ਪ੍ਰਾਣਸੰਗਲੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਾਣਸੰਗਲੀ: ਮੱਧ-ਕਾਲੀ ਪੰਜਾਬੀ ਸਾਹਿਤ ਦੀ ਇੱਕ ਬਹੁਚਰਚਿਤ ਪਦ-ਗਦ ਰਚਨਾ ਪ੍ਰਾਣਸੰਗਲੀ ਹੈ। ਇਸ ਪੁਸਤਕ ਨਾਲ ਇਸ ਦੇ ਕਰਤਾ ਵਜੋਂ ਗੁਰੂ ਨਾਨਕ ਦੇਵ ਦਾ ਨਾਂ ਜੋੜਿਆ ਜਾਂਦਾ ਹੈ, ਜਿਸ ਦੀ ਇਤਿਹਾਸਿਕ ਤੌਰ `ਤੇ ਕੋਈ ਪੁਸ਼ਟੀ ਨਹੀਂ ਹੁੰਦੀ। ਇਸ ਗ੍ਰੰਥ ਦੀ ਰਚਨਾ ਦਾ ਸਮਾਂ ਠੀਕ-ਠੀਕ ਨਿਸ਼ਚਿਤ ਨਹੀਂ ਹੋ ਸਕਿਆ, ਪਰ ਪ੍ਰਾਪਤ ਸੋਮਿਆਂ ਦੇ ਵੱਖ-ਵੱਖ ਪਹਿਲੂਆਂ ਦੀ ਛਾਣ-ਬੀਣ ਕਰ ਕੇ ਵਿਦਵਾਨਾਂ ਦਾ ਇਹ ਵਿਚਾਰ ਬਣਦਾ ਹੈ ਕਿ 1650 ਵਿੱਚ ਇਸ ਪੁਸਤਕ ਦਾ ਲਘੂ ਰੂਪ ਬਣ ਗਿਆ ਸੀ, ਜਿਸ ਵਿੱਚ ਬਾਅਦ ਵਿੱਚ ਵਾਧੇ ਹੁੰਦੇ ਗਏ।

     ਇਸ ਪੁਸਤਕ ਦਾ ਜ਼ਿਕਰ ਸਭ ਤੋਂ ਪਹਿਲਾਂ ਪੁਰਾਤਨ ਜਨਮ-ਸਾਖੀ ਵਿੱਚ ਆਇਆ ਹੈ। ਸਾਖੀ ਨੰਬਰ 47 ਵਿੱਚ ਇਹ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਯਾਤਰਾ ਕਰਦਿਆਂ ਸੰਗਲਾਦੀਪ (ਸ੍ਰੀਲੰਕਾ) ਪੁੱਜੇ, ਜਿੱਥੇ ਉਹਨਾਂ ਨੇ ਲੰਕਾ ਦੇ ਰਾਜਾ ਸ਼ਿਵਨਾਭ ਨੂੰ ਕ੍ਰਿਤਾਰਥ ਕੀਤਾ ਅਤੇ ਸੰਗਲਾਦੀਪ ਦੇ ਅਨੇਕ ਵਾਸੀ ਗੁਰੂ ਦੇ ਸਿੱਖ ਬਣੇ। ਇੱਥੇ ਹੀ ਉਹਨਾਂ ਨੇ ਪ੍ਰਾਣਸੰਗਲੀ ਦੀ ਰਚਨਾ ਕੀਤੀ। ਸਾਖੀਕਾਰ “ਸ੍ਰੀ ਸਤਿਗੁਰ ਪ੍ਰਸਾਦਿ। ਲਿਖਤੰ ਪ੍ਰਾਣ ਸੰਗਲੀ" ਨਾਲ ਗੱਲ ਸ਼ੁਰੂ ਕਰਦਾ ਹੈ ਅਤੇ... “ਤਬ ਪ੍ਰਾਣ ਸੰਗਲੀ ਹੋਈ" ਨਾਲ ਗੱਲ ਸਮੇਟਦਾ ਹੈ। ਇਸ ਤੋਂ ਅੱਗੇ ਪ੍ਰਾਣ ਸੰਗਲੀ ਦੇ ਪਹਿਲੇ ਅਧਿਆਇ “ਉਨਮਨਿ ਕਾ-ਰਾਗੁ ਆਸਾ ਮਹਲਾ ੧" ਦੇ 21 ਬੰਦ ਦਰਜ ਕੀਤੇ ਹਨ। ਪੁਰਾਤਨ ਜਨਮ-ਸਾਖੀ ਦੇ ਸੰਪਾਦਕ ਭਾਈ ਵੀਰ ਸਿੰਘ ਨੇ ਇਹਨਾਂ ਬੰਦਾਂ ਨੂੰ ਪਉੜੀਆਂ ਕਿਹਾ ਹੈ ਜੋ ਇੱਕ ਖ਼ਾਸ ਛੰਦ ਵਿੱਚ ਲਿਖੀਆਂ ਜਾਂਦੀਆਂ ਹਨ।

     ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤੀ ਨਹੀਂ ਰੱਖਦੇ ਕਿ ਗੁਰੂ ਨਾਨਕ ਦੇਵ ਸੰਗਲਾਦੀਪ (ਸ੍ਰੀਲੰਕਾ) ਗਏ ਸਨ। ਇਤਿਹਾਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸ਼ਿਵਨਾਭ ਨਾਂ ਦਾ ਸੰਗਲਾਦੀਪ ਦਾ ਕੋਈ ਰਾਜਾ ਗੁਰੂ ਨਾਨਕ ਦੇਵ ਦਾ ਸਮਕਾਲੀ ਨਹੀਂ ਸੀ। ਗੁਰੂ ਅਰਜਨ ਦੇਵ ਦੇ ਸਮਕਾਲੀ ਤੇ ਮਹਾਨ ਕਵੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਿ ਗੁਰੂ ਨਾਨਕ ਦੇਵ ਸੰਗਲਾਦੀਪ ਗਏ ਸਨ, ਜਦ ਕਿ ਉਹਨਾਂ ਨੇ ਸਾਰੀਆਂ ਉਦਾਸੀਆਂ ਦੀ ਚਰਚਾ ਕੀਤੀ ਹੈ। ਮਨੋਹਰ ਦਾਸ ਮਿਹਰਬਾਨ ਰਚਿਤ ਪੋਥੀ ਸੱਚ ਖੰਡ ਵਿੱਚ ਵੀ ਗੁਰੂ ਨਾਨਕ ਦੇਵ ਦੀ ਸੰਗਲਾਦੀਪ ਯਾਤਰਾ ਦਾ ਕੋਈ ਜ਼ਿਕਰ ਨਹੀਂ ਆਉਂਦਾ।

     ਪਰ, ਮਹਾ ਕਵੀ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜ਼ਰੂਰ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਭਾਈ ਪੈੜੇ ਨਾਂ ਦੇ ਇੱਕ ਸਿੱਖ ਨੂੰ ਸੰਗਲਾਦੀਪ ਭੇਜ ਕੇ ਸ਼ਿਵਨਾਭ ਦੇ ਪੋਤਰੇ ਪਾਸੋਂ ਪ੍ਰਾਣਸੰਗਲੀ ਗ੍ਰੰਥ ਮੰਗਵਾਇਆ ਸੀ ਪਰ ਇਸ ਨੂੰ ਗੁਰੂ ਨਾਨਕ ਦੇਵ ਦੀ ਰਚਨਾ ਪ੍ਰਵਾਨ ਨਾ ਕਰਦਿਆਂ ਆਦਿ ਗ੍ਰੰਥ ਵਿੱਚ ਸ਼ਾਮਲ ਨਹੀਂ ਸੀ ਕੀਤਾ। ਭਗਤ ਰਤਨਾਵਲੀ ਵਿੱਚ ਵੀ ਪ੍ਰਾਣਸੰਗਲੀ ਬਾਰੇ ਇਸੇ ਕਿਸਮ ਦਾ ਜ਼ਿਕਰ ਆਉਂਦਾ ਹੈ। ਕੇਵਲ ਸੰਤ ਸੰਪੂਰਨ ਸਿੰਘ ਨੇ ਇਹ ਗੱਲ ਮੰਨੀ ਹੈ ਕਿ ਪ੍ਰਾਣਸੰਗਲੀ ਗੁਰੂ ਨਾਨਕ ਦੇਵ ਦੀ ਰਚਨਾ ਹੈ ਅਤੇ ਇਸ ਵਿੱਚੋਂ ਕੁਝ ਬਾਣੀ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਵੀ ਕੀਤੀ। ਪਰ ਇਹ ਸ਼ਾਇਦ ਹਕੀਕਤ ਨੂੰ ਉਲਟਾ ਕੇ ਵੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਬਹੁਮੱਤ ਵਿਦਵਾਨ ਇਹ ਧਾਰਨਾ ਪੇਸ਼ ਕਰਦੇ ਹਨ ਕਿ ਪ੍ਰਾਣਸੰਗਲੀ ਦੇ ਕਰਤਾ ਨੇ ਆਪਣੀ ਲਿਖਤ ਨੂੰ ਸਰਬਪ੍ਰਮਾਣਿਤ ਬਣਾਉਣ ਅਤੇ ਪ੍ਰਮਾਣਿਕ ਸਿੱਧ ਕਰਨ ਵਾਸਤੇ ਇੱਕ ਤਾਂ ਕੁਝ ਗੁਰਬਾਣੀ ਇਸ ਵਿੱਚ ਸ਼ਾਮਲ ਕਰ ਲਈ ਅਤੇ ਬਾਕੀ ਲਿਖਤ ਉੱਤੇ ਨਾਨਕ ਜਾਂ ਨਾਨਕ ਦਾਸ ਦੀ ਛਾਪ ਲਾ ਦਿੱਤੀ। ਮੱਧ-ਕਾਲ ਵਿੱਚ ਕੁਝ ਹੋਰ ਰਚਨਾਕਾਰ ਵੀ ਇਹ ਵਿਧੀ ਵਰਤਦੇ ਰਹੇ ਹਨ। ਬਾਣੀ ਵਿੱਚ ਇਸ ਪ੍ਰਕਾਰ ਦੇ ਹੋ ਰਹੇ ਰਲੇ ਤੋਂ ਬਚਣ ਲਈ ਹੀ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਸੀ।

