ਭਾਈਵਾਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Partnership_ਭਾਈਵਾਲੀ: ‘ਭਾਈਵਾਲੀ’  ਵਿਅਕਤੀਆਂ ਵਿਚਕਾਰ ਉਹ ਸਬੰਧ  ਹੈ ਜੋ ਉਨ੍ਹਾਂ ਵਿਅਕਤੀਆਂ ਦੁਆਰਾ ਚਲਾਏ ਜਾ ਰਹੇ ਕਾਰੋਬਾਰ ਦੇ ਲਾਭਾਂ ਦੇ ਹਿੱਸੇ-ਵੰਡ ਦੇ ਕਰਾਰ ਤੋਂ ਪੈਦਾ ਹੁੰਦਾ ਹੈ। ਉਸ ਕਾਰੋਬਾਰ ਨੂੰ ਚਲਾਉਣ ਲਈ ਸਾਰੇ ਭਾਈਵਾਲ ਵੀ ਕੰਮ ਕਰ ਸਕਦੇ ਹਨ ਜਾਂ ਸਭਨਾਂ ਦੇ ਨਮਿਤ ਇਕ ਜਾਂ ਵੱਧ ਭਾਈਵਾਲ ਕੰਮ ਚਲਾ ਸਕਦੇ ਹਨ। ਭਾਈਵਾਲੀ ਦਾ ਅੰਤ ਜਾਂ ਤਾਂ ਭਾਈਵਾਲਾਂ ਦੁਆਰਾ ਭਾਈਵਾਲੀ ਨੂੰ ਖ਼ਤਮ ਕਰਨ ਦੇ ਫ਼ੈਸਲੇ ਨਾਲ ਹੁੰਦਾ ਹੈ ਜਾਂ ਕਿਸੇ ਇਕ ਭਾਈਵਾਰ ਦੀ ਮੌਤ ਨਾਲ ਭਾਈਵਾਲੀ ਭੰਗ ਹੋ ਜਾਂਦੀ ਹੈ।

       ਜਦੋਂ ਕਿਸੇ ਇਕ ਭਾਈਵਾਲ ਦੀ ਮਰਜ਼ੀ ਨਾਲ ਭਾਈਵਾਲੀ ਭੰਗ ਹੋ ਸਕਦੀ ਹੋਵੇ ਤਾਂ ਉਸ ਨੂੰ ਮਨਮਰਜ਼ੀ ਤੇ ਭਾਈਵਾਲੀ (Partnership at will) ਕਿਹਾ ਜਾਂਦਾ ਹੈ।

       ਭਾਈਵਾਲੀ ਦਾ ਨਾਂ ਉਸ ਬਾਡੀ ਨੂੰ ਦਿੱਤਾ ਜਾ ਸਕਦਾ ਹੈ ਜੋ ਸਭਨਾਂ ਭਾਈਵਾਲਾਂ ਦੀ ਰਜ਼ਾਮੰਦੀ ਤੋਂ ਬਿਨਾਂ ਆਪਣੇ ਮੈਂਬਰਾਂ ਵਿਚ ਤਬਦੀਲੀ ਨਹੀਂ ਕਰ ਸਕਦੀ, ਨ ਹੀ ਉਸ ਹੀ ਤਰ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਕੋਈ ਨਵਾਂ ਮੈਂਬਰ ਬਣਾ ਸਕਦੀ ਹੈ। ਹਰੇਕ ਭਾਈਵਾਲ ਜਦੋਂ ਮੈਂਬਰਾਂ ਤੋਂ ਬਿਨਾਂ ਹੋਰ ਬਾਹਰਲੇ ਕਾਰੋਬਾਰੀ ਸੰਸਾਰ ਨਾਲ ਵਿਹਾਰ ਕਰ ਰਿਹਾ ਹੋਵੇ ਤਾਂ ਉਹ ਬਾਕੀ ਦੇ ਸਭਨਾਂ ਭਾਈਵਾਲਾਂ ਦਾ ਅਸੀਮਤ ਏਜੰਟ ਹੁੰਦਾ ਹੈ। ਭਾਈਵਾਲੀ ਵਿਚ ਉਸ ਦੁਆਰਾ ਲਾਈ ਗਈ ਪੂੰਜੀ ਦੇ ਬਿਲਾ- ਲਿਹਾਜ਼ ਹਰੇਕ ਭਾਈਵਾਲ ਭਾਈਵਾਲੀ ਕਾਰੋਬਾਰ ਦੇ ਮੁਤੱਲਕ, ਨ ਕਿ ਭਾਈਵਾਲੀ ਕਾਰੋਬਾਰ ਦੀ ਪ੍ਰਕਿਰਤੀ ਦੇ ਕੰਮ ਵਿਚ, ਦੂਜੇ ਭਾਈਵਾਲਾਂ ਦੀ ਪ੍ਰਤੀਨਿਧਤਾ ਕਰਨ, ਉਨ੍ਹਾਂ ਦੇ ਫ਼ਾਇਦੇ ਲਈ ਕੰਮ ਕਰਨ ਜਾਂ ਉਨ੍ਹਾਂ ਵਲੋਂ ਅਸੀਮਤ ਹਦ ਤਕ ਵਚਨਬਧ ਹੋ ਸਕਦਾ ਹੈ ਅਤੇ ਕਾਨੂੰਨ ਅਨੁਸਾਰ ਉਸ ਦਾ ਕੰਮ ਭਾਈਵਾਲੀ ਦਾ ਕੰਮ ਹੋਵੇਗਾ ਭਾਵੇਂ ਆਪਣੇ ਹੋਸ਼ਿਆਰੀ ਨਾਲ ਲੁਕੋ ਕੇ ਰਖੇ ਕਪਟ ਦੁਆਰਾ, ਬਾਕੀ ਭਾਈਵਾਲਾਂ ਲਈ ਕੋਈ ਵਿਤੀ ਮੁਸੀਬਤ ਖੜੀ ਕਰ ਰਿਹਾ ਹੋਵੇ।

