ਦੇਵਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵਤਾ [ਨਾਂਪੁ] ਵੇਖੋ ਦੇਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੇਵਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਵਤਾ. ਦ੍ਯੋਤਮਾਨੑ (ਦੀਪ੍ਤਿਮਾਨੑ) ਵ੍ਯਕ੍ਤਿ. द्योतना द्देवः। ੨ ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਤੀਸ ਕੋਟਿ ਅਤੇ ਵੈਦਿਕ ਦੇਵਤੇ। ੩ ਉੱਤਮ ਪੁਰੁ੄. “ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ.” (ਵਿਚਿਤ੍ਰ)1 “ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ.” (ਮ: ੩ ਵਾਰ ਸ੍ਰੀ) ੪ ਪਵਿਤ੍ਰ ਪਦਾਰਥ. “ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ.” (ਵਾਰ ਆਸਾ) ੫ ਕਾਤ੍ਯਾਯਨ ਰਿ਼੡੄ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੇ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵ੎ਤੁ ਹੈ, ਉਹੀ ਦੇਵਤਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇਵਤਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੇਵਤਾ: ਹਿੰਦੂ ਧਰਮ ਵਿਚ ‘ਦੇਵਤਾ’ ਦਾ ਵਿਸ਼ੇਸ਼ ਸੰਕਲਪਾ- ਤਮਕ ਮਹੱਤਵ ਹੈ। ਇਹ ਸਦ-ਵ੍ਰਿਤੀਆਂ ਦਾ ਪ੍ਰਤੀਕ ਹੈ। ਸੰਸਕ੍ਰਿਤ ਭਾਸ਼ਾ ਦਾ ਇਹ ਸ਼ਬਦ ਮੂਲ ਰੂਪ ਵਿਚ ਇਸਤਰੀ -ਲਿੰਗ ਹੈ, ਪਰ ਹਿੰਦੀ , ਪੰਜਾਬੀ ਆਦਿ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਇਸ ਦੀ ਵਰਤੋਂ ਪੁਲਿੰਗ ਵਿਚ ਹੁੰਦੀ ਹੈ। ਇਹ ‘ਦੇਵ ’ ਦੇ ਵਾਚਕ ਵਜੋਂ ਵਰਤਿਆ ਜਾਂਦਾ ਹੈ। ਡਾ. ਰਾਜਬਲੀ ਪਾਂਡੇਯ ਦਾ ਮਤ ਹੈ ਕਿ ਮੂਲ ਰੂਪ ਵਿਚ ਦੇਵਤਿਆਂ ਦੀ ਗਿਣਤੀ 33 ਸੀ—12 ਆਦਿਤੑਯ, 8 ਵਸੁ ਅਤੇ 11 ਰੁਦ੍ਰ, ਅਗਨੀ ਅਤੇ ਪ੍ਰਿਥਵੀ। ਪਰ ਸਹਿਜੇ ਸਹਿਜੇ ਇਨ੍ਹਾਂ ਦੀ ਗਿਣਤੀ 33 ਕਰੋੜ ਬਣ ਗਈ।ਪੁਰਾਤਨ ਜਨਮਸਾਖੀ ’ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਨਮਸਕਾਰ ਕਰਨ ਵਾਲਿਆਂ ਵਿਚ 33 ਕਰੋੜ ਦੇਵਤੇ ਵੀ ਸ਼ਾਮਲ ਸਨ—ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆ... ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ (ਸਾਖੀ 1)। ਗੁਰਬਾਣੀ ਵਿਚ ਵੀ ਆਇਆ ਹੈ ਕਿ 33 ਕਰੋੜ ਦੇਵਤੇ ਉਸ ਪਰਮਾਤਮਾ ਦੇ ਦਾਸ ਵਜੋਂ ਫ਼ਰਜ਼ ਨਿਭਾ ਰਹੇ ਹਨ—ਤੇਤੀਸ ਕਰੋੜੀ ਦਾਸ ਤੁਮ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ (ਗੁ.ਗ੍ਰੰ.423)।