     ਪ੍ਰਾਣਸੰਗਲੀ ਦਾ ਸ਼ਬਦ ਅਰਥ ਹੈ ਪ੍ਰਾਣਾਂ ਦਾ ਸਿਲਸਲਾ। ਮਨੁੱਖੀ ਸਰੀਰ ਜਾਂ ਪਿੰਡ ਪ੍ਰਾਣਾਂ ਭਾਵ ਸਵਾਸਾਂ (ਸਾਹ ਲੈਣ ਦੀ ਕਿਰਿਆ) ਦੇ ਆਸਰੇ ਹੀ ਕਾਇਮ ਹੈ, ਭਾਵ ਜੀਵਿਤ ਹੈ। ਇਸ ਲਈ ਪ੍ਰਾਣਸੰਗਲੀ ਦਾ ਉਦੇਸ਼ ਪਿੰਡ ਅਤੇ ਪ੍ਰਾਣ ਦੀ ਅਧਿਆਤਮਿਕ ਉਨਤੀ ਹੀ ਮੰਨਿਆ ਜਾ ਸਕਦਾ ਹੈ। ਵਿਸ਼ੇ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਏ ਤਾਂ ਪ੍ਰਾਣਸੰਗਲੀ ਮੁੱਖ ਰੂਪ ਵਿੱਚ ਹਠ-ਯੋਗ ਦਾ ਗ੍ਰੰਥ ਹੈ। ਇਸ ਦੀ ਤੁਲਨਾ ਵਿੱਚ ਗੁਰਬਾਣੀ ਦਾ ਕੇਂਦਰੀ ਵਿਸ਼ਾ ਸਹਿਜ-ਯੋਗ ਹੈ। ਪ੍ਰਾਣਸੰਗਲੀ ਵਿੱਚ ਗ੍ਰਹਿਸਥੀ ਜੀਵਨ ਦੀ ਨਿਖੇਧੀ ਕੀਤੀ ਗਈ ਹੈ, ਜਦ ਕਿ ਗੁਰਬਾਣੀ ਵਿੱਚ ਗ੍ਰਹਿਸਥੀ ਜੀਵਨ ਜਿਊਂਦਿਆਂ ਹੀ ਪ੍ਰਭੂ ਪ੍ਰਾਪਤੀ ਦਾ ਟੀਚਾ ਮਿਥਿਆ ਗਿਆ ਹੈ।