       ਭਾਈਵਾਲੀ ਕੁਝ ਵਿਅਕਤੀਆਂ ਵਿਚਕਾਰ ਦਾ ਉਹ ਸਬੰਧ ਹੈ ਜੋ ਕਿਸੇ ਕਾਰੋਬਾਰ ਵਿਚ ਆਪਣੀ ਸੰਪਤੀ , ਕਿਰਤ ਜਾਂ ਹੁਨਰਮੰਦੀ ਨੂੰ ਇਕੱਠਿਆਂ ਵਰਤੋਂ ਕਰਨ ਅਤੇ ਉਸ ਤੋਂ ਹੋਣ ਵਾਲੇ ਫ਼ਾਇਦੇ ਆਪੋ ਵਿਚ ਵੰਡ ਲੈਣ ਲਈ ਸਹਿਮਤ ਹੁੰਦੇ ਹਨ। ਜੋ ਵਿਅਕਤੀ ਇਸ ਤਰ੍ਹਾਂ ਸਹਿਮਤ ਹੁੰਦੇ ਹਨ ਉਨ੍ਹਾਂ ਨੂੰ ਸਮੂਹਕ ਰੂਪ ਵਿਚ ਫ਼ਰਮ ਕਿਹਾ ਜਾਂਦਾ ਹੈ। ਨਾਬਾਲਗ਼ ਵਿਅਕਤੀ ਨੂੰ ਭਾਈਵਾਲੀ ਦੇ ਲਾਭਾਂ ਵਿਚ ਹਿੱਸਾ ਦਿੱਤਾ ਜਾ ਸਕਦਾ ਹੈ। ਲੇਕਿਨ ਉਹ ਫ਼ਰਮ ਦੀ ਕਿਸੇ ਦੇਣਦਾਰੀ ਜਾਂ ਜ਼ਿੰਮੇਵਾਰੀ ਲਈ ਨਿਜੀ ਰੂਪ ਵਿਚ ਦੇਣਦਾਰ ਜਾਂ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਇਹ ਜਰੂਰੀ ਹੈ ਕਿ ਫ਼ਰਮ ਵਿਚ ਉਸ ਦਾ ਹਿੱਸਾ ਦੇਣਦਾਰੀ ਦੇ ਤਾਬੇ ਹੋਵੇਗਾ। ਹਰੇਕ ਭਾਈਵਾਲ ਆਪਣੇ ਸਹਿ ਭਾਈਵਾਲਾਂ ਦੀ ਅਣਗਹਿਲੀ ਜਾਂ ਕਪਟ ਲਈ ਅਨਯ ਵਿਅਕਤੀਆਂ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਕੋਈ ਵੀ ਭਾਈਵਾਲ, ਭਾਈਵਾਲੀ ਦੇ ਦਾਇਰੇ ਅੰਦਰ ਕੰਮ ਕਰਦਿਆਂ ਆਪਣੇ ਹੋਰਨਾਂ ਭਾਈਵਾਲਾਂ ਦਾ ਏਜੰਟ ਹੁੰਦਾ ਹੈ ਅਤੇ ਉਸ ਦਾ ਕੰਮ ਹੋਰਨਾਂ ਭਾਈਵਾਲਾਂ ਨੂੰ ਪਾਬੰਦ ਕਰਦਾ ਹੈ। ਜੇਕਰ ਭਾਈਵਾਲੀ ਦੇ ਮੁਆਇਦੇ ਵਿਚ ਕੋਈ ਗੱਲ ਉਲਟ ਨ ਹੋਵੇ, ਤਾਂ-