            ਪੁਰਾਤਨ ਸਾਹਿਤ ਵਿਚ ਮੁੱਖ ਤੌਰ ’ਤੇ ਦੋ ਪ੍ਰਕਾਰ ਦੇ ਪਾਤਰ-ਵਰਗ ਹਨ—ਇਕ ਦੇਵਤਾ ਵਰਗ ਅਤੇ ਦੂਜਾ ਦੈਂਤ ਵਰਗ। ਇਹ ਦੋਵੇਂ ਕਸ਼ੑਯਪ ਦੀ ਸੰਤਾਨ ਹਨ। ‘ਮਾਰਕੰਡੇਯ- ਪੁਰਾਣ ’ (104/3) ਅਨੁਸਾਰ ਦਕੑਸ਼ ਪ੍ਰਜਾਪਤੀ ਦੀਆਂ ਜਿਹੜੀਆਂ 13 ਪੁੱਤਰੀਆਂ ਕਸ਼ੑਯਪ ਨੂੰ ਵਿਆਹੀਆਂ ਸਨ , ਉਨ੍ਹਾਂ ਵਿਚੋਂ ਅਦਿਤਿ/ਅਦਿਤੀ ਦੀ ਕੁੱਖ ਵਿਚੋਂ ਦੇਵਤੇ ਅਤੇ ਦਿਤਿ/ਦਿਤੀ ਦੀ ਕੁੱਖ ਵਿਚ ਦੈਂਤ ਪੈਦਾ ਹੋਏ ਸਨ। ਦਨੂ ਨਾਂ ਦੀ ਪੁੱਤਰੀ ਤੋਂ ਦਾਨਵ ਪੈਦਾ ਹੋਏ ਜਿਨ੍ਹਾਂ ਦਾ ਸੁਭਾ ਅਤੇ ਸਰੂਪ ਦੈਂਤਾਂ ਨਾਲ ਮੇਲ ਖਾਂਦਾ ਸੀ। ਇਸ ਤਰ੍ਹਾਂ ਦੇਵਤੇ, ਦੈਂਤ ਅਤੇ ਦਾਨਵ ਪਿਉ ਵਲੋਂ ਸਕੇ ਅਤੇ ਮਾਂਵਾਂ ਵਲੋਂ ਮੌਸੇਰੇ ਭਰਾ ਹਨ।

            ਦੈਂਤ (ਵੇਖੋ) ਦੁਰਾਚਾਰੀ , ਕਪਟੀ , ਪਾਪੀ , ਅਵਸਰ- ਵਾਦੀ ਅਤੇ ਸਾਰੀਆਂ ਬੁਰਾਈਆਂ ਦੇ ਪ੍ਰਤੀਕ ਹਨ। ਉਨ੍ਹਾਂ ਦਾ ਸਰੂਪ ਅਤੇ ਆਕਾਰ-ਪ੍ਰਕਾਰ ਭਿਆਨਕ ਹੈ, ਪਰ ਬਹਾਦਰੀ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਦੇਵਤੇ ਸ਼ੁਰੂ ਤੋਂ ਹੀ ਸਹਿਜ-ਸੁਭਾ ਵਾਲੇ ਅਤੇ ਚੰਗੀਆ ਆਦਤਾਂ ਦੇ ਪ੍ਰਤਿਨਿਧੀ ਹਨ, ਉਹ ਸੁੰਦਰ ਵੀ ਹਨ। ਉਨ੍ਹਾਂ ਨੂੰ ਮਨੁੱਖਾਂ ਤੋਂ ਸ੍ਰੇਸ਼ਠ ਮੰਨਿਆ ਗਿਆ ਹੈ—ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ (ਗੁ.ਗ੍ਰੰ.90)। ਗੁਰੂ ਦੀ ਮਹੱਤਵ- ਸਥਾਪਨਾ ਵੇਲੇ ਵੀ ਕਿਹਾ ਗਿਆ ਹੈ—ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਲਾਗੀ ਵਾਰ (ਗੁ.ਗ੍ਰੰ.462-63)।