     ਪ੍ਰਾਣਸੰਗਲੀ ਪਦ-ਗਦ ਰਚਨਾ ਹੈ। ਇਸ ਦੇ ਆਕਾਰ ਬਾਰੇ ਵੀ ਕੋਈ ਇੱਕ ਨਿਰਣਾ ਨਹੀਂ ਹੋ ਸਕਿਆ। ਕਿਸੇ ਵਿਦਵਾਨ ਨੇ ਇਸ ਦੇ 60 ਅਧਿਆਇ ਦੱਸੇ ਹਨ ਤੇ ਕਿਸੇ ਨੇ 80 ਅਤੇ ਕਿਸੇ ਹੋਰ ਨੇ ਇਸ ਤੋਂ ਵੀ ਵਧੇਰੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਪ੍ਰਾਣ ਸੰਗਲੀ ਦੇ 59 ਅਧਿਆਇ ਹਨ। ਇਸ ਗ੍ਰੰਥ ਦਾ ਮੂਲ ਪਾਠ ਮੁੱਖ ਰੂਪ ਵਿੱਚ ਪਦ ਜਾਂ ਕਵਿਤਾ ਵਿੱਚ ਹੈ। ਇਹ ਭਾਗ ਛੰਦਬੱਧ ਹੈ। ਇਸ ਦੇ ਨਾਲ ਹੀ ਸਾਰੀ ਰਚਨਾ ਰਾਗਾਂ ਵਿੱਚ ਹੈ। ਹਰ ਅਧਿਆਇ ਦੇ ਸਿਰਲੇਖ ਵਿੱਚ ਰਾਗ ਦਾ ਨਾਮ ਦਿੱਤਾ ਗਿਆ ਹੈ। ਇਸ ਗ੍ਰੰਥ ਵਿੱਚ ਕੁੱਲ 18 ਰਾਗਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਰਾਗ ਰਾਮਕਲੀ ਦੀ ਵਰਤੋਂ ਸਭ ਤੋਂ ਵਧੇਰੇ ਹੋਈ ਹੈ। ਪੁਸਤਕ ਵਿੱਚ ਗੰਭੀਰ ਦਾਰਸ਼ਨਿਕ, ਰੂਹਾਨੀ, ਰਹੱਸਵਾਦੀ ਅਤੇ ਮਨੋ- ਵਿਗਿਆਨਿਕ ਵਿਚਾਰਾਂ ਨੂੰ ਬੜੇ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜੀਵਨ ਦੇ ਬਹੁਤ ਨੇੜੇ ਦੇ ਰੂਪਕਾਂ, ਪ੍ਰਤੀਕਾਂ, ਉਪਮਾਵਾਂ ਨੇ ਰਚਨਾ ਨੂੰ ਦਿਲਚਸਪ ਵੀ ਬਣਾਇਆ ਹੈ ਅਤੇ ਸੁਹਜ ਸਵਾਦ ਨੂੰ ਤ੍ਰਿਪਤ ਕਰਨ ਵਾਲੀ ਵੀ।

     ਪ੍ਰਾਣਸੰਗਲੀ ਵਿੱਚ ਕੁਝ ਹਿੱਸਾ ਵਾਰਤਕ ਵੀ ਹੈ। ਇਹ ਵਾਰਤਕ ਜਨਮ-ਸਾਖੀਆਂ ਅਤੇ ਖ਼ਾਸ ਕਰ ਪੁਰਾਤਨ ਜਨਮ-ਸਾਖੀ ਨਾਲ ਮੇਲ ਖਾਂਦੀ ਹੈ।

     ਇਸ ਰਚਨਾ ਦੀ ਭਾਸ਼ਾ ਮੋਟੇ ਤੌਰ `ਤੇ ਸਾਧ ਭਾਸ਼ਾ ਹੈ, ਜਿਸ ਨੂੰ ਸਧੁੱਕੜੀ ਵੀ ਆਖਿਆ ਜਾਂਦਾ ਹੈ। ਇਹ ਭਾਸ਼ਾ ਇੱਕ ਤਰ੍ਹਾਂ ਨਾਲ ਮਿਸ਼ਰਿਤ ਹੁੰਦੀ ਹੈ ਅਤੇ ਗੋਸ਼ਟਾਂ ਵਿੱਚ ਆਮ ਕਰ ਕੇ ਇਹੋ ਭਾਸ਼ਾ ਵਰਤੀ ਗਈ ਹੈ। ਮਿਸ਼ਰਿਤ ਭਾਸ਼ਾ ਵਿੱਚ ਸੰਸਕ੍ਰਿਤ ਦੇ ਤਤਸਮ (ਉਸੇ ਰੂਪ ਵਿੱਚ) ਅਤੇ ਤਦਭਵ (ਬਦਲੇ ਰੂਪ ਵਿੱਚ) ਸ਼ਬਦ ਵਰਤੇ ਗਏ ਹਨ। ਕੁਝ ਥਾਂਵਾਂ `ਤੇ ਅਰਬੀ ਫ਼ਾਰਸੀ ਭਾਸ਼ਾ ਦਾ ਵੀ ਬੋਲ-ਬਾਲਾ ਹੈ। ‘ਤਿਲੰਗ ਕੀ ਵਾਰ’ (ਅਧਿਆਇ 58) ਇਸ ਦੀ ਉਘੜਵੀਂ ਮਿਸਾਲ ਹੈ। ‘ਬਾਰਾਂਮਾਹ ਰਾਗ ਮਾਝ ਮਹਲਾ 1’ (ਅਧਿਆਇ 21) ਅਤੇ ‘ਅਉਤਾਰ ਮਾਲਾ ਜੁਗ ਦੀ-ਰਾਗ ਗਾਉੜੀ ਮਹਲਾ 1’ (ਅਧਿਆਇ 20) ਨਿਰੋਲ ਪੰਜਾਬੀ ਭਾਸ਼ਾ ਵਿੱਚ ਰਚੀ ਗਈ ਸਿਰਜਣਾ ਹੈ। ਇਹਨਾਂ ਨੂੰ ਪੰਜਾਬੀ ਵਿੱਚ ਲਿਖੀਆਂ ਗਈਆਂ ਉੱਤਮ ਰਚਨਾਵਾਂ ਦੀ ਕੋਟੀ ਵਿੱਚ ਰੱਖਿਆ ਜਾ ਸਕਦਾ ਹੈ।