(1)    ਭਾਈਵਾਲੀ ਦੇ ਸਟਾਕ ਵਿਚ ਪਾਈ ਗਈ, ਭਾਈਵਾਲੀ ਦੇ ਪੈਸੇ ਨਾਲ ਖ਼ਰੀਦੀ ਗਈ ਜਾਂ ਭਾਈਵਾਲੀ ਦੇ ਕਾਰੋਬਾਰ ਲਈ ਅਰਜਤ ਕੀਤੀ ਗਈ ਸੰਪਤੀ ਦੇ ਸਾਰੇ ਭਾਈਵਾਲ ਸੰਯੁਕਤ ਮਾਲਕ ਹੁੰਦੇ ਹਨ। ਅਜਿਹੀ ਸੰਪਤੀ ਨੂੰ ਭਾਈਵਾਲੀ ਸੰਪਤੀ ਕਿਹਾ ਜਾਂਦਾ ਹੈ ਅਤੇ ਉਸ ਵਿਚ ਹਰੇਕ ਭਾਈਵਾਲ ਦਾ ਹਿੱਸਾ ਆਮ ਤੌਰ ਤੇ ਉਸ ਹੀ ਅਨੁਪਾਤ ਵਿਚ ਹੁੰਦਾ ਹੈ ਜੋ ਭਾਈਵਾਲੀ ਦੀ ਮੂਲ ਕੁਲ-ਪੂੰਜੀ ਨਾਲ ਉਸ ਦੁਆਰਾ ਉਸ ਵਿਚ ਕੀਤੇ ਗਏ ਅੰਸ਼ਦਾਨ ਦਾ ਹੁੰਦਾ ਹੈ।

(2)   ਭਾਈਵਾਲੀ ਦੇ ਲਾਭਾਂ ਵਿਚ ਸਭ ਭਾਈਵਾਲ ਬਰਾਬਰ ਬਰਾਬਰ ਹਿੱਸਾ ਲੈਣ ਦੇ ਹੱਕਦਾਰ ਹੁੰਦੇ ਹਨ ਅਤੇ ਉਸੇ ਤਰ੍ਹਾਂ ਘਾਟੇ ਦੀ ਸੂਰਤ ਵਿਚ ਬਰਾਬਰ ਬਰਾਬਰ ਘਾਟਾ ਬਰਦਾਸ਼ਤ ਕਰਦੇ ਹਨ।

(3)   ਹਰੇਕ ਭਾਈਵਾਲ ਭਾਈਵਾਲੀ ਦੇ ਕਾਰੋਬਾਰ ਵਿਚ ਹਿੱਸਾ ਲੈਣ ਦਾ ਹੱਕਦਾਰ ਹੁੰਦਾ ਹੈ ਅਤੇ ਉਸ ਰੂਪ ਵਿਚ ਕੰਮ ਕਰਦੇ ਸਮੇਂ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪਾਬੰਦ ਹੁੰਦਾ ਹੈ ਅਤੇ ਉਸ ਲਈ ਕਿਸੇ ਮਿਹਨਤਾਨੇ ਅਥਵਾ ਸੇਵਾਫਲ ਦਾ ਹੱਕਦਾਰ ਨਹੀਂ ਹੁੰਦਾ।