ਦੇਵਤਿਆਂ ਦਾ ਨਾਇਕ ਜਾਂ ਦੇਵ-ਰਾਜ ਇੰਦ੍ਰ ਹੈ, ਕਿਤੇ ਕਿਤੇ ‘ਅਗਨੀ’ ਵੀ ਦੇਵਤਿਆਂ ਦਾ ਨੇਤਾ ਮੰਨਿਆ ਗਿਆ ਹੈ। ਵਜ੍ਰਧਾਰੀ ਇੰਦ੍ਰ ਸੁੰਦਰ ਅਤੇ ਸ਼ਕਤੀਸ਼ਾਲੀ ਹੈ। ਰਿਸ਼ੀਆਂ ਜਾਂ ਮੁਨੀਆਂ ਦੀਆਂ ਪਤਨੀਆਂ ਨਾਲ ਕਾਮ-ਭੋਗ ਤੋਂ ਵੀ ਸੰਕੋਚ ਨਹੀਂ ਕਰਦਾ। ਪਰ ਦੈਂਤ ਵਰਗ ਅਗੇ ਉਸ ਦੀ ਕੁਝ ਨਹੀਂ ਚਲਦੀ, ਭਜ ਕੇ ਬ੍ਰਹਮਾ, ਵਿਸ਼ਣੂ ਜਾਂ ਦੇਵੀ ਦੀ ਸ਼ਰਣ ਲੈਂਦਾ ਹੈ। ਭਗਵਾਨ ਜੇ ਸਮੇਂ ਸਮੇਂ ਅਵਤਾਰ ਧਾਰ ਕੇ ਦੇਵਤਿਆਂ ਦੀ ਸਹਾਇਤਾ ਨ ਕਰਦੇ ਤਾਂ ਦੇਂਤ ਦੇਵਤਿਆਂ ਦਾ ਮੂਲ ਨਸ਼ਟ ਕਰ ਦਿੰਦੇ।

                        ਪੁਰਾਣਾਂ ਵਿਚ ਭਗਵਾਨ ਵਿਸ਼ਣੂ ਦੇਵਤਿਆਂ ਦੇ ਪੱਖੀ ਹਨ। ਸ਼ਿਵ ਕਿਤੇ ਕਿਤੇ ਦੈਂਤਾਂ ਦੇ ਵੀ ਇਸ਼ਟ-ਦੇਵ ਹਨ। ਦੈਂਤਾਂ ਨੇ ਆਪਣੀ ਅਦੁੱਤੀ ਭਗਤੀ ਨਾਲ ਸ਼ਿਵ ਨੂੰ ਪ੍ਰਸੰਨ ਕਰਕੇ ਕਈ ਵਾਰ ਵਰ ਪ੍ਰਾਪਤ ਕੀਤੇ, ਪਰ ਉਨ੍ਹਾਂ ਨੇ ਵਰ ਦੁਆਰਾ ਪ੍ਰਾਪਤ ਹੋਈ ਸ਼ਕਤੀ ਨੂੰ ਸਦਾ ਦੇਵਤਿਆਂ ਦੇ ਵਿਰੋਧ ਲਈ ਵਰਤਿਆ। ਰਿਸ਼ੀ ਮੁਨੀ ਵੀ ਅਧਿਕਤਰ ਦੇਵਤਿਆਂ ਦੀ ਹੀ ਸਹਾਇਤਾ ਕਰਦੇ ਸਨ।