ਲੇਖਕ : ਕਰਨਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪ੍ਰਾਣਸੰਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਾਣਸੰਗਲੀ ਸੰ. प्राण शृङ्खला —ਪ੍ਰਾਣ ਸ਼੍ਰਿੰਖਲਾ. ਹਠਯੋਗ ਅਨੁਸਾਰ ਪ੍ਰਾਣਾਯਾਮ ਆਦਿ ਸਾਧਨ ਦੱਸਣ ਵਾਲੀ ੧੧੩ ਅਧ੍ਯਾਯ ਦੀ ਇੱਕ ਪੋਥੀ , ਜਿਸ ਨੂੰ ਗੁਰੂ ਨਾਨਕਦੇਵ ਜੀ ਦੀ ਰਚਨਾ ਦੱਸਿਆ ਜਾਂਦਾ ਹੈ. ਗੁਰੁਪ੍ਰਤਾਪਸੂਰਯ ਅਨੁਸਾਰ ਗੁਰੂ ਅਰਜਨ ਸਾਹਿਬ ਨੇ ਇਹ ਪੋਥੀ ਜਲਪ੍ਰਵਾਹ ਕਰ ਦਿੱਤੀ. ਇਸ ਤੋਂ ਸਿੱਧ ਹੈ ਕਿ ਉਹ ਜਗਤਗੁਰੂ ਦੀ ਰਚਨਾ ਨਹੀਂ ਸੀ. ਹੁਣ ਭੀ ਇਸੇ ਨਾਉਂ ਦੀ ਇੱਕ ਪੋਥੀ ਦੇਖੀ ਜਾਂਦੀ ਹੈ, ਜਿਸ ਦੀ ਰਚਨਾ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰਾਣਸੰਗਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

੍ਰਾਣਸੰਗਲੀ: ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਇਕ ਬਹੁ ਚਰਚਿਤ ਰਚਨਾ , ਜਿਸ ਵਿਚ ਯੋਗ-ਸਾਧਨਾ ਅਤੇ ਵਿਸ਼ੇਸ਼ ਕਰਕੇ ਹਠ-ਯੋਗ ਅਨੁਸਾਰ ਪ੍ਰਾਣਾਯਾਮ ਦੀ ਵਿਧੀ ਦਸੀ ਗਈ ਹੈ। ਇਸ ਦੀ ਉਥਾਨਿਕਾ ਇਸ ਦਾ ਕਰਤ੍ਰਿਤਵ ਗੁਰੂ ਨਾਨਕ ਦੇਵ ਜੀ ਨਾਲ ਜੋੜਦੀ ਹੈ। ‘ਪੁਰਾਤਨ ਜਨਮਸਾਖੀ ’ (ਸਾਖੀ 47) ਅਨੁਸਾਰ ਇਸ ਦੀ ਰਚਨਾ ਦੱਖਣ ਵਲ ‘ਸਿੰਗਲਾਦੀਪ’ ਵਿਚ ਹੋਈ ਸੀ ਅਤੇ ਰਾਜਾ ਸ਼ਿਵਨਾਭ ਪ੍ਰਤਿ ਉਚਾਰੀ ਗਈ ਸੀ। ਇਸ ਨੂੰ ਗੁਰੂ ਜੀ ਦੇ ਇਕ ਸੇਵਕ ਸੈਦੋ ਨੇ ਲਿਖਿਆ ਸੀ। ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਦੁਆਰਾ ਇਸ ਰਚਨਾ ਨੂੰ ਉਚੇਚੇ ਤੌਰ ’ਤੇ ਸਿੰਗਲਾਦੀਪ ਤੋਂ ਮੰਗਵਾਇਆ ਦਸਿਆ ਜਾਂਦਾ ਹੈ। ਇਸ ਉਦੇਸ਼ ਲਈ ਕੀਤੀ ਯਾਤ੍ਰਾ ਦਾ ਵਿਵਰਣ ਬੰਨੋ ਵਾਲੀ ਬੀੜ ਵਿਚ ਸੰਕਲਿਤ ‘ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ’ (ਵੇਖੋ) ਵਿਚ ਦਰਜ ਹੈ।

