਾਲ ਸਿੱਖ ਇਲਾਕੇ ਵਿਚ ਭਗੌੜੇ ਮਰਾਠਾ ਚੀਫ਼ ਜਸਵੰਤ ਰਾਓ ਹੋਲਕਰ ਦੇ ਦਾਖ਼ਲ ਹੋਣ ਨਾਲ ਪੈਦਾ ਹੋਈ ਸਥਿਤੀ ‘ਤੇ ਵਿਚਾਰ ਕੀਤਾ ਗਿਆ ਸੀ। ਸਿੱਖ ਰਾਜ ਦੇ ਖ਼ਾਤਮੇ ਤੋਂ ਪਿੱਛੋਂ ਉਨ੍ਹੀਵੀਂ ਸਦੀ ਦੇ ਅਖੀਰ ਵਿਚ ਸਿੰਘ ਸਭਾ ਲਹਿਰ ਦੀ ਚੜ੍ਹਤ ਵਿਚ ਗੁਰਮਤਾ ਸ਼ਬਦ ਮੁੜ ਸੁਰਜੀਤ ਹੋਇਆ। ਇਸ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖਾਂ ਦੇ ਇਕੱਠ ਵਿਚ ਧਾਰਮਿਕ ਅਤੇ ਸਮਾਜਿਕ ਮਸਲਿਆਂ ਉੱਤੇ ਸਾਂਝੀ ਸਹਿਮਤੀ ਨਾਲ ਗੁਰਮਤਾ ਕੀਤਾ ਜਾਂਦਾ ਸੀ। ਅਕਾਲੀ ਲਹਿਰ ਨੇ ਰਾਜਨੀਤਿਕ ਮਸਲਿਆਂ ਨੂੰ ਇਸਦੇ ਕਾਰਜ ਖੇਤਰ ਵਿਚ ਲਿਆਂਦਾ। ਸਿੱਖਾਂ ਦੇ ਧਾਰਮਿਕ ਦੀਵਾਨ ਜਾਂ ਰਾਜਨੀਤਿਕ ਕਾਨਫ਼ਰੰਸਾਂ ਵਿਚ ਪਾਸ ਕੀਤੇ ਮਤੇ ਵਿਚ ਅੱਜ-ਕੱਲ੍ਹ ਗੁਰਮਤਾ ਸ਼ਬਦ ਅਕਸਰ ਵਰਤਿਆ ਜਾਂਦਾ ਹੈ।


ਲੇਖਕ : ਕ.ਸ.ਥ ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਮਤਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਮਤਾ : ਗੁਰਮਤੇ ਤੋਂ ਭਾਵ ਹੈ ਗੁਰਮਤਿ ਅਨੁਸਾਰ ਕੀਤਾ ਹੋਇਆ ਮੰਤਰ। ਪੁਰਾਣੇ ਸਿੰਘ ਧਾਰਮਿਕ ਅਤੇ ਸੰਸਾਰਿਕ ਕੰਮਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਦੀਵਾਨ ਵਿਚ ਸਲਾਹ ਕਰਦੇ ਸਨ। ਗੁਰਮਤਿ ਅਨੁਸਾਰ ਜੋ ਸਾਰੇ ਦੀਵਾਨ ਦੀ ਸੰਮਤੀ ਹੁੰਦੀ ਸੀ ਉਸ ਨੂੰ ਗੁਰਮਤਾ ਕਿਹਾ ਜਾਂਦਾ ਸੀ। ਜੋ ਸਿੱਖ ਗੁਰਮਤੇ ਦੇ ਵਿਰੁੱਧ ਕੋਈ ਕਾਰਵਾਈ ਕਰਦਾ ਸੀ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਸੀ ਤੇ ਉਸ ਨੂੰ ਤਦ ਹੀ ਮਾਫ਼ ਕੀਤਾ ਜਾਂਦਾ ਸੀ ਜਦ ਉਹ ਭੁੱਲ ਦੀ ਮਾਫ਼ੀ ਮੰਗ ਕੇ ਲਾਈ ਗਈ ‘ਤਨਖ਼ਾਹ’ ਪੂਰੀ ਕਰਦਾ ਸੀ। ਖ਼ਾਲਸੇ ਦੇ ਗੁਰਮਤੇ ਅਕਾਲ ਬੁੰਗਾ ਸਾਹਿਬ ਦੇ ਦੀਵਾਨ ਵਿਚ ਖਾਸ ਕਰ ਕੇ ਅਤੇ ਹੋਲੇ ਮਹੱਲੇ ਦੇ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਕਰਦੇ ਸਨ। ਗੁਰਮਤੇ ਸਮੇਂ ਸਾਰੇ ਸਿੰਘ ਜਾਤੀ ਵੈਰ ਵਿਰੋਧ ਭੁੱਲ ਕੇ ਦੀਵਾਨ ਵਿਚ ਇਕੱਠੇ ਬੈਠਿਆ ਕਰਦੇ ਸਨ।

ਅਜੋਕੇ ਦੌਰ ਵਿਚ ਵੀ ਪੇਚੀਦਾ ਮਸਲਿਆਂ ਦੇ ਹੱਲ ਲਈ ਸਿੱਖ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਗੁਰਮਤਾ ਕਰਨ ਦੀ ਪਰੰਪਰਾ ਪ੍ਰਚਲਿਤ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-10-04-40-51, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.