            ਸਮੁੱਚੇ ਤੌਰ’ਤੇ ਪ੍ਰਾਚੀਨ ਕਾਲ ਤੋਂ ਸਤਿ ਅਤੇ ਅਸਤਿ ਦੋਹਾਂ ਬਿਰਤੀਆ ਦਾ ਦੇਵਤਾ ਅਤੇ ਦੈਂਤ ਦੇ ਪ੍ਰਤੀਕਾਂ ਰਾਹੀਂ ਸੰਘਰਸ਼ ਹੁੰਦਾ ਰਿਹਾ ਹੈ ਅਤੇ ਭਗਵਾਨ ਸਦਾ ਸਤਿ ਦੀ ਸਥਾਪਨਾ ਕਰਨ ਲਈ ਦੇਵਤਿਆਂ ਦੀ ਮਦਦ ਕਰਦੇ ਰਹੇ ਹਨ। ‘ਬਚਿਤ੍ਰ-ਨਾਟਕ’ ਵਿਚ ਇਸ ਗੱਲ ਨੂੰ ਸਪੱਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਮਾੜੇ ਕਰਮ ਕਰਨ ਵਾਲੇ ਅਸੁਰ (ਦੈਂਤ) ਹਨ ਅਤੇ ਚੰਗੇ ਕਰਮ ਕਰਨ ਵਾਲੇ ਦੇਵਤੇ ਹਨ—ਸਾਧ ਕਰਮ ਜੇ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ ਨਾਮ ਅਸੁਰ ਤਿਨ ਕੋ ਸਭ ਧਰਹੀ ਅਸਲ ਵਿਚ, ਦੇਵਤਿਆਂ ਅਤੇ ਦੈਂਤਾਂ ਵਾਲੀਆਂ ਬਿਰਤੀਆਂ ਵਾਲੇ ਲੋਕ ਹਰ ਯੁਗ ਅਤੇ ਹਰ ਦੇਸ਼ ਵਿਚ ਸਦਾ ਮੌਜੂਦ ਰਹਿੰਦੇ ਹਨ।     

            ਹਿੰਦੂ ਧਰਮ ਵਿਚ ਪ੍ਰਚਲਿਤ ਦੇਵਵਾਦ ਉਤੇ ਵੈਦਿਕ, ਪੌਰਾਣਿਕ, ਤਾਂਤ੍ਰਿਕ ਅਤੇ ਲੋਕ ਧਰਮ ਦਾ ਪ੍ਰਭਾਵ ਹੈ। ਵੈਦਿਕ ਦੇਵਤਿਆਂ ਨੂੰ ਆਮ ਤੌਰ’ਤੇ ਤਿੰਨ ਵਰਗਾਂ ਵਿਚ ਰਖਿਆ ਜਾਂਦਾ ਹੈ—ਇਕ ਧਰਤੀ ਉਤੇ ਰਹਿਣ ਵਾਲੇ, ਇਕ ਖਗੋਲ/ਆਕਾਸ਼ ਵਿਚ ਰਹਿਣ ਵਾਲੇ ਅਤੇ ਇਕ ਦੋਹਾਂ ਵਿਚ ਰਹਿਣ ਵਾਲੇ। ਅਗਨੀ, ਵਾਯੂ ਅਤੇ ਸੂਰਜ ਇਨ੍ਹਾਂ ਤਿੰਨਾਂ ਵਰਗਾਂ ਦੀ ਪ੍ਰਤਿਨਿਧਤਾ ਕਰਦੇ ਹਨ। ਇਨ੍ਹਾਂ ਤ੍ਰਿਦੇਵਾਂ ਦੇ ਆਧਾਰ’ਤੇ ਪਹਿਲਾਂ 33 ਅਤੇ ਬਾਦ ਵਿਚ 33 ਕਰੋੜ ਦੇਵਤਿਆਂ ਦੀ ਕਲਪਨਾ ਕੀਤੀ ਗਈ। ਮੂਲ ਵਿਚ ਵੈਦਿਕ ਦੇਵਵਾਦ ਏਕੇਸ਼੍ਵਰਵਾਦ ਉਤੇ ਆਧਾਰਿਤ ਹੈ, ਪਰ ਬਾਦ ਵਿਚ ਵਿਸ਼ੇਸ਼ ਗੁਣ ਵਾਚਕ ਨਾਂਵਾਂ ਦੁਆਰਾ ਇਨ੍ਹਾਂ ਦੀ ਇਸ ਰੂਪ ਵਿਚ ਵਿਭੇਦਤਾ ਹੋ ਗਈ ਅਤੇ ਉਨ੍ਹਾਂ ਨੇ ਹੌਲੀ ਹੌਲੀ ਸੁਤੰਤਰ ਚਾਰਿਤ੍ਰਿਕ ਸਰੂਪ ਗ੍ਰਹਿਣ ਕਰ ਲਿਆ। ‘ਉਨ੍ਹਾਂ ਦਾ ਸਰੂਪ ਚਰਿਤ੍ਰ ਵਿਚ ਸ਼ੁੱਧ ਪ੍ਰਾਕ੍ਰਿਤਿਕ ਉਪਾਦਾਨਾਤਮਕ ਨ ਰਹਿ ਕੇ ਹੌਲੀ ਹੌਲੀ ਲੋਕ-ਆਸਥਾ, ਮਾਨਤਾ ਅਤੇ ਪਰੰਪਰਾ ਦਾ ਆਧਾਰ ਲੈ ਕੇ ਮਾਨਵੀ ਜਾਂ ਅਤਿ-ਮਾਨਵੀ ਹੋ ਗਿਆ।’