‘ਪ੍ਰਾਣਸੰਗਲੀ’ ਨਾਂ ਦੇ ਸੰਕਲਨ ਵਿਚ ਮੂਲ ਰੂਪ ਵਿਚ ਕਿਤਨਾ ਅੰਸ਼ ਅਥਵਾ ਅਧਿਆਇ ਸਨ , ਇਸ ਬਾਰੇ ਸੰਤ ਸੰਪੂਰਨ ਸਿੰਘ ਦੁਆਰਾ ਸੰਪਾਦਿਤ ਕੀਤੇ ਦੇਵਨਾਗਰੀ ਸੰਸਕਰਣ ਦੇ 80ਵੇਂ ਅਧਿਆਇ ਤੋਂ ਬਾਦ ਲਿਖਿਆ ਹੈ—ਸ੍ਰੀ ਸਤਿਗੁਰੂ ਰਾਜੇ ਸ਼ਿਵਨਾਭ ਜੋਗ ਇਕਸੌ ਤੇਰਹ ਧਿਆਉ ਸੁਣਾਏ, ਤੇ ਰਾਜੇ ਦੇ ਕਪਾਟ ਖੁਲੇ, ਜੋਤੀ ਜੋਤ ਸਮਾਣਾ ਇਸ ਕਥਨ ਦੀ ਪੁਸ਼ਟੀ ਸੰ. 1715 ਬਿ. ਵਿਚ ਲਿਖੀ ਭਾਈ ਬਾਲੇ ਵਾਲੀ ਜਨਮਸਾਖੀ (ਪਤਰਾ 65) ਤੋਂ ਇਸ ਪ੍ਰਕਾਰ ਹੁੰਦੀ ਹੈ—ਤਿਥੇ ਗੁਰੂ ਨਾਨਕ ਪ੍ਰਾਣਸੰਗਲੀ ਉਚਾਰੀ ਇਕ ਸਉ ਤੇਰਹ ਧਿਆਉ ਬੋਲੇ ਦੁਇ ਵਰੇ ਤੇ ਪੰਜ ਮਹੀਨੇ ਉਥੇ ਗੁਰੂ ਨਾਨਕ ਰਹਿਆ

ਸੰਤ ਸੰਪੂਰਨ ਸਿੰਘ ਦੁਆਰਾ ਸੰਪਾਦਿਤ ਪੋਥੀ ਵਿਚ ਕੁਲ 80 ਅਧਿਆਇ ਹਨ। ਇਸ ਸੰਬੰਧੀ ਉਨ੍ਹਾਂ ਨੇ ਤੀਜੇ ਭਾਗ ਦੇ ਅੰਤ ਉਤੇ (ਪੰਨਾ 833) ਟਿੱਪਣੀ ਲਿਖੀ ਹੈ ਕਿ ‘‘ਪਹਿਲਾਂ ਇਕ ਪ੍ਰਾਚੀਨ ਪੋਥੀ ਵਿਚ 60 ਅਧਿਆਇ ਲਿਖ ਦੇਣ ਦਾ ਲੇਖ ਮਿਲਿਆ ਅਤੇ ਫਿਰ 80 ਅਧਿਆਇ ਲਿਖਵਾ ਦੇਣ ਵਾਲੀ ਵੀ ਇਕ ਬੀੜ ਮਿਲ ਗਈ। ਸੋ ਉਸੇ ਅਨੁਸਾਰ ਹੀ ਪ੍ਰਾਪਤ ਹੋਈ ਬਾਣੀ ਦਾ ਅਧਿਆਇ-ਕ੍ਰਮ ਰਖਿਆ ਗਿਆ। ਉਂਜ ਤਾਂ ਵਖ ਵਖ ਥਾਂਵਾਂ ਵਿਚ 113- 160 ਅਧਿਆਇ ਪ੍ਰਾਣਸੰਗਲੀ ਦੇ ਸੰਗ੍ਰਹਿ ਦੀ ਸੂਚਨਾ ਵੀ ਕਿਤੇ ਇਤਿਹਾਸ ਵਿਚ ਮਿਲਦੀ ਹੈ। ਸੋ ਜਾਂ ਤਾਂ ਬਾਕੀ ਹਿੱਸਾ ਪੰਜਾਬ ਵਿਚ ਆਇਆ ਹੀ ਨਹੀਂ , ਜਾਂ ਆਇਆ ਹੋਵੇਗਾ ਤਾਂ ਅਜੇ ਅਸਾਡੇ ਲਭਣ ਗੋਚਰੇ ਹੈ।’’