(4)   ਹਰੇਕ ਭਾਈਵਾਲ ਨੂੰ ਆਪਣੇ ਫ਼ੈਸਲੇ ਅਤੇ ਕੰਮਾਂ ਦੁਆਰਾ ਬਾਕੀ ਦੇ ਸਭ ਭਾਈਵਾਲਾਂ ਨੂੰ ਉਸ ਫ਼ੈਸਲੇ ਜਾਂ ਕੰਮ ਦੇ ਸਿਟਿਆਂ ਲਈ ਪਾਬੰਦ ਕਰਨ ਦਾ ਇਖ਼ਤਿਆਰ ਹਾਸਲ ਹੁੰਦਾ ਹੈ। ਲੇਕਿਨ ਜਿਸ ਵਿਸ਼ੇ ਤੇ ਭਾਈਵਾਲਾਂ ਵਿਚਕਾਰ ਮਤਭੇਦ ਹੋਵੇ ਉਸ ਦਾ ਫ਼ੈਸਲਾ ਭਾਈਵਾਲਾਂ ਦੇ ਬਹੁਮਤ ਨਾਲ ਕੀਤਾ ਜਾਂਦਾ ਹੈ।

(5)   ਭਾਈਵਾਲੀ ਦੇ ਕੰਮ ਦੀ ਪ੍ਰਕਿਰਤੀ ਵਿਚ ਬਦਲੀ ਸਭਨਾਂ ਭਾਈਵਾਲਾਂ ਦੀ ਰਜ਼ਾਮੰਦੀ ਨਾਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਭਾਈਵਾਲੀ ਦੇ ਕਾਰੋਬਾਰ ਵਿਚ ਕੋਈ ਨਵਾਂ ਭਾਈਵਾਲ ਸਭਨਾਂ ਭਾਈਵਾਲਾਂ ਦੀ ਰਜ਼ਾਮੰਦੀ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਕੋਈ ਭਾਈਵਾਲ ਕਿਸੇ ਗਲੋਂ ਭਾਈਵਾਲੀ ਦਾ ਮੈਂਬਰ ਨ ਰਹੇ ਤਾਂ ਉਹ ਭਾਈਵਾਲੀ ਖ਼ਤਮ ਹੋ ਜਾਂਦੀ ਹੈ ਅਰਥਾਤ ਪਿੱਛੇ ਰਹਿ ਗਏ ਭਾਈਵਾਲ ਉਸ ਹੀ ਭਾਈਵਾਲੀ ਅਧੀਨ ਉਹੀ ਕਾਰੋਬਾਰ ਨਹੀਂ ਕਰ ਸਕਦੇ। ਲੇਕਿਨ ਜੇ ਭਾਈਵਾਲੀ ਨਿਯਤ ਮੁੱਦਤ ਲਈ ਨ ਹੋਵੇ ਤਾਂ ਕੋਈ ਭਾਈਵਾਲ ਹੋਰ ਸਭਨਾਂ ਭਾਈਵਾਲਾਂ ਦੀ ਰਜ਼ਾਮੰਦੀ ਨਾਲ ਭਾਈਵਾਲੀ ਤੋਂ ਰਿਟਾਇਰ ਹੋ ਸਕਦਾ ਹੈ। ਕਿਸੇ ਭਾਈਵਾਲ ਨੂੰ ਅਦਾਲਤ ਦੇ ਹੁਕਮ ਨਾਲ ਭਾਈਵਾਲੀ ਤੋਂ ਕਢਿਆ ਜਾ ਸਕਦਾ ਹੈ।

(6)   ਕਿਸੇ ਇਕ ਭਾਈਵਾਲ ਦੀ ਮਿਰਤੂ ਨਾਲ ਭਾਈਵਾਲੀ ਟੁਟ ਜਾਂਦੀ ਹੈ। ਲੇਕਿਨ ਜੇ ਕੋਈ ਕਾਰੋਬਾਰ ਵਿਰਸੇ ਵਿਚ ਮਿਲਿਆ ਹੋਵੇ ਅਤੇ ਵਾਰਸਾਂ ਦੁਆਰਾ ਚਲਾਇਆ ਜਾ ਰਿਹਾ ਹੋਵੇ ਅਤੇ ਉਸ ਵਿਚ ਭਾਈਵਾਲੀ ਦੇ ਕੁਝ ਅੰਸ਼ ਪਾਏ ਜਾਂਦੇ ਹੋਣ ਤਾਂ ਵੀ ਉਹ ਸਾਂਝਾ ਕਾਰੋਬਾਰ ਕਿਸੇ ਇਕ ਵਾਰਸ ਦੀ ਮਿਰਤੂ ਨਾਲ ਟੁਟਦਾ ਨਹੀਂ ਅਤੇ ਉੱਤਰਜੀਵੀ ਮੈਂਬਰ ਉਸ ਕਾਰੋਬਾਰ ਨੂੰ ਪਹਿਲਾਂ ਵਾਂਗ ਚਲਦਾ ਰਖ ਸਕਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.