            ਪਰਵਰਤੀ ਕਾਲ ਵਿਚ ਬਹੁਤ ਸਾਰੇ ਵੈਦਿਕ ਦੇਵਤੇ ਗੌਣ ਹੋ ਗਏ ਅਤੇ ਨਵੇਂ ਦੇਵ-ਸਰੂਪ ਦੀਆਂ ਕਲਪਨਾਵਾਂ ਵੀ ਹੋਣ ਲਗ ਗਈਆਂ। ਇਸ ਕਰਕੇ ਭਾਰਤੀ ਦੇਵਵਾਦ ਦਾ ਸਰੂਪ ਅਤੇ ਮਹੱਤਵ ਹੋਰਨਾਂ ਨਾਲੋਂ ਅਧਿਕ ਵਿਆਪਕ ਹੋ ਗਿਆ।

            ਹਿੰਦੂ ਧਰਮ ਵਿਚ ਕੋਈ ਵੀ ਉਪਾਸਕ ਆਪਣੀ ਰੁਚੀ ਅਨੁਸਾਰ ਆਪਣੇ ਦੇਵਤਾ ਦੀ ਚੋਣ ਲਈ ਸੁਤੰਤਰ ਹੈ। ਫਿਰ ਵੀ ਸ਼ਾਸਤ੍ਰਾਂ ਵਿਚ ਇਸ ਗੱਲ ਦੀ ਵਿਵਸਥਾ ਦਸੀ ਗਈ ਹੈ ਕਿ ਕਾਰਜ ਅਤੇ ਉਦੇਸ਼ ਅਨੁਸਾਰ ਵੀ ਦੇਵਤਾ ਦੀ ਉਪਾਸਨਾ ਕੀਤੀ ਜਾ ਸਕਦੀ ਹੈ।