ਭਾਈ ਬਾਲੇ ਵਾਲੀ ਜਨਮਸਾਖੀ ਦੀ ਅੰਦਰਲੀ ਗਵਾਹੀ ਇਸ ਦੇ 113 ਅਧਿਆਇ ਨਿਸ਼ਚਿਤ ਕਰਦੀ ਹੈ, ਪਰ ‘ਪ੍ਰਾਣਸੰਗਲੀ’ ਦੀਆਂ ਉਪਲਬਧ ਹੱਥ-ਲਿਖਿਤ ਪੋਥੀਆਂ ਵਿਚ ਇਤਨੇ ਅਧਿਆਇ ਨਹੀਂ ਲਿਖੇ ਅਤੇ ਜੋ ਲਿਖੇ ਹਨ ਉਨ੍ਹਾਂ ਦੀ ਅਧਿਆਇ-ਗਿਣਤੀ ਆਪਸ ਵਿਚ ਮੇਲ ਨਹੀਂ ਖਾਂਦੀ। ਇਸ ਦੇ ਦੇਵਨਾਗਰੀ ਸੰਸਕਰਣ ਵਿਚਲੇ 80 ਅਧਿਆਵਾਂ ਵਿਚ ਸੰਕਲਿਤ ਬਹੁਤ ਸਾਰੀਆਂ ਵੱਡੀ- ਨਿੱਕੀਆਂ ਰਚਨਾਵਾਂ, ਜਿਵੇਂ ਕਿ ਸੁੰਨ ਮਹਲ ਕੀ ਕਥਾ , ਧਿਆਉ ਪਰਮਤਤ ਕਾ , ਓਅੰਕਾਰ ਵਡਾ , ਰਤਨਮਾਲਾ, ਬਾਰਹਮਾਹ, ਜੋਗ-ਨਿਧ, ਭੋਗਲ ਪੁਰਾਣ , ਪ੍ਰੇਮ-ਅਛਰੀ, ਧਿਆਉ ਬਿਹੰਗਮ ਕਾ, ਗਿਆਨ ਸਰੋਦੈ, ਸੋਰਠਿ ਕੀ ਵਾਰ , ਤਿਲੰਗ ਕੀ ਵਾਰ , ਜੁਗਾਵਲੀ , ਆਦਿ ਅਨੇਕ ਰਚਨਾਵਾਂ ਫੁਟਕਲ ਪੋਥੀਆਂ ਜਾਂ ਗੁਟਕਿਆਂ ਦੇ ਰੂਪ ਵਿਚ ਵਖ ਵਖ ਲਿਖੀਆਂ ਵੀ ਮਿਲਦੀਆਂ ਹਨ ਅਤੇ ਆਮ ਤੌਰ’ਤੇ ‘ਮਹਲਾ ੧’ ਨਾਲ ਸੰਬੰਧਿਤ ਕੀਤੀਆਂ ਜਾਂਦੀਆਂ ਹਨ।

‘ਪ੍ਰਾਣਸੰਗਲੀ’ ਦਾ ਕਰਤ੍ਰਿਤਵ ਵਿਵਾਦ-ਪੂਰਣ ਵਿਸ਼ਾ ਹੈ। ਉਪਲਬਧ ਅਨੇਕ ਪ੍ਰਮਾਣਾਂ ਦੇ ਆਧਾਰ’ਤੇ ਇਸ ਸੰਬੰਧੀ ਵਿਵਾਦ ਨੂੰ ਦੋ ਪੱਖਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਪੂਰਬ-ਪੱਖ ਹੈ ਜੋ ਸਾਰੀ ‘ਪ੍ਰਾਣਸੰਗਲੀ’ ਨੂੰ ਗੁਰੂ ਜੀ ਦੀ ਰਚਨਾ ਮੰਨਦਾ ਹੈ। ਦੂਜਾ ਉੱਤਰ-ਪੱਖ ਹੈ ਜੋ ਇਸ ਨੂੰ ਗੁਰੂ ਜੀ ਦੀ ਰਚਨਾ ਨਹੀਂ ਮੰਨਦਾ। ਪੂਰਬ-ਪੱਖ ਵਾਲੇ (ਸੰਤ ਸੰਪੂਰਨ ਸਿੰਘ ਅਤੇ ਡਾ. ਮੋਹਨ ਸਿੰਘ ਦੀਵਾਨਾ) ਆਪਣੇ ਮਤ ਦੀ ਪੁਸ਼ਟੀ ਲਈ ਚਾਰ ਪ੍ਰਕਾਰ ਦੇ ਅੰਦਰਲੇ ਪ੍ਰਮਾਣ ਪੇਸ਼ ਕਰਦੇ ਹਨ—(1) ਉਥਾਨਿਕਾ ਇਸ ਦੇ ਕਰਤ੍ਰਿਤਵ ਦਾ ਸੰਬੰਧ ਗੁਰੂ ਨਾਨਕ ਦੇਵ ਨਾਲ ਜੋੜਦੀ ਹੈ; (2) ਹਰ ਅਧਿਆਇ ਦੇ ਆਰੰਭ ਵਿਚ ‘ਮਹਲਾ ੧’ ਲਿਖਿਆ ਹੋਇਆ ਹੈ; (3) ਹਰ ਬਾਣੀ/ਰਚਨਾ ਵਿਚ ‘ਨਾਨਕ’ ਕਵੀ-ਛਾਪ ਵਰਤੀ ਗਈ ਹੈ; (4) ਅੰਤ ਉਤੇ ਇਸ ਦੇ ਗੁਰੂ ਨਾਨਕ ਦੇਵ ਵਿਰਚਿਤ ਹੋਣ ਦੇ ਤੱਥ ਨੂੰ ਸਪੱਸ਼ਟ ਕੀਤਾ ਗਿਆ ਹੈ।

ਇਹ ਸਾਰੇ ਪ੍ਰਮਾਣ ਅੰਦਰਲੇ ਹੋਣ ਕਾਰਣ, ਇਸ ਦੇ ਰਚੈਤਾ ਵਲੋਂ ਇਸ ਨੂੰ ਗੁਰੂ ਜੀ ਨਾਲ ਸੰਬੰਧਿਤ ਕਰਨ ਲਈ ਕੀਤੇ ਗਏ ਉਚੇਚੇ ਯਤਨ ਹਨ। ਇਸ ਲਈ ਇਨ੍ਹਾਂ ਨੂੰ ਉਦੋਂ ਤਕ ਸਵੀਕਾਰ ਨਹੀਂ ਕੀਤਾ ਜਾ ਸਕਦਾ, ਜਦੋਂ ਤਕ ਇਸ ਰਚਨਾ ਦੀ ਭਾਵ-ਸਾਮਗ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਕ ਬਾਣੀ ਨਾਲ ਮੇਲ ਨ ਖਾਏ।

ਉਤਰ-ਪੱਖ ਵਾਲਿਆਂ ਦੀ ਧਾਰਣਾ ਹੈ ਕਿ ਜੇ ‘ਪ੍ਰਾਣਸੰਗਲੀ’ ਗੁਰੂ ਜੀ ਦੀ ਰਚਨਾ ਹੁੰਦੀ ਤਾਂ ਗੁਰੂ ਅਰਜਨ ਦੇਵ ਜੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਜ਼ਰੂਰ ਸ਼ਾਮਲ ਕਰਦੇ। ‘ਗੁਰੂ ਪ੍ਰਤਾਪ ਸੂਰਜ ’ (ਰਾਸ 3/ਅੰਸ 32) ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ‘ਪ੍ਰਾਣਸੰਗਲੀ’ ਨੂੰ ਭਾਈ ਪੈੜੇ ਦੇ ਹੱਥੀਂ ਸੰਗਲਾਦੀਪ ਤੋਂ ਮੰਗਵਾ ਕੇ ਇਸ ਦੀ ਚੰਗੀ ਘੋਖ- ਪੜਤਾਲ ਕੀਤੀ ਅਤੇ ਇਸ ਨੂੰ ਅਪ੍ਰਮਾਣਿਕ ਮੰਨ ਕੇ ਗ੍ਰੰਥ ਸਾਹਿਬ ਵਿਚ ਸ਼ਾਮਲ ਨ ਕੀਤਾ। ਕਰਤਾਰਪੁਰੀ ਬੀੜ ਦੇ ਪੱਤਰਾ ਅੰਕ 963 ਉਤੇ ‘ਪ੍ਰਾਨਸੰਗਲੀ ਮਹਲਾ ੧’ (ਉਰਦੂ ਅੱਖਰਾਂ ਵਿਚ) ਲਿਖ ਕੇ ਬਾਕੀ ਪੱਤਰਾ ਖ਼ਾਲੀ ਛਡ ਦਿੱਤਾ ਗਿਆ ਹੈ। ਇਸ ਤੋਂ ਵੀ ਸਿੱਧ ਹੈ ਕਿ ਪੰਚਮ ਗੁਰੂ ਜੀ ਨੇ ਇਸ ਦੀ ਪ੍ਰਮਾਣਿਕਤਾ ਨੂੰ ਸਵੀਕਾਰ ਨਹੀਂ ਕੀਤਾ ਸੀ। ਆਧੁਨਿਕ ਵਿਦਵਾਨਾਂ—ਭਾਈ ਕਾਨ੍ਹ ਸਿੰਘ , ਭਾਈ ਜੋਧ ਸਿੰਘ, ਸਰ. ਜੀ.ਬੀ.ਸਿੰਘ ਆਦਿ—ਨੇ ਵੀ ਇਸ ਨੂੰ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਹੀਂ ਮੰਨਿਆ। ਇਨ੍ਹਾਂ ਤੱਥਾਂ ਦੇ ਪ੍ਰਕਾਸ਼ ਵਿਚ ‘ਪ੍ਰਾਣਸੰਗਲੀ’ ਦਾ ਕਰਤ੍ਰਿਤਵ ਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧ ਰਖਦਾ ਹੈ ਅਤੇ ਨ ਹੀ ਕਿਸੇ ਹੋਰ ਸਿੱਖ ਗੁਰੂ ਨਾਲ। ਇਸ ਲਈ ਇਹ ਗੁਰਬਾਣੀ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.