            ਸਿੱਖ ਮਤ ਵਿਚ ਦੇਵਵਾਦ ਦਾ ਕੋਈ ਸਥਾਨ ਨਹੀਂ, ਨ ਹੀ ਇਨ੍ਹਾਂ ਵਿਚ ਕਿਸੇ ਦੀ ਉਪਾਸਨਾ ਨੂੰ ਕੋਈ ਮਾਨਤਾ ਪ੍ਰਾਪਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੇਵਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Deity_ਦੇਵਤਾ: ਪਰਮਾਤਮਾ ਜਾਂ ਕੋਈ ਪ੍ਰਾਸਰੀਰਕ ਹੋਂਦ ਨੂੰ ਕਾਨੂੰਨ ਵਿਚ ਵਿਅਕਤੀ ਨਹੀਂ ਮੰਨਿਆ ਜਾ ਸਕਦਾ। ਪਰ ਜਿਥੇ ਦੇਵਤਾ ਹਿਬਾਕਾਰ ਦੁਆਰਾ ਦਰਸਾਏ ਪ੍ਰਯੋਜਨ ਵਿਸ਼ੇਸ਼ ਦੇ ਪ੍ਰਤਿਨਿਧ ਅਤੇ ਪ੍ਰਤੀਕ ਦੇ ਤੌਰ ਤੇ ਸਾਹਮਣੇ ਆਵੇ ਉਥੇ ਉਸ ਨੂੰ ਕਾਨੂੰਨੀ ਵਿਅਕਤੀ ਦੇ ਤੌਰ ਤੇ ਲਿਆ ਜਾ ਸਕਦਾ ਹੈ। ਅਰਥਾਤ ਹਿੱਬਾ ਕੀਤੀ ਗਈ ਸੰਪਤੀ ਕੇਵਲ ਉਸ ਦੀ ਉਸ ਹੈਸੀਅਤ ਵਿਚ ਦੇਵਤਾ ਵਿਚ ਨਿਹਿਤ ਹੋ ਸਕਦੀ ਹੈ। ਹਿੰਦੂਆਂ ਵਿਚ ਮੂਰਤੀ ਕਾਨੂੰਨੀ ਹਸਤੀ ਰਖਦੀ ਹੈ ਅਤੇ ਸੰਪਤੀ ਧਾਰਨ ਕਰ ਸਕਦੀ ਹੈ, ਉਸ ਤੇ ਕਰ ਲਾਇਆ ਜਾ ਸਕਦਾ ਹੈ, ਉਹ ਅਦਾਲਤ ਵਿਚ ਅਜਿਹੀ ਸੰਪਤੀ ਦੇ ਕੇਸ ਵਿਚ ਪੈਰਵੀ ਕਰ ਸਕਦੀ ਹੈ (ਜੋਗਿੰਦਰ ਨਾਥ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ-ਏ ਆਈ ਆਰ 1969 ਐਸ ਸੀ 1089)। ਐਪਰ ਮੂਰਤੀ ਵਿਚਲਾ ਕਾਨੂੰਨੀ ਵਿਅਕਤੀ ਉਸ ਦਾ ਦ੍ਰਿਸ਼ਟਮਾਨ ਰੂਪ ਨਹੀਂ ਹੈ। ਇਹ ਸਿਧਾਂਤ ਗ਼ਲਤ ਕਰਾਰ ਦਿੱਤਾ ਜਾ ਚੁੱਕਾ ਹੈ ਕਿ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਤਾ ਨਾਲ ਮੂਰਤੀ ਕਾਨੂੰਨੀ ਵਿਅਕਤੀ ਦਾ ਰੂਪ ਹਾਸਲ ਕਰ ਲੈਂਦੀ ਹੈ। ਇਹ ਕਹਿਣਾ ਵੀ ਸਹੀ ਨਹੀਂ ਕਿ ਉਹ ਪਰਮਸ਼ਕਤੀ, ਮੂਰਤੀ ਜਿਸ ਦਾ ਪ੍ਰਤੀਕ ਹੈ, ਸਮਰਪਿਤ ਸੰਪਤੀ ਦੀ ਮਾਲਕ ਹੈ।

       ਸ਼ਾਸਤਰਾਂ ਅਨੁਸਾਰ ਦੇਵਤੇ ਸੰਪਤੀ ਦੇ ਲਾਹੇਵੰਦ ਉਪਭੋਗ ਦਾ ਅਧਿਕਾਰ ਨਹੀਂ ਰਖਦੇ ਅਤੇ ਉਹ ਅਲੰਕਾਰਕ ਅਰਥਾਂ ਵਿਚ ਹੀ ਸੰਪਤੀ ਦੇ ਮਾਲਕ ਸਮਝੇ ਜਾ ਸਕਦੇ ਹਨ। ਸਹੀ ਕਾਨੂੰਨੀ ਪੋਜ਼ੀਸ਼ਨ ਇਹ ਹੈ ਕਿ ਹਿਬਾਕਾਰ ਦੇ ਆਤਮਕ ਪ੍ਰਯੋਜਨਾਂ ਦੀ ਪ੍ਰਤੀਨਿਧਾ ਕਰਨ ਲਈ ਮੂਰਤੀ ਨੂੰ ਕਾਨੂੰਨ ਦੁਆਰਾ ਕਾਨੂੰਨੀ ਵਿਅਕਤੀ ਮੰਨਿਆਂ ਜਾਦਾ ਹੈ ਅਤੇ ਸਮਰਪਤ ਸੰਪਤੀ ਉਸ ਵਿਚ ਨਿਹਿਤ ਹੁੰਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਦੇਵਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੇਵਤਾ (ਸੰ.। ਸੰਸਕ੍ਰਿਤ) ਸ੍ਵਰਗਾਂ ਵਿਚ ਰਹਿਣ ਵਾਲਾ, ਦੇਉਤਾ। ਅਸਮਾਨੀ ਜੀਉ।

੨. ਪਵਿਤ੍ਰ। ਯਥਾ-‘